Apr 23, 2026

* ਅੱਜ ‘ਸੋਹਣੀਆਂ ਪੱਗਾਂ’ ਵਰਗੇ ਗੀਤਾਂ ਦੀ ਵੱਡੀ ਲੋੜ ਹੈ- ਸੁੱਖੀ ਬਾਠ
ਸਰੀ, ( ਕੁਲਵੰਤ ਸਰੋਤਾ, ਜਸਵੀਰ ਸਿੰਘ ਭਲੂਰੀਆ, ਹਰਦਮ ਮਾਨ, ਮਹੇਸ਼ਇੰਦਰ ਸਿੰਘ ਮਾਂਗਟ ) ਪੰਜਾਬੀ ਦੇ ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਦੇ ਲਿਖੇ ਅਤੇ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇ ਵਾਲਾ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਵਿੱਚ ਗਾਏ ਖੂਬਸੂਰਤ ਗੀਤ ‘ਸੋਹਣੀਆਂ ਪੱਗਾਂ’ ਨੂੰ ਬੀਤੀ 4 ਅਪ੍ਰੈਲ ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੀਆਂ ਉੱਘੀਆਂ ਹਸਤੀਆਂ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਕੈਨੇਡੀਅਨ ਪੰਜਾਬੀ ਕਲਚਰਲ ਐਸੋਸ਼ੀਏਸ਼ਨ ਸਰੀ ਅਤੇ ਅਦਾਰਾ ਪੰਜਾਬ ਭਵਨ ਸਰੀ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਭਾਵਸ਼ਾਲੀ ਸੰਗੀਤਕ ਸਮਾਗਮ ਵਿੱਚ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ , ਸਾਹਿਤਕਾਰ, ਸਮਾਜ ਸੇਵੀ , ਬੁੱਧੀਜੀਵੀ, ਵਿਦਵਾਨ,ਮੀਡੀਆ ਕਰਮੀ ਅਤੇ ਵੱਖ-ਵੱਖ ਕਮਿਊਨਿਟੀਆਂ ਤੋਂ ਪਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਮਹਾਨ ਸੰਗੀਤਕਾਰ ਲਾਲ ਕਮਲ ਦੇ ਮਨਮੋਹਕ ਸੰਗੀਤ ਨਾਲ ਸ਼ਿੰਗਾਰੇ ਇਸ ਗੀਤ ਦੀ  ਬਹੁਤ ਹੀ ਪਿਆਰੀ ਅਤੇ ਮਿਆਰੀ ਵੀਡੀਓ ਗਰਾਫ਼ੀ   ਵੀਡਿਓ ਡਾਇਰੈਕਟਰ ਗੱਗੀ ਸਿੰਘ ਨੇ ਕੀਤੀ ਹੈ।
ਸਮਾਗ਼ਮ  ਦੌਰਾਨ  ਵੱਖ ਵੱਖ ਪ੍ਰਮੁੱਖ ਹਸਤੀਆਂ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਪੱਗ ਦੀ ਮਹੱਤਤਾ, ਸਵੈਮਾਣ ਅਤੇ ਇਤਿਹਾਸ ਨੂੰ ਉਜਾਗਰ ਕਰਨ ਵਾਲੇ ਪ੍ਰਭਾਵਸ਼ਾਲੀ ਸ਼ਬਦਾਂ ‘ਚ ਲਿਖੇ ਗੀਤ ਦੇ ਗੀਤਕਾਰ ਕਵਿੰਦਰ ਚਾਂਦ  ਅਤੇ ਸੁਰੀਲੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇ ਵਾਲਾ ਦੇ ਇਸ ਸੁਚੱਜੇ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉੱਘੇ ਵਿਦਵਾਨ ਮੋਤਾ ਸਿੰਘ ਝੀਤਾ, ਰਵਿੰਦਰ ਸਹਿਰਾਅ ਸ਼ਿਕਾਗੋ (ਯੂ.ਐਸ.ਏ.), ਡਾ. ਰਣਜੀਤ ਸਿੰਘ ਪੰਨੂ, ਹਰਪ੍ਰੀਤ ਸਿੰਘ ਰੇਡੀਓ ਹੋਸਟ, ਗੁਰਬਾਜ ਸਿੰਘ ਬਰਾੜ, ਲਵੀ ਪੰਨੂ, ਦੇਵਿੰਦਰ ਬੈਨੀਵਾਲ ,ਪਾਲ ਬਰਾੜ, ਪ੍ਰਿਤਪਾਲ ਸਿੰਘ ਗਿੱਲ, ਮਨਜੀਤ ਕੰਗ, ਪੌਲ ਵੜੈਚ, ਸੁਖਬੀਰ ਬੀਹਲਾ (ਬੈਲਿੰਗ ਹੈਮ) ਅਤੇ ਰਾਇ ਅਜੀਜ਼ ਉੱਲਾ ਖਾਨ (ਸਾਬਕਾ ਐਮ. ਪੀ. ਪਾਕਿਸਤਾਨ) ਅਤੇ ਹੋਰ ਬੁਲਾਰਿਆਂ ਨੇ ਪੱਗ ਦੀ ਮਹੱਤਤਾ ਬਾਰੇ ਲਿਖੇ ਤੇ ਗਾਏ ਗੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੱਗ ਕੇਵਲ ਕੱਪੜਾ ਨਹੀਂ ਹੈ ਸਗੋਂ ਇਹ ਸਿਰ ਦਾ ਤਾਜ ਹੁੰਦੀ ਹੈ। ਦਸਤਾਰ ਦੀ ਸ਼ਾਨ ਬਾਰੇ ਬੁਲਾਰਿਆਂ ਨੇ ਕਿਹਾ ਕਿ ਪੱਗ ਨਾਲ ਵਿਅਕਤੀ ਬਾਦਸ਼ਾਹ ਲਗਦਾ ਹੈ। ਰਸਮਾਂ ਰਿਵਾਜਾਂ ‘ਚ ਅਤੇ ਸ਼ਲੋਕਾਂ ਵਿੱਚ ਭਗਤਾਂ ਵੱਲੋਂ ਪੱਗ ਦਾ ਜਿਕਰ ਕੀਤਾ ਗਿਆ ਹੈ। ਸਾਡੇ ਸਾਰੇ ਧਾਰਮਿਕ ਰਹਿਬਰਾਂ ਨੇ ਪੱਗ ਜਾਂ ਦਸਤਾਰ ਨੂੰ ਅਪਨਾਇਆ ਹੈ। ਇਸ ਮੌਕੇ ਤੇ ਹਾਜ਼ਰ ਦਰਸ਼ਕਾਂ ਨੂੰ ਸਕਰੀਨ ਤੇ ਵੱਖ ਵੱਖ ਪ੍ਰਮੁੱਖ ਸ਼ਖਸ਼ੀਅਤਾਂ ਦੇ ਵਧਾਈ ਸੰਦੇਸ਼ ਵੀ ਵਿਖਾਏ ਗਏ। ਜਿਨ੍ਹਾਂ ‘ਚ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਅੰਤਰਰਾਸ਼ਟਰੀ ਐਂਕਰ ਆਸ਼ਾ ਸ਼ਰਮਾ, ਪ੍ਰਸਿੱਧ ਲੇਖਕਾ ਬਲਵਿੰਦਰ ਕੌਰ ਬਰਾੜ,ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ, ਪ੍ਰਸਿੱਧ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ, ਬਲਤੇਜ ਸਿੰਘ ਢਿੱਲੋਂ ਸੈਨੇਟਰ ਕੈਨੇਡਾ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਗਾਇਕ ਬਿੱਟੂ ਖੰਨੇ ਵਾਲਾ ਸ਼ਾਮਿਲ ਹਨ। ਗੀਤ ਦੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਅਤੇ ਵਿਸ਼ੇਸ਼ ਮਹਿਮਾਨ  ਅਤੇ ਅਦਾਰਾ ਪੰਜਾਬ ਭਵਨ ਦੇ ਸੰਸਥਾਪਕ ਸੁਖਜਿੰਦਰ ਸਿੰਘ ਸੁੱਖੀ ਬਾਠ ਨੇ ਅਦਾਰੇ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਤਾਜ ਪਾਰਕ ਕਨਵੈਂਨ਼ਸ਼ਨ ਸੈਂਟਰ ਦੇ ਮਾਲਕ ਸ: ਕੁਲਤਾਰਜੀਤ ਸਿੰਘ ਥਿਆੜਾ ਨੇ ਸਮੁੱਚੀ ਟੀਮ ਨੂੰ ਇਸ ਉੱਤਮ ਕਾਰਜ ਲਈ ਸ਼ਾਬਾਸ਼ ਦਿੱਤੀ। ਸਟੇਜ ਦੀ ਕਾਰਵਾਈ ਚਰਚਿਤ ਲੇਖਿਕਾ ਬਲਵੀਰ ਕੌਰ ਢਿਲੋਂ ਨੇ ਬਾਖੂਬੀ ਨਿਭਾਈ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਵੱਲੋਂ ਮਿਲੇ ਹੁੰਗਾਰੇ ਨੇ ਪ੍ਰਬੰਧਕਾਂ ਦੇ ਹੌਸਲੇ ਬੁਲੰਦ ਕਰ ਦਿੱਤੇ। ਸੁਰਜੀਤ ਸਿੰਘ ਮਾਧੋਪੁਰੀ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਬੁਲਾਰੇ ਪਹੁੰਚੇ ਹੋਣ ਕਰਕੇ ਅਤੇ ਸਮਾਂ ਸੀਮਿਤ ਹੋਣ ਕਰਕੇ ਕਾਫੀ ਬੁਲਾਰਿਆਂ ਦੇ ਅਰਮਾਨ ਦਿਲ ਵਿੱਚ ਹੀ ਦੱਬੇ ਰਹਿ ਗਏ ਜਿਨਾਂ ਨੂੰ ਜਲਦ ਹੀ ਇੱਕ ਹੋਰ ਸਮਾਗਮ ਵਿੱਚ ਮੌਕਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *