Jun 9, 2026

ਨਵੀਂ ਦਿੱਲੀ-

ਐਤਵਾਰ ਰਾਤ ਨੂੰ ਇਰਾਨ ਨੇ ਇਜ਼ਰਾਈਲ ‘ਤੇ ਤਾਜ਼ਾ ਹਮਲੇ ਕੀਤੇ ਹਨ, ਜਿਸ ਕਾਰਨ ਪੱਛਮੀ ਏਸ਼ੀਆ ਵਿੱਚ ਤਣਾਅ ਮੁੜ ਤੋਂ ਵੱਧ ਗਿਆ ਹੈ। ਇਸ ਦਰਮਿਆਨ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਕੋਲ 76 ਤੋਂ 80 ਦਿਨਾਂ ਤੱਕ ਵਰਤਿਆ ਜਾਣ ਵਾਲਾ ਤੇਲ ਦਾ ਭੰਡਾਰ ਮੌਜੂਦ ਹੈ।

ਪੁਰੀ ਨੇ ਚਿਤਾਵਨੀ ਦਿੱਤੀ ਕਿ ਪੱਛਮੀ ਏਸ਼ੀਆ ਵਿੱਚ ਲੰਮੇ ਸਮੇਂ ਤੱਕ ਚੱਲਣ ਵਾਲੀ ਜੰਗ ਕਾਰਨ ਦੁਨੀਆ ਦੀ ਆਰਥਿਕਤਾ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਤੇਲ ਦੀਆਂ ਕੀਮਤਾਂ ਹੇਠਾਂ ਆਉਣਗੀਆਂ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਾਹਮਣੇ ਤੁਰੰਤ ਕੋਈ ਤੇਲ ਦਾ ਸੰਕਟ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ‘ਹੋਰਮੁਜ਼ ਜਲਮਾਰਗ’ ਬੰਦ ਵੀ ਰਹਿੰਦਾ ਹੈ, ਤਾਂ ਵੀ ਭਾਰਤ ਕੋਲ ਘੱਟੋ-ਘੱਟ 30 ਤੋਂ 60 ਦਿਨਾਂ ਦਾ ਬੈਕਅੱਪ ਦੇਣ ਲਈ ਲੋੜੀਂਦੇ ਰਣਨੀਤਕ ਪੈਟਰੋਲੀਅਮ ਭੰਡਾਰ, ਰਿਫਾਇਨਰੀ ਸਟਾਕ ਅਤੇ ਵਪਾਰਕ ਸਟਾਕ ਮੌਜੂਦ ਹਨ।

ਇਸ ਦੌਰਾਨ, ਤੇਲ ਲੰਘਣ ਵਾਲੇ ਇਸ ਅਹਿਮ ਸਮੁੰਦਰੀ ਰਸਤੇ ਦੇ ਸੰਭਾਵਿਤ ਤੌਰ ‘ਤੇ ਬੰਦ ਹੋਣ ਦੀਆਂ ਚਿੰਤਾਵਾਂ ‘ਤੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਬਾਲਣ (ਊਰਜਾ) ਦੀ ਲੋੜੀਂਦੀ ਸਪਲਾਈ ਮੌਜੂਦ ਹੈ ਅਤੇ ਦੇਸ਼ ਨੇ ਸਿਰਫ਼ ਇੱਕ ਰਸਤੇ ‘ਤੇ ਨਿਰਭਰ ਰਹਿਣ ਦੀ ਬਜਾਏ ਵੱਖ-ਵੱਖ ਦੇਸ਼ਾਂ ਤੋਂ ਤੇਲ ਮੰਗਵਾਉਣ ਦੇ ਹੋਰ ਪ੍ਰਬੰਧ ਵੀ ਕਰ ਲਏ ਹਨ।

ਕੇਂਦਰੀ ਮੰਤਰੀ ਨੇ ਕਿਹਾ, “ਇੱਥੇ ਦੋ-ਤਿੰਨ ਗੱਲਾਂ ਦੇਖਣ ਨੂੰ ਮਿਲ ਰਹੀਆਂ ਹਨ। ਪਹਿਲੀ ਇਹ ਕਿ ਜੇਕਰ ਹਿੰਸਾ ਜੰਗ ਦੇ ਮੈਦਾਨ ਤੋਂ ਬਾਹਰ (ਦੂਜੇ ਇਲਾਕਿਆਂ ਵਿੱਚ) ਫੈਲਦੀ ਹੈ, ਤਾਂ ਇਹ ਸਭ ਤੋਂ ਖਰਾਬ ਸਥਿਤੀ ਹੋਵੇਗੀ, ਜੋ ਕਿ ਚਿੰਤਾ ਦੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ‘ਹੋਰਮੁਜ਼ ਜਲਮਾਰਗ’ ਦੇ ਬੰਦ ਰਹਿਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਹੀ ਵੱਖ-ਵੱਖ ਦੇਸ਼ਾਂ ਤੋਂ ਤੇਲ-ਗੈਸ ਮੰਗਵਾਉਣ ਦੇ ਬਦਲਵੇਂ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਯੂ ਏ ਈ (UAE) ਵਰਗੇ ਦੋਸਤ ਦੇਸ਼ ਦਾ ਸਾਥ ਹੋਣਾ ਸਾਡੇ ਲਈ ਬਹੁਤ ਵੱਡੀ ਰਾਹਤ ਹੈ। ਸਾਨੂੰ ਯੂ ਏ ਈ ਵੱਲੋਂ ਸਿੱਧੇ ਤੌਰ ‘ਤੇ ਹੀ ਐੱਲ ਪੀ ਜੀ (LPG) ਦੇ ਵੱਡੇ ਜਹਾਜ਼ (ਕਾਰਗੋ) ਭੇਜਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਸਥਿਤੀ ਨੂੰ ਸੰਭਾਲ ਸਕਦੇ ਹਾਂ।”

Leave a Reply

Your email address will not be published. Required fields are marked *