Apr 23, 2026

ਸਰੀ ਪੁਲਿਸ ਦੇ ਦਖਲ ਕਾਰਣ ਦੋ ਗਰੁੱਪਾਂ ਵਿਚਾਲੇ ਝੜਪ ਹੋਣੋ ਟਲੀ-ਦੋਵਾਂ ਧਿਰਾਂ ਵਲੋਂ ਇਕ ਦੂਸਰੇ ਖਿਲਾਫ ਦੂਸ਼ਣਬਾਜ਼ੀ-

ਸਰੀ ( ਦੇ ਪ੍ਰ ਬਿ)–ਬੀਤੇ ਦਿਨੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ -ਡੈਲਟਾ ਦੀ ਮੈਨਜਮੈਂਟ ਦੀਆਂ ਕਥਿਤ ਬੇਨਿਯਮੀਆਂ ਖਿਲਾਫ ਸੰਗਤੀ ਗਰੁੱਪ ਵੱਲੋਂ ਗੁਰਦਆਰਾ ਸਾਹਿਬ ਵਿਖੇ ਬੁਲਾਈ ਗਈ ਮੀਟਿੰਗ ਦੌਰਾਨ ਰੌਲਾਰੱਪਾ ਪੈਣ ਕਾਰਣ ਪੁਲਿਸ ਨੂੰ ਦਖਲ ਦੇਣਾ ਪਿਆ। ਮੀਟਿੰਗ ਅਜੇ ਸੁਰੂ ਹੀ ਹੋਈ ਸੀ ਕਿ ਮੰਚ ਸੰਚਾਲਕ ਵੱਲੋਂ ਮੈਨਜਮੈਂਟ ਲਈ ਕਥਿਤ ਅਪਸ਼ਬਦ ਵਰਤੇ ਜਾਣ ਕਾਰਣ ਦੋ ਧਿਰਾਂ ਵਿਚਾਲੇ ਹੱਥੋਪਾਈ ਦੀ ਨੌਬਤ ਵਾਲੇ ਹਾਲਾਤ ਬਣ ਗਏ। ਸਰੀ ਪੁਲਿਸ ਨੇ ਦਖਲ ਦਿੰਦਿਆਂ ਮੀਟਿੰਗ ਤੁਰੰਤ ਖਤਮ ਕਰਕੇ ਹਾਲ ਖਾਲੀ ਕਰਨ ਦੇ ਹੁਰਮ ਸੁਣਾ ਦਿੱਤੇ। ਪੁਲਿਸ ਦੇ ਦਖਲ ਕਾਰਣ ਦੋ ਧਿਰਾਂ ਵਿਚਾਲੇ ਸੰਭਾਵੀ ਝੜਪ ਟਲ ਗਈ। ਇਸੇ ਦੌਰਾਨ ਦੇਸ ਪ੍ਰਦੇਸ ਨਾਲ ਗੱਲ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਜੌਹਲ ਨੇ ਸੰਗਤੀ ਗਰੁੱਪ ਵੱਲੋਂ ਮੈਨਜਮੈਂਟ ਖਿਲਾਫ ਗਲਤ ਸ਼ਬਦਾਵਲੀ ਵਰਤਣ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਕਮੇਟੀ ਦੀ ਚੋਣ ਲਈ ਨਵੀਂ ਮੈਂਬਰਸ਼ਿਪ ਦੀ ਪ੍ਰਕਿਰਿਆ ਸੁਰੂ ਕੀਤੀ ਗਈ ਸੀ ਪਰ ਵਿਰੋਧੀ ਧਿਰ ਵੱਲੋ ਅਕਾਰਣ ਅੜਿੱਕੇ ਪੈਦਾ ਕਰਨ ਨਾਲ ਇਹ ਪ੍ਰਕਿਰਿਆ ਰੁਕ ਗਈ ਹੈ। ਉਧਰ ਸੰਗਤੀ ਗਰੁੱਪ ਦੇ ਆਗੂ ਗੁਰਮੀਤ ਸਿੰਘ ਤੂਰ ਤੇ ਗੁਰਮੀਤ ਸਿੰਘ ਗਿੱਲ ਨੇ ਮੈਨਜਮੈਂਟ ਤੇ ਆਪਹੁਦਰੀਆਂ ਦੇ ਦੋਸ਼ ਲਗਾਉਂਦਿਆਂ  ਮੀਟਿੰਗ ਚ ਖਲਲ ਪਾਉਣ ਤੇ ਪੁਲਿਸ ਬੁਲਾਏ ਜਾਣ ਲਈ ਪ੍ਰਬੰਧਕੀ ਕਮੇਟੀ ਨੂੰ ਜਿੰਮੇਵਾਰ ਠਹਿਰਾਇਆ । ਉਹਨਾਂ ਦੋਸ਼ ਲਗਾਇਆ ਕਿ ਅਮਨਦੀਪ ਸਿੰਘ ਦਾ ਗਰੁੱਪ ਜਿਵੇਂ ਕਿਵੇ ਗੁਰਦੁਆਰੇ ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ ਇਹ ਸਭ ਹੱਥਕੰਡੇ ਅਪਣਾ ਰਿਹਾ ਹੈ। ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਸੰਗਤੀ ਗਰੁੱਪ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਬੇਨਿਯਮੀਆਂ ਕਰਨ ਅਤੇ ਕਮੇਟੀ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਨਵੀਆਂ ਚੋਣਾਂ ਕਰਵਾਏ ਜਾਣ ਤੋਂ ਟਾਲਾ ਵੱਟਣ ਅਤੇ ਹੋਰ ਕਈ ਹਥਕੰਡੇ ਅਪਨਾਉਣ ਦੇ ਦੋਸ਼ ਲਗਾਏ ਸਨ।

ਇਸੇ ਦੌਰਾਨ ਗੁਰੂ ਨਾਨਕ ਸਿੱਖ ਸੁਸਾਇਟੀ ਵਲੋਂ ਇਕ ਵੱਖਰਾ ਪ੍ਰੈਸ ਨੋਟ ਜਾਰੀ ਕਰਦਿਆਂ ਸੰਗਤੀ ਗਰੁੱਪ ਉਪਰ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ।

Leave a Reply

Your email address will not be published. Required fields are marked *