Jun 9, 2026

ਵਿਸ਼ਾਖਾਪਟਨਮ-ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ’ਚ ਸੋਮਵਾਰ ਨੂੰ ਗਰਮ ਲੋਹਾ ਡਿੱਗਣ ਕਾਰਨ ਅੱਠ ਵਰਕਰ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਅਤੇ ਜ਼ਖ਼ਮੀ ਵਰਕਰਾਂ ਦੇ ਵਾਰਸਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਵਿਭਾਗਾਂ ਨੂੰ ਤਾਲਮੇਲ ਬਣਾ ਕੇ ਰਾਹਤ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ। ਵਿਸ਼ਾਖਾਪਟਨਮ ਜ਼ਿਲ੍ਹਾ ਕੁਲੈਕਟਰ ਐੱਮ ਏ ਕਿਸ਼ੋਰ ਨੇ ਕਿਹਾ ਕਿ ਹਾਦਸਾ ਸ਼ਾਮ ਸਵਾ 4 ਵਜੇ ਵਾਪਰਿਆ। ਪੁਲੀਸ ਮੁਤਾਬਕ ਕਰੇਨ ਰਾਹੀਂ ਬਾਲਟੀਆਂ ’ਚ ਪਿਘਲਿਆ ਗਰਮ ਲੋਹਾ ਤਬਦੀਲ ਕਰਨ ਦੌਰਾਨ ਇਹ ਹਾਦਸਾ ਵਾਪਰਿਆ। ਪੁਲੀਸ ਨੇ ਕਿਹਾ ਕਿ ਪਿਘਲਿਆ ਲੋਹਾ ਕਰੀਬ 1,600 ਡਿਗਰੀ ਸੈਲਸੀਅਸ ਗਰਮ ਸੀ। ਜ਼ਖ਼ਮੀਆਂ ਨੂੰ ਬੰਦਰਗਾਹ ਸ਼ਹਿਰ ਦੇ ਦੋ ਪ੍ਰਾਈਵੇਟ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *