May 8, 2026

ਪੁਲਿਸ ਨੇ ਜਸਕਰਨ ਸਰੋਏ ਨਾਮ ਦੇ ਨੌਜਵਾਨ ਦੀ ਤਸਵੀਰ ਜਨਤਕ ਕੀਤੀ-

ਸਰੀ ( ਦੇ ਪ੍ਰ ਬਿ) -ਸਰੀ ਪੁਲੀਸ ਨੇ ਖੇਤਰ ਵਿੱਚ ਚੱਲ ਰਹੀਆਂ ਜਬਰੀ ਵਸੂਲੀ  ਅਤੇ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਇੱਕ 27 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਜਸਕਰਨ ਸਿੰਘ ਸਰੋਏ ਵਜੋਂ ਹੋਈ ਹੈ। ਪੁਲੀਸ ਦਾ ਮੰਨਣਾ ਹੈ ਕਿ ਇਹ ਗ੍ਰਿਫ਼ਤਾਰੀ ਇਲਾਕੇ ਵਿੱਚ ਸਰਗਰਮ ਅਪਰਾਧਿਕ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਅਹਿਮ ਸਾਬਤ ਹੋ ਸਕਦੀ ਹੈ।

ਇਹ ਮਾਮਲਾ 13 ਅਪਰੈਲ ਦੀ ਤੜਕਸਾਰ ਦਾ ਹੈ, ਜਦੋਂ ਸਰੀ ਦੇ 94ਏ ਐਵੇਨਿਊ ਅਤੇ 127 ਸਟਰੀਟ ਨੇੜੇ ਸਥਿਤ ਇੱਕ ਰਿਹਾਇਸ਼ੀ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਹਾਲਾਂਕਿ ਇਸ ਹਮਲੇ ਵਿੱਚ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਪਰ ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਰੀ ਪੁਲੀਸ ਦੀ ‘ਐਕਸਟੌਰਸ਼ਨ  ਰਿਸਪਾਂਸ ਟੀਮ’ ਨੇ ਤਫਤੀਸ਼ ਦੌਰਾਨ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਸਰਚ ਵਾਰੰਟ ਜਾਰੀ ਕਰਕੇ ਮੁਲਜ਼ਮ ਨੂੰ ਦਬੋਚ ਲਿਆ ਗਿਆ।ਸਰੀ ਪੁਲੀਸ ਦੇ ਚੀਫ਼ ਕਾਂਸਟੇਬਲ ਨੋਰਮ ਲਿਪਿੰਸਕੀ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਗੋਲੀਬਾਰੀ ਕਰਨਾ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਪੁਲੀਸ ਨੇ ਮੁਲਜ਼ਮ ਜਸਕਰਨ ਸਰੋਏ ਦੀ ਤਸਵੀਰ ਵੀ ਜਨਤਕ ਕੀਤੀ ਹੈ ਤਾਂ ਜੋ  ਕਿਸੇ ਕੋਲ ਇਸ ਨਾਲ ਸਬੰਧਤ ਅਪਰਾਧਿਕ ਗਤੀਵਿਧੀਆਂ ਬਾਰੇ ਹੋਰ ਕੋਈ ਜਾਣਕਾਰੀ ਹੋਵੇ, ਤਾਂ ਉਹ ਪੁਲੀਸ ਨਾਲ ਸਾਂਝੀ ਕਰ ਸਕੇ।

Leave a Reply

Your email address will not be published. Required fields are marked *