May 26, 2026
 ‘ਗੁਰੂ ਨਾਨਕ ਜਹਾਜ਼’ ਦੇ ਸਹੀ ਇਤਿਹਾਸ ਅਤੇ ਨਾਂ ਦੀ ਬਹਾਲੀ ‘ਤੇ ਖੁਸ਼ੀ ਦੀ ਲਹਿਰ–
ਵੈਨਕੂਵਰ ( ਡਾ ਗੁਰਵਿੰਦਰ ਸਿੰਘ)-: 23 ਮਈ 1914 ਨੂੰ ਬ੍ਰਿਟਿਸ਼ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ‘ਗੁਰੂ ਨਾਨਕ ਜਹਾਜ਼’ ਦੇ ਮੁਸਾਫਿਰਾਂ ਦੀ ਨਿੱਡਰ ਅਤੇ ਸੁਤੰਤਰ ਹਸਤੀ ਬਾਰੇ, ਵੈਨਕੂਵਰ ਸਮੁੰਦਰੀ ਤੱਟ ‘ਤੇ ਸ਼ਾਨਦਾਰ ਸਮਾਗਮ ਉਲੀਕਿਆ ਗਿਆ। ਇਸ ਮੌਕੇ ‘ਤੇ ਗੁਰੂ ਨਾਨਕ ਜਹਾਜ਼ ਦੇ ਅਸਲੀ ਇਤਿਹਾਸ ਅਤੇ ਨਾਂ ਦੀ ਬਹਾਲੀ ਲਈ ਵੈਨਕੂਵਰ ਸ਼ਹਿਰ ਵੱਲੋਂ ਜਾਰੀ ਐਲਾਨਨਾਮੇ ਅਤੇ ‘ਗੁਰੂ ਨਾਨਕ ਜਹਾਜ਼’ ਨਾਂ ‘ਤੇ ਸਥਾਪਿਤ ਹੋਏ ਸਮਾਰਕ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਵੈਨਕੂਵਰ ਦੇ ਮੇਅਰ ਕੈਨ ਸਿਮ ਅਤੇ ਪਾਰਕਸ ਬੋਰਡ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਕਿਹਾ ਕਿ ਵੈਨਕੂਵਰ ਸ਼ਹਿਰ ਵੱਲੋਂ 23 ਮਈ ‘ਗੁਰੂ ਨਾਨਕ ਜਹਾਜ਼ ( ਕਾਮਾਗਾਟਾਮਾਰੂ) ਦਿਹਾੜਾ ਦਰਜ ਕਰਨਾ ਮਾਣ ਵਾਲੀ ਗੱਲ ਹੈ। ਸਰੀ ਸ਼ਹਿਰ ਵੱਲੋਂ ਮੇਅਰ ਬਰਿੰਡਾ ਲੌਕ ਅਤੇ ਕੌਂਸਲ ‘ਗੁਰੂ ਨਾਨਕ ਜਹਾਜ਼’ ਨਾਂ ਬਹਾਲ ਕਰਦਿਆਂ ਪਹਿਲਾਂ ਹੀ ਐਲਾਨਨਾਮੇ ਜਾਰੀ ਕੀਤੇ ਹਨ।
      ਇੱਕ ਸਦੀ ਪਹਿਲਾਂ ਦੀ ਕੈਨੇਡਾ ਅਤੇ ਭਾਰਤ ਦੀ ਨਸਲੀ ਬ੍ਰਿਟਿਸ਼ ਸਰਕਾਰ ਅਤੇ ਨਸਲੀ ਮੀਡੀਏ ਵੱਲੋਂ ਜਪਾਨੀ ਕਾਰਪੋਰੇਟ ਸ਼ਿਪਿੰਗ ਕੰਪਨੀ ਦੇ ਨਾਂ ਕਾਮਾਗਾਟਾਮਾਰੂ ਨੂੰ ਪ੍ਰਚਾਰਨ ਅਤੇ ਸਾਂਝੇ ਪੰਜਾਬ ਦੇ ਮੁਸਾਫਰਾਂ ਵੱਲੋਂ ਰੱਖੇ ਗਏ ਗੁਰੂ ਨਾਨਕ ਜਹਾਜ਼ ਨਾਂ ਨੂੰ ਵਿਸਾਰਨ ਦੇ ਗੁਮਰਾਹਕੁਨ ਬਿਰਤਾਂਤ ਨੂੰ ਰੱਦ ਕਰਦਿਆਂ, ਕੈਨੇਡਾ ਦੇ ਸੈਨੇਟਰ ਅਤੇ ਕੈਨੇਡੀਅਨ ਪੁਲਿਸ ਵਿੱਚ ਦਸਤਾਰ ਦਾ ਕੇਸ ਜਿੱਤਣ ਵਾਲੇ ਸ. ਬਲਤੇਜ ਸਿੰਘ ਢਿੱਲੋਂ ਨੇ ਭੇਜੇ ਸੰਦੇਸ਼ ਵਿੱਚ ਕਿਹਾ ਕਿ ‘ਗੁਰੂ ਨਾਨਕ’ ਨਾਂ ਕੇਵਲ ਜਹਾਜ਼ ਦੀ ਪਛਾਣ ਨਹੀਂ, ਬਲਕਿ ਮਨੁੱਖੀ ਪਿਆਰ ਅਤੇ ਸਾਂਝ ਕਾਇਮ ਕਰਨ ਅਤੇ ਜਬਰ-ਜ਼ੁਲਮ ਤੇ ਨਸਲਵਾਦ ਖ਼ਿਲਾਫ਼ ਡਟਣ ਦਾ ਮਾਰਗ-ਦਰਸ਼ਨ ਹੈ। ਵੈਨਕੂਵਰ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੀ ਐਮਪੀ ਜੈਨੀ ਕਵਾਨ ਨੇ ਕਿਹਾ ਕਿ ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਜਾ ਕੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਲਈ ਹਰ ਜਦੋ-ਜਹਿਦ ਵਿੱਚ ਸ਼ਾਮਿਲ ਹੋਵੇਗੀ। ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਦਾ ਸੰਦੇਸ਼ ਸਾਂਝਾ ਕਰਦਿਆਂ ਐਬਸਫੋਰਡ ਲੈਂਗਲੀ ਤੋਂ ਐਮਪੀ ਸੁਖਮਨ ਸਿੰਘ ਗਿੱਲ ਨੇ ਗੁਰੂ ਨਾਨਕ ਜਹਾਜ਼ ਨਾਂ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਕੈਨੇਡਾ ਦੇ ਸੂਬੇ ਬੀਸੀ ਦੀ ਵਿਰੋਧੀ ਧਿਰ ਬੀਸੀ ਕੰਜ਼ਰਵਟਿਵ ਪਾਰਟੀ ਦੇ ਅੰਤਰਿਮ ਮੁਖੀ ਟ੍ਰੇਵਰ ਹੈਲਫੋਰਡ ਅਤੇ ਸਰੀ ਨੌਰਥ ਤੋਂ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ ਸਹੀ ਪਛਾਣ ਦੀ ਕਾਇਮੀ ਅਤੇ ਵਿਦਿਅਕ ਸਿਲੇਬਸਾਂ ਵਿੱਚ ਗੁਰੂ ਨਾਨਕ ਜਹਾਜ਼ ਦੇ ਸਹੀ ਇਤਿਹਾਸ ਪੜਾਉਣ ਲਈ ਬੀਜੀ ਅਸੈਂਬਲੀ ਵਿੱਚ ਆਵਾਜ਼ ਉਠਾਉਣ ਦੀ ਵਚਨਵੱਧਤਾ ਪ੍ਰਗਟਾਈ। ਵੈਨਕੂਵਰ ਤੋਂ ਐਨਡੀਪੀ ਦੇ ਐਮਐਲਏ ਜੌਰਜ ਚਾਓ ਨੇ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਮਾਨਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਇਸ ਦੀ ਮੁਕੰਮਲ ਬਹਾਲੀ ਦਾ ਅਹਿਦ ਲਿਆ।
      ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਬਾਬਾ ਗੁਰਦਿੱਤ ਸਿੰਘ ਵੱਲੋਂ ਕਿਰਾਏ ‘ਤੇ ਲਏ ਗਏ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਸੀ, ਤਾਂ ਇਤਿਹਾਸਕਾਰਾਂ, ਮੀਡੀਆਕਾਰਾਂ ਅਤੇ ਸਿਆਸਤਦਾਨਾਂ ਨੂੰ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਚਾਹੀਦਾ ਹੈ। ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਭੰਡਾਲ ਨੇ ਵੈਨਕੂਵਰ ਸਿਟੀ ਕੌਂਸਲ ਵੱਲੋਂ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਤੇ ਐਲਾਨਨਾਮਾ ਕਰਨ ਅਤੇ ਯਾਦਗਾਰੀ ਸਮਾਰਕ ਦਾ ਨਾਂ ਗੁਰੂ ਨਾਨਕ ਜਹਾਜ਼ ਦੇ ਨਾਂ ‘ਤੇ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਿਆਸੀ ਹਸਤੀਆਂ ਤੋਂ ਇਲਾਵਾ, ਵੱਖ-ਵੱਖ ਸੰਸਥਾਵਾਂ, ਉਘੀਆਂ ਸ਼ਖਸ਼ੀਅਤਾਂ ਅਤੇ ਨੌਜਵਾਨ, ਬੱਚੇ ਅਤੇ ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਮੁੱਖ ਗ੍ਰੰਥੀ ਅਤੇ ਸਿੱਖ ਵਿਦਵਾਨ ਭਾਈ ਜਸਵੀਰ ਸਿੰਘ ਨੇ ਸਮਾਗਮ ਦੀ ਆਰੰਭਤਾ ਦੀ ਅਰਦਾਸ ਕੀਤੀ ਅਤੇ ਦਸ਼ਮੇਸ਼ ਪੰਜਾਬੀ ਸਕੂਲ ਐਬਸਫੋਰਡ ਦੇ ਬੱਚਿਆਂ ਨੇ ‘ਓ ਕੈਨੇਡਾ’ ਅਤੇ ਗੁਰੂ ਨਾਨਕ ਜਹਾਜ਼ ਦੇ ਸਬੰਧ ‘ਚ ਖੂਬਸੂਰਤ ਗੀਤ ਗਾਇਆ ਕੀਤਾ।
          ਸਮਾਗਮ ਦੇ ਮੁੱਖ ਮਨੋਰਥ ਵਜੋਂ ਗੁਰੂ ਨਾਨਕ ਜਹਾਜ਼ ਦੀ ਮੌਜੂਦਗੀ ਸਬੰਧੀ ਅਹਿਮ ਮਤੇ ਪਾਸ ਕੀਤੇ, ਜਿਨਾਂ ਵਿੱਚ ਕੈਨੇਡਾ ਸਰਕਾਰ ਵੱਲੋਂ ਮੰਗੀ ਗਈ ਮੁਆਫ਼ੀ ਦੀ ਸ਼ਬਦਾਵਲੀ ਵਿੱਚ ਮੁੱਖ ਨਾਂ ‘ਗੁਰੂ ਨਾਨਕ ਜਹਾਜ’ ਕਰਨ, ਸਰਕਾਰ ਵੱਲੋਂ 23 ਮਈ ਦਾ ਦਿਨ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਪੱਕੇ ਤੌਰ ਤੇ ਐਲਾਨਣ, ਅਜਾਇਬ ਘਰਾਂ, ਵਿਦਿਅਕ ਅਦਾਰੇ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਗੁਰੂ ਨਾਨਕ ਜਹਾਜ਼ ਦਾ ਸਹੀ ਇਤਿਹਾਸ ਸਾਂਝਾ ਕਰਨ ਅਤੇ ਨਸਲੀ ਧੱਕੇਸ਼ਾਹੀ ਸਬੰਧੀ ਇਸ ਕਾਰਜ ਨੂੰ ਪਹਿਲ ਕਦਮੀ ਵਜੋਂ ਦਰਜ ਕਰਨ ਦੀਆਂ ਮੰਗਾਂ ਸ਼ਾਮਿਲ ਕੀਤੀਆਂ ਗਈਆਂ। ਇਹ ਮਤੇ ਅੰਗਰੇਜ਼ੀ ਵਿੱਚ ਵਕੀਲ ਜਸਪ੍ਰੀਤ ਸਿੰਘ, ਪੰਜਾਬੀ ਵਿੱਚ ਤਜਿੰਦਰਪਾਲ ਸਿੰਘ ਤੇ ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਵੱਲੋਂ ਪੜੇ ਗਏ ਅਤੇ ਸਾਰਿਆਂ ਵੱਲੋਂ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਲਈ ਗਈ। ਹਾਜ਼ਰ ਸ਼ਖਸ਼ੀਅਤਾਂ ਵੱਲੋਂ ਬੀਸੀ ਅਤੇ ਕੈਨੇਡਾ ਵਾਂਗ, ਪੰਜਾਬ ਦੀ ਵਿਧਾਨ ਸਭਾ ਅਤੇ ਭਾਰਤ ਦੀ ਸੰਸਦ ਵਿੱਚ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਸਹੀ ਰੂਪ ਵਿੱਚ ਚੇਤੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਅਪਰਾਧਿਕ ਰਿਕਾਰਡ ਖਤਮ ਕਰਨ ਅਤੇ ਸ਼ਹੀਦ ਐਲਾਨੇ ਜਾਣ ਲਈ ਆਵਾਜ਼ ਉਠਾਈ ਗਈ। ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਬਹਾਲੀ ਲਈ ਕਰੀਬ 50 ਸੰਸਥਾਵਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੌਰਾਨ ਗੁਰਦੁਆਰਾ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਤੋਂ ਇਲਾਵਾ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ, ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟਮਿਨਿਸਟਰ, ਗੁਰੂ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ, ਗੁਰਦੁਆਰਾ ਸਾਹਿਬ ਬੁਕਸਾਈਡ ਸਰੀ, ਨਾਨਕਸਰ ਵਿੱਚ ਰਿਚਮੰਡ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਰੀ ਸਮੇਤ ਸਾਹਿਤਕ, ਸਭਿਆਚਾਰਕ ਅਤੇ ਖੇਡ ਸੰਸਥਾਵਾਂ ਨੇ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਦਾ ਪ੍ਰਣ ਕੀਤਾ। ਗੁਰਦੁਆਰਾ ਸੰਸਥਾਵਾਂ ਤੋਂ ਇਲਾਵਾ ਨਾਮਵਰ ਸ਼ਖਸੀਅਤ ਡਾ ਜਸਜੋਤ ਸਿੰਘ ਮਾਨ, ਪਾਕਿਸਤਾਨ ਦੀ ਰਾਜਸੀ ਸ਼ਖਸ਼ੀਅਤ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ੳੱਲਾ ਖਾਨ, ਬੀਸੀ ਫੇਰੀ ਵਿੱਚ ਦਸਤਾਰ ਦਾ ਕੇਸ ਜਿੱਤਣ ਵਾਲੇ ਕਰਮਵੀਰ ਸਿੰਘ ਕੰਗ, ਵਰਲਡ ਸਿੱਖ ਆਰਗਨਾਈਜੇਸ਼ਨ ਵੱਲੋਂ ਅਰਜਨ ਸਿੰਘ ਤੂਰ, ਖਾਲਸਾ ਏ ਵੱਲੋਂ ਜਿੰਦੀ ਸਿੰਘ,ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭੁਪਿੰਦਰ ਸਿੰਘ ਮੱਲੀ, ਹਰਭਜਨ ਸਿੰਘ ਗਿੱਲ, ਇੰਜੀਨੀਅਰ ਜਗਰੂਪ ਸਿੰਘ ਖੇੜਾ, ਨੌਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ ਦੇ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਸਮੇਤ ਅਹਿਮ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ।
       ਖਾਲਸਾ ਸਕੂਲਾਂ ਦੇ ਬੱਚਿਆਂ ਤੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਦਿਖਾਏ ਅਤੇ ਯੋਧਿਆਂ ਦੀਆਂ ਢਾਡੀ ਵਾਰਾਂ ਸਰਵਣ ਕਰਾਈਆਂ।ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ਸਿੱਖ ਮੋਟਰ ਸਾਈਕਲ ਸਵਾਰਾਂ ਦੇ ਕਲੱਬਾਂ, ਸਿੱਖ ਰਾਈਡਰਜ਼, ਸਿੱਖ ਰਾਈਡਰਜ਼ ਲੀਜੈਂਡਰੀ ਤੇ ਖਾਲਸਾ ਕ੍ਰੈਡਿਟ ਯੂਨੀਅਨ ਨੇ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ ਲਵਾਈ। ਪ੍ਰੋਗਰਾਮ ਦੀ ਸਫਲਤਾ ਲਈ ਪੰਜਾਬੀ ਮੀਡੀਆ ਦੇ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ਦਾ ਭਰਪੂਰ ਸਹਿਯੋਗ ਰਿਹਾ। ਸਮਾਗਮ ਦਾ ਸੰਚਾਲਨ ਸਾਹਿਬ ਕੌਰ ਧਾਲੀਵਾਲ ਨੇ ਭਾਵਪੂਰਤ ਢੰਗ ਨਾਲ ਕੀਤਾ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿਚ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ‘ਤੇ ਮਹਾਨ ਚਿੱਤਰਕਾਰ ਮਰਹੂਮ ਸ ਜਰਨੈਲ ਸਿੰਘ ਦੀਆਂ ਗੁਰੂ ਨਾਨਕ ਜਹਾਜ਼ ਦੇ ਸਫ਼ਰ ਸਬੰਧੀ ਸ਼ਾਨਦਾਰ ਪੇਂਟਿੰਗਾਂ ਖਿੱਚਦਾ ਕੇਂਦਰ ਬਣੀਆਂ। ਸਮੂਹ ਸੰਗਤਾਂ, ਸਹਿਯੋਗੀਆਂ ਦਾ ਧੰਨਵਾਦ ਬੀਸੀ ਖਾਲਸਾ ਦਰਬਾਰ ਵੱਲੋਂ ਭਾਈ ਹਰਿੰਦਰ ਸਿੰਘ ਸੋਹੀ ਵੱਲੋਂ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲਿਆ ਇਹ ਪ੍ਰੋਗਰਾਮ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਸਦਕਾ ਯਾਦਗਾਰੀ ਹੋ ਨਿਬੜਿਆ ਅਤੇ ਪੰਜਾਬੀਆਂ ਤੋਂ ਇਲਾਵਾ, ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਇਸ ਦਾ ਆਨੰਦ ਮਾਣਿਆ।
ਤਸਵੀਰਾਂ : ਗੁਰੂ ਨਾਨਕ ਜਹਾਜ਼ ਦੇ 112 ਸਾਲਾ ਯਾਦਗਾਰੀ ਸਮਾਗਮ ਦੀਆਂ ਤਸਵੀਰਾਂ।

Leave a Reply

Your email address will not be published. Required fields are marked *