Jun 6, 2026

ਚੌਂਕ ਮਹਿਤਾ, 06 ਜੂਨ ( ਦਵਿੰਦਰ ਸਿੰਘ ਭੰਗੂ )- — ਜੂਨ 1984 ਦੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਮਨਾਈ ਗਈ। ਇਸ ਮੌਕੇ ਲਾਮਿਸਾਲ ਇਕੱਤਰਤਾ ਰਾਹੀਂ ਸ਼ਹੀਦਾਂ ਨੂੰ ਸਿੱਜਦਾ ਕੀਤਾ ਗਿਆ।
ਅੰਤਰਰਾਸ਼ਟਰੀ ਪੱਧਰ ’ਤੇ ਹੋਏ ਇਸ ਸਮਾਗਮ ਦੌਰਾਨ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ, ਜਿਸ ਵਿੱਚ ਸੰਤ ਸਮਾਜ ਦੇ ਸੰਤ-ਮਹਾਂਪੁਰਸ਼ਾਂ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਮੈਂਬਰਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਇਸ ਮੌਕੇ ਸੰਤ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਤੋਂ ਇਲਾਵਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਵਾਰ ਵਿਸ਼ੇਸ਼ ‘ਸੇਵਾ ਰਤਨ ਸਨਮਾਨ’ ਸੰਤ ਬਾਬਾ ਰਾਮ ਸਿੰਘ ਰਿਸ਼ੀਕੇਸ਼ ਨੂੰ ਦਿੱਤਾ ਗਿਆ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਕਾਲ ਤੋਂ ਬਾਅਦ ਜੇ ਕਿਸੇ ਮਹਾਨ ਸਿੱਖ ਸ਼ਖਸੀਅਤ ਨੂੰ ਸਭ ਤੋਂ ਵੱਧ ਸਤਿਕਾਰ ਅਤੇ ਸਨਮਾਨ ਪ੍ਰਾਪਤ ਹੋਇਆ ਹੈ, ਤਾਂ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਹਿੱਸੇ ਆਇਆ ਹੈ।
ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਸਿੱਖ ਕੌਮ ਦੀ ਅਣਖ ਨੂੰ ਮਲੀਆਮੇਟ ਕਰਨ ਲਈ ਬੜੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਤਤਕਾਲੀ ਇੰਦਰਾ ਗਾਂਧੀ ਦੀ ਕਾਂਗਰਸ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 37 ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਕਰਦਿਆਂ ਦਮਦਮੀ ਟਕਸਾਲ ਦੇ ਸੂਰਬੀਰ ਯੋਧਿਆਂ ਨੇ ਡੱਟ ਕੇ ਜਬਰ ਤੇ ਜ਼ੁਲਮ ਦਾ ਸਾਹਮਣਾ ਕੀਤਾ ਅਤੇ ਸਰਕਾਰੀ ਹੁਕਮਾਂ ਅੱਗੇ ਝੁਕਣ ਦੀ ਬਜਾਏ ਹੱਸਦਿਆਂ ਸ਼ਹਾਦਤਾਂ ਦਾ ਜਾਮ ਪੀਤਾ। ਇਸ ਫ਼ੌਜੀ ਹਮਲੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੈਂਕੜੇ ਬੇਕਸੂਰ ਸੰਗਤਾਂ ਵੀ ਇਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਈਆਂ।
ਇਸ ਮੌਕੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਅਤੇ ਬੇਹੁਰਮਤੀ ਦਾ ਬਦਲਾ ਲੈਣ ਵਾਲੇ ਭਾਈ ਕੇਹਰ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਮ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ ਵੀ ਠੋਸ ਅਤੇ ਗੰਭੀਰ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਸਾਫ਼, ਸੰਵਾਦ ਅਤੇ ਸੰਵਿਧਾਨਕ ਹੱਕਾਂ ਦੇ ਸਤਿਕਾਰ ਰਾਹੀਂ ਹੀ ਪੰਜਾਬ ਅਤੇ ਦੇਸ਼ ਦੀ ਏਕਤਾ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅਤੇ ਸਿੰਘ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੁਰਧਾਮਾਂ ਦੀ ਰੱਖਿਆ ਖ਼ਾਤਰ ਚੜ੍ਹ ਕੇ ਆਈ ਭਾਰਤੀ ਫ਼ੌਜ ਦਾ ਟਾਕਰਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਈਨ ਨਾ ਮੰਨੀ। ਉਨ੍ਹਾਂ ਕਿਹਾ ਕਿ ਇਹ ਮਾਣਮੱਤੀ ਸ਼ਹੀਦੀਆਂ ਦਮਦਮੀ ਟਕਸਾਲ ਦੀ ਵਿਰਾਸਤ ਹਨ ਅਤੇ ਇਸ ਸੰਸਥਾ ਦਾ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਹਮੇਸ਼ਾਂ ਸਾਰਥਕ ਭੂਮਿਕਾ ਨਿਭਾਈ ਹੈ ਅਤੇ ਸਿਧਾਂਤਾਂ ’ਤੇ ਚੱਲਦਿਆਂ ਬਾਣੀ ਤੇ ਬਾਣੇ ਦਾ ਸਤਿਕਾਰ ਬਰਕਰਾਰ ਰੱਖਦੇ ਹੋਏ ‘ਸ਼ਬਦ’ ਗੁਰੂ ਦੇ ਪ੍ਰਚਾਰ ਅਤੇ ‘ਪੰਥ’ ਦੇ ਪ੍ਰਸਾਰ ਲਈ ਵੱਡੀਆਂ ਸੇਵਾਵਾਂ ਕੀਤੀਆਂ ਹਨ, ਜੋ ਨਿਰੰਤਰ ਜਾਰੀ ਹਨ।
ਪਾਵਨ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਵੱਲੋਂ ਪਹੁੰਚੇ ਗਿਆਨੀ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਕੀਤੀ ਗਈ ਬੰਦਗੀ ਅਤੇ ਸੇਵਾ ਦਾ ਵਿਸ਼ੇਸ਼ ਜ਼ਿਕਰ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਕਸਾਲ ਅੱਜ ਵੀ ਬਾਣੀ, ਬਾਣੇ ਅਤੇ ਸਿੱਖ ਸਿਧਾਂਤਾਂ ਨਾਲ ਸੰਗਤਾਂ ਨੂੰ ਜੋੜਨ ਦਾ ਮਹਾਨ ਕਾਰਜ ਨਿਰੰਤਰ ਨਿਭਾ ਰਹੀ ਹੈ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਦੇਸ਼-ਵਿਦੇਸ਼ ਵਿੱਚ ਵਿਸ਼ਾਲ ਪ੍ਰਭਾਵ ਹੈ ਅਤੇ ਇਹ ਸੰਸਥਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।।
ਧਾਮੀ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਚੜ੍ਹ ਕੇ ਆਈ ਫ਼ੌਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਦੁੱਤੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਟਾਕਰਾ ਕੀਤਾ ਅਤੇ ਸ਼ਹਾਦਤ ਪ੍ਰਾਪਤ ਕਰਦਿਆਂ ਬਾਬਾ ਦੀਪ ਸਿੰਘ ਜੀ ਦੀ ਮਹਾਨ ਵਿਰਾਸਤ ਅਤੇ ਰੂਹਾਨੀ ਪਰੰਪਰਾ ਨੂੰ ਕਾਇਮ ਰੱਖਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੰਬੋਧਨ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਦੀ ਜ਼ੋਰਦਾਰ ਵਕਾਲਤ ਕੀਤੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਜੀ ਵੱਲੋਂ ਪਹੁੰਚੇ ਸ੍ਰੀ ਗਿਰੀਸ਼ ਮਹਾਜਨ ਜੀ, ਜਲ ਸਰੋਤ ਮੰਤਰੀ, ਮਹਾਰਾਸ਼ਟਰ ਸਰਕਾਰ ਨੇ 6 ਜੂਨ ਨੂੰ ਸਿੱਖ ਇਤਿਹਾਸ ਦਾ ਇੱਕ ਕਾਲਾ ਦਿਨ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦਿਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਸ਼ਹਾਦਤ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਆਪਣੇ ਸੰਬੋਧਨ ’ਚ ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਹਕੂਮਤ ਵੱਲੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਾਰਵਾਈ ਸੀ, ਪਰ ਦੇਸ਼ ਦਾ ਬਹੁਗਿਣਤੀ ਭਾਈਚਾਰਾ ਇਹ ਭੁੱਲ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ ਅਤੇ ਜੇ ਸਿੱਖ ਇੰਨੀ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੁੰਦਾ।
ਇਸ ਸਮਾਗਮ ਦੌਰਾਨ ਉੱਘੇ ਸਿੱਖ ਵਿਦਵਾਨ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਹਰਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਨਿਹੰਗ ਮੇਜਰ ਸਿੰਘ ਸੋਢੀ, ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਦਮਦਮੀ ਟਕਸਾਲ ਵੱਲੋਂ ਕੌਮ ਪ੍ਰਤੀ ਨਿਭਾਈਆਂ ਜਾ ਰਹੀਆਂ ਅਹਿਮ ਸੇਵਾਵਾਂ ਲਈ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕਰਦਿਆਂ ਹਰ ਪੱਖੋਂ ਟਕਸਾਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਇਸ ਸਮਾਗਮ ਦੌਰਾਨ ਸਮੂਹ ਬੁਲਾਰਿਆਂ ਨੇ ਦਮਦਮੀ ਟਕਸਾਲ ਵੱਲੋਂ ਬਾਣੀ ਅਤੇ ਬਾਣੇ ਦੇ ਪ੍ਰਚਾਰ-ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਵਿਸ਼ਾਲ ਪੰਥਕ ਸੇਵਾਵਾਂ ਲਈ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਦਮਦਮੀ ਟਕਸਾਲ ਸ਼ਹਾਦਤਾਂ ਦੇਣ ਵਿੱਚ ਮੋਹਰੀ ਰਹੀ ਹੈ, ਉੱਥੇ ਹੀ ਪੰਥਕ ਪੱਧਰ ’ਤੇ ਵੀ ਇਸ ਨੇ ਅਗਵਾਈ ਕਰਦਿਆਂ ਵੱਡੀਆਂ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸ਼ਹੀਦੀ ਗੈਲਰੀ ਦੀ ਸਥਾਪਨਾ, ਸ਼ਹੀਦੀ ਗੈਲਰੀ ਅੰਦਰ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਿਤ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ 16 ਭਾਗਾਂ ਵਿੱਚ ਸਟੀਕ ਪ੍ਰਕਾਸ਼ਿਤ ਕਰਨ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਸੁੰਦਰੀਕਰਨ ਲਈ ਨਿਭਾਈ ਜਾ ਰਹੀ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਇੱਕ ਵਿਲੱਖਣ ਅਤੇ ਨਿਰਾਲੀ ਸੰਸਥਾ ਹੈ ਅਤੇ ਗੁਰੂ ਦੀ ਅਪਾਰ ਕਿਰਪਾ ਨਾਲ ਇਹ ਮਹੱਤਵਪੂਰਨ ਸੇਵਾਵਾਂ ਇਸ ਸੰਸਥਾ ਦੇ ਹਿੱਸੇ ਆਈਆਂ ਹਨ।
ਉਨ੍ਹਾਂ ਕੌਮ ਖ਼ਾਤਰ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣ ਲਈ ਦਮਦਮੀ ਟਕਸਾਲ ਦੇ ਮੁਖੀ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਅੱਜ ਵੀ ਗੁਰੂ ਸਾਹਿਬਾਨ ਦੇ ਆਸੇ ਦੀ ਪੂਰਤੀ ਲਈ ਨਿਰੰਤਰ ਕਾਰਜਸ਼ੀਲ ਹੈ।
ਸਟੇਜ ਦੀ ਸੇਵਾ ਭਾਈ ਰਣਧੀਰ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਨਿਭਾਈ। ਸਮਾਗਮ ’ਚ ਸੰਤ ਬਾਬਾ ਪ੍ਰੀਤਮ ਸਿੰਘ ਜੀ ਆਗਰੇ ਵਾਲੇ ਮਹਾਂਪੁਰਖਾਂ ਦੀ ਤਰਫ਼ੋਂ ਪਹੁੰਚੇ ਬਾਬਾ ਰਜਿੰਦਰ ਸਿੰਘ ਜੀ ਆਗਰੇ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ, ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਘੁੜਾਣੀ ਵਾਲੇ, ਸਰਦਾਰ ਸਤਵਿੰਦਰ ਸਿੰਘ ਟੌਹੜਾ (ਮੈਂਬਰ ਸ਼੍ਰੋਮਣੀ ਕਮੇਟੀ),  ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ, ਲਖਬੀਰ ਸਿੰਘ ਸੇਖੋਂ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਬਾਬਾ ਮਨਜੀਤ ਸਿੰਘ ਜੀ ਭੋਰਾ ਸਾਹਿਬ ਵਾਲੇ, ਭਾਈ ਮਨਜੀਤ ਸਿੰਘ ਭੋਮਾ, ਸੰਤ ਬਾਬਾ ਬੀਰ ਸਿੰਘ ਜੀ ਜੌੜਾ ਸਾਹਿਬ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਮੇ ਸਾਹਿਬ ਵਾਲੇ, ਭਾਈ ਹਰਦੀਪ ਸਿੰਘ ਜੀ, ਸੰਤ ਬਾਬਾ ਰੋਸ਼ਨ ਸਿੰਘ ਜੀ ਧਰੌਵਾਲ ਵਾਲੇ, ਭਾਈ ਮਨਦੀਪ ਸਿੰਘ ਜੀ ਅਤਰਸਰ ਸਾਹਿਬ ਵਾਲੇ, ਸੰਤ ਬਾਬਾ ਕਾਕਾ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਬੰਦੀ ਸਿੰਘ ਭਾਈ ਹਰਨੇਕ ਸਿੰਘ ਜੀ ਭੱਪ, ਭਾਈ ਲਾਲ ਸਿੰਘ ਜੀ ਅਕਾਲਗੜ੍ਹ, ਭਾਈ ਸਤਵੰਤ ਸਿੰਘ ਜੀ (ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ ਜੀ), ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਮਨਾਵਾਂ (ਮੋਗਾ) ਦੇ ਭਰਾਤਾ ਭਾਈ ਬਲਵਿੰਦਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਚਹੇੜੂ ਦੇ ਭਰਾਤਾ ਭਾਈ ਮਨਵੀਰ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ ਚਹੇੜੂ ਦੇ ਪਰਿਵਾਰਕ ਮੈਂਬਰ, ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ, ਭਾਈ ਪਰਮਜੀਤ ਸਿੰਘ ਜੀ ਭਿਓਰਾ ਦੇ ਭਰਾਤਾ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਜੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *