ਐਬਸਫੋਰਡ ( ਦੇ ਪ੍ਰ ਬਿ )- ਬੀਤੇ ਦਿਨੀਂ ਸਾਡਾ ਵਿਰਸਾ ਸਾਡਾ ਗੌਰਵ ਭੰਗੜਾ ਕਲੱਬ ਵੱਲੋਂ ਸੀਡਰ ਪਾਰਕ ਐਬਸਫੋਰਡ ਵਿਖੇ ਵਿਸਾਖੀ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਹ ਮੇਲਾ ਸਾਡਾ ਵਿਰਸਾ ਸਾਡਾ ਗੌਰਵ ਦੀ 25ਵੀਂ ਵਰੇਗੰਢ ਨੂੰ ਸਮਰਪਿਤ ਰਿਹਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਭਾਗ ਲਿਆ ਜਿਸ ਵਿੱਚ ਗੁਰਦੇਵ ਕੌਰ ,ਸੋਨੀ ਧੁੱਗਾ ,ਰੂਪ ਬਾਪਲਾ ,ਏਕ ਨੂਰ ਸਿੰਘ ਸਿੱਧੂ ਨੇ ਆਪਣੀ ਹਾਜ਼ਰੀ ਲਗਵਾਈ ਤੇ ਸ਼ਾਨਦਾਰ ਫੰਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਸਰੋਤਿਆਂ ਦਾ ਵਾਹ ਵਾਹ ਖੱਟੀ। ਮੰਚ ਸੰਚਾਲਕ ਦੀ ਜਿੰਮੇਵਾਰੀ ਜੋਧਬੀਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਪੰਨੂ ਅਤੇ ਕਲੱਬ ਦੇ ਹੋਰ ਅਹੁਦੇਦਾਰਾਂ ਵਲੋਂ ਗਾਇਕ ਕਲਾਕਾਰਾਂ, ਮੁੱਖ ਸ਼ਖਸੀਅਤਾਂ ਅਤੇ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਪੰਨੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ । ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ ਅਤੇ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਗੇ। ਸਾਂਝਾ ਟੀਵੀ ਅਦਾਰੇ ਤੋਂ ਉਚੇਚੇ ਤੌਰ ਤੇ ਪੁੱਜੇ ਉਘੇ ਹੋਸਟ ਸ ਕੁਲਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਸਾਡਾ ਵਿਰਸਾ ਸਾਡਾ ਗੌਰਵ ਭੰਗੜਾ ਕਲੱਬ ਦੇ ਉਦਮ ਦੀ ਸ਼ਲਾਘਾ ਕਰਦਿਆਂ ਮੁੱਖ ਪ੍ਰਬੰਧਕ ਜਸਬੀਰ ਸਿੰਘ ਪੰਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਨੇ ਪ੍ਰੋਗਰਾਮ ਵਿਚ ਸ਼ਾਮਿਲ ਬੱਚਿਆਂ ਨੂੰ ਆਪਣੇ ਵਿਰਸੇ ਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਤ ਕਰਦਿਆਂ ਸਿੱਖ ਵਿਰਾਸਤੀ ਮਹੀਨੇ ਦੌਰਾਨ ਵੱਧ ਤੋਂ ਵੱਧ ਸੰਸਥਾਵਾਂ ਨੂੰ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਅਤੇ ਪੰਜਾਬੀ ਭਾਈਚਾਰੇ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ। 











