ਦਿਲਾਂ ਨੂੰ ਟੁੰਬਦੇ ਨੇ ਮੋਰ ਗੀਤ ਦੇ ਸਭਿਆਚਾਰਕ ਬੋਲ-
ਸਰੀ- ਬੀਤੇ ਦਿਨ ਵੇਹਲੀ ਜਨਤਾ ਫਿਲਮਜ ਦੁਆਰਾ ਨਿਰਮਿਤ ਪੰਜਾਬੀ ਫਿਲਮ ਰੱਬ ਦਾ ਰੇਡੀਓ 3 ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਈ। ਇਸ ਫਿਲਮ ਵਿਚ ਉਘੇ ਗਾਇਕ ਕਲਾਕਾਰ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਤੋਂ ਇਲਾਵਾ ਰੌਸ਼ਨ ਜੋਸ਼ੀ, ਨਵਦੀਪ ਕਲੇਰ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਲਕੀਤ ਰੌਣੀ ਦੀਆਂ ਮੁਖ ਭੂਮਿਕਾਵਾਂ ਹਨ। ਹੈਰੀ ਭੱਟੀ ਦੁਆਰਾ ਨਿਰਦੇਸ਼ਤ ਇਸ ਫਿਲਮ ਦੀ ਕਹਾਣੀ ਪੰਜਾਬ ਦੇ ਇਕ ਪਿੰਡ ਰਤਨ ਸਿੰਘ ਵਾਲਾ ‘ਤੇ ਕੇਂਦਰਿਤ ਹੈ। ਇਹ ਉਹ ਪਿੰਡ ਹੈ ਜਿੱਥੇ 22 ਸੰਧੂ ਪਰਿਵਾਰ ਸਦਭਾਵਨਾ ਤੇ ਪਿਆਰ ਨਾਲ ਰਹਿੰਦੇ ਹਨ। ਉਨ੍ਹਾਂ ਦੀ ਸ਼ਾਂਤੀਪੂਰਨ, ਸਾਂਝੇ ਪਰਿਵਾਰਾਂ ਦੀ ਹੋਂਦ ਨੂੰ ਖ਼ਤਰਾ ਨੂੰ ਉਦੋਂ ਪੈਦਾ ਹੁੰਦਾ ਹੈ ਜਦੋਂ ਇੱਕ ਨਵਾਂ ਹਾਈਵੇ ਪ੍ਰੋਜੈਕਟ ਜ਼ਮੀਨੀ ਮੁੱਲਾਂ ਨੂੰ ਵਧਾਉਂਦਾ ਹੈ ਜੋ ਪਰਿਵਾਰਾਂ ਵਿੱਚ ਲਾਲਚ ਅਤੇ ਵਿਵਾਦ ਪੈਦਾ ਕਰਦਾ ਹੈ। ਇਸ ਦੌਰਾਨ ਨੌਜਵਾਨ ਇੰਦਰਜੀਤ ਸਿੰਘ ਸੰਧੂ (ਤਰਸੇਮ ਜੱਸੜ) ਸਦਭਾਵਨਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਭੌਤਿਕ ਦੌਲਤ ਨਾਲੋਂ ਭਾਈਚਾਰੇ ਅਤੇ ਰਿਸ਼ਤਿਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਫਿਲਮ ਵਿਚ ਪੈਸੇ ਦੇ ਲਾਲਚ ਕਾਰਣ ਟੁੱਟਦੇ ਰਿਸ਼ਤੇ ਤੇ ਰਿਸ਼ਤਿਆਂ ਦੀ ਤਿੜਕਣ ਦੇ ਨਾਲ ਟੁੱਟਦੇ ਦਿਲਾਂ ਦਾ ਦਰਦ ਤੇ ਉਸ ਦਰਦ ਨੂੰ ਰੱਬ ਦੇ ਰੇਡੀਓ ਦੀ ਆਵਾਜ਼ ਨੂੰ ਸੁਣਕੇ ਪਿਆਰ ਵਿਚ ਤਬਦੀਲ ਕਰਨ ਦਾ ਵੱਡਾ ਮੈਸਜ ਹੈ। ਫਿਲਮ ਦੇ ਗੀਤ ਸ਼ੈਰੀ ਮਾਨ ਤੇ ਕੁਲਬੀਰ ਝਿੰਜਰ ਨੇ ਗਾਏ ਹਨ। ਬੋਲ ਜਸ ਗਰੇਵਾਲ ਦੇ ਹਨ। ਫਿਲਮ ਦਾ ਟਾਈਟਲ ਸੌਂਗ ਅਤੇ ਨਿਮਰਤ ਖਹਿਰਾ ਦਾ ਗਾਇਆ ਮੋਰ ਗੀਤ ( ਮੈਂ ਤਾਂ ਚਾਦਰਾਂ ਤੇ ਕੱਢਿਆਂ ਸੀ ਧਾਗਿਆਂ ਦੇ ਨਾਲ, ਸੱਚੀ ਮੁੱਚੀ ਦਾ ਮੋਰ ਕਿਤੋਂ ਆ ਗਿਆ ਨੀ ਮਾਂ..) ਦਿਲਾਂ ਨੂੰ ਟੁੰਬਣ ਵਾਲਾ ਹੈ। ਪੰਜਾਬੀਆਂ ਪਿਆਰਿਆਂ ਵਲੋਂ ਇਸ ਫਿਲਮ ਨੂੰ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ।



