ਵੈਨਕੂਵਰ, (ਮਲਕੀਤ ਸਿੰਘ)- ਉੱਤਰੀ ਅਮਰੀਕਾ ਦੀ ਸਭ ਤੋਂ ਪੁਰਾਣੀ ਸਿੱਖ ਸੰਸਥਾਂ ਖਾਲਸਾ ਦੀਵਾਨ ਸੁਸਾਇਟੀ ਵਲੋਂ ਬੀਤੇ ਦਿਨੀ ਵੈਂਨਕੂਵਰ ਸਥਿਤ ਗੁਰਦੁਆਰਾ ਰੋਸ ਸਟਰੀਟ ਵਿੱਖੇ ਸਿੱਖ ਹੈਰੀਟੇਜ ਮਹੀਨੇ ਨੂੰ ਸਮਰਪਿਤ ਆਯੋਜਿਤ ਕੀਤੇ ਇਕ ਸਮਾਗਮ ਦੌਰਾਨ, ਰੋਜਰਸ ਸਪੋਰਟਸ ਅਤੇ ‘ਓਮਨੀ ਨਿਊਜ਼’ ਦੇ ਨੌਜਵਾਨ ਪੱਤਰਕਾਰ ਪਰਮਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਪੱਤਰਕਾਰੀ ਦੇ ਖੇਤਰ ‘ਚ ਪਾਏ ਯੋਗਦਾਨ ਖਾਸ ਕਰ ਸਿੱਖ ਹੈਰੀਟੇਜ ਮਹੀਨੇ ਮੌਕੇ ਕੈਨੇਡਾ ‘ਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਅਤੇ ਕੈਨੇਡਾ ਵਿਚਲੇ ਧਾਰਮਿਕ ਮਸਲਿਆਂ ਤੇ ਚੁੱਕੀ ਆਵਾਜ਼ ਅਤੇ ਉਸ ਦੀ ਤਹਿ ਤੱਕ ਜਾ ਕਿ ਸੱਚਾਈ ਲੋਕਾਂ ਤੱਕ ਪਹੁਚਾਉਣ ਬਦਲੇ ਵਿਸ਼ੇਸ਼ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਵਿਚ ਸਿਟੀ ਆਫ ਵੈਨਕੂਵਰ ਦੇ ਅਧਿਕਾਰੀਆਂ ਤੋਂ ਇਲਾਵਾ ਕੁਝ ਪ੍ਰਮੁੱਖ ਸਿਆਸਤਦਾਨਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆ ਪੰਜਾਬੀ ਸਾਂਸਦ ਸੁੱਖ ਧਾਲੀਵਾਲ ਨੇ ਕਿਹਾ ਕਿ ਕਮਿਊਨਿਟੀ ਦੇ ਮਸਲਿਆਂ ਨੂੰ ਉਭਾਰਨ ਲਈ ਨਿਭਾਈ ਜਾਂਦੇ ਸ਼ਲਾਘਾਯੋਗ ਰੋਲ ਸਦਕਾ ‘ਓਮਨੀ ਨਿਊਜ਼’ ਦੀ ਸਮੁੱਚੀ ਟੀਮ ਮੁਬਾਰਕਬਾਦ ਦੀ ਹੱਕਦਾਰ ਹੈ।
ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀ ਆਪਣੇ ਬੱਚਿਆਂ ਨੂੰ ਆਪਣੀਆਂ ਜੜਾਂ ਤੋਂ ਦੂਰ ਹੁੰਦਾ ਵੀ ਵੇਖ ਰਹੇਂ ਹਾਂ ਅਤੇ ਆਪਣੇ ਗੌਰਵਮਈ ਇਤਿਹਾਸ ਪੁਰਾਤਨ ਵਿਰਸਾ ਸਾਂਭ ਕੇ ਰੱਖਣ ਚ ‘ਓਮਨੀ ਨਿਊਜ਼’ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।
ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਰਿਕਾਰਡਿੰਗ ਸੈਕਟਰੀ ਜੋਗਿੰਦਰ ਸਿੰਘ ਸੁੰਨੜ ਅਤੇ ਕਸ਼ਮੀਰ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਹਸਤੀਆਂ ਮੌਜੂਦ ਸਨ।
ਕੈਪਸ਼ਨ ਪੱਤਰਕਾਰ ਪਰਮਜੀਤ ਸਿੰਘ ਨੂੰ ਸਨਮਾਨ ਕੀਤੇ ਜਾਣ ਦੀ ਇੱਕ ਤਸਵੀਰ
