May 16, 2026

ਟਰੱਕਿੰਗ ਇੰਡਸਟਰੀ ਨੂੰ ਭਾਰੀ ਚੁਣੌਤੀਆਂ ਦਾ ਸਾਹਮਣਾ-

-ਮਲਕੀਤ ਸਿੰਘ-

ਵੈਨਕੂਵਰ -ਵਿਸ਼ਾਲ ਖੇਤਰਫਲ ਵਾਲੇ ਦੇਸ਼ ਕੈਨੇਡਾ ਵਿੱਚ ਟਰੱਕਿੰਗ ਉਦਯੋਗ ਨੂੰ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਬਰਫ਼ੀਲੇ ਪਹਾੜਾਂ, ਲੰਬੇ ਹਾਈਵੇਅਜ਼ ਅਤੇ ਹਜ਼ਾਰਾਂ ਕਿਲੋਮੀਟਰ ਦੀਆਂ ਦੂਰੀਆਂ ਦੇ ਬਾਵਜੂਦ ਟਰੱਕ ਡਰਾਈਵਰ ਦਿਨ-ਰਾਤ ਸੜਕਾਂ ‘ਤੇ ਰਹਿ ਕੇ ਦੇਸ਼ ਦੀ ਸਪਲਾਈ ਚੇਨ ਨੂੰ ਚਲਾਉਂਦੇ ਹਨ। ਖੁਰਾਕੀ ਸਮਾਨ ਤੋਂ ਲੈ ਕੇ ਦਵਾਈਆਂ, ਮਸ਼ੀਨਰੀ, ਲੱਕੜ, ਵਾਹਨ ਅਤੇ ਹੋਰ ਜ਼ਰੂਰੀ ਵਸਤਾਂ ਹਰ ਰੋਜ਼ ਟਰੱਕਾਂ ਰਾਹੀਂ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਅਤੇ ਗੁਆਂਢੀ ਮੁਲਕ ਅਮਰੀਕਾ ਦੇ ਕਈ ਸ਼ਹਿਰਾਂ ਤੱਕ ਪਹੁੰਚਾਈਆਂ ਅਤੇ ਮੰਗਵਾਈਆ ਜਾਂਦੀਆਂ ਹਨ।

ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇਸ ਵੇਲੇ ਵੱਡੀ ਗਿਣਤੀ ਵਿੱਚ ਟਰੱਕਿੰਗ ਅਤੇ ਟਰਾਂਸਪੋਰਟ ਕੰਪਨੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਛੋਟੀਆਂ ਪਰਿਵਾਰਕ ਕੰਪਨੀਆਂ ਤੋਂ ਲੈ ਕੇ ਵੱਡੀਆਂ ਅੰਤਰਰਾਸ਼ਟਰੀ ਟਰਾਂਸਪੋਰਟ ਕੰਪਨੀਆਂ ਤੱਕ ਸ਼ਾਮਲ ਹਨ। ਕਈ ਕੰਪਨੀਆਂ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਹੈਵੀ ਟਰੱਕ ਅਤੇ ਟ੍ਰੇਲਰ ਹਨ, ਜਦਕਿ ਕਈ ਛੋਟੇ ਕਾਰੋਬਾਰੀ 2 ਤੋਂ 10 ਟਰੱਕਾਂ ਨਾਲ ਆਪਣਾ ਕੰਮ ਚਲਾ ਰਹੇ ਹਨ।

ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਲੱਖਾਂ ਹੈਵੀ ਟਰੱਕ ਹਰ ਰੋਜ਼ ਸੜਕਾਂ ‘ਤੇ ਚੱਲਦੇ ਹਨ। ਇਨ੍ਹਾਂ ਟਰੱਕਾਂ ਨੂੰ ਚਲਾਉਣ ਲਈ ਵੱਡੀ ਗਿਣਤੀ ਵਿੱਚ ਡਰਾਈਵਰਾਂ ਦੀ ਲੋੜ ਪੈਂਦੀ ਹੈ। ਟਰੱਕਿੰਗ ਉਦਯੋਗ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲੱਖਾਂ ਲੋਕ ਜੁੜੇ ਹੋਏ ਹਨ। ਡਰਾਈਵਰਾਂ ਤੋਂ ਇਲਾਵਾ ਮਕੈਨਿਕ, ਡਿਸਪੈਚਰ, ਵੇਅਰਹਾਊਸ ਕਰਮਚਾਰੀ, ਸੁਰੱਖਿਆ ਅਧਿਕਾਰੀ ਅਤੇ ਦਫ਼ਤਰੀ ਸਟਾਫ ਵੀ ਇਸ ਉਦਯੋਗ ਦਾ ਮਹੱਤਵਪੂਰਨ ਹਿੱਸਾ ਹਨ।

ਕੈਨੇਡਾ ਦੇ ਲਾਂਗ-ਹੌਲ ਡਰਾਈਵਰ ਕਈ ਵਾਰ ਇੱਕ ਟ੍ਰਿਪ ਦੌਰਾਨ 3 ਹਜ਼ਾਰ ਤੋਂ 4 ਹਜ਼ਾਰ ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਲੈਂਦੇ ਹਨ। ਬ੍ਰਿਟਿਸ਼ ਕੋਲੰਬੀਆ ਤੋਂ ਓਂਟਾਰੀਓ ਜਾਂ ਕਿਊਬੈਕ ਤੱਕ ਸਮਾਨ ਲਿਜਾਣ ਵਾਲੇ ਡਰਾਈਵਰਾਂ ਨੂੰ ਕਈ ਦਿਨ ਲਗਾਤਾਰ ਹਾਈਵੇਅਜ਼ ‘ਤੇ ਰਹਿਣਾ ਪੈਂਦਾ ਹੈ। ਕੁਝ ਡਰਾਈਵਰ ਕੈਨੇਡਾ ਤੋਂ ਅਮਰੀਕਾ ਦੇ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਵਰਗੇ ਰਾਜਾਂ ਤੱਕ ਵੀ ਸਮਾਨ ਲੈ ਕੇ ਜਾਂਦੇ ਹਨ। ਟਰੱਕਿੰਗ ਉਦਯੋਗ ਦੀ ਸ਼ੁਰੂਆਤ ਕੈਨੇਡਾ ਵਿੱਚ ਪਿਛਲੀ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਹੋਈ ਸੀ, ਪਰ 1950 ਅਤੇ 1960 ਦੇ ਦਹਾਕਿਆਂ ਵਿੱਚ ਹਾਈਵੇ ਪ੍ਰਣਾਲੀ ਦੇ ਵਿਕਾਸ ਮਗਰੋਂ ਇਸ ਖੇਤਰ ਵਿੱਚ ਤੇਜ਼ੀ ਆਈ। ਟਰਾਂਸ-ਕੈਨੇਡਾ ਹਾਈਵੇ ਬਣਨ ਨਾਲ ਟਰੱਕਿੰਗ ਉਦਯੋਗ ਨੂੰ ਵੱਡਾ ਫਾਇਦਾ ਮਿਲਿਆ ਅਤੇ ਦੇਸ਼ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਵਿਚਕਾਰ ਸਮਾਨ ਦੀ ਢੋਆ-ਢੁਆਈ ਆਸਾਨ ਹੋ ਗਈ।

ਮਾਹਿਰਾਂ ਮੁਤਾਬਕ ਇੱਕ ਨਵਾਂ ਹੈਵੀ ਡਿਊਟੀ ਟਰੱਕ ਖਰੀਦਣ ਲਈ 2 ਲੱਖ ਤੋਂ 3 ਲੱਖ ਡਾਲਰ ਤੱਕ ਦਾ ਖਰਚਾ ਆ ਸਕਦਾ ਹੈ। ਇਸ ਤੋਂ ਇਲਾਵਾ ਇੰਸ਼ੋਰੈਂਸ, ਡੀਜ਼ਲ, ਟਾਇਰ, ਮੁਰੰਮਤ, ਪਰਮਿਟ ਅਤੇ ਹੋਰ ਖਰਚੇ ਵੀ ਕਾਫ਼ੀ ਵੱਡੇ ਹੁੰਦੇ ਹਨ। ਕਈ ਟਰੱਕ ਮਾਲਕਾਂ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਬੀਮੇ ਦੇ ਮਹਿੰਗੇ ਰੇਟਾਂ ਕਾਰਨ ਇਹ ਕਾਰੋਬਾਰ ਚਲਾਉਣਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਕੈਨੇਡਾ ਦੇ ਟਰੱਕਿੰਗ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੀ ਭੂਮਿਕਾ ਨੂੰ ਵੀ ਖਾਸ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਂਟਾਰੀਓ ਵਿੱਚ ਹਜ਼ਾਰਾਂ ਪੰਜਾਬੀ ਡਰਾਈਵਰ ਅਤੇ ਕਾਰੋਬਾਰੀ ਇਸ ਖੇਤਰ ਨਾਲ ਜੁੜੇ ਹੋਏ ਹਨ। ਕਈ ਪੰਜਾਬੀ ਪਰਿਵਾਰਾਂ ਨੇ ਇੱਕ ਟਰੱਕ ਤੋਂ ਸ਼ੁਰੂਆਤ ਕਰਕੇ ਅੱਜ ਦਰਜਨਾਂ ਅਤੇ ਸੈਂਕੜਿਆਂ ਟਰੱਕਾਂ ਵਾਲੀਆਂ ਕੰਪਨੀਆਂ ਖੜ੍ਹੀਆਂ ਕਰ ਲਈਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਲੈਕਟ੍ਰਿਕ ਅਤੇ ਸਵੈਚਾਲਿਤ ਟਰੱਕਾਂ ਦੇ ਆਉਣ ਨਾਲ ਇਸ ਉਦਯੋਗ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਸਦੇ ਬਾਵਜੂਦ ਮੌਜੂਦਾ ਸਮੇਂ ਵਿੱਚ ਟਰੱਕਿੰਗ ਉਦਯੋਗ ਕੈਨੇਡਾ ਦੀ ਅਰਥਵਿਵਸਥਾ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਦੇਸ਼ ਦੀਆਂ ਦੁਕਾਨਾਂ ਤੋਂ ਲੈ ਕੇ ਵੱਡੀਆਂ ਫੈਕਟਰੀਆਂ ਤੱਕ ਅੱਜ ਵੀ ਟਰੱਕਾਂ ਰਾਹੀਂ ਹੋਣ ਵਾਲੀ ਸਪਲਾਈ ‘ਤੇ ਨਿਰਭਰ ਹਨ।ਇਸਦੇ ਨਾਲ ਹੀ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਵੀ ਇਸ ਸਮੇਂ ਵਿਤੀ ਸੰਕਟ ਨਾਲ ਘਿਰੀ ਹੋਈ ਨਜ਼ਰ ਆ ਰਹੀ ਹੈ। ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਟੈਕਸਾਂ ਵਿੱਚ ਹੋਏ ਵਾਧੇ, ਬੀਮੇ ਦੇ ਮਹਿੰਗੇ ਖਰਚੇ ਅਤੇ ਘੱਟ ਰਹੇ ਲੋਡਾਂ ਕਾਰਨ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਭਾਰੀ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਛੋਟੀਆਂ ਟਰੱਕ ਕੰਪਨੀਆਂ ਲਈ ਖਰਚੇ ਕੱਢਣੇ ਵੀ ਮੁਸ਼ਕਲ ਬਣਦੇ ਜਾ ਰਹੇ ਹਨ, ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਇਸ  ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਟਰੱਕਿੰਗ ਇੰਡਸਟਰੀ ਨੂੰ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *