Jul 13, 2026

ਨਵੀ ਦਿੱਲੀ ( ਦਿਓਲ)- ਸ਼ਨਿਚਰਵਾਰ ਨੂੰ ਦਿੱਲੀ ਦੇ ਜੰਤਰ ਮੰਤਰੀ ਵਿਖੇ ਕਾਕਰੋਚ ਜਨਤਾ ਪਾਰਟੀ  ਨੇ ਵਿਸ਼ਾਲ ਰੈਲੀ ਕਰਦਿਆਂ ਕੇਂਦਰ ਸਰਕਾਰ ਤੋਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੰਸਥਾਪਕ ਅਭੀਜੀਤ ਦੀਪਕੇ ਦੀ ਅਗਵਾਈ ਵਿੱਚ ਵਿਸ਼ਾਲ ਪ੍ਰਦਰਸ਼ਨ ਦੌਰਾਨ  ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖਿਆ ਮੰਤਰੀ ਨੂੰ ਬਰਖਾਸਤ ਨਾ ਕੀਤਾ ਗਿਆ ਜਾਂ ਉਹ ਖੁਦ ਅਸਤੀਫਾ ਨਹੀਂ ਦਿੰਦੇ, ਤਾਂ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਵੇਗਾ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਜੇ ਪੀ  ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੇ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿੱਚ ਕਈ ਸੂਬਿਆਂ ਦੇ ਲੋਕਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਿਆ ਅਤੇ ਸ਼ਾਸਨ (ਗਵਰਨੈਂਸ) ਦੇ ਮੁੱਦਿਆਂ ‘ਤੇ ਕੇਂਦਰਿਤ ਇੱਕ ਵਿਸ਼ਾਲ ਨੌਜਵਾਨ ਅੰਦੋਲਨ ਦੀ ਸ਼ੁਰੂਆਤ ਹੈ। ਸੀ ਜੇ ਪੀ ਦੀ ਸ਼ੁਰੂਆਤ ਮਈ ਮਹੀਨੇ ਵਿੱਚ ਇੱਕ ਔਨਲਾਈਨ ਮੁਹਿੰਮ ਵਜੋਂ ਹੋਈ ਸੀ, ਜਿਸ ਨਾਲ ਹੁਣ ਇੰਸਟਾਗ੍ਰਾਮ ‘ਤੇ 2 ਕਰੋੜ 20 ਲੱਖ (22 ਮਿਲੀਅਨ) ਤੋਂ ਵੱਧ ਫਾਲੋਅਰਜ਼ ਜੁੜ ਚੁੱਕੇ ਹਨ। ਇਸ ਪਾਰਟੀ ਨੇ ਪ੍ਰੀਖਿਆਵਾਂ ਅਤੇ ਨੌਕਰੀਆਂ ਦੇ ਭਰਤੀ ਟੈਸਟਾਂ ਵਿੱਚ ਹੋਈਆਂ ਕਥਿਤ ਗੜਬੜੀਆਂ ਦੇ ਮੁੱਦੇ ਨੂੰ ਲੈ ਕੇ ਨੌਜਵਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਇਹ ਸੱਦਾ ਇੱਕ ਤਰ੍ਹਾਂ ਨਾਲ ਪਾਰਟੀ ਦੇ ਵੱਡੇ ਸ਼ਕਤੀ ਪ੍ਰਦਰਸ਼ਨ ਵਾਂਗ ਨਜ਼ਰ ਆ ਰਿਹਾ ਸੀ।

ਰਾਂਕਾ ਨੇ ਕਿਹਾ, “ਅਸੀਂ ਸਰਕਾਰ ਨੂੰ ਸੱਤ ਦਿਨਾਂ ਦਾ ਸਮਾਂ ਦੇ ਰਹੇ ਹਾਂ। ਇਸ ਦੌਰਾਨ ਜਾਂ ਤਾਂ ਧਰਮੇਂਦਰ ਪ੍ਰਧਾਨ ਨੂੰ ਸਨਮਾਨਪੂਰਵਕ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਜੇਕਰ ਸੱਤ ਦਿਨਾਂ ਦੇ ਅੰਦਰ ਉਨ੍ਹਾਂ ਦਾ ਅਸਤੀਫਾ ਨਹੀਂ ਆਉਂਦਾ, ਤਾਂ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਵੇਗਾ।”

ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਵੱਖ-ਵੱਖ ਸੂਬਿਆਂ ਦੇ ਸਮਰਥਕਾਂ ਤੋਂ ਸੰਦੇਸ਼ ਮਿਲ ਰਹੇ ਹਨ ਜੋ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੰਗਠਨ ਅਗਲੀ ਕਾਰਵਾਈ ਦਾ ਐਲਾਨ ਕਰਨ ਤੋਂ ਪਹਿਲਾਂ ਇੱਕ ਹਫ਼ਤਾ ਇੰਤਜ਼ਾਰ ਕਰੇਗਾ।