Jun 1, 2026

ਸੰਗਤ ਦੇ ਸਹਿਯੋਗ ਨਾਲ ਸੈਂਕੜਿਆਂ ਪਰਿਵਾਰਾਂ ਤੱਕ ਪਹੁੰਚ ਰਹੀ ਹੈ ਮਦਦ-

ਕੈਲਗਰੀ ( ਦਲਵੀਰ ਜੱਲੋਵਾਲੀਆ ) -ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ (DCC) ਦਾ ਫੂਡ ਬੈਂਕ ਲੋੜਵੰਦ ਪਰਿਵਾਰਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਆਸ ਦੀ ਕਿਰਣ ਬਣਿਆ ਹੋਇਆ ਹੈ। “ਦਿ ਡੀਸੀਸੀ ਫੂਡ ਬੈਂਕ – ਹਿਅਰ ਟੂ ਹੈਲਪ” ਦੇ ਨਾਅਰੇ ਹੇਠ ਚੱਲ ਰਹੀ ਇਸ ਸੇਵਾ ਰਾਹੀਂ ਇਸ ਮਹੀਨੇ 800 ਤੋਂ ਵੱਧ ਵਿਅਕਤੀਆਂ ਦੀ ਸਹਾਇਤਾ ਕੀਤੀ ਅਤੇ ਕਰੀਬ 4,200 ਪੌਂਡ ਖੁਰਾਕ ਸਮੱਗਰੀ ਵੰਡੀ ਗਈ।
ਫੂਡ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 52.5 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋ ਭਾਈਚਾਰੇ ਵਿੱਚ ਵਧ ਰਹੀ ਲੋੜ ਨੂੰ ਦਰਸਾਉਂਦਾ ਹੈ। ਇਸ ਵੇਲੇ ਫੂਡ ਬੈਂਕ ਕੋਲ ਖੁਰਾਕ ਅਤੇ ਸਫਾਈ ਸਮੱਗਰੀ ਦਾ ਭੰਡਾਰ ਘੱਟ ਹੋਣ ਕਾਰਨ ਸੰਗਤ ਅਤੇ ਭਾਈਚਾਰੇ ਨੂੰ ਦਾਨ ਲਈ ਅਪੀਲ ਕੀਤੀ ਗਈ ਹੈ। ਸਭ ਤੋਂ ਵੱਧ ਲੋੜੀਂਦੀਆਂ ਵਸਤਾਂ ਵਿੱਚ ਸੀਰੀਅਲ, ਪਾਸਤਾ, ਪੋਹਾ, ਕੁਇਨੋਆ, ਡੱਬਾਬੰਦ ਫਲ ਤੇ ਸਬਜ਼ੀਆਂ, ਸਨੈਕਸ, ਬਿਸਕੁਟ, ਜੂਸ ਪੈਕ, ਡਾਇਪਰ ਅਤੇ ਮਹਿਲਾ ਸਫਾਈ ਉਤਪਾਦ ਸ਼ਾਮਲ ਹਨ। ਇਸ ਤੋਂ ਇਲਾਵਾ ਆਰਥਿਕ ਯੋਗਦਾਨ ਵੀ ਸਵੀਕਾਰ ਕੀਤੇ ਜਾ ਰਹੇ ਹਨ ਤਾਂ ਜੋ ਲੋੜੀਂਦੀ ਸਮੱਗਰੀ ਵੱਡੀ ਮਾਤਰਾ ਵਿੱਚ ਖਰੀਦੀ ਜਾ ਸਕੇ। ਫੂਡ ਬੈਂਕ ਕੋਆਰਡੀਨੇਟਰ ਸਤਵੀਰ ਕੌਰ ਅਤੇ ਟੀਮ ਮੈਂਬਰ ਬਲਵਿੰਦਰ ਸਿੰਘ ਮਾਂਗਟ, ਨਵਦੀਪ ਸਿੰਘ ਚਹਿਲ, ਦਵਿੰਦਰ ਸਿੰਘ ਖਹਿਰਾ ਅਤੇ ਯਾਦਵਿੰਦਰ ਸਿੰਘ ਜਵੰਦਾ ਵਾਈਸ ਪ੍ਰਧਾਨ ਨੇ ਸੰਗਤ ਅਤੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੇ ਸਮੇਂ ਵਿੱਚ ਤੁਹਾਡੇ ਵੱਲੋਂ ਦਿੱਤੀ ਗਈ ਸਹਾਇਤਾ ਹੀ ਨਿਆਸਰਿਆਂ ਦਾ ਅਸਲ ਸਹਾਰਾ ਹੈ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਕਮੇਟੀ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੇਵਾ ਨਾਲ ਜੁੜ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *