May 14, 2026

ਸਰੀ (ਸੁਰਿੰਦਰ ਸਿੰਘ ਜੱਬਲ) :- ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਨੇ ਰਲ  ਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਦਿਨ ਐਤਵਾਰ 5 ਅਪ੍ਰੈਲ 2026 ਨੂੰ ਬੜੀ ਹੀ ਸ਼ਰਧਾ ਅਤੇ  ਚਾਅ ਨਾਲ ਕੀਤੀ। ਮੌਸਮ ਚੰਗਾ ਹੋਣ ਕਰਕੇ ਸੰਗਤ ਤਕਰੀਬਨ ਇਕ ਘੰਟਾ ਪਹਿਲਾਂ ਹੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਲਈ ਇਕੱਤਰ ਹੋਣ ਲੱਗ ਪਈ ਸੀ। ਹਰ ਇਕ ਵਿਚ ਬੜਾ ਉਤਸ਼ਾਹ ਨਜ਼ਰ ਆ ਰਿਹਾ ਸੀ। ਅਰਦਾਸ ਉਪਰੰਤ ਨਿਸ਼ਾਨ ਸਾਹਿਬ ਨੂੰ ਹਾਈਡਰੋਲਿਕ ਨਾਲ ਧਰਤੀ ਤੇ ਨੀਵਿਆਂ ਕਰਨ ਦੀ ਹੀ ਦੇਰ ਸੀ ਕਿ ਸਮੁੱਚੀ ਸੰਗਤ ਪੁਰਾਣਾ ਚੋਲਾ ੳਤਾਰਣ ਵਿਚ ਜੁੱਟ ਗਈ। ਸਾਫ ਸਫਾਈ ਧੋਣ ਧੁਲਾਈ ਉੇਪਰੰਤ ਸੰਗਤਾਂ ਨੇ ਉਤਸ਼ਾਹ ਨਾਲ ਨਵਾਂ ਚੋਲਾ ਚੜ੍ਹਾਉਣ ਦੀ ਸੇਵਾ ਵਿਚ ਰਲ ਮਿਲ ਕੇ ਹੱਥ ਵਟਾਇਆ।ਰਾਗੀ ਜੱਥੇ ਭਾਈ ਇਕਬਾਲ ਸਿੰਘ ਲੁਧਿਆਣੇਵਾਲੇ ਤੇ ਭਾਈ ਸਰਬਜੀਤ ਸਿੰਘ ਰਮਦਾਸਵਾਲੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਦੌਰਾਨ ਕੀਰਤਨ ਨਾਲ ਹਾਜ਼ਿਰ ਸੰਗਤਾਂ ਨੂੰ ਨਿਹਾਲ ਵੀ ਕਰਦੇ ਰਹੇ।ਸੰਗਤ ਵਲੋਂ ਚੋਲਾ ਬਦਲਣ ਦੀ ਸੇਵਾ ਗਿਆਨੀ ਸਤਵਿੰਦਰ ਸਿੰਘ ਜੀ ਵਲੋਂ ਅਰਦਾਸ ਕਰਨ ਬਾਅਦ ਹੀ ਮੁਕੰਮਲ ਹੋਈ।ਅਕਾਲਪੁਰਖ ਜੀ ਦੀ ਮਿਹਰ ਸਦਕੇ ਸਾਰਾ ਸਮਾਂ ਮੌਸਮ ਵੀ ਬੜਾ ਹੀ ਸੁਹਾਵਣਾ ਰਿਹਾ।ਹਾਜ਼ਿਰ ਸੰਗਤਾਂ ਨੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਚੋਲਾ ਬਦਲਣ ਦੇ ਇਸ ਸਮਾਗਮ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਲੰਗਰ ਛਕ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਦਿਨ ਮੰਗਲਵਾਰ ਨੂੰ ਵਧ ਚੜ੍ਹ ਕੇ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਚ ਆਉਣ ਦੀ ਬੇਨਤੀ ਸਹਿਤ ਉਚੇਚੀ ਪ੍ਰੇਰਨਾ ਵੀ ਕੀਤੀ ਗਈ।