Oct 3, 2026

ਪੁਲਿਸ ਨੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਹੋਰ ਜਾਣਕਾਰੀ ਮੰਗੀ-

ਸਰੀ-  ਸਰੀ ਪੁਲੀਸ ਸਰਵਿਸ (SPS) ਨੇ ਜਬਰੀ ਵਸੂਲੀ ਅਤੇ ਫ਼ਿਰੌਤੀਆਂ ਦੇ ਮਾਮਲਿਆਂ ਵਿਚ ਸ਼ਾਮਿਲ  ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕੀਤਾ ਹੈ। ਪੁਲੀਸ ਨੇ ਇਸ ਨੌਜਵਾਨ ਦੀ ਪਛਾਣ 20 ਸਾਲਾ  ਪ੍ਰਭਜੋਤ ਸਿੰਘ ਵਜੋਂ ਕੀਤੀ ਹੈ ਅਤੇ ਉਸ ਦੀ ਤਸਵੀਰ ਜਨਤਕ ਕਰਦਿਆਂ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਮੰਗੀ ਹੈ।

ਮਿਲੀ ਜਾਣਕਾਰੀ ਅਨੁਸਾਰ, ਪ੍ਰਭਜੋਤ ਸਿੰਘ ਨੂੰ ਸਰੀ ਪੁਲੀਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਖ਼ੁਫ਼ੀਆ ਜਾਣਕਾਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ  ਨਾਲ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਕਾਨੂੰਨੀ ਰੁਤਬਾ ਖ਼ਤਮ ਕਰਕੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। ਸਰੀ ਪੁਲਿਸ ਦੇ ਚੀਫ਼ ਕੰਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਪੁਲੀਸ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਅਪਰਾਧਿਕ ਨੈੱਟਵਰਕਾਂ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਸਰੀ ਪੁਲਿਸ ਦੇ ਗੈ-ਐਮਰਜੈਂਸੀ ਨੰਬਰ 604-599-0502, ਸਰੀ ਐਕਸਟੋਰਸ਼ਨ ਟਿਪ ਲਾਈਨ 236-485-5149, ਜਾਂ ਕ੍ਰਾਈਮ ਸਟੌਪਰਜ਼ ਨੂੰ 1-800-222-8477 ਜਾਂ www.solvecrime.ca ‘ਤੇ ਕਾਲ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ, ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਸ਼ਹਿਰ ਦੀ ਐਕਸਟੋਰਸ਼ਨ ਟਿਪ ਲਾਈਨ ਦਾ ਐਲਾਨ ਕੀਤਾ  ਸੀ ਅਤੇ ਅਪਰਾਧੀਆਂ ਬਾਰੇ  ਜਾਣਕਾਰੀ ਲਈ $250,000 ਦਾ ਇਨਾਮ ਵੀ ਰੱਖਿਆ ਸੀ। ਸਰੀ ਪੁਲਿਸ ਦਾ ਕਹਿਣਾ ਹੈ ਕਿ 2026 ਵਿਚ ਪਿਛਲੇ ਹਫ਼ਤੇ ਤੱਕ  91 ਜਬਰੀ ਵਸੂਲੀ ਦੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 49 ਪੀੜਤ ਪ੍ਰਭਾਵਿਤ ਹੋਏ ਅਤੇ 16 ਥਾਵਾਂ ਤੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਦੋ ਅੱਗਜ਼ਨੀ ਦੀਆਂ ਘਟਨਾਵਾਂ ਸ਼ਾਮਲ ਹਨ।

error: Content is protected !!