May 1, 2026
ਲਿਫਟਿੰਗ ਸੰਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਤੋਂ ਆੜ੍ਹਤੀ ਪ੍ਰੇਸ਼ਾਨ-
ਨਈਅਰ
ਚੋਹਲਾ ਸਾਹਿਬ,29 ਅਪ੍ਰੈਲ
ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਣਕ ਦੀ ਖ੍ਰੀਦ ਅਤੇ ਲਿਫਟਿੰਗ ਤੇਜੀ ਨਾਲ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ,ਜੋ ਕਿ ਖੋਖਲੇ ਸਾਬਿਤ ਹੋ ਰਹੇ ਹਨ,ਜਿਸ ਦੀ  ਮਿਸਾਲ ਕਸਬਾ ਚੋਹਲਾ ਸਾਹਿਬ ਦੀ ਦਾਣਾ ਮੰਡੀ ਤੋਂ ਮਿਲਦੀ ਹੈ,ਜਿਥੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।ਜਿਸ ਕਾਰਨ ਆੜ੍ਹਤੀ ਵਰਗ ਪ੍ਰੇਸ਼ਾਨੀ ਦੇ ਆਲਮ ਵਿੱਚ ਜੂਝਦਾ ਨਜ਼ਰ ਆ ਰਿਹਾ ਹੈ।ਇਸ ਤੋਂ ਇਲਾਵਾ ਮੰਡੀ ਵਿਚ ਜੋ ਬਾਰਦਾਨਾ ਪਨਗ੍ਰੇਨ ਮਹਿਕਮੇ ਵਲੋਂ ਮੁਹੱਇਆ ਕਰਵਾਇਆ ਜਾ ਰਿਹਾ ਹੈ,ਉਹ ਚਿੱਟਾ ਬਾਰਦਾਨਾ (ਪਲਾਸਟਿਕ) ਦਾ ਹੈ ਜਦਕਿ ਪਹਿਲਾਂ ਜੂਟ ਦਾ ਦਿੱਤਾ ਜਾਂਦਾ ਸੀ। ਇਸ ਸੰਬੰਧੀ ਥਾਣਾ ਮੰਡੀ ਚੋਹਲਾ ਸਾਹਿਬ ਦੇ ਆੜ੍ਹਤੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਚੋਹਲਾ ਸਾਹਿਬ ਮੰਡੀ ਵਿਚ ਕਣਕ ਦੀ ਲਿਫਟਿੰਗ ਨਾ ਦੇ ਬਰਾਬਰ ਹੈ,ਜਿਸ ਕਾਰਨ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ 2 ਜਾਂ 3 ਸਪੈਸ਼ਲਾਂ ਲਗਾ ਕੇ ਥੋੜੀ ਬਹੁਤੀ ਲਿਫਟਿੰਗ ਕੀਤੀ ਗਈ ਹੈ ਅਤੇ ਜੇਕਰ ਸਪੈਸ਼ਲਾਂ ਲਗਾ ਕੇ ਲਿਫਟਿੰਗ ਹੁੰਦੀ ਹੈ ਤਾਂ ਇਸ ਵਿਚ 2 ਤੋਂ 3 ਮਹੀਨੇ ਲੱਗ ਜਾਣਗੇ।ਉਨ੍ਹਾਂ ਕਿਹਾ ਕਿ ਮੌਸਮ ਵੀ ਖ਼ਰਾਬ ਚੱਲ ਰਿਹਾ ਹੈ ਅਤੇ ਅਗਰ ਮੀਂਹ ਪੈ ਜਾਂਦਾ ਹੈ ਤਾਂ ਸਾਰੀ ਫਸਲ ਪਾਣੀ ਵਿਚ ਭਿੱਜ ਜਾਵੇਗੀ ਅਤੇ ਖ਼ਰਾਬ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਬਾਰਦਾਨਾ ਚਿੱਟਾ ਮੁਹੱਈਆ ਕਰਵਾਇਆ ਗਿਆ ਹੈ,ਜਿਸ ਨੂੰ ਸਿਉਂਕਿ ਲੱਗ ਰਹੀ ਹੈ।ਜਿਸ ਕਾਰਨ ਫਸਲ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ ਅਤੇ ਕਣਕ ਖ਼ਰਾਬ ਹੋ ਜਾਂਦੀ ਹੈ,ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਨਾ ਕਿ ਆੜ੍ਹਤੀਆਂ ਦੀ।ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਚੋਹਲਾ ਸਾਹਿਬ ਦਾਣਾ ਮੰਡੀ ਵਿਚ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਖੁੱਲੇ ਅਸਮਾਨ ਹੇਠਾਂ ਪਈ ਕਣਕ ਦੀ ਫਸਲ ਨੂੰ ਖ਼ਰਾਬ ਹੋਣੋ ਬਚਾਇਆ ਜਾ ਸਕੇ।ਇਸ ਮੌਕੇ ਦਾਣਾ ਮੰਡੀ ਚੋਹਲਾ ਸਾਹਿਬ ਦੇ ਪ੍ਰਧਾਨ ਅਮਿਤ ਕੁਮਾਰ ਨਈਅਰ,ਸੁਰਜੀਤ ਸਿੰਘ ਆੜ੍ਹਤੀ,ਇੰਦਰਜੀਤ ਸਿੰਘ ਆੜ੍ਹਤੀ ਸਾਬਕਾ ਸਰਪੰਚ ਕਰਮੂੰਵਾਲਾ, ਆੜ੍ਹਤੀ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀ,ਆਤਮਜੀਤ ਸਿੰਘ ਆੜ੍ਹਤੀ,ਆੜ੍ਹਤੀ ਲਵਜੀਤ ਸਿੰਘ ਰੂੜੀਵਾਲਾ,ਸੋਨੂ,ਮਾਸਟਰ ਗੁਰਨਾਮ ਸਿੰਘ ਧੁੰਨ,ਅਰਸ਼ ਅਰਨੇਜਾ,ਆੜ੍ਹਤੀ ਜੋਬਨਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *