Oct 3, 2026

ਪੰਜਾਬੀ ਨੌਜਵਾਨ ਜਤਿੰਦਰ ਸਹੇੜੀ ਵਲੋਂ ਵਿਖਾਈ ਗਈ ਦਲੇਰੀ ਤੇ ਮਾਨਵੀ ਵਿਵਹਾਰ ਦੀ ਸ਼ਲਾਘਾ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਸ਼ਹਿਰ ਦੇ ਉੱਤਰੀ-ਪੂਰਬੀ ਹਿੱਸੇ ਵਿੱਚ 68 ਸਟਰੀਟ ਅਤੇ ਮੈਕਨਾਈਟ ਨਾਰਥ ਈਸਟ ਇੰਟਰਸੈਕਸ਼ਨ ‘ਤੇ ਦਿਨ ਦਿਹਾੜੇ ਵਾਪਰੀ ਛੁਰੇਬਾਜ਼ੀ ਦੀ ਸਨਸ਼ਨੀਖੇਜ਼ ਘਟਨਾ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਦੌਰਾਨ ਇੱਕ ਲਗਭਗ 35 ਸਾਲਾ ਗੋਰੇ ਮੂਲ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਦੇ ਨਾਲ ਉਸਦੀ ਸਾਥਣ ਵੀ ਮੌਜੂਦ ਸੀ। ਮੌਕੇ ‘ਤੇ ਮੌਜੂਦ ਕੈਲਗਰੀ ਦੇ ਪੰਜਾਬੀ ਭਾਈਚਾਰੇ ਦੀ ਉਘੀ ਸ਼ਖ਼ਸੀਅਤ ਜਤਿੰਦਰ ਸਹੇੜੀ ਵੱਲੋਂ ਦਿਖਾਏ ਗਏ ਦਇਆ ਭਰੇ ਮਾਨਵੀ ਵਿਵਹਾਰ ਨੇ ਸਭ ਦਾ ਧਿਆਨ ਖਿੱਚਿਆ। ਸਹੇੜੀ ਦੇ ਮੁਤਾਬਕ ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਪਹੁੰਚਣ ਤੱਕ ਜ਼ਖ਼ਮੀ ਵਿਅਕਤੀ ਨੂੰ ਮੁਢਲੀ ਸਹਾਇਤਾ ਦਿੱਤੀ। ਉਨ੍ਹਾਂ ਵੱਲੋਂ ਜ਼ਖ਼ਮੀ ਦੇ ਪੱਟੀ ਬੰਨ੍ਹੀ ਗਈ ਅਤੇ ਪਾਣੀ ਪਿਲਾ ਕੇ ਦਿਲਾਸਾ ਦਿੰਦਿਆਂ ਉਸਨੂੰ ਸੰਭਾਲਿਆ ਗਿਆ।
ਥੋੜ੍ਹੀ ਦੇਰ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਕਾਰਣਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਇਹ ਘਟਨਾ ਜਿੱਥੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰਦੀ ਹੈ, ਉੱਥੇ ਹੀ ਜਤਿੰਦਰ ਸਹੇੜੀ ਵੱਲੋਂ ਦਿਖਾਈ ਗਈ ਹਿੰਮਤ ਅਤੇ ਇਨਸਾਨੀਅਤ, ਸ਼ਹਿਰ ਵਾਸੀਆਂ ਲਈ ਇੱਕ ਪ੍ਰੇਰਣਾ ਬਣੀ ਹੈ।

error: Content is protected !!