Screenshot
ਪਰਮਿੰਦਰ ਚੌਹਾਨ ਅਤੇ ਚੰਦਨ ਚਾਹਲ ਦੋ ਹੋਰ ਉਮੀਦਵਾਰ ਐਲਾਨੇ-
ਸਰੀ ( ਦੇ ਪ੍ਰ ਬਿ)-ਬੀਤੀ ਸ਼ਾਮ ਸਰੀ ਨਗਰ ਕੌਂਸਲ ਚੋਣਾਂ ਵਿਚ ਮੇਅਰ ਅਹੁਦੇ ਦੇ ਉਮੀਦਵਾਰ ਮਾਈਕ ਸਟਾਰਚੁਕ ਨੇ ਆਪਣੇ ਸੈਂਕੜੇ ਸਮਰਥਕਾਂ ਦੇ ਇਕੱਠ ਦੌਰਾਨ ਆਪਣੀ ਇਮੇਜਨ ਸਰੀ ਸਲੇਟ ਦੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਉਹਨਾਂ ਆਪਣੀ ਸਲੇਟ ਦੀ ਤਰਫੋਂ ਕੌੰਸਲਰ ਉਮੀਦਵਾਰਾਂ ਵਿਚ ਆਪਣੇ ਦੋ ਹੋਰ ਕੌਂਸਲਰ ਉਮੀਦਵਾਰਾਂ – ਪਰਮਿੰਦਰ ਚੌਹਾਨ ਅਤੇ ਚੰਦਨ ਚਾਹਲ ਦੀ ਮੰਚ ਤੋਂ ਜਾਣ ਪਹਿਚਾਣ ਕਰਵਾਈ। ਇਸ ਮੌਕੇ ਸਟਾਰਚੁਕ ਦੇ ਨਾਲ ਹੋਰ ਸਾਥੀ ਉਮੀਦਵਾਰਾਂ ਵਿਚ ਵਿਲੀਅਮ ਲੀ, ਕੇਵਿਨ ਵਿਲਕੀ, ਨਰੀਮਾ ਡੇਲਾ ਕਰੂਜ਼, ਯੂਸਫ਼ ਅਲਦਾਬੈਨਾਹ, ਆਸ਼ੀਆਨਾ ਹਨੀਫ਼ ਅਤੇ ਡਾ. ਮਾਰਗਰੇਟ ਮੁਬੰਦਾ ਵੀ ਹਾਜ਼ਰ ਸਨ।
ਪਾਇਲ ਸੈਂਟਰ ਦੇ ਰਾਇਲ ਕਿੰਗ ਪੈਲੇਸ ਵਿਚ ਸੈਂਕੜੇ ਸਮਰਥਕਾਂ ਵਲੋਂ ਮਾਈਕ ਦੀ ਸਲੇਟ ਨੂੰ ਭਰਵਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮਾਇਕ ਸਟਾਰਚੁਕ ਜੋ ਕਿ ਸਰੀ ਫਾਇਰ ਡਿਪਾਰਟਮੈਂਟ ਦੇ ਇੱਕ ਸੇਵਾਮੁਕਤ ਮੁੱਖ ਅਧਿਕਾਰੀ, ਸਰੀ ਫਸਟ ਦੇ ਸਾਬਕਾ ਕੌਂਸਲਰ ਅਤੇ ਸਰੀ-ਕਲੋਵਰਡੇਲ ਲਈ ਸਾਬਕਾ ਐਨਡੀਪੀ ਵਿਧਾਇਕ ਨੇ ਆਪਣੀ ਇਮੇਜਨ ਸਰੀ ਸਲੇਟ ਦੀ ਤਰਫੋਂ ਸਰੀ ਵਾਸੀਆਂ ਲਈ ਪੰਜ “ਮੁੱਖ ਵਾਅਦੇ ਕੀਤੇ। ਉਹਨਾਂ ਕਿਹਾ ਕਿ ਜੇਕਰ ਉਹ ਅਤੇ ਉਸਦੀ ਸਲੇਟ 17 ਅਕਤੂਬਰ ਨੂੰ ਚੁਣੇ ਜਾਂਦੇ ਹਨ ਤਾਂ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ, ਸਮਾਰਟ ਨਿਵੇਸ਼, ਘੱਟ ਲਾਗਤਾਂ ਅਤੇ ਮਜਬੂਤ ਅਤੇ ਸੌਖਾਲੀਆਂ ਸੇਵਾਵਾਂ ਲਈ ਵਚਨਬੱਧ ਰਹਿਣਗੇ । ਇਸ ਮੌਕੇ ਸਟਾਰਚੁਕ ਨੇ ਹੋਰ ਕਿਹਾ ਕਿ ਅਸੀਂ ਕੈਰੀਅਰ ਸਿਆਸਤਦਾਨ ਨਹੀਂ ਹਾਂ। ਅਸੀਂ ਫਰੰਟਲਾਈਨ ਵਰਕਰ, ਪੇਸ਼ੇਵਰ ਅਤੇ ਜਨਤਕ ਸੇਵਕ ਹਾਂ ਜੋ ਹਰ ਰੋਜ਼ ਇਸ ਸ਼ਹਿਰ ਲਈ ਚੁੱਪ-ਚਾਪ ਕੰਮ ਕਰਦੇ ਹਾਂ ਪਰ ਅਸੀਂ ਹੁਣ ਚੁੱਪ ਨਹੀਂ ਰਹਿਣ ਵਾਲੇ । ਉਸਨੇ ਦਲੀਲ ਦਿੱਤੀ ਕਿ ਸਰੀ ਦੇ ਵੋਟਰ ਹੁਣ ਉਨ੍ਹਾਂ ਆਗੂਆਂ ਨੂੰ ਰੀਸਾਈਕਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਇਸਦੀਆਂ ਮੌਜੂਦਾ ਸਮੱਸਿਆਵਾਂ ਪੈਦਾ ਕੀਤੀਆਂ। ਸਟਾਰਚੁਕ ਨੇ ਕਿਹਾ ਕਿ ਇਸ ਸ਼ਹਿਰ ਲਈ ਸਿਰਫ ਦੋ ਭਵਿੱਖ ਹਨ – ਇੱਕ ਉਹ ਜਿਥੇ ਪੁਰਾਣੇ ਖਿਡਾਰੀ ਉਹੀ ਪੁਰਾਣੀਆਂ ਲੜਾਈਆਂ ਲੜਦੇ ਰਹਿੰਦੇ ਹਨ ਅਤੇ ਕੁਝ ਵੀ ਨਹੀਂ ਬਦਲਦਾ – ਜਾਂ ਇੱਕ ਚਮਕਦਾਰ ਭਵਿੱਖ ਜਿੱਥੇ ਫਰੰਟਲਾਈਨ ਵਰਕਰਾਂ ਦੀ ਇੱਕ ਟੀਮ ਦੀ ਚੋਣ ਹੈ ਜੋ ਇਸ ਸ਼ਹਿਰ ਦਾ ਨਿਰਮਾਣ ਕਰ ਸਕਦੀ ਹੈ ਜਿਸਦੇ ਅਸੀਂ ਸਾਰੇ ਹੱਕਦਾਰ ਹਾਂ।
ਇਸ ਮੌਕੇ ਉਹਨਾਂ ਆਪਣੀ ਸਲੇਟ ਵਿਚ ਆਏ ਦੋ ਹੋਰ ਉਮੀਦਵਾਰਾਂ ਪਰਮਿੰਦਰ ਚੌਹਾਨ ਅਤੇ ਚੰਦਨ ਚਾਹਲ ਦਾ ਖਾਸ ਜਿ਼ਕਰ ਕੀਤਾ। ਚੌਹਾਨ ਇੱਕ ਲੰਬੇ ਸਮੇਂ ਤੋਂ ਸਰੀ ਨਿਵਾਸੀ ਹਨ, ਜੋ ਲਾਈਫਵਾਈਜ਼ ਫਾਈਨੈਂਸ਼ੀਅਲ ਗਰੁੱਪ ਦੇ ਪ੍ਰਧਾਨ ਅਤੇ ਸੀਈਓ ਵਜੋਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਅਜਿਹੀਆਂ ਸੰਸਥਾਵਾਂ ਦੀ ਅਗਵਾਈ ਕਰਦੇ ਆ ਰਹੇ ਹਨ । ਫਲੀਟਵੁੱਡ ਦੇ ਨਿਵਾਸੀ 34 ਸਾਲਾ ਚਾਹਲ ਨੂੰ ਇੱਕ ਛੋਟੇ ਕਾਰੋਬਾਰੀ ਮਾਲਕ, ਨੌਜਵਾਨ ਸਲਾਹਕਾਰ ਅਤੇ ਕਮਿਊਨਿਟੀ ਐਡਵੋਕੇਟ ਦੱਸਿਆ ਜੋ ਸਾਡੇ ਸ਼ਹਿਰ ਦੇ ਸਾਹਮਣੇ ਚੁਣੌਤੀਆਂ ਅਤੇ ਮੌਕਿਆਂ ਨੂੰ ਭਲੀ ਭਾਂਤ ਸਮਝਦਾ ਹੈ।
ਪਰਮਿੰਦਰ ਚੌਹਾਨ


