Jun 3, 2026

Screenshot

ਚੰਡੀਗੜ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਆਧਾਰਿਤ ਦੱਸੀ ਜਾ ਰਹੀ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੇ ਪ੍ਰਸਾਰਨ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਉਹ ਗੰਭੀਰ ਅਪਰਾਧਾਂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ। ਅਜਿਹੇ ਵਿਅਕਤੀ ’ਤੇ ਬਣਾਈ ਜਾਣ ਵਾਲੀ ਸੀਰੀਜ਼ ਗੈਂਗਸਟਰ ਸਭਿਆਚਾਰ ਨੂੰ ਪ੍ਰਫੁੱਲਤ ਕਰੇਗੀ।ਸ੍ਰੀ ਵੜਿੰਗ ਨੇ ਇਸ ਸੀਰੀਜ਼ ਦੇ ਪ੍ਰਸਾਰਨ ’ਤੇ ਰੋਕ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਟੈਲੀਵੀਜ਼ਨ ਸੀਰੀਜ਼ ਦੇ ਪ੍ਰਸਾਰਨ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਵੀ ਦਾਖ਼ਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਟੀ ਵੀ ਸੀਰੀਜ਼ ਰਿਲੀਜ਼ ਕਰਨ ਵਾਲੀ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਟੈਲੀਵਿਜ਼ਨ ਸੀਰੀਜ਼ ਦੇ ਨਿਰਮਾਤਾਵਾਂ ਦੀ ਸੋਚ ’ਤੇ ਸਵਾਲ ਖੜ੍ਹੇ ਕੀਤੇ ਕਿ ਉਹ ਅਪਰਾਧ ਤੇ ਹਿੰਸਾ ਦੇ ਸਭਿਆਚਾਰ ਨੂੰ ਕਿਉਂ ਵਧਾਉਣਾ ਚਾਹੁੰਦੇ ਹਨ।

**ਮੂਸੇਵਾਲਾ ਦੇ ਪਿਤਾ ਨੇ ਵੀ ਇਤਰਾਜ ਜਿਤਾਇਆ-

ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਬਣ ਰਹੀ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਨੂੰ ਲੈ ਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ਬਣਾਉਣ ਦੀ ਇਜ਼ਾਜਤ ਦੇਣਾ ਵੋਟ ਲੈਣ ਦਾ ਏਜੰਡਾ ਹੈ। ਸੀਰੀਜ਼ ਮਰਹੂਮ ਰਾਸ਼ਟਰਪਤੀ ਅਬਦੁਲ ਕਲਾਮ, ਕਲਪਨਾ ਚਾਵਲਾ ਅਤੇ ਓਲੰਪਿਕ ਖਿਡਾਰੀਆਂ ਦੇ ਜੀਵਨ ’ਤੇ ਬਣਨੀਆਂ ਚਾਹੀਦੀਆਂ, ਜੋ ਸਮਾਜ ਨੂੰ ਸੇਧ ਦੇਣ। ਲਾਰੈਂਸ ਬਿਸ਼ਨੋਈ ’ਤੇ ਫ਼ਿਲਮ ਬਣਾਉਣਾ ਅਪਰਾਧ ਨੂੰ ਹੱਲਾਸ਼ੇਰੀ ਦੇਣਾ ਹੈ। ਗੈਂਗਸਟਰ ਨੂੰ ਮਹਾਤਮਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਰਾਜਾ ਵੜਿੰਗ ਵੱਲੋਂ ਇਸ ਸੀਰੀਜ਼ ਖ਼ਿਲਾਫ਼ ਜਨਹਿਤ ਪਟੀਸ਼ਨ ਪਾਉਣ ਲਈ ਧੰਨਵਾਦ ਕੀਤਾ।