Apr 23, 2026

ਸਰੀ, 21 ਅਪ੍ਰੈਲ (ਹਰਦਮ ਮਾਨ)- ਤਰਕਸ਼ੀਲ (ਰੈਸ਼ਨੇਲਿਸਟ) ਕਲਚਰ ਸੁਸਾਇਟੀ ਸਰੀ ਯੂਨਿਟ ਦੀ ਇੱਕ ਅਹਿਮ ਜਨਰਲ ਮੀਟਿੰਗ ਬੀਤੇ ਦਿਨੀਂ ਪ੍ਰੋਗਰੈਸਿਵ ਕਲਚਰ ਸੈਂਟਰ, ਸਰੀ ਵਿਖੇ ਸਫਲਤਾਪੂਰਵਕ ਸੰਪੰਨ ਹੋਈ। ਇਸ ਮੀਟਿੰਗ ਵਿੱਚ ਸੁਸਾਇਟੀ ਦੇ 27 ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਆਗਾਮੀ ਵਰ੍ਹੇ ਲਈ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।

ਮੀਟਿੰਗ ਦੇ ਆਰੰਭ ਵਿੱਚ ਸੁਸਾਇਟੀ ਦੇ ਸੰਸਥਾਪਕ ਬਾਈ ਅਵਤਾਰ ਗਿੱਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਦੱਸਣਯੋਗ ਹੈ ਕਿ ਅਵਤਾਰ ਗਿੱਲ ਪਿਛਲੇ ਮਾਰਚ ਮਹੀਨੇ ਆਪਣੀ ਭਾਰਤ ਫੇਰੀ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ। ਮੈਂਬਰਾਂ ਨੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਤਰਕਸ਼ੀਲ ਲਹਿਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।

ਉਪਰੰਤ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਨੈਸ਼ਨਲ ਕਮੇਟੀ ਦੇ ਜਨਰਲ ਸਕੱਤਰ ਬੀਰਬਲ ਭਦੌੜ ਅਤੇ ਵਿੱਤ ਸਕੱਤਰ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਚੋਣ ਵਿੱਚ ਜਸਵਿੰਦਰ ਸਿੰਘ ਹੇਅਰ ਨੂੰ ਪ੍ਰਧਾਨ, ਪਰਮਜੀਤ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਨਰਿੰਦਰ ਸਿੰਘ ਲਿਧੜ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਕਿੰਗਰਾ ਨੂੰ ਵਿੱਤ ਸਕੱਤਰ ਅਤੇ ਹਰਪਾਲ ਸਿੰਘ ਗਰੇਵਾਲ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਠਾਣਾ ਸਿੰਘ ਖੋਸਾ, ਅਮਰਦੀਪ ਸਿੰਘ, ਰਵੀ ਲੰਗਾਹ ਅਤੇ ਰਾਮਜੀਤ ਨੂੰ ਐਗਜੈਕਟਿਵ ਮੈਂਬਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ।

ਨਵੀਂ ਚੁਣੀ ਗਈ ਟੀਮ ਅਤੇ ਹਾਜ਼ਰ ਮੈਂਬਰਾਂ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਭੂਤ-ਪ੍ਰੇਤਾਂ ਦੇ ਡਰ ਅਤੇ ਜੋਤਿਸ਼ ਦੇ ਨਾਂ ‘ਤੇ ਹੋ ਰਹੀ ਲੁੱਟ-ਖਸੁੱਟ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਪੱਕਾ ਇਰਾਦਾ ਪ੍ਰਗਟਾਇਆ। ਸੁਸਾਇਟੀ ਦਾ ਮੁੱਖ ਉਦੇਸ਼ ਵਿਗਿਆਨਕ ਸੋਚ ਦਾ ਪ੍ਰਸਾਰ ਕਰਨਾ ਅਤੇ ਅਖੌਤੀ ਸਾਧਾਂ ਦੇ ਫਰੇਬ ਤੋਂ ਆਮ ਲੋਕਾਂ ਨੂੰ ਬਚਾਉਣਾ ਹੈ।

ਸੁਸਾਇਟੀ ਵੱਲੋਂ ਅਗਾਂਹਵਧੂ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਵਿਅਕਤੀਆਂ ਲਈ ਮੈਂਬਰਸ਼ਿਪ ਖੁੱਲ੍ਹੀ ਰੱਖੀ ਗਈ ਹੈ। ਕੋਈ ਵੀ ਵਿਅਕਤੀ ਜੋ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਤੇ ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਦੇਖਣਾ ਚਾਹੁੰਦਾ ਹੈ, ਉਹ ਸੁਸਾਇਟੀ ਦਾ ਹਿੱਸਾ ਬਣ ਸਕਦਾ ਹੈ। ਚਾਹਵਾਨ ਵਿਅਕਤੀ ਸੁਸਾਇਟੀ ਦੇ ਸੰਵਿਧਾਨ ਦੀ ਕਾਪੀ ਲਈ ਜਸਵਿੰਦਰ ਸਿੰਘ ਹੇਅਰ (604-499-3699) ਜਾਂ ਪਰਮਜੀਤ ਸਿੰਘ ਸਿੱਧੂ (778-863-5911) ਨਾਲ ਵਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *