May 14, 2026

ਸਰੀ ( ਦੇ ਪ੍ਰ ਬਿ)- – ਬੀਤੇ ਐਤਵਾਰ ਨੂੰ ਪੰਜਾਬ ਭਵਨ ਸਰੀ ਵਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਵਿਦਵਾਨ ਲੇਖਕਾ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਉਘੀ ਕਵਿਤਰੀ ਤੇ ਲੇਖਕਾ ਇੰਦਰਜੀਤ ਕੌਰ ਸਿੱਧੂ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਲੇਖਕਾਂ ਤੇ ਵਿਦਵਾਨਾਂ ਨੇ ਦੋਵਾਂ ਵਿਛੜੀਆਂ ਸ਼ਖਸੀਅਤਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਤੇ ਸਾਹਿਤ ਵਿਚ ਪਾਏ ਉਹਨਾਂ ਦੇ ਵੱਡਮੁੱਲੇ ਯੋਗਦਾਨ ਦੀ ਚਰਚਾ ਕੀਤੀ। ਇਸ ਮੌਕੇ ਪ੍ਰਿੰਸਪੀਲ ਸੁਰਿੰਦਰਪਾਲ ਕੌਰ ਬਰਾੜ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਵਿਚ ਐਵਾਰਡ  ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਇਸ ਐਵਾਰਡ ਦੀ ਰੂਪ ਰੇਖਾ ਤਿਆਰ ਕਰਨ ਲਈ ਪੰਜਾਬ ਭਵਨ ਸਰੀ ਤੇ ਸਰੀ ਸਾਹਿਤ ਸਭਾ ਨੂੰ ਜਿੰਮੇਵਾਰੀ ਦਿੱਤੀ ਗਈ। ਦੋਵਾਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਲੇਖਕਾਂ ਤੇ ਵਿਦਵਾਨਾਂ ਵਿਚ ਮੁੱਖ ਰੂਪ ਵਿਚ ਸਰਵਸ੍ਰੀ ਕਵਿੰਦਰ ਚਾਂਦ, ਹਰਚੰਦ ਸਿੰਘ ਬਾਗੜੀ, ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ, ਅਮਰੀਕ ਪਲਾਹੀ, ਥਾਨਾ ਸਿੰਘ ਚੀਮਾ, ਦਰਸ਼ਨ ਸੰਘਾ, ਬਲਿਹਾਰ ਸਿੰਘ ਲੇਹਲ, ਪਰਮਿੰਦਰ ਸਵੈਚ, ਹਰਸ਼ਰਨ ਕੌਰ, ਬਿੰਦੂ ਮਠਾਰੂ, ਬਲਵੀਰ ਢਿੱਲੋਂ, ਮੀਨੂ ਬਾਵਾ, ਕੁਲਵੰਤ ਸਰੋਤਾ, ਜਸਵੀਰ ਭਲੂਰੀਆ, ਸੁਖ ਗੋਹਲਵੜ, ਸੁਰਜੀਤ ਗਿੱਲ ਤੇ ਕਈ ਹੋਰ ਹਾਜ਼ਰ ਸਨ। ਮੰਚ ਸੰਚਾਲਕ ਦੀ ਜਿੰਮੇਵਾਰੀ ਉਘੇ ਕਵੀ ਇੰਦਰਜੀਤ ਸਿੰਘ ਧਾਮੀ ਨੇ ਨਿਭਾਈ। ਸਮਾਗਮ ਦੇ ਅੰਤ ਵਿਚ ਸੁਖੀ ਬਾਠ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿਚ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਪ੍ਰਕਾਸ਼ਿਤ ਪੁਸਤਕ ਪੰਜਾਬੀ ਰਮਜਾਂ-4 ਵੀ ਰੀਲੀਜ਼ ਕੀਤੀ ਗਈ। ਕਵੀਆਂ ਵਲੋਂ ਆਪਣਾ ਕਲਾਮ ਵੀ ਪੇਸ਼ ਕੀਤਾ ਗਿਆ।