ਨਿਕਟ ਵਿਰੋਧੀ ਕੈਰੋਲਿਨ ਇਲੀਅਟ ਨੂੰ 51 ਪ੍ਰਤੀਸ਼ਤ ਵੋਟਾਂ ਲੈਕੇ ਹਰਾਇਆ-
ਵੈਨਕੂਵਰ ( ਦੇੇ ਪ੍ਰ ਬਿ)- ਸਾਬਕਾ ਕੰਸਰਵੇਟਿਵ ਐਮ ਪੀ ਕੈਰੀ-ਲਿਨ ਫਿੰਡਲੇ ਬੀ ਸੀ ਕੰਸਰਵੇਟਿਵ ਪਾਰਟੀ ਦੀ ਨਵੀਂ ਆਗੂ ਚੁਣੀ ਗਈ ਹੈ। ਅੱਜ ਸ਼ਾਮ ਆਏ ਵੋਟਿੰਗ ਨਤੀਜਿਆਂ ਦੌਰਾਨ ਕੈਰੀ ਲਿਨ ਫਿੰਡਲੇ ਨੇ ਆਪਣੀ ਨਿਕਟ ਵਿਰੋਧੀ ਉਮੀਦਵਾਰ ਕੈਰੋਲਿਨ ਇਲੀਅਟ ਨੂੰ ਹਰਾਇਆ ਜਦੋਂਕਿ ਬਾਕੀ ਉਮੀਦਵਾਰ ਜਿਹਨਾਂ ਵਿਚ ਕੈਪੀਲਾਨੋ ਯੂਨੀਵਰਸਿਟੀ ਦੇ ਚਾਂਸਲਰ ਯੂਰੀ ਫੁਲਮਰ, ਕੈਮਲੂਪਸ ਸੈਂਟਰ ਦੇ ਵਿਧਾਇਕ ਪੀਟਰ ਮਿਲੋਬਾਰ ਅਤੇ ਸਾਬਕਾ ਬੀ.ਸੀ. ਲਿਬਰਲ ਮੰਤਰੀ ਇਆਨ ਬਲੈਕ ਸ਼ਾਮਿਲ ਹਨ, ਆਖਰੀ ਦੌਰ ਦੀਆਂ ਵੋਟਾਂ ਵਿਚ ਪਿਛੜ ਗਏ। ਫਿੰਡਲੇ ਨੇ ਲੀਡਰਸ਼ਿਪ ਦੌੜ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਿਸ ਵਿੱਚ ਉਸਨੇ ਐਲੀਅਟ ਦੇ 49 ਪ੍ਰਤੀਸ਼ਤ ਦੇ ਮੁਕਾਬਲੇ 51 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ।
ਵੋਟਿੰਗ ਤਰਜੀਹੀ ਵੋਟ ਦੁਆਰਾ ਕੀਤੀ ਗਈ ਸੀ, ਨਿਯਮਾਂ ਦੇ ਅਨੁਸਾਰ ਜੇਕਰ ਕੋਈ ਵੀ ਉਮੀਦਵਾਰ 50 ਪ੍ਰਤੀਸ਼ਤ ਵੋਟਾਂ ਤੱਕ ਸਿੱਧੇ ਤੌਰ ‘ਤੇ ਨਹੀਂ ਪਹੁੰਚਦਾ ਸੀ, ਤਾਂ ਸਭ ਤੋਂ ਘੱਟ ਵੋਟਾਂ ਵਾਲੇ ਉਮੀਦਵਾਰ ਨੂੰ ਬਾਹਰ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਦੂਜੇ ਸਥਾਨ ਵਾਲੀਆਂ ਵੋਟਾਂ ਨੂੰ ਦੁਬਾਰਾ ਵੰਡਿਆ ਜਾਂਦਾ ਸੀ। ਵੋਟਾਂ ਦੀ ਗਿਣਤੀ ਦੌਰਾਨ ਪੀਟਰ ਮਿਲੋਬਾਰ 10.5 ਪ੍ਰਤੀਸ਼ਤ ਨਾਲ ਸਭ ਤੋਂ ਆਖਰ ‘ਤੇ ਸੀ, ਫਿਰ ਫੁਲਮਰ 13.9 ਪ੍ਰਤੀਸ਼ਤ ਨਾਲ, ਅਤੇ ਅੰਤ ਵਿੱਚ ਇਆਨ ਬਲੈਕ, ਜਿਸ ਕੋਲ ਤੀਜੇ ਦੌਰ ਤੋਂ ਬਾਅਦ 30 ਪ੍ਰਤੀਸ਼ਤ ਵੋਟਾਂ ਸਨ, ਮੁਕਾਬਲੇ ਤੋਂ ਬਾਹਰ ਹੋ ਗਏ।
ਅੱਜ ਸ਼ਾਮ ਵੈਨਕੂਵਰ ਰੌਕੀ ਮਾਊਂਟੇਨੀਅਰ ਸਟੇਸ਼ਨ ਵਿਖੇ ਲੀਡਰਸ਼ਿਪ ਚੋਣਾਂ ਤੇ ਨਤੀਜੇ ਐਲਾਨੇ ਜਾਣ ਤੋਂ ਬਾਦ ਕੈਰੀ ਲਿਨ ਫਿੰਡਲੇ ਨੇ ਆਪਣੀ ਚੋਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀ ਸੀ ਸਾਡਾ ਘਰ ਹੈ ਪਰ ਐਨ ਡੀ ਪੀ ਸਰਕਾਰ ਦੇ ਹੁੰਦਿਆਂ ਇਥੇ ਸਾਡੇ ਘਰ, ਸਾਡੇ ਵਿਅਕਤੀਗਤ ਅਧਿਕਾਰ, ਸਾਡੀਆਂ ਜਾਇਦਾਦਾਂ ਦਾਅ ‘ਤੇ ਲੱਗੀਆਂ ਹੋਈਆਂ ਹਨ।
ਕੈਰੀ ਲਿਨ ਫਿੰਡਲੇ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਮੇ ਕੈਬਨਿਟ ਮੰਤਰੀ ਰਹਿ ਚੁੱਕੀ ਹੈ, ਹੁਣ ਬੀਸੀ ਕੰਸਰਵੇਟਿਵ ਦੀ ਨਵੀਂ ਆਗੂ ਹੋਵੇਗੀ। ਉਸਨੂੰ ਬੀਸੀ ਲੈਜਿਸਲੇਚਰ ਵਿਚ ਬੈਠਣ ਲਈ ਉਪ ਚੋਣ ਲੜਨੀ ਪਵੇਗੀ। ਉਹਨਾਂ ਦੇ ਪਤੀ ਬਰੈਂਟ ਚੈਪਮੈਨ ਇਸ ਸਮੇ ਸਾਉਥ ਸਰੀ ਤੋਂ ਕੰਸਰਵੇਟਿਵ ਐਮ ਐਲ ਏ ਹਨ। ਕਿਆਸ ਅਰਾਈਆਂ ਹਨ ਕਿ ਉਹਨਾਂ ਦੇ ਪਤੀ ਉਹਨਾਂ ਲਈ ਇਥੋ ਸੀਟ ਖਾਲੀ ਕਰ ਸਕਦੇ ਹਨ। ਫਿੰਡਲੇ ਨੇ 2011 ਤੋਂ 2025 ਤੱਕ ਸੰਸਦ ਵਿੱਚ ਤਿੰਨ ਵਾਰ ਵਾਈਟ ਰੌਕ ਸਾਉਥ ਸਰੀ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਉਹ ਹਾਰਪਰ ਸਰਕਾਰ ਵਿਚ ਰੈਵਨਿਊ ਮਨਿਸਟਰ, ਐਸੋਸੀਏਟ ਮਨਿਸਟਰ ਅਤੇ ਨਿਆਂ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹਨਾਂ ਨੇ ਕੰਸਰਵੇਟਿਵ ਆਗੂ ਪੀਅਰ ਪੋਇਲੀਵਰ ਦੇ ਨਾਲ ਮੁੱਖ ਵਿਰੋਧੀ ਵ੍ਹਿਪ ਵਜੋਂ ਸੇਵਾ ਵੀ ਨਿਭਾਈ ਹੈ।
