-ਸੁਖਵਿੰਦਰ ਸਿੰਘ ਚੋਹਲਾ-
ਹੁਣ ਤੱਕ ਆਮ ਆਦਮੀ ਪਾਰਟੀ ਦਾ ਭਵਿੱਖ ਸਮਝੇ ਜਾਣ ਵਾਲੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸੰਦੀਪ ਪਾਠਕ ਸਮੇਤ 7 ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦੀ ਘਟਨਾ ਆਪ ਦੀ ਸਿਆਸਤ ਵਿਚ ਇਕ ਵੱਡਾ ਭੁਚਾਲ ਲਿਆਉਣ ਵਾਲੀ ਘਟਨਾ ਹੈ। ਅਜੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਆਗੂ ਰਾਘਵ ਚੱਢਾ ਨੂੰ ਇਸ ਲਈ ਅਹੁਦੇ ਤੋਂ ਲਾਂਭੇ ਕਰਨ ਦਾ ਐਲਾਨ ਕੀਤਾ ਸੀ ਕਿ ਉਹ ਸਦਨ ਵਿਚ ਪਾਰਟੀ ਦੀ ਸਹੀ ਤਰਜਮਾਨੀ ਕਰਨ ਵਿਚ ਅਸਫਲ ਸਾਬਿਤ ਹੋਏ ਹਨ। ਉਹ ਪਾਰਟੀ ਨੀਤੀਆਂ ਮੁਤਾਬਿਕ ਭਾਜਪਾ ਸਰਕਾਰ ਨੂੰ ਤਿੱਖੇ ਸਵਾਲਾਂ ਤੋਂ ਬਚਣ ਦਾ ਮੌਕਾ ਦੇ ਰਹੇ ਹਨ। ਇਸਤੋਂ ਪਹਿਲਾਂ ਰਾਜ ਸਭਾ ਵਿਚ ਰਾਘਵ ਚੱਢਾ ਦੀ ਕਾਰਗੁਜਾਰੀ ਅਤੇ ਵੱਖ – ਵੱਖ ਮੁੱਦਿਆਂ ਤੇ ਉਠਾਏ ਗਏ ਸਵਾਲਾਂ ਅਤੇ ਸਰਕਾਰ ਨੂੰ ਉਹਨਾਂ ਤੇ ਕੰਮ ਕਰਨ ਲਈ ਮਜਬੂਰ ਕੀਤੇ ਜਾਣ ਦੀਆਂ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਸਨ। ਲੋਕਾਂ ਦੇ ਅਸਲ ਮੁੱਦਿਆਂ ਨੂੰ ਸਦਨ ਵਿਚ ਉਭਾਰਨ ਲਈ ਲੋਕ ਸੰਸਥਾਵਾਂ ਤੇ ਕਾਮੇ ਸੰਗਠਨਾਂ ਵਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਦਾ ਖਬਰਾਂ ਸਨ। ਪਰ ਜਦੋਂ ਉਹਨਾਂ ਦੀ ਕਾਰਗੁਜਾਰੀ ਨੂੰ ਪਾਰਟੀ ਨੀਤੀਆਂ ਤੋਂ ਉਲਟ ਦੱਸਿਆ ਗਿਆ ਤਾਂ ਚਰਚਾ ਹੋਈ ਕਿ ਪਾਰਟੀ ਸੁਪਰੀਮੋ ਕੇਜਰੀਵਾਲ ਨੂੰ ਸਿਆਸਤ ਵਿਚ ਆਪਣੇ ਤੋਂ ਉਪਰ ਉਭਰ ਰਿਹਾ ਕੋਈ ਹੋਰ ਚਿਹਰਾ ਸਵੀਕਾਰ ਨਹੀਂ। ਪਾਰਟੀ ਦੇ ਮੁਢਲੇ ਮੈਂਬਰਾਂ ਵਿਚ ਸ਼ੁਮਾਰ ਰੱਖਣ ਵਾਲੇ ਕੁਮਾਰ ਵਿਸ਼ਵਾਸ ਦੀ ਉਹ ਟਿਪਣੀ ਵੀ ਵਾਇਰਲ ਹੋਈ ਕਿ ਹੁਣ ਰਾਘਵ ਚੱਢਾ ਦੀ ਵਾਰੀ ਆਈ ਸਮਝੋ। ਸਮਝਿਆ ਜਾ ਰਿਹਾ ਸੀ ਕਿ ਰਾਘਵ ਚੱਢਾ ਭਾਜਪਾ ਹਾਈਕਮਾਨ ਦੇ ਸੰਪਰਕ ਵਿਚ ਹਨ ਤੇ ਉਹ ਪਾਰਟੀ ਸੁਪਰੀਮੋ ਵਲੋਂ ਉਸ ਖਿਲਾਫ ਕੀਤੀ ਗਈ ਕਾਰਵਾਈ ਨੂੰ ਸਹਿਜ ਨਹੀ ਲੈਣਗੇ। ਪਰ ਉਹ ਪਾਰਟੀ ਨੂੰ ਇਸ ਤਰਾਂ ਦਾ ਝਟਕਾ ਦੇਣਗੇ, ਸ਼ਾਇਦ ਕਿਸੇ ਨੇ ਸੋਚਿਆ ਨਹੀ ਸੀ। ਉਹ ਆਪਣੇ ਨਾਲ ਪਾਰਟੀ ਦੇ 6 ਹੋਰ ਮੈਂਬਰਾਂ ਜਿਹਨਾਂ ਵਿਚ ਉਹਨਾਂ ਦੀ ਥਾਂ ਬਣਾਏ ਗਏ ਪਾਰਟੀ ਆਗੂ ਅਸ਼ੋਕ ਮਿੱਤਲ ਨੂੰ ਵੀ ਆਪਣੇ ਨਾਲ ਲਿਜਾਣ ਵਿਚ ਸਫਲ ਤਾਂ ਹੋਏ ਪਰ ਪਾਰਟੀ ਦੇ ਮੋਢੀ ਮੈਂਬਰ ਅਤੇ ਨੀਤੀ ਘਾੜੇ ਸੰਦੀਪ ਪਾਠਕ ਨੂੰ ਆਪਣੇ ਨਾਲ ਜੋੜ ਲੈਣਗੇ, ਇਹ ਦਲਬਦਲੀ ਦੇ ਧਮਾਕੇ ਤੋਂ ਵੀ ਅਗੇਰੇ ਹੈ। ਸੰਦੀਪ ਪਾਠਕ ਉਹ ਸ਼ਖ਼ਸ ਹਨ ਜੋ ‘ਆਪ’ ਦੀ ਪੂਰੀ ਜਥੇਬੰਦਕ ਰਣਨੀਤੀ ਦੇ ਜਾਣੂ ਹੀ ਨਹੀ ਬਲਕਿ ਇਸਦੇ ਘਾੜਿਆਂ ਚੋ ਇਕ ਹਨ। ਉਹ ਪਾਰਟੀ ਦੀਆਂ ਉਨ੍ਹਾਂ ਨੀਂਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਿਨ੍ਹਾਂ ’ਤੇ ‘ਆਪ’ ਖੜ੍ਹੀ ਹੈ। ਸੰਦੀਪ ਪਾਠਕ ਦਾ ਕੇਜਰੀਵਾਲ ਜਾਂ ਆਪ ਨੂੰ ਅਲਵਿਦਾ ਕਹਿਣਾ ਆਪ ਦੀਆਂ ਜੜਾਂ ਨੂੰ ਹਿਲਾਉਣ ਵਾਂਗ ਹੈ।
ਆਪ ਸੁਪਰੀਮੋ ਕੇਜਰੀਵਾਲ, ਸੰਜੇ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਵੇਂ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਪਾਰਟੀ ਦੇ ਗੱਦਾਰ ਕਹਿਣ ਜਾਂ ਇਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਾ ਪੈਣ ਦੇ ਦਾਅਵੇ ਕਰਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਹਿਜ 10 ਮਹੀਨੇ ਰਹਿਣ ਜਾਣ ਕਾਰਣ, ਆਗਾਮੀ ਚੋਣਾਂ ਦੀ ਤਿਆਰੀ ਵਿਚ ਲੱਗੀ ਪਾਰਟੀ ਲਈ ਇਹ ਵੱਡਾ ਘਾਟਾ ਅਤੇ ਝਟਕਾ ਹੈ। ਇਹ ਲੋਕਾਂ ਵਿਚ ਪਾਰਟੀ ਦੀ ਵਿਸ਼ਵਾਸਯੋਗਤਾ ਨੂੰ ਖੋਰਾ ਲਗਾਉਣ ਵਾਲਾ ਹੈ।
ਮੰਤਰੀ ਭਗਵੰਤ ਮਾਨ ਇਹਨਾਂ ਰਾਜ ਸਭਾ ਮੈਂਬਰਾਂ ਨੂੰ ਦਲਬਦਲੀ ਕਨੂੰਨ ਤਹਿਤ ਕਾਰਵਾਈ ਲਈ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਮੰਗ ਰਹੇ ਹਨ। ਉਹਨਾਂ ਦਾ ਬਿਆਨ ਹੈ ਕਿ ਰਾਸ਼ਟਰਪਤੀ ਨੂੰ ਮਿਲਕੇ ਇਹਨਾਂ ਖਿਲਾਫ ਕਾਰਵਾਈ ਲਈ ਕਹਿਣ ਸਮੇਂ, ਰਾਜ ਸਭਾ ਮੈਂਬਰਾਂ ਨੂੰ ਚੁਣਨ ਵਾਲੇ ਵਿਧਾਇਕ ਵੀ ਉਹਨਾਂ ਦੇ ਨਾਲ ਜਾਣਗੇ। ਪਰ ਪੰਜਾਬ ਦੇ ਲੋਕਾਂ ਨੂੰ ਯਾਦ ਹੈ ਕਿ ਇਹਨਾਂ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਨਾ ਤਾਂ ਕਿਸੇ ਵਿਧਾਇਕ ਅਤੇ ਨਾ ਹੀ ਪਾਰਟੀ ਕਾਡਰ ਨਾਲ ਕੋਈ ਵਿਚਾਰ ਕੀਤਾ ਗਿਆ ਸੀ। ਇਹਨਾਂ ਰਾਜ ਸਭਾ ਮੈਂਬਰਾਂ ਦੀ ਨਾਮਜ਼ਦਗੀ ਕੇਵਲ ਪਾਰਟੀ ਸੁਪਰੀਮੋ ਦੀ ਇੱਛਾ ਤੇ ਹੀ ਨਿਰਭਰ ਸੀ। ਚਰਚਾ ਤਾਂ ਇਹ ਰਹੀ ਸੀ ਕਿ ਧਨਾਢ ਵਿਅਕਤੀਆਂ ਨੂੰ ਰਾਜ ਸਭਾ ਮੈਂਬਰੀਆਂ ਵੇਚ ਦਿੱਤੀਆਂ ਗਈਆਂ । ਹੁਣ ਪਾਰਟੀ ਚਾਹੁੰਦੀ ਹੈ ਕਿ ਭਾਜਪਾ ਵਿਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਖਿਲਾਫ ਦਲਬਦਲੀ ਕਨੂੰਨ ਤਹਿਤ ਕਾਰਵਾਈ ਹੋਵੇ ਪਰ ਬਕੌਲ ਰਾਘਵ ਚੱਢਾ ਉਹਨਾਂ ਨੇ ਦੋ ਤਿਹਾਈ ਮੈਂਬਰ ਆਪਣੇ ਨਾਲ ਲਿਜਾਕੇ ਸੰਵਿਧਾਨਕ ਕਾਰਵਾਈ ਪੂਰੀ ਕਰ ਲਈ ਹੈ। ਜਿਕਰਯੋਗ ਹੈ ਕਿ ਰਾਜ ਸਭਾ ਵਿਚ ਆਮ ਆਦਮੀ ਪਾਰਟੀ ਦੇ 10 ਮੈਂਬਰ ਸਨ ਜਿਹਨਾਂ ਚੋਂ ਹੁਣ 7 ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਰਾਜਿੰਦਰ ਗੁਪਤਾ, ਵਿਕਰਮ ਸਿੰਘ ਸਾਹਨੀ, ਹਰਭਜਨ ਸਿੰਘ ਤੇ ਸਵਾਤੀ ਮਾਲੀਵਾਲ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੈਂਬਰਾਂ ‘ਤੇ ਕਾਰਵਾਈ ਕਰਨਾ ਮੁਸ਼ਕਿਲ ਹੈ ਕਿਉਂਕਿ ਕੁੱਲ 10 ਵਿੱਚੋਂ 7 ਮੈਂਬਰ (ਦੋ-ਤਿਹਾਈ ਤੋਂ ਵੱਧ) ਇਕੱਠੇ ਭਾਜਪਾ ਵਿੱਚ ਗਏ ਹਨ, ਇਸ ਲਈ ਦਲ-ਬਦਲੀ ਵਿਰੋਧੀ ਕਾਨੂੰਨ ਇਨ੍ਹਾਂ ‘ਤੇ ਲਾਗੂ ਨਹੀਂ ਹੁੰਦਾ। ਭਾਵੇਂ ਮੁੱਖ ਮੰਤਰੀ ਰਾਸ਼ਟਰਪਤੀ ਨੂੰ ਮਿਲਕੇ ਇਹਨਾਂ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਕਰਨਗੇ ਪਰ ਸਮਝਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਕਿਸ ਧਿਰ ਨਾਲ ਹਨ। ਸੰਵਿਧਾਨਕ ਅਹੁਦਿਆਂ ਉਪਰ ਬੈਠੇ ਲੋਕ ਵੀ ਸੱਤਾ ਦੀ ਹਾਮੀ ਹੀ ਭਰਦੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਹੁਣ ਤੱਕ ਦਲਬਦਲੀ ਕਰਨ ਵਾਲੇ ਕਿੰਨੇ ਕੁ ਵਿਧਾਇਕਾਂ ਜਾਂ ਆਗੂਆਂ ਖਿਲਾਫ ਅਜਿਹੀ ਕਾਰਵਾਈ ਕੀਤੀ ਗਈ ਹੈ-ਇਹ ਵੇਖਣਾ ਵੀ ਬਣਦਾ ਹੈ।
ਰਾਜ ਸਭਾ ਮੈਂਬਰਾਂ ਦੀ ਇਸ ਦਲਬਦਲੀ ਦਾ ਆਪ ਦੀ ਸਿਆਸਤ ਉਪਰ ਵੱਡਾ ਪ੍ਰਭਾਵ ਤਾਂ ਪਵੇਗਾ ਹੀ ਪਰ ਇਸਦੇ ਨਾਲ ਪਾਰਟੀ ਦੀ ਇਹ ਚਿੰਤਾ ਵੀ ਵਡੇਰੀ ਹੋ ਸਕਦੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਹੋਰ ਵੱਡਾ ਤਾਂ ਨਹੀ ਵਾਪਰੇਗਾ। ਜਿਵੇਂ ਕਿ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਲਗਪਗ 63 ਦੇ ਕਰੀਬ ਵਿਧਾਇਕ ਉਸਦੇ ਸੰਪਰਕ ਵਿਚ ਹਨ। ਉਹਨਾਂ ਦਾ ਇਸ ਦਾਅਵੇ ਨੂੰ ਹਵਾ ਵਿਚ ਛੱਡਿਆ ਤੀਰ ਸਮਝਣਾ ਪਾਰਟੀ ਲਈ ਵੱਡੀ ਕੁਤਾਹੀ ਵੀ ਸਾਬਿਤ ਹੋ ਸਕਦਾ ਹੈ। ਰਾਘਵ ਚੱਢਾ ਵਲੋਂ ਰਾਜ ਸਭਾ ਵਿਚ ਆਪਣੇ ਨਾਲ ਛੇ ਹੋਰ ਸਾਥੀਆਂ ਨੂੰ ਵਿਸ਼ੇਸ਼ ਕਰਕੇ ਆਪਣੀ ਥਾਂ ਬਣਾਏ ਗਏ ਆਗੂ ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੂੰ ਜੋੜ ਲੈਣਾ ਅਤੇ ਬਾਕੀ ਸਾਥੀਆਂ ਨੂੰ ਭਾਜਪਾ ਦੇ ਤਰਾਜੂ ਵਿਚ ਤੋਲ ਦੇਣਾ, ਉਸ ਵਲੋਂ ਖੇਡੀ ਗਈ ਸਿਆਸਤ ”ਚੇਲੇ ਜਾਣ ਛੜੱਪ” ਵਾਲੀ ਕਹਾਵਤ ਨੂੰ ਸੱਚ ਕਰਨ ਵਾਂਗ ਹੈ। ਹੁਣ ‘ਗੁਰੂ’ ਕੇਜਰੀਵਾਲ ਜਿੰਨੇ ਮਰਜੀ ਛੜੱਪੇ ਮਾਰੀ ਜਾਣ ਕਿ ਇਹ ਭਾਜਪਾ ਵਲੋਂ ਪਾਰਟੀ ਨੂੰ ਖਤਮ ਕਰਨ ਦੀ ਕੋਝੀ ਸਾਜਿਸ਼ ਹੈ ਜਾਂ ਕੁਝ ਹੋਰ ਪਰ ਸਚਾਈ ਇਹ ਹੈ ਕਿ ਕੇਜਰੀਵਾਲ ਦੀ ਇਕ ਆਗੂ ਵਜੋਂ ਭਰੋਸੇਯੋਗਤਾ ਉਪਰ ਇਹ ਇਕ ਵੱਡਾ ਸਵਾਲ ਹੈ। ਕੇਜਰੀਵਾਲ ਦੀ ਭਰੋਸੇਯੋਗਤਾ ਉਪਰ ਉਠੇ ਇਸ ਸਵਾਲ ਦਾ ਖਮਿਆਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੁਗਤਣਾ ਪੈ ਸਕਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੀ ਤਿਆਰੀ ਕਰ ਰਹੀ ਪਾਰਟੀ ਅਤੇ ਆਗੂਆਂ ਨੂੰ ਭਾਜਪਾ ਵਲੋਂ ਸਾਜਿਸ਼ ਰਚਣ ਜਾਂ ਦਬਾਅ ਦੀ ਰਾਜਨੀਤੀ ਕਰਨ ਦੇ ਇਲਜ਼ਾਮਾਂ ਤੋਂ ਪਹਿਲਾਂ ਆਪਾ ਚੀਨਣ ਦੀ ਵਧੇਰੇ ਲੋੜ ਹੈ।
