ਟੋਰਾਂਟੋ (ਉਂਕਾਰਪ੍ਰੀਤ)- ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ 25 ਅਪ੍ਰੈਲ 2026 ਨੂੰ ਹੋਈ ਮੀਟਿੰਗ ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਹੁਰਾਂ ਦੀ ਪੁਸਤਕ ‘The Emotions’ ਨੂੰ ਸਮਰਪਿਤ ਰਹੀ। ਭੰਡਾਲ ਹੁਰਾਂ ਦੇ 31 ਵਾਰਤਕ ਲੇਖਾਂ ਨੂੰ ਇਸ ਪੁਸਤਕ ਵਿੱਚ ਪ੍ਰਿੰਸੀਪਲ ਰਣਜੀਤ ਕੌਰ ਹੁਰਾਂ ਵਲੋਂ ਅੰਗ੍ਰੇਜ਼ੀ ਵਿੱਚ ਉਲਥਾਇਆ ਗਿਆ ਹੈ।
ਵਿਚਾਰ ਚਰਚਾ ਦੀ ਸੁਰੂਆਤ ਉਂਕਾਰਪ੍ਰੀਤ ਦੇ ਕਿਤਾਬ ਬਾਰੇ ਲਿਖੇ ਪੇਪਰ ਨਾਲ ਹੋਈ। ਇਹ ਪਹਿਲੀ ਵੇਰ ਸੀ ਕਿ ਕਾਫ਼ਲੇ ਦੇ ਮੰਚ ਤੋਂ ਕਿਸੇ ਅੰਗ੍ਰੇਜ਼ੀ ਪੁਸਤਕ ਬਾਰੇ ਅੰਗ੍ਰੇਜ਼ੀ ‘ਚ ਲਿਖੇ ਪਰਚੇ ਨਾਲ ਪੁਸਤਕ ਦੀ ਵਿਚਾਰ ਗੋਸ਼ਟੀ ਸ਼ੁਰੂ ਕੀਤੀ ਗਈ। ਅਪਣੇ ਵਿਸਥਾਰ ਪੂਰਵਕ ਪਰਚੇ ਵਿੱਚ ਉਂਕਾਰਪ੍ਰੀਤ ਵਲੋਂ ਜਿੱਥੇ ਇਸ ਪੁਸਤਕ ਦੇ ਲੇਖਾਂ ਵਿਚਲੇ ਪ੍ਰਮੁੱਖ ਵਿਚਾਰਾਂ, ਉਹਨਾਂ ਦੀ ਲਿਖਣ ਸ਼ੈਲੀ ਅਤੇ ਸਮੁੱਚੇ ਪ੍ਰਭਾਵਾਂ ਬਾਰੇ ਅਪਣਾ ਵਿਸ਼ਲੇਸ਼ਣ ਪੇਸ਼ ਕੀਤਾ ਓਥੇ ਇਸ ਵਿਚਲੇ ਦਰਸ਼ਨ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਵੀ ਰੌਸ਼ਨੀ ‘ਚ ਲਿਆਂਦਾ।
ਉਹਨਾਂ ਨੇ ਪੁਸਤਕ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ,’ ਡਾਕਟਰ ਭੰਡਾਲ ਦੀ ਲਿਖਤ ਭਾਸ਼ਾ ਦੀਆਂ ਸੀਮਾਵਾਂ, ਅਨੁਭਵ ਦੀ ਭੂਮਿਕਾ ਅਤੇ ਮਨੁੱਖੀ ਭਾਵਨਾਵਾਂ ਦਾ ਕੁਦਰਤ ਨਾਲ ਸੰਬੰਧ ਵਰਗੇ ਡੂੰਘੇ ਪ੍ਰਸ਼ਨ ਉਠਾਉਂਦੀ ਹੈ। ਹਾਲਾਂਕਿ ਕਿਤਾਬ ਅੰਦਰੂਨੀ ਜੀਵਨ ਵੱਲ ਥੋੜ੍ਹੀ ਆਦਰਸ਼ਵਾਦੀ ਦ੍ਰਿਸ਼ਟੀ ਰੱਖਦੀ ਹੈ, ਪਰ ਇਹ ਪੜ੍ਹਨ ਵਾਲਿਆਂ ਨੂੰ ਇਹ ਵੀ ਸੋਚਣ ਲਈ ਜਗ੍ਹਾ ਦਿੰਦੀ ਹੈ ਕਿ ਬਾਹਰੀ ਦਬਾਅ ਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਨਿੱਜੀ ਮਨਨ ਅਤੇ ਦਰਸ਼ਨਿਕ ਵਿਚਾਰਧਾਰਾ ਦੇ ਮਿਲਾਪ ਨਾਲ, The Emotions ਪੜ੍ਹਨ ਵਾਲਿਆਂ ਨੂੰ ਇਹ ਸਮਝਣ ਲਈ ਸੱਦਾ ਦਿੰਦੀ ਹੈ ਕਿ ਅਸੀਂ ਕੀ ਮਹਿਸੂਸ ਕਰਦੇ ਹਾਂ, ਕਿਉਂ ਕਰਦੇ ਹਾਂ ਅਤੇ ਇਹ ਭਾਵਨਾਵਾਂ ਸਾਡੇ ਮਨੁੱਖ ਹੋਣ ਬਾਰੇ ਕੀ ਦੱਸਦੀਆਂ ਹਨ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਕਿਤਾਬ The Emotions ਮਨੁੱਖੀ ਭਾਵਨਾਵਾਂ ਦੇ ਰੋਜ਼ਾਨਾ ਜੀਵਨ ‘ਤੇ ਪੈਣ ਵਾਲੇ ਅਸਰਾਂ ਨੂੰ ਸਧਾਰਨ ਤੇ ਸੋਚਣਯੋਗ ਢੰਗ ਨਾਲ ਪੇਸ਼ ਕਰਦੀ ਹੈ। ਪਿਆਰ, ਪਹਿਚਾਣ ਅਤੇ ਸਵੈਜਾਗਰੂਕਤਾ ਵਰਗੇ ਵਿਸ਼ਿਆਂ ‘ਤੇ ਛੋਟੇ ਲੇਖ, ਪੜ੍ਹਨ ਵਾਲਿਆਂ ਨੂੰ ਰੁਕ ਕੇ ਸੋਚਣ ਲਈ ਪ੍ਰੇਰਿਤ ਕਰਦੇ ਹਨ ਕਿ ਉਹਨਾਂ ਦੇ ਫ਼ੈਸਲੇ ਅਤੇ ਰਿਸ਼ਤੇ ਕਿਹੜੀਆਂ ਅੰਦਰੂਨੀ ਤਾਕਤਾਂ ਨਾਲ ਬਣਦੇ ਹਨ। ਡਾ. ਭੰਡਾਲ ਦੀ ਪੁਸਤਕ The Emotions ਯਾਦ ਦਿਵਾਉਂਦੀ ਹੈ ਕਿ ਭਾਵਨਾਵਾਂ ਕਮਜ਼ੋਰੀ ਨਹੀਂ — ਤਾਕਤ ਹਨ।‘
ਪੁਸਤਕ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਡਾਕਟਰ ਭੰਡਾਲ ਨੂੰ ਬਹੁਪੱਖੀ ਪ੍ਰਤਿਭਾ ਵਾਲਾ ਲੇਖਕ ਦੱਸਦਿਆਂ ਉਹਨਾਂ ਦੀ ਵਾਰਤਕ ਲਿਖਤ ਦੇ ਕਾਵਿਕ ਗੁਣਾਂ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਡਾਕਟਰ ਭੰਡਾਲ ਅਪਣੀਆਂ ਲਿਖਤਾਂ ‘ਚ ਇੱਕੋ ਸਮੇਂ ਵਿਗਿਆਨਕ ਅਤੇ ਕਾਵਿਕ ਹਨ। ਸਪੱਸ਼ਟਤਾ, ਸਰਲਤਾ, ਰੌਚਕਤਾ ਦੇ ਮੀਰੀ ਗੁਣਾਂ ਦੇ ਨਾਲ ਨਾਲ ਭੰਡਾਲ ਹੁਰਾਂ ਦੀ ਵਾਰਤਕ ਪਾਠਕ ਦੇ ਸੌਖਿਆਂ ਸਮਝ ਆਉਣ ਵਾਲੀ ਹੋਣ ਕਰ ਕੇ ਬੜੀ ਹਰਮਨ ਪਿਆਰੀ ਹੋ ਨਿੱਬੜਦੀ ਹੈ। ਪੁਸਤਕ ਦੀ ਟਰਾਂਸਲੇਸ਼ਨ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਾਵਿ-ਵਾਰਤਕ ਨੂੰ ਉਲਥਾਉਣ ਵਾਲਾ ਜੇ ਕਾਵਿ ਮੱਸ ਨਾ ਰੱਖਦਾ ਹੋਵੇ ਤਾਂ ਉਹ ਉਲਥੇ ਨਾਲ ਪੂਰਾ ਇਨਸਾਫ਼ ਨਹੀਂ ਕਰ ਪਾਉਂਦਾ। ਇਸ ਸੰਦਰਭ ‘ਚ ਉਹਨਾਂ ਨੇ ਪੁਸਤਕ ਚੋਂ ਕੁਝ ਵਾਕਅੰਸ਼ ਸਾਂਝੇ ਕਰਦਿਆਂ ਉਹਨਾਂ ਨੂੰ ਹੋਰ ਸਹੀ ਤੇ ਮਿਆਰੀ ਬਣਾਏ ਜਾ ਸਕਣ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ।
ਪ੍ਰਸਿੱਧ ਪੰਜਾਬੀ ਲੋਕਧਾਰਾ ਵਿਗਿਆਨੀ ਡਾਕਟਰ ਨਾਹਰ ਸਿੰਘ ਹੁਰਾਂ ਨੇ ਪੁਸਤਕ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਡਾਕਟਰ ਭੰਡਾਲ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਾਰਤਕ ਧਾਰਾ ਵਿੱਚ ਅਗਲਾ ਪੰਜਾਬੀ ਵਾਰਤਕ ਸੈਲੀਕਾਰ ਕਿਹਾ। ਉਹਨਾਂ ਕਿਹਾ ਕਿ ਡਾਕਟਰ ਗੁਰਬਖਸ਼ ਭੰਡਾਲ ਦੀ ਵਾਰਤਕ ਪੰਜਾਬੀ ਸਭਿਅਚਾਰਕ ਮਨੁੱਖ ਨੂੰ ਬੇਹਤਰ ਬਣਾਉਣ ਲਈ ਵਿਚਾਰਧਾਰਾ ਦ੍ਰਿਸ਼ਟੀਕੋਣ ਮੁਹੱਈਆ ਕਰਦੀ ਹੈ।
ਪ੍ਰੋਫੈਸਰ ਜਗੀਰ ਕਾਹਲੋਂ ਨੇ ਇਸ ਮੌਕੇ ਬੋਲਦਿਆਂ ਡਾਕਟਰ ਗੁਰਬਖਸ਼ ਭੰਡਾਲ ਦੀ ਲਿਖਤ ਤੇ ਸ਼ਖਸੀਅਤ ਵਿਚਲੇ ਸੁਮੇਲ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਭੰਡਾਲ ਹੁਰਾਂ ਨੇ ਉਹਨਾਂ ਵਿਸਿਆਂ ਤੇ ਵੀ ਦ੍ਰਿੜਤਾ ਨਾਲ ਲਿਖਿਆ ਹੈ ਜੋ ਵਿਸੇ ਅਕਸਰ ਪੰਜਾਬੀ ਲੇਖਕਾਂ ਨੇ ਵਰਜਿਤ ਸਮਝ ਕੇ ਵਿਸਾਰੇ ਹੋਏ ਸਨ। 1970ਵਿਆਂ ਦੇ ਅੰਮਰਜੈਂਸੀ ਦੌਰ ‘ਚ ਡਾਕਟਰ ਗੁਰਬਖਸ਼ ਭੰਡਾਲ ਵਲੋਂ ਲਿਖੀਆਂ ਗਈਆਂ ਨਜ਼ਮਾਂ ਦਾ ਜਿਕਰ ਕਰਦਿਆਂ ਕਾਹਲੋਂ ਹੁਰਾਂ ਨੇ ਭੰਡਾਲ ਜੀ ਦੀ ਲਿਖਤ ਵਿਚਲੇ ਨਾਬਰੀ ਵਾਲੇ ਮੱਸ ਨੂੰ ਵੀ ਰੌਸ਼ਨ ਕੀਤਾ।
ਉਘੇ ਖੇਡ ਵਾਰਤਾਕਾਰ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਡਾਕਟਰ ਗੁਰਬਖਸ਼ ਭੰਡਾਲ ਹੁਰਾਂ ਨੂੰ ਬਹੁਤ ਵਧੀਆ ਕਵੀ, ਵਾਰਤਾਕਾਰ, ਵਿਗਿਆਨੀ ਅਤੇ ਮੰਡ ਇਲਾਕੇ ਦਾ ‘ਮੋਤੀ ਕਿਸਾਨ’ ਆਖਿਆ। ਉਹਨਾਂ ਕਿਹਾ ਕੇ ਡਾਕਟਰ ਗੁਰਬਖਸ਼ ਭੰਡਾਲ ਇੱਕੋ ਸਮੇਂ ਵਧੀਆ ਮਨੁੱਖ,ਕਵੀ ਤੇ ਵਾਰਤਾਕਾਰ ਹਨ।
ਇਸ ਮੌਕੇ ਡਾਕਟਰ ਗੁਰਬਖਸ਼ ਭੰਡਾਲ ਦੀ ਪੁਸਤਕ ਅਤੇ ਸ਼ਖਸੀਅਤ ਬਾਰੇ ਅਪਣੇ ਵਿਚਾਰ ਰੱਖਣ ਬਾਰੇ ਕੁਝ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਭੁਪਿੰਦਰ ਦੁਲੇ, ਅੰਮ੍ਰਿਤ ਢਿੱਲੋਂ, ਕਰਨਲ ਅਜਾਇਬ ਸੰਘਾ, ਕੇਵਲ ਸਿੰਘ, ਦੀਪ ਪੱਡਾ, ਰਸ਼ਪਾਲ ਗਿੱਲ ਅਤੇ ਇੰਦਰਜੀਤ ਬੱਲ ਦੇ ਨਾਮ ਖਾਸ ਵਰਨਣਯੋਗ ਹਨ। ਮੀਟਿੰਗ ਦੀ ਸੰਚਾਲਨਾ ਕਰ ਰਹੇ ਸ੍ਰੀ ਕੁਲਵਿੰਦਰ ਖਹਿਰਾ ਜੀ ਨੇ ਸਾਰੇ ਬੁਲਾਰਿਆਂ ਦੇ ਸੰਬੋਧਨਾਂ ਦੌਰਾਨ ਡਾਕਟਰ ਗੁਰਬਖਸ਼ ਭੰਡਾਲ ਹੁਰਾਂ ਦੀ ਲਿਖਣ ਕਲਾ ਬਾਰੇ ਬੜੀਆਂ ਮੁੱਲਵਾਨ ਟਿੱਪਣੀਆਂ ਕਰ ਕੇ ਸਮੁੱਚੇ ਸਮਾਗਮ ਨੂੰ ਪੁਸਤਕ ਸਬੰਧੀ ਵਿਚਾਰ-ਦਰਸ਼ਨ ਅਤੇ ਭਾਸਾਈ ਕਰਾਫਟ ਦੀ ਲੜੀ ‘ਚ ਪਰੋਈ ਰੱਖਿਆ।
ਕਿਤਾਬ The Emotions ਵਿਚਾਰ ਚਰਚਾ ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਹੁਰਾਂ ਦੇ ਸੰਬੋਧਨ ਨਾਲ ਅਪਣੇ ਸਿਖ਼ਰ ਤੇ ਪੁੱਜਾ। ਉਹਨਾਂ ਨੇ ਕਾਫ਼ਲੇ ਦੇ ਇਸ ਮਿਆਰੀ ਸਾਹਿਤਕ ਸਮਾਗਮ ਅਤੇ ਇਸ ‘ਚ ਸਾਮਲ ਹੋਏ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਵਿਚਾਰ ਚਰਚਾ ਦੌਰਾਨ ਉਠਾਏ ਗਏ ਵੱਖੋ ਵੱਖ ਨੁਕਤਿਆਂ ਬਾਰੇ ਅਪਣੇ ਸਟੀਕ ਖਿਆਲ ਸਾਂਝੇ ਕੀਤੇ। ਉਹਨਾਂ ਅਪਣੇ ਕਾਵਿਕ ਅੰਦਾਜ਼ ‘ਚ ਵਾਰਤਕ ਬਾਰੇ ਬੋਲਦਿਆਂ ਆਖਿਆ ਕਿ;
ਸ਼ਬਦ ਬਰੇਤੇ ਨੂੰ ਦਰਿਆ ਬਣਾ ਦਿੰਦੇ
ਕੋਰੇ ਵਰਕਿਆਂ ਨੂੰ ਧੜਕਣ ਲਾ ਦਿੰਦੇ
ਸ਼ਬਦ ਹੀ ਹੁੰਦੇ ਨੇ
ਜੋ ਮੌਤ ਮੰਗ ਰਹੇ ਸ਼ਖਸ ਨੂੰ
ਜੀਵਨ ਅਭਿਲਾਸੀ ਬਣਾ ਦਿੰਦੇ।
ਕਲਮ ਨੇ ਕੀ ਲਿਖਣਾ ਹੈ? ਪਾਠਕ ਨੇ ਉਸ ਚੋਂ ਕੀ ਪ੍ਰਾਪਤ ਕਰਨਾ ਹੈ? ਇਹ ਲਿਖੇ ਅਤੇ ਬੋਲੇ ਸ਼ਬਦ ਦੇ ਅਸਰ ਤੇ ਨਿਰਭਰ ਹੈ। ਸੱਚੇ ਸ਼ਬਦ ਹੀ ਸਾਰੀਆਂ ਪੁਸਤਕਾਂ ਦੇ ਪ੍ਰਮੁੱਖ ਵਿਚਾਰ ਹਨ। ਉਹਨਾਂ ਆਖਿਆ ਕਿ ਟਰਾਂਸਲੇਸ਼ਨ ਦੇ ਸਹੀ ਮੁਲਾਂਕਣ ਲਈ ਪਹਿਲਾਂ ਉਸ ਪਿਛਲੀ ਭਾਵਨਾਂ ਨੂੰ ਸਮਝਣ ਤੇ ਉਸ ਨਾਲ ਜੁੜਨ ਦੀ ਲੋੜ ਹੈ। ਉਹਨਾਂ ਆਖਿਆ ਕਿ ਕੁਝ ਨਾ ਕੁਝ ਅਜਿਹਾ ਲਿਖੋ ਜੋ ਕਿਸੇ ਦੇ ਅੰਦਰ ਉੱਤਰ ਜਾਵੇ ਤੇ ਜਿੰਦਗੀ ਨੂੰ ਖੂਬਸੂਰਤ ਬਣਾ ਦੇਵੇ।
ਸਮਾਗਮ ਦੇ ਦੂਸਰੇ ਭਾਗ ‘ਚ ਕਵੀ ਦਰਬਾਰ ਹੋਇਆ ਜਿਸ ਵਿੱਚ ਹਾਜ਼ਰ ਸਾਇਰਾਂ ਨੇ ਆਪੋ ਅਪਣਾ ਕਲਾਮ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਪੇਸ਼ ਹੋਏ ਕਵੀਆਂ, ਹਰਜੀਤ ਸਿੰਘ, ਨਰਿਤਮ ਕੌਰ, ਅਮਰਦੀਪ ਗਿੱਲ,ਮਕਸੂਦ ਚੌਧਰੀ, ਪਰਮਜੀਤ ਢਿੱਲੋਂ,ਮਲੂਕ ਸਿੰਘ ਕਾਹਲੋਂ,ਪਰਮਿੰਦਰ ਗੋਗੀ,ਭੁਪਿੰਦਰ ਦੁਲੇ, ਪਿਆਰਾ ਸਿੰਘ ਕੁੱਦੋਵਾਲ, ਉਂਕਾਰਪ੍ਰੀਤ, ਦੀਪ ਪੱਡਾ ਅਤੇ ਕੁਲਵਿੰਦਰ ਖ਼ਹਿਰਾ ਨੇ ਅਪਣਾ ਕਲਾਮ ਪੇਸ਼ ਕਰਕੇ ਹਾਜ਼ਰ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਹੋਰਨਾਂ ਤੋਂ ਇਲਾਵਾ ਇਸ ਸਮਾਗਮ ‘ਚ ਸਰਵ ਸ੍ਰੀ ਪੂਰਨ ਸਿੰਘ ਪਾਂਧੀ, ਗੁਰਦੇਵ ਮਾਨ, ਈਸ਼ਰ ਸਿੰਘ,ਸਰਬਜੀਤ ਕਾਹਲੋਂ, ਬਲਜੀਤ ਕੌਰ, ਰਾਜਪਾਲ ਕੌਰ, ਪ੍ਰਮਿੰਦਰ ਜੀਤ ਸਿੱਧੂ, ਗੁਰਦੇਵ ਚੌਹਾਨ, ਪ੍ਰਤੀਕ ਆਰਟਿਸਟ, ਰਾਜ ਝੱਜ,ਰਾਵੀ ਕੌਰ,ਸੌਰਭ,ਵਾਸਦੇਵ ਸਿੰਘ, ਸ਼ਮਾਂ ਰਾਣੀ,ਅਜੀਤ ਰੱਖੜਾ,ਕਰਤਾਰ ਸਿੰਘ,ਹਰਬੰਸ ਸਿੰਘ ਮੁਲਤਾਨੀ,ਹਰਵਿੰਦਰ ਕੌਰ,ਮਨਮੋਹਨ ਗੁਲਾਟੀ,ਹੀਰਾ ਲਾਲ, ਅਵਤਾਰ ਸਿੰਘ,ਸੁੱਚਾ ਸਿੰਘ ਮਾਂਗਟ,ਅਵਤਾਰ ਜੰਡੂ,ਇੰਦਰ ਗਰੇਵਾਲ,ਮਨਦੀਪ ਗਿੱਲ, ਤਰਲੋਚਨ ਸਿੰਘ, ਇੰਦਰਜੀਤ ਸਿੱਧੂ ਅਤੇ ਸਤਪਾਲ ਸਿੰਘ ਜੌਹਲ ਉਚੇਚੇ ਤੌਰ ਤੇ ਸਾਮਲ ਹੋਏ।
ਸਾਮਗਮ ਦੇ ਅੰਤ ਤੇ ਕਾਫ਼ਲੇ ਵਲੋਂ ਰਸ਼ਪਾਲ ਕੌਰ ਗਿੱਲ ਹੁਰਾਂ ਨੇ ਇਸ ਭਾਵਪੂਰਤ ਸਮਾਗਮ ‘ਚ ਸਾਮਲ ਹੋਏ ਸਭਨਾਂ ਦਾ ਧੰਨਵਾਦ ਕੀਤਾ। ਸਾਰੇ ਸਮਾਗਮ ਦੀ ਸੰਚਾਲਨਾ ਕੁਲਵਿੰਦਰ ਖ਼ਹਿਰਾਂ ਹੁਰਾਂ ਨੇ ਬਾਖੂਬੀ ਨਿਭਾਈ।







