ਫੁੱਟਬਾਲ ਪ੍ਰੇਮੀਆਂ ਨੂੰ ਵੱਡੇ ਪਰਦੇ ’ਤੇ ਕੈਨੇਡਾ ਦਾ ਪਹਿਲਾ ਫੀਫਾ ਵਿਸ਼ਵ ਕੱਪ 26™ ਮੈਚ ਦੇਖਣ ਲਈ ਸੱਦਾ
ਸਰੀ. – ਸਿਟੀ ਆਫ਼ ਸਰੀ ਰਸਮੀ ਤੌਰ ‘ਤੇ 12 ਜੂਨ ਨੂੰ ਸਿਵਿਕ ਪਲਾਜ਼ਾ ਵਿਖੇ ਇੱਕ ਮੁਫ਼ਤ ਉਦਘਾਟਨੀ ਸਮਾਰੋਹ ਦੇ ਨਾਲ ਆਪਣੇ ਸਰੀ ਸ਼ੌਕਰ ਫੈਨ ਜ਼ੋਨ ਦੀ ਸ਼ੁਰੂਆਤ ਕਰੇਗਾ, ਜਿੱਥੇ ਪ੍ਰਸ਼ੰਸਕ ਕੈਨੇਡਾ ਦੇ ਫੀਫਾ ਵਿਸ਼ਵ ਕੱਪ 26™ ਦੇ ਪਹਿਲੇ ਮੈਚ ਨੂੰ ਵੱਡੀ ਸਕਰੀਨ ‘ਤੇ ਇਕੱਠੇ ਦੇਖ ਸਕਣਗੇ। ਇਸ ਵਿਲੱਖਣ ਮੌਕੇ ਦੇ ਜਸ਼ਨ ਵਜੋਂ, ਪਹਿਲੇ 250 ਫੈਨਜ਼ ਨੂੰ $10 ਦਾ ਕੂਪਨ ਦਿੱਤਾ ਜਾਵੇਗਾ ਜੋ ਸਾਈਟ ‘ਤੇ ਉਪਲਬਧ ਖਾਣ-ਪੀਣ ਦੀਆਂ ਚੀਜ਼ਾਂ ਲਈ ਵਰਤਿਆ ਜਾ ਸਕੇਗਾ ਅਤੇ ਨਾਲ ਹੀ ਹੋਰ ਤੋਹਫ਼ੇ ਵੀ ਦਿੱਤੇ ਜਾਣਗੇ (ਕੁੱਝ ਸ਼ਰਤਾਂ ਲਾਗੂ ਹੋਣਗੀਆਂ)। ਇਹ ਸਮਾਰੋਹ ਛੇ ਹਫ਼ਤਿਆਂ ਤੱਕ ਤਿੰਨ ਵੱਖ-ਵੱਖ ਥਾਵਾਂ ’ਤੇ 100 ਤੋਂ ਵੱਧ ਮੁਫ਼ਤ ਲਾਈਵ ਮੈਚ ਪ੍ਰਸਾਰਣਾਂ ਦੀ ਸ਼ੁਰੂਆਤ ਕਰੇਗਾ, ਜੋ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਸਰੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਰੋਹ ਦੀ ਖ਼ੁਸ਼ੀ ਸਾਂਝੀ ਕਰਨ ਦਾ ਮੌਕਾ ਦੇਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਨੂੰ ਆਪਣੇ ਨਿਵਾਸੀਆਂ ਅਤੇ ਮਹਿਮਾਨਾਂ ਨੂੰ ਸਾਡੇ ਫੈਨ ਜੋਨਜ਼ ਵਿੱਚ ਇਸ ਵਧੀਆ ਖੇਡ ਦਾ ਜਸ਼ਨ ਮਨਾਉਣ ’ਤੇ ਮਾਣ ਹੈ। ਇਹ ਮੁਫ਼ਤ ‘ਤੇ ਸਭ ਲਈ ਖੁੱਲ੍ਹੇ ਸਥਾਨ ਸਿਰਫ਼ ਮੈਚ ਵੇਖਣ ਲਈ ਨਹੀਂ ਹਨ, ਬਲਕਿ ਇਹ ਲੋਕਾਂ ਨੂੰ ਇੱਕ ਵਿਸ਼ਵ-ਪੱਧਰੀ ਪਲ ਵਿੱਚ ਇਕੱਠੇ ਕਰਨ ਲਈ ਹਨ। ਅਸੀਂ ਸਾਰਿਆਂ ਨੂੰ 12 ਜੂਨ ਨੂੰ ਸਿਵਿਕ ਪਲਾਜ਼ਾ ਅਤੇ ਸਰੀ ਦੇ ਹੋਰ ਫੈਨ ਜੋਨਜ਼ ਵਿੱਚ ਸ਼ਾਮਲ ਹੋਣ, ਕੈਨੇਡਾ ਲਈ ਹੌਸਲਾ ਅਫ਼ਜ਼ਾਈ ਕਰਨ ਅਤੇ ਫੀਫਾ ਵਿਸ਼ਵ ਕੱਪ 26™ ਦਾ ਆਨੰਦ ਲੈਣ ਲਈ ਸੱਦਾ ਦਿੰਦੇ ਹਾਂ।”
ਉਦਘਾਟਨੀ ਸਮਾਰੋਹ ਦੌਰਾਨ ਕੈਨੇਡਾ ਪੁਰਸ਼ਾਂ ਦੀ ਟੀਮ ਦਾ ਬੋਸਨੀਆ ਅਤੇ ਹਰਜ਼ੇਗੋਵੀਨਾ ਖ਼ਿਲਾਫ਼ ਮੈਚ ਲਾਈਵ ਦਿਖਾਇਆ ਜਾਵੇਗਾ, ਨਾਲ ਹੀ ਸਰੀ ਵਿੱਚ ਜੰਮੇ ਵਾਈਟਕੈਪਸ ਐਫ਼ ਸੀ (Whitecaps FC) ਦੇ ਮਿਡਫ਼ੀਲਡਰ ਜੀਵਨ ਬਡਵਾਲ ਦੀ ਵਿਸ਼ੇਸ਼ ਹਾਜ਼ਰੀ ਵੀ ਹੋਏਗੀ। ਜੀਵਨ ਬਡਵਾਲ ਨੇ ਪਿਛਲੇ ਸਾਲ ਆਪਣੇ ਪਹਿਲੇ ਘਰੇਲੂ ਸ਼ੁਰੂਆਤੀ ਮੈਚ ਵਿੱਚ ਪਹਿਲਾ ਗੋਲ ਕਰਕੇ ਮੇਜਰ ਲੀਗ ਸ਼ੌਕਰ ਵਿੱਚ ਤੇਜ਼ੀ ਨਾਲ ਆਪਣੀ ਵਧੀਆ ਪਛਾਣ ਬਣਾਈ ਹੈ।
ਸਾਰਾ ਦਿਨ ਫੈਨਜ਼ ਨੂੰ ਟੂਰਨਾਮੈਂਟ ਦੇ ਦੌਰਾਨ ਆਉਣ ਵਾਲੇ ਪੂਰੇ ਫੈਨ ਜ਼ੋਨ ਅਨੁਭਵ ਦੀ ਝਲਕ ਮਿਲੇਗੀ, ਜਿਸ ਵਿੱਚ ਸਰੀ ਸਪੋਰਟ ਹਾਲ ਆਫ਼ ਫੇਮ ਦਾ ਬੂਥ, ਵਾਈਟਕੈਪਸ ਐਫ਼ ਸੀ (Whitecaps FC), ਸਥਾਨਕ ਸ਼ੌਕਰ ਕਲੱਬਾਂ ਦੀਆਂ ਗਤੀਵਿਧੀਆਂ, ਲਾਈਵ ਮਨੋਰੰਜਨ, ਪਰਿਵਾਰਿਕ-ਅਨੁਕੂਲ ਗਤੀਵਿਧੀਆਂ, ਕਮਿਊਨਿਟੀ ਪ੍ਰਦਰਸ਼ਨੀਆਂ, ਫੂਡ ਟਰੱਕ ਅਤੇ ਲਾਇਸੈਂਸਸ਼ੁਦਾ ਬੀਅਰ ਗਾਰਡਨ ਸ਼ਾਮਲ ਹੋਣਗੇ। ਪ੍ਰੋਗਰਾਮਾਂ ਦਾ ਵਿਸਤਾਰ ਸੈਂਟਰਲ ਸਿਟੀ ਪਲਾਜ਼ਾ ਵਿੱਚ ਹੋਣ ਵਾਲੇ “ਕਿੱਕ ਇੱਟ” (Kick It)!” ਤੱਕ ਵੀ ਹੋਵੇਗਾ।
ਟੂਰਨਾਮੈਂਟ ਦੇ ਦੌਰਾਨ ਸਰੀ ਵਿੱਚ ਦੋ ਹੋਰ ਸ਼ੌਕਰ ਫੈਨ ਜੋਨਜ਼ ਵੀ ਖੁੱਲ੍ਹਣਗੇ:
- ਕਲੋਵਰਡੇਲ ਐਗਰੀਪਲੈਕਸ – 1 ਜੁਲਾਈ ਨੂੰ, ਸਰੀ ਦੇ ਕੈਨੇਡਾ ਡੇਅ ਜਸ਼ਨਾਂ ਦੇ ਨਾਲ
- ਸਾਊਥ ਸਰੀ ਐਥਲੈਟਿਕ ਪਾਰਕ – 14 ਜੁਲਾਈ ਨੂੰ
ਸਿਟੀ ਆਫ਼ ਸਰੀ, ਬੀ ਸੀ ਸਰਕਾਰ ਦੇ ਟੂਰਿਜ਼ਮ, ਆਰਟਸ, ਕਲਚਰ ਅਤੇ ਸਪੋਰਟ ਮੰਤਰਾਲੇ ਵੱਲੋਂ ਦਿੱਤੀ ਗਈ ਵਿੱਤੀ ਸਹਾਇਤਾ ਲਈ ਧੰਨਵਾਦ ਕਰਦੀ ਹੈ।
ਸਿਵਿਕ ਪਲਾਜ਼ਾ 11 ਜੂਨ ਨੂੰ ਜਨਤਾ ਲਈ ਮੈਚ ਦੇਖਣ ਵਾਸਤੇ ਖੁੱਲ੍ਹਾ ਹੋਵੇਗਾ। ਵਿਸਥਾਰਪੂਰਵਕ ਸਮਾਂ-ਸੂਚੀ, ਕਾਰਜਕ੍ਰਮ ਅਤੇ ਸਮਾਰੋਹ ਜਾਣਕਾਰੀ ਲਈ surreysoccerfanzones.ca ’ਤੇ ਜਾਓ।
