May 7, 2026

ਨਿਊਯਾਰਕ- ਸਿੱਖਸ ਫਾਰ ਜਸਟਿਸ (SFJ) ਦੇ ਆਗੂ  ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ  ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਅਮਰੀਕਾ ਵਿਚ ਪ੍ਰੋਗਰਾਮ ਰੋਕਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਉਸ ਦਾ ਸੰਗਠਨ ਅਮਰੀਕਾ ਵਿੱਚ ਹੋਣ ਵਾਲੇ ਦੋਸਾਂਝ ਦੇ ਆਉਣ ਵਾਲੇ ਸ਼ੋਅ ਦਾ ਵਿਰੋਧ ਕਰੇਗਾ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਕੈਨੇਡਾ ਦੇ ਕੈਲਗਰੀ ਵਿੱਚ ਆਪਣੇ ‘ਔਰਾ 2026’ ਕੰਸਰਟ ਦੌਰਾਨ ਖਾਲਿਸਤਾਨੀ ਝੰਡੇ ਦਿਖਾਉਣ ਵਾਲੇ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਫਿਟਕਾਰ ਲਾਈ ਸੀ।

ਕੈਲਗਰੀ ਸ਼ੋਅ ਦੌਰਾਨ ਜਦੋਂ ਕੁਝ ਲੋਕਾਂ ਨੇ ਖਾਲਿਸਤਾਨੀ ਝੰਡੇ ਲਹਿਰਾ ਕੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਦਿਲਜੀਤ ਨੇ ਮੰਚ ਤੋਂ ਕਿਹਾ, “ ਜਿੰਨੇ ਝੰਡੇ ਦਿਖਾਉਣੇ ਨੇ ਦਿਖਾਈ ਚੱਲੋ,” ਅਤੇ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਸ਼ੋਅ ਵਿੱਚ ਰੁਕਾਵਟ ਪਾ ਰਹੇ ਹਨ ਤਾਂ ਇਨ੍ਹਾਂ ਨੂੰ ਚੁੱਕ ਕੇ ਬਾਹਰ ਸੁੱਟੋ। ਦੋਸਾਂਝ ਦੇ ਇਸ ਸਟੈਂਡ ਦਾ ਉੱਥੇ ਮੌਜੂਦ ਹਜ਼ਾਰਾਂ ਦੀ ਭੀੜ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ।ਦਿਲਜੀਤ ਦੋਸਾਂਝ ਆਪਣੇ ਇਸ ਵਿਸ਼ਵ ਦੌਰੇ ਰਾਹੀਂ ਪੰਜਾਬੀ ਪ੍ਰਵਾਸੀਆਂ ਦੇ ਮੋਢੀ, ‘ਕਾਮਾਗਾਟਾਮਾਰੂ’ ਦੇ ਮੁਸਾਫਰਾਂ ਅਤੇ ਗ਼ਦਰ ਲਹਿਰ ਦੇ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਟੇਡੀਅਮ ਉਸ ਬੰਦਰਗਾਹ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਹੈ, ਜਿੱਥੋਂ 1914 ਵਿੱਚ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾਮਾਰੂ) ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ ਉਦੋਂ ਸਾਡੇ ਲੋਕਾਂ ਨੂੰ ਵੜਨ ਨਹੀਂ ਦਿੱਤਾ ਗਿਆ ਸੀ, ਤੇ ਅੱਜ 55 ਹਜ਼ਾਰ ਪੰਜਾਬੀ ਇਸੇ ਧਰਤੀ ’ਤੇ ਜਸ਼ਨ ਮਨਾ ਰਹੇ ਹਨ।” ਦਿਲਜੀਤ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਹਿ ਰਹੇ ਹਨ ਕਿ ਅੱਜ ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦੀ ਚੜ੍ਹਤ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੀ ਹੀ ਦੇਣ ਹੈ। ਹਾਲਾਂਕਿ, ਪੰਨੂ ਦੀ ਤਾਜ਼ਾ ਧਮਕੀ ਨੇ ਦੋਸਾਂਝ ਦੇ ਇਸ ਇਤਿਹਾਸਕ ਦੌਰੇ ਦੇ ਜਸ਼ਨਾਂ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *