ਸਰੀ (ਸੁਰਿੰਦਰ ਸਿੰਘ ਜੱਬਲ) -ਬੀਤੇ ਦਿਨੀਂ ਪੈਸੇਫਿਕ ਅਕੈਡਮੀ ਸਕੂਲ ਵਿਚੋਂ ਗਿਆਰਾਂ ਗਰੇਡ ਦੇ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਆਏ। ਇਸਤੋਂ ਪਹਿਲਾਂ ਵਾਲੇ ਸਮੈਸਟਰ ਦੇ ਵਿਦਿਆਰਥੀ 10 ਫਰਵਰੀ ਨੂੰ ਆਏ ਸਨ ਤੇ ਇਹ ਦੂਸਰੇ ਸਮੈਸਟਰ ਦੇ ਵਿਰਿਆਰਥੀ ਸਨ।ਪੁੱਛਣ ਤੇ ਪਤਾ ਲੱਗਿਆ ਕਿ ਇਹ ਸਾਰੇ ਹੀ ਪਹਿਲੀ ਵੇਰ ਗੁਰਦੁਆਰਾ ਸਾਹਿਬ ਆਏ ਹਨ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਸਾਰਿਆਂ ਨੁੰ ਜੀ ਆਇਆਂ ਆਖ ਕੇ ਸੁਆਗਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਅੰਦਰ ਜਾਣ ਦੀ ਮਰਿਆਦਾ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਨੇ ਵਾਰੋ ਵਾਰੀ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਸੁਆਲ ਵੀ ਪੁੱਛੇ।ਉਹਨਾਂ ਨਾਲ ਅਪ੍ਰੈਲ ਮਹੀਨਾ ਫੈਡਰਲ ਤੇ ਸੂਬਾਈ ਸਰਕਾਰਾਂ ਵਲੋਂ ਸਿੱਖ ਹੈਰੀਟੇਜ ਮਹੀਨਾ ਐਲਾਨੇ ਜਾਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।ਤੀਸਰੀ ਮੰਜ਼ਿਲ ਉਤੇ ਸਨਮਾਨ ਯੋਗ ਬੀਬੀ ਜੀ ਤਾਬਿਆ ਤੇ ਬੈਠੇ ਪਾਠ ਕਰ ਰਹੇ ਸਨ ਤੇ ਮੇਨ ਦਰਬਾਰ ਹਾਲ ਵਿਚ ਗੁਰਬਾਣੀ ਕੀਰਤਨ ਦੀ ਸਮਾਪਤੀ ਹੋ ਚੁੱਕੀ ਸੀ ਪਰ ਸੰਗਤਾਂ ਗੁਰੂ ਸਾਹਿਬ ਜੀ ਅੱਗੇ ਸ਼ਰਧਾ ਨਾਲ ਨਤਮਸਤਕ ਹੋ ਰਹੀਆਂ ਸਿੱਖ ਸੰਗਤਾਂ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਏ। ਸਤਿਕਾਰ ਨਾਲ ਤਕਰੀਬਨ ਇਕ ਘੰਟਾ ਵਿਚਾਰ ਵਟਾਂਦਰੇ ਬਾਦ ਸਾਰੇ ਹੀ ਲੰਗਰ ਹਾਲ ਪੁਜੇ ਤੇ ਲੰਗਰ ਛਕ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਕੂਲ ਸਰੀ ਸ਼ਹਿਰ ਵਿਚ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲਿਆਇਆ ਕਰਦੇ ਹਨ।




