Jul 13, 2026

ਨਵੀਂ ਦਿੱਲੀ-

ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਅੱਜ ਇਥੇ ਮੀਟਿੰਗ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਐੱਸ ਆਈ ਆਰ, ਨੀਟ-ਸੀ ਬੀ ਐੱਸ ਈ ਵਿਵਾਦ ਅਤੇ ਆਰਥਿਕ ਹਾਲਾਤ ਜਿਹੇ ਮੁੱਦਿਆਂ ’ਤੇ ਘੇਰਨ ਦਾ ਐਲਾਨ ਕੀਤਾ ਹੈ। ‘ਇੰਡੀਆ’ ਗੱਠਜੋੜ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਪੜਤਾਲ (ਐੱਸ ਆਈ ਆਰ) ਦੇ ਮੁੱਦੇ ’ਤੇ ਦੇਸ਼ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਫੌਰੀ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਮੀਟਿੰਗ ’ਚ ਡੀ ਐੱਮ ਕੇ, ‘ਆਪ’ ਅਤੇ ਤਾਮਿਲ ਨਾਡੂ ਦੀ ਹੁਕਮਰਾਨ ਧਿਰ ਟੀ ਵੀ ਕੇ ਦੇ ਆਗੂਆਂ ਨੇ ਹਿੱਸਾ ਨਹੀਂ ਲਿਆ।

ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੇ ਪੰਜ ਮੁੱਦਿਆਂ ’ਤੇ ਸਹਿਮਤੀ ਜਤਾਈ ਹੈ। ਐੱਸ ਆਈ ਆਰ, ਵੋਟ ਲੁੱਟ ਅਤੇ ਚੋਣਾਂ ਦੀ ਚੋਰੀ ਦੇ ਮੁੱਦੇ ’ਤੇ ਛੇਤੀ ਹੀ ਚੀਫ ਜਸਟਿਸ ਨੂੰ ਪੱਤਰ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ਦੀ ਖ਼ਰਾਬ ਆਰਥਿਕ ਹਾਲਤ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਅਤੇ ਲੋਕ ’ਤੇ ਆਧਾਰਿਤ ਮੁੱਦਿਆਂ ’ਤੇ ਚਰਚਾ ਲਈ ਕੇਂਦਰ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ ਹੈ। ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਦੋ ਮਹੀਨਿਆਂ ’ਚ ਇਕ ਵਾਰ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੀ ਮੀਟਿੰਗ ਅਗਸਤ ’ਚ ਹੈਦਰਾਬਾਦ ’ਚ ਹੋਵੇਗੀ। ਸੂਤਰਾਂ ਮੁਤਾਬਕ ਮੀਟਿੰਗ ’ਚ 22 ਵਿਰੋਧੀ ਧਿਰਾਂ ਦੇ ਆਗੂਆਂ ਅਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਹਾਜ਼ਰੀ ਭਰੀ। ਉਂਝ ਖੜਗੇ ਨੇ ਪਹਿਲਾਂ ਆਖਿਆ ਸੀ ਕਿ 25 ਵਿਰੋਧੀ ਧਿਰਾਂ ਦੇ ਆਗੂਆਂ ਨੇ ਮੀਟਿੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਖੜਗੇ ਦੇ ਨਾਲ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੇਨਰਜੀ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।