Apr 23, 2026

ਬਟਾਲਾ- ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ ਵਿੱਚ ਗੁਰਦੁਆਰੇ ਦੇ ਬਾਹਰ ਵਿਸਾਖੀ ਨਗਰ ਕੀਰਤਨ ਤੋਂ ਪਹਿਲਾਂ ਜਿਹੜੇ ਦੋ ਪੰਜਾਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ, ਉਨ੍ਹਾਂ ਵਿੱਚੋਂ ਰਾਜਿੰਦਰ ਸਿੰਘ ਰੂਮੀ ਡੇਰਾ ਬਾਬਾ ਨਾਨਕ ਦੇ ਪਿੰਡ ਦਰਗਾਬਾਦ ਤੋਂ ਸੀ। ਰਾਜਿੰਦਰ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤ ਦੀ ਹੱਤਿਆ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਹੈ।

ਉਨ੍ਹਾਂ ਕਿਹਾ ਕਿ ਰਾਜਿੰਦਰ ਕਾਫ਼ੀ ਸਮੇਂ ਤੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਜੋ ਵਿਰੋਧੀ ਧਿਰ ਨੂੰ ਪਸੰਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਪੁੱਤ ਨੂੰ ਗੁਰਦੁਆਰੇ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਕਈ ਵਾਰ ਕਿਹਾ ਸੀ।ਸਾਬਕਾ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਪਿਛਲੇ ਲਗਪਗ ਢਾਈ ਦਹਾਕਿਆਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਰਹਿ ਰਿਹਾ ਸੀ ਅਤੇ ਉਹ ਉੱਥੋਂ ਦਾ ਪੱਕਾ ਨਾਗਰਿਕ ਸੀ। ਉਨ੍ਹਾਂ ਦੱਸਿਆ ਕਿ ਰਾਜਿੰਦਰ ਕਈ ਸਾਲਾਂ ਤੋਂ ਗੁਰਦੁਆਰੇ ਵਿੱਚ ਸੇਵਾ ਕਰ ਰਿਹਾ ਸੀ, ਇਸੇ ਸੰਦਰਭ ਵਿੱਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਣਾ ਸੀ। ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਰਾਜਿੰਦਰ ਉੱਥੇ ਨਗਰ ਕੀਰਤਨ ਵਿੱਚ ਸੰਗਤ ਨੂੰ ਵਰਤਾਏ ਜਾਣ ਵਾਲਾ ਪ੍ਰਸ਼ਾਦ ਗੁਰਦੁਆਰਾ ਅੰਦਰ ਦੇ ਕੇ ਬਾਹਰ ਆਇਆ ਤਾਂ ਉਸ ’ਤੇ ਗੋਲੀ ਚਲਾਈ ਗਈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾਈ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਮੇਤ ਹੋਰ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *