ਸ਼ੰਘਈ /ਚੀਨ-( ਬਾਲਮ ) ਡਾਕਟਰ ਸੁਰਿੰਦਰ ਸਿੰਘ ਗਿੱਲ ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂਐਸਏ ਨੂੰ ਸ਼ੰਘਾਈ, ਚੀਨ ਵਿਖੇ ਹੋਏ ਵਿਸ਼ਾਲ ਅੰਤਰਰਾਸ਼ਟਰੀ ਗਾਲਾ ਸਮਾਗਮ ਦੌਰਾਨ ਮਾਣਯੋਗ “ਗਲੋਬਲ ਪੀਸ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀਈਓ, ਸਮਾਜਿਕ ਆਗੂ, ਡਿਪਲੋਮੈਟ ਅਤੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਏ।
ਇਹ ਅਵਾਰਡ ਡਾ. ਗਿੱਲ ਨੂੰ ਵਿਸ਼ਵ ਪੱਧਰ ’ਤੇ ਅਮਨ, ਭਾਈਚਾਰਕ ਸਾਂਝ, ਆਪਸੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਯੋਗਦਾਨ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ। ਚੋਣ ਕਮੇਟੀ ਵੱਲੋਂ ਕੋਰੀਆ, ਪਾਕਿਸਤਾਨ, ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਅਮਨ ਅਤੇ ਆਪਸੀ ਸਹਿਯੋਗ ਲਈ ਕੀਤੀਆਂ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ ’ਤੇ ਮਾਨਤਾ ਦਿੱਤੀ ਗਈ।
ਸਮਾਗਮ ਦੌਰਾਨ ਵਕਤਾਵਾਂ ਨੇ ਕਿਹਾ ਕਿ ਡਾ. ਗਿੱਲ ਨੇ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ਾਂ ਵਿਚਕਾਰ ਸੰਵਾਦ, ਸਾਂਝ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਸ਼ਾਂਤੀ ਮਿਸ਼ਨ ਅਤੇ ਲੀਡਰਸ਼ਿਪ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਡਾ. ਗਿੱਲ ਨੇ ਸੀਈਓ ਕਲੱਬ ਟੀਮ, ਆਯੋਜਕਾਂ ਅਤੇ ਚੋਣ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ:
“ਮੈਂ ਆਯੋਜਕਾਂ, ਵਿਸ਼ਵ ਆਗੂਆਂ, ਦੋਸਤਾਂ ਅਤੇ ਸਮਰਥਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਨਮਾਨ ਮੈਨੂੰ ਅਮਨ, ਲੀਡਰਸ਼ਿਪ ਅਤੇ ਵਿਸ਼ਵ ਪੱਧਰੀ ਸਹਿਯੋਗ ਲਈ ਹੋਰ ਵੱਧ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਵਿੱਚ ਅਮਨ ਅਤੇ ਆਪਸੀ ਸਤਿਕਾਰ ਹੀ ਤਰੱਕੀ ਅਤੇ ਮਜ਼ਬੂਤ ਸਮਾਜ ਦੀ ਨੀਂਹ ਹਨ ਅਤੇ ਵਿਸ਼ਵ ਆਗੂਆਂ ਨੂੰ ਮਿਲਜੁਲ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਸ਼ੰਘਾਈ ਵਿੱਚ ਹੋਇਆ ਇਹ ਗਾਲਾ ਸਮਾਗਮ ਅੰਤਰਰਾਸ਼ਟਰੀ ਕਾਰੋਬਾਰੀ ਕਾਨਫਰੰਸ ਦਾ ਵਿਸ਼ੇਸ਼ ਆਕਰਸ਼ਣ ਬਣਿਆ, ਜਿੱਥੇ ਵਿਸ਼ਵ ਪੱਧਰ ’ਤੇ ਕਾਰੋਬਾਰ, ਤਕਨਾਲੋਜੀ, ਏਆਈ ਅਤੇ ਲੀਡਰਸ਼ਿਪ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਜ਼ਰ ਸ਼ਖਸੀਅਤਾਂ ਨੇ ਡਾ. ਗਿੱਲ ਨੂੰ ਇਸ ਵਿਸ਼ੇਸ਼ ਸਨਮਾਨ ਲਈ ਵਧਾਈ ਦਿੱਤੀ।
ਇਸ ਸਨਮਾਨ ਨਾਲ ਇੰਟਰਨੈਸ਼ਨਲ ਫੋਰਮ ਯੂਐਸਏ ਅਤੇ ਵਿਸ਼ਵ ਭਰ ਵਿੱਚ ਅਮਨ ਅਤੇ ਮਨੁੱਖਤਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਮਾਣ ਹੋਰ ਵਧਿਆ ਹੈ।
ਬਲਵਿੰਦਰ ਬਾਲਮ
ਗੁਰਦਾਸਪੁਰ
