May 16, 2026

ਫਿਰ ਆਵੇਗਾ ਜਾਗੋ ਦਾ ਹੋਕਾ…?

ਸੁਖਵਿੰਦਰ ਸਿੰਘ ਚੋਹਲਾ—-

ਮਈ ਮਹੀਨੇ ਦੇ ਪਹਿਲੇ ਦੋ ਹਫਤਿਆਂ ਦੌਰਾਨ ਵਾਪਰੀਆਂ ਵੱਖ-ਵੱਖ ਹਿੰਸਕ ਤੇ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਸਰੀ ਨਿਵਾਸੀਆਂ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਤਾਰੀ ਕਰ ਰੱਖਿਆ ਹੈ। ਭਾਵੇਂਕਿ ਪਿਛਲੇ ਸਮੇਂ ਦੌਰਾਨ ਜਬਰੀ ਵਸੂਲੀ ਲਈ ਧਮਕੀਆਂ, ਗੋਲੀਬਾਰੀ ਅਤੇ ਕਈ ਹੋਰ ਹਿੰਸਕ ਕਾਰਵਾਈਆਂ ਕਾਰਣ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਤੇ ਇਸ ਲਈ ਫੈਡਰਲ ਸਰਕਾਰ, ਪ੍ਰਾਂਤਕ ਸਰਕਾਰਾਂ ਅਤੇ ਸਥਾਨਕ ਸਰਕਾਰਾਂ ਉਪਰ ਹਿੰਸਾ ਅਤੇ ਅਪਰਾਧੀ ਤੱਤਾਂ ਖਿਲਾਫ ਠੋਸ ਕਾਰਵਾਈ ਅਤੇ ਸਖਤ ਕਨੂੰਨ ਬਣਾਉਣ ਲਈ ਦਬਾਅ ਬਣਦਾ ਰਿਹਾ ਤੇ ਸਰਕਾਰਾਂ ਵਲੋਂ ਇਹਨਾਂ ਅਪਰਾਧਾਂ ਦੀ ਗੰਭੀਰਤਾ ਨਾਲ ਲੈਂਦਿਆਂ ਕੁਝ ਸਖਤ ਕਦਮ ਉਠਾਏ ਵੀ ਗਏ ਪਰ ਇਸਦੇ ਬਾਵਜੂਦ ਅਪਰਾਧਿਕ ਕਾਰਵਾਈਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਚਰਚਾ ਰਹੀ ਹੈ ਕਿ ਕੈਨੇਡਾ ਸਰਕਾਰ ਦੀਆਂ ਨਰਮ ਇਮੀਗ੍ਰੇਸ਼ਨ ਨੀਤੀਆਂ ਕਾਰਣ ਵੱਡੀ ਗਿਣਤੀ ਵਿਚ ਇਮੀਗ੍ਰੇਸ਼ਨ ਹੋਈ ਹੈ ਤੇ ਇਮੀਗ੍ਰੇਸ਼ਨ ਦੇ ਵਾਧੇ ਕਾਰਣ ਅਪਰਾਧ ਦਰ ਵਿਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ। ਪਰ ਇਸ ਦੌਰਾਨ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਜੋ ਦੌਰ ਚੱਲਿਆ, ਉਸ ਨਾਲ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵੀ ਭਾਰੀ ਆਲੋਚਨਾ ਹੋਈ। ਸੁਰੱਖਿਆ ਏਜੰਸੀਆਂ ਵਲੋਂ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਨਵੇਂ ਆਏ ਇਮੀਗ੍ਰਾਂਟ, ਕੌਮਾਂਤਰੀ ਵਿਦਿਆਰਥੀ ਜਾਂ ਵਰਕ ਪਰਮਿਟ ਤੇ ਆਉਣ ਵਾਲੇ ਨੌਜਵਾਨ ਵਰਗ ਜਾਂ ਅੱਲੜ ਉਮਰ ਦੇ ਯੁਵਕਾਂ ਦੀ ਇਹਨਾਂ ਅਪਰਾਧਾਂ ਵਿਚ ਸ਼ਮੂਲੀਅਤ ਦੀ ਪੁਸ਼ਟੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਲ 2026 ਦੌਰਾਨ ਪੁਲਿਸ ਕੋਲ ਜਬਰੀ ਵਸੂਲੀ ਦੇ 98 ਮਾਮਲੇ ਦਰਜ ਹੋਏ ਹਨ ਜਿਹਨਾਂ ਵਿਚ 16 ਥਾਵਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਿਲ ਹਨ। ਰਿਪੋਰਟ ਹੈ ਕਿ ਇਹਨਾਂ ਅਪਰਾਧਾਂ ਵਿਚ ਸ਼ਾਮਿਲ ਆਰਜੀ ਪਰਵਾਸੀਆਂ ਦੇ 446 ਕੇਸ ਕੈਨੇਡਾ ਬਾਰਡਰ ਸੀਕਿਊਰਿਟੀ ਏਜੰਸੀ ਨੂੰ ਜਾਂਚ ਲਈ ਸੌਂਪੇ ਗਏ ਹਨ ਜਿਹਨਾਂ ਚੋ 118 ਸ਼ੱਕੀ ਅਪਰਾਧੀਆਂ ਨੂੰ ਮੁਲਕ ਚੋਂ ਬਾਹਰ ਕੱਢਣ ਦੇ ਹੁਕਮ ਕੀਤੇ ਗਏ ਹਨ। 55 ਡਿਪੋਰਟੇਸ਼ਨ ਆਰਡਰ ਮੁਕੰਮਲ ਕੀਤੇ ਗਏ ਹਨ ਭਾਵ ਸ਼ੱਕੀ ਅਪਰਾਧੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਪਹਿਲਾਂ ਸੀਬੀਐਸ ਏ ਵਲੋਂ ਕਿਸੇ ਵਿਅਕਤੀ ਨੂੰ ਡਿਪੋਰਟ ਕੀਤੇ ਜਾਣ ਦੀ ਕੋਈ ਜਾਣਕਾਰੀ ਜਨਤਕ ਨਹੀ ਸੀ ਕੀਤੀ ਜਾਂਦੀ ਹੈ ਪਰ ਹੁਣ ਏਜੰਸੀ ਵਲੋਂ ਕੁਝ ਸ਼ੱਕੀ ਅਪਰਾਧੀਆਂ ਨੂੰ ਡਿਪੋਰਟ ਕਰਦਿਆਂ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਤੇ ਨਾਲ ਹੀ ਇਹਨਾਂ ਬਾਰੇ ਵਿਭਾਗ ਜਾਂ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਜਾਣਕਾਰੀ ਮੁਹੱਈਆ ਕਰਵਾਏ ਜਾਣ ਦੀ ਅਪੀਲ ਵੀ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਅਪਰਾਧਿਕ ਘਟਨਾਵਾਂ ਵਿਚ ਸ਼ਾਮਿਲ ਜਾਂ ਡਿਪੋਰਟ ਕੀਤੇ ਗਏ ਜਿਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਚੋ ਵਧੇਰੇ ਪੰਜਾਬੀ ਅਤੇ ਸਿੱਖੀ ਸਰੂਪ ਦੀ ਦਿੱਖ ਵਾਲੇ ਹਨ। ਸਿੱਖ ਜਾਂ ਪੰਜਾਬੀ ਪਛਾਣ ਵਾਲੇ ਇਹਨਾਂ ਅਪਰਾਧੀਆਂ ਦੀਆਂ ਤਸਵੀਰਾਂ, ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਇਮਾਨਦਾਰ ਅਤੇ ਮਿਹਨਤਕਸ਼ ਲੋਕਾਂ ਵਾਲੀ ਛਬੀ ਉਪਰ ਵੱਡਾ ਧੱਬਾ ਹਨ। ਭਾਵੇਂਕਿ ਕਿਸੇ ਵੀ ਅਪਰਾਧਿਕ ਘਟਨਾ ਜਾਂ ਕਿਸੇ ਅਪਰਾਧੀ ਨੂੰ ਕਿਸੇ ਖਾਸ ਫਿਰਕੇ, ਧਰਮ ਜਾਂ ਨਸਲ ਨਾਲ ਜੋੜਿਆ ਜਾਣਾ ਤਰਕਸੰਗਤ ਨਹੀਂ ਪਰ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਅੱਡਰੀ ਪਛਾਣ ਕਾਰਣ, ਕਮਿਊਨਿਟੀ ਨਾਲ ਜੁੜੇ ਅਜਿਹੇ ਅਪਰਾਧੀ ਦੂਸਰੇ ਭਾਈਚਾਰਿਆਂ ਵਿਚ ਅਜਿਹੀ ਪਛਾਣ ਨੂੰ ਗਲਤ ਰੰਗਤ ਦੇਣ ਜਾਂ ਬਦਨਾਮੀ ਦਾ ਸਬੱਬ ਸਹਿਵਨ ਹੀ ਬਣ ਜਾਂਦੇ ਹਨ। ਅਜਿਹੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਕਾਰਣ ਪੂਰੇ ਪੰਜਾਬੀ ਭਾਈਚਾਰੇ ਨੂੰ ਅਜਿਹੀ ਜਿੱਲਤ ਵਿਚੋ ਗੁਜਰਨ ਦਾ ਅਹਿਸਾਸ ਸਚਮੁੱਚ ਤਕਲੀਫਦੇਹ ਹੈ। ਇਸ ਮਈ ਮਹੀਨੇ ਦੇ ਪਹਿਲੇ ਅੱਧ ਦੌਰਾਨ ਵਾਪਰੀਆਂ ਵੱਖ ਵੱਖ ਘਟਨਾਵਾਂ ਦਰਮਿਆਨ ਇਸ 10 ਮਈ ਨੂੰ 16 ਤੇ 18 ਸਾਲ ਦੇ ਦੋ ਅੱਲੜ ਮੁੰਡਿਆਂ ਦਾ ਗੈਂਗਵਾਰ ਦਾ ਸ਼ਿਕਾਰ ਹੋਣਾ ਅਤੇ ਐਬਸਫੋਰਡ ਵਿਚ ਇਕ ਬਜੁਰਗ ਜੋੜੇ ਦੇ ਦੋਹਰੇ ਕਤਲ ਦੇ ਮਾਮਲੇ ਵਿਚ ਤਿੰਨ 20-22 ਸਾਲ ਦੇ ਪੰਜਾਬੀ ਨੌਜਵਾਨਾਂ ਦਾ ਦੋਸ਼ੀ ਸਾਬਿਤ ਹੋਣਾ, ਸਾਰੀਆਂ ਹਿੰਸਕ ਘਟਨਾਵਾਂ ਚੋ ਸਭ ਤੋਂ ਵੱਧ ਤਕਲੀਫਦੇਹ ਹੈ। ਇਸ 10 ਮਈ ਨੂੰ ਸਰੀ ਨਿਊਟਨ ਇਲਾਕੇ ਵਿਚ ਸਥਿਤ ਇਕ ਬਿਲਡਿੰਗ ਦੀ ਪਾਰਕਿੰਗ ਲੌਟ ਵਿਚ ਅੱਲੜ ਉਮਰ ਦੇ ਮੁੰਡਿਆਂ ਨੂੰ ਮਾਰਨ ਅਤੇ ਇਸੇ ਰਾਤ 152 ਸਟਰੀਟ ਅਤੇ 72 ਐਵਨਿਊ ਉਪਰ ਸਥਿਤ ਗੈਸ ਸਟੇਸ਼ਨ ਉਪਰ ਦੋ ਮੁੰਡਿਆਂ ਨੂੰ ਗੰਭੀਰ ਜਖਮੀ ਕਰਨ ਦੀਆਂ ਘਟਨਾਵਾਂ ਨੇ ਸ਼ਹਿਰ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਹਾਹਾਕਾਰ ਵਾਲੀ ਸਥਿਤੀ ਉਤਪੰਨ ਕਰ ਦਿੱਤੀ।  ਦੋ ਅੱਲੜ ਉਮਰ ਦੇ ਪੰਜਾਬੀ ਮੁੰਡਿਆਂ ਦੀ ਹੱਤਿਆ ਜੂਨ 2018 ਵਿਚ ਮਾਰੇ ਗਏ 17-18 ਸਾਲ ਦੇ ਜੈਸਨ ਝੂਟੀ ਤੇ ਜੇਸੀ ਭੰਗਲ ਦੀ ਨਿਰਦਈ ਹੱਤਿਆ ਦੀ ਯਾਦ ਦਿਵਾਉਂਦੀ ਹੈ। ਫਰੈਂਕ ਹਰਟ ਸੈਕੰਡਰੀ ਸਕੂਲ ਦੇ ਇਹਨਾਂ ਦੋ ਵਿਦਿਆਰਥੀਆਂ ਦੀ ਸ਼ਹਿਰ ਦੇ ਬਾਹਰ ਇਕ ਸੁੰਨਸਾਨ ਚੁਰਾਹੇ ਤੇ ਹੋਈ ਹੱਤਿਆ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਉਪਰੰਤ ਸ਼ਹਿਰ ਦੇ ਕੁਝ ਵਿਚਾਰਵਾਨ ਲੋਕਾਂ ਵਲੋਂ ਗੈਂਗਵਾਰ ਉਪਰ ਰੋਕ ਲਗਾਉਣ ਜਾਂ ਕਾਬੂ ਪਾਉਣ ਵਿਚ ਅਸਫਲ ਰਹਿਣ ਲਈ ਆਰ ਸੀ ਐਮ ਪੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਸਰੀ ਲਈ ਆਪਣੀ ਮਿਊਂਸਪਲ ਪੁਲਿਸ ਬਣਾਉਣ ਦਾ ਨਾਅਰਾ ਦਿੱਤਾ ਗਿਆ ਸੀ। ਵੇਕਅੱਪ ਸਰੀ ਦੇ ਨਾਮ ਹੇਠ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਦੀ ਕਾਇਮੀ ਲਈ ਇਕ ਲਹਿਰ ਵਿੱਢੀ ਗਈ ਤੇ ਜੋ ਬਾਦ ਵਿਚ ਮਿਊਂਸਪਲ ਚੋਣਾਂ ਦਾ ਮੁੱਖ ਮੁੱਦਾ ਬਣਾ ਦਿੱਤੀ ਗਈ। ਸਰੀ ਮਿਊਂਸਪਲ ਪੁਲਿਸ ਦੀ ਕਾਇਮੀ ਅਤੇ ਸਕਾਈਟਰੇਨ ਬਨਾਮ ਐਲ ਆਰ ਟੀ ਦੇ ਨਾਅਰਿਆਂ ਹੇਠ ਲੜੀਆਂ ਗਈਆਂ ਚੋਣਾਂ ਵਿਚ ਸਿਆਸੀ ਜੰਗ ਵਿਚ ਕੌਣ ਜੇਤੂ ਰਿਹਾ ਤੇ ਕਿਹੜੀ ਧਿਰ ਨੇ ਕੀ ਖੱਟਿਆ, ਉਹ ਸਭ ਦੇ ਸਾਹਮਣੇ ਹੈ। ਪਰ ਦੁਖਦਾਈ ਪਹਿਲੂ ਇਹ ਹੈ ਕਿ ਸ਼ਹਿਰ ਵਿਚ ਜਿਸ ਗੈਂਗਵਾਦ ਅਤੇ ਹਿੰਸਾ ਦੇ ਖਾਤਮੇ ਲਈ ਸ਼ਹਿਰੀਆਂ ਦੀ ਸ਼ਕਤੀ ਨੂੰ ਚੋਣ ਰਾਜਨੀਤੀ ਵਜੋਂ ਵਰਤ ਲਿਆ ਗਿਆ, ਉਹ ਗੰਭੀਰ ਮੁੱਦਾ ਅੱਜ ਵੀ ਸ਼ਹਿਰੀਆਂ ਦਾ ਮੂੰਹ ਚਿੜਾ ਰਿਹਾ ਪ੍ਰਤੀਤ ਹੁੰਦਾ ਹੈ। ਸ਼ਹਿਰ ਵਿਚ ਗੈਂਗਵਾਰ ਦੀ ਤਾਜਾ ਘਟਨਾ ਦੌਰਾਨ ਮਾਰੇ ਗਏ ਦੋ ਮਸੂਮ ਬੱਚਿਆਂ ਦੇ ਪਰਿਵਾਰਾਂ ਦਾ ਦੁਖ ਜੂਨ 2018 ਵਿਚ ਗੈਂਗਵਾਰ ਦੀ ਭੇਟ ਚੜੇ ਜੈਸਨ ਝੂਟੀ ਤੇ ਜੈਸੀ ਭੰਗਲ ਦੇ ਪਰਿਵਾਰਾਂ ਤੋਂ ਵੱਖਰਾ ਨਹੀ ਹੈ ਪਰ ਇਸ ਦੌਰਾਨ ਵੱਖਰਾ ਇਹ ਵਾਪਰਿਆ ਹੈ ਕਿ ਇਸ ਗੈਂਗਵਾਦ ਨੂੰ ਖਤਮ ਕਰਨ ਲਈ ਭਾਰੀ ਔਕੜਾਂ ਨੂੰ ਸਰ ਕਰਦਿਆਂ ਬਣਾਈ ਗਈ ਸਰੀ ਪੁਲਿਸ ਨੇ ਗੈਂਗਸਟਰ ਵਿਰੋਧੀ ਯੂਨਿਟ ਹੀ ਖਤਮ ਕਰ ਰੱਖਿਆ ਹੈ। ਪੁਲਿਸ ਚੀਫ ਦਾ ਕਹਿਣਾ ਹੈ ਕਿ ਜਬਰੀ ਵਸੂਲੀ ਅਤੇ ਹੋਰ ਹਿੰਸਕ ਘਟਨਾਵਾਂ ਨਾਲ ਨਿਪਟਣ ਦੇ ਦਬਾਅ ਕਾਰਣ 8 ਮੈਂਬਰੀ ਗੈਂਗਸਟਰ ਵਿਰੋਧੀ ਯੂਨਿਟ ਨੂੰ ਹੋਰ ਥਾਂ ਵਰਤਣਾ ਪਿਆ ਹੈ। ਸਰੀ ਵਿਚ ਆਰ ਸੀ ਐਮ ਪੀ ਨੂੰ ਬਣਾਈ ਰੱਖਣ ਦੇ ਨਾਮ ਤੇ ਵੋਟਾਂ ਲੈਣ ਵਾਲੀ ਮੇਅਰ ਬਰੈਂਡਾ ਲੌਕ ਨੇ ਪੁਲਿਸ ਚੀਫ ਨੂੰ ਇਸ ਗੈਂਗਸਟਰ ਵਿਰੋਧੀ ਯੂਨਿਟ ਖਤਮ ਕੀਤੇ ਜਾਣ ਲਈ ਤਿੱਖੇ ਸਵਾਲ ਕੀਤੇ ਹਨ। ਸਰੀ ਮਿਊਂਸਪਲ ਚੋਣਾਂ ਮੁੜ ਆਉਣ ਵਾਲੀਆਂ ਹਨ। ਅਕਤੂਬਰ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਮੇਅਰ ਉਮੀਦਵਾਰ ਤੇ ਉਹਨਾਂ ਦੀਆਂ ਸਲੇਟਾਂ ਮੈਦਾਨ ਵਿਚ ਹਨ। ਨਵੀਂ ਚੋਣ ਲਈ ਪਹਿਲਾਂ ਵਾਲੇ ਮੁੱਦੇ ਲੋਕਾਂ ਸਾਹਮਣੇ ਮੁੜ ਦੁਹਰਾਏ ਜਾਣ ਦੀ ਉਮੀਦ ਹੈ। ਫਿਰ ਆਵੇਗਾ ਜਾਗੋ ਦਾ ਹੋਕਾ। ਵਜਣਗੇ ਬਨੇਰਿਆਂ ਤੇ ਮੁੜ ਉਹੀ ਸਪੀਕਰ।

ਪੰਜਾਬੀ ਵੋਟਰਾਂ ਨੇ ਮਿਊਂਸਪਲ ਚੋਣਾਂ ਵਿਚ ਨਵੇਂ ਜਾਂ ਪੁਰਾਣੇ ਏਜੰਡੇ ਲੈਕੇ ਆਉਣ ਵਾਲੇ ਉਮੀਦਵਾਰਾਂ ਨੂੰ ਕਿਵੇਂ ਲੈਣਾ, ਇਹ ਸੋਚਣ ਦੀ ਲੋੜ ਹੈ ਪਰ ਇਸਤੋਂ ਵੱਧ ਸੋਚਣ ਦੀ ਲੋੜ ਇਹ ਹੈ ਕਿ ਉਹਨਾਂ ਨੇ ਹਜਾਰਾਂ ਮੀਲ ਦੂਰ ਪੰਜਾਬ ਜਾਂ ਭਾਰਤ ਦੀਆਂ ਜੜਾਂ ਨੂੰ ਮਜਬੂਤ ਕਰਨਾ ਹੈ ਜਾਂ ਜਿਥੇ ਉਹ ਆਪਣਾ ਅੱਜ ਜਿਊ ਰਹੇ ਹਨ, ਉਸਦੀ ਸਲਾਮਤੀ ਤੇ ਭਵਿੱਖ ਦਾ ਫਿਕਰ ਕਰਨਾ ਹੈ….?

Leave a Reply

Your email address will not be published. Required fields are marked *