ਵਿਕਟੋਰੀਆ- ਬੀ.ਸੀ. ਵਿੱਚ ਨਵੇਂ ਡਰਾਈਵਰ ਹੁਣ ਲਰਨਰ ਲਾਇਸੈਂਸ ਲਈ ਲੋੜੀਂਦਾ ਨੌਲੇਜ ਟੈਸਟ ਔਨਲਾਈਨ ਦੇ ਸਕਦੇ ਹਨ, ਜਿਸ ਨਾਲ ਲੋਕਾਂ ਦਾ ICBC ਦਫ਼ਤਰ ਜਾਣ ਦਾ ਇੱਕ ਚੱਕਰ ਬਚਦਾ ਹੈ ਅਤੇ ਹੋਰ ਵਿਅਕਤੀਗਤ ਅਪੌਇੰਟਮੈਂਟਾਂ ਲਈ ਉਡੀਕ ਸਮਾਂ ਘਟਾਉਣ ਵਿੱਚ ਮਦਦ ਮਿਲਦੀ ਹੈ।
ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਕ ਬਿਆਨ ਰਾਹੀਂ ਕਿਹਾ ਕਿ “ਇਹ ਟੈਸਟ ਔਨਲਾਈਨ ਉਪਲਬਧ ਕਰਵਾ ਕੇ ਅਸੀਂ ਨਵੇਂ ਡਰਾਈਵਰਾਂ ਨੂੰ ਵੱਧ ਚੋਣਾਂ ਅਤੇ ਸਹੂਲਤ ਦੇ ਰਹੇ ਹਾਂ, ਖ਼ਾਸ ਕਰਕੇ ਪੇਂਡੂ ਅਤੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਇਹ ਟੈਸਟ ਦੇਣ ਲਈ ਕਾਫੀ ਦੂਰ ਸਫ਼ਰ ਕਰਨਾ ਪੈਂਦਾ ਸੀ, “ਇਹ ICBC ਦੀਆਂ ਸੇਵਾਵਾਂ ਨੂੰ ਆਧੁਨਿਕ ਬਣਾਉਣ ਲਈ ਸਾਡੇ ਯਤਨਾਂ ਦਾ ਹਿੱਸਾ ਹੈ, ਤਾਂ ਜੋ ਇਹ ਹੋਰ ਸੁਵਿਧਾਜਨਕ, ਪਹੁੰਚਯੋਗ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਲਈ ਬਿਹਤਰ ਢੰਗ ਨਾਲ ਕੰਮ ਕਰ ਸਕਣ।”
ਔਨਲਾਈਨ ਨੌਲੇਜ ਟੈਸਟ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜੋ ਪੈਸੇਂਜਰ ਵਾਹਨਾਂ ਅਤੇ ਮੋਟਰਸਾਈਕਲਾਂ (ਕਲਾਸ 5 ਤੋਂ 8 ਡਰਾਈਵਰ ਲਾਇਸੈਂਸ) ਲਈ ਲਰਨਰ ਲਾਇਸੈਂਸ ਪ੍ਰਾਪਤ ਕਰਨਾ ਚਾਹੁੰਦੇ ਹਨ। ਔਨਲਾਈਨ ਨੌਲੇਜ ਟੈਸਟ ਉਨ੍ਹਾਂ ਲੋਕਾਂ ਲਈ ਉਪਲਬਧ ਨਹੀਂ ਹੈ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਕਲਾਸ 1 ਤੋਂ 4) ਲੈਣਾ ਚਾਹੁੰਦੇ ਹਨ। ਉੁਨ੍ਹਾਂ ਨੂੰ ਅਜੇ ਵੀ ਨੌਲੇਜ ਟੈਸਟ ਵਿਅਕਤੀਗਤ ਤੌਰ ‘ਤੇ ਪਾਸ ਕਰਨਾ ਲਾਜ਼ਮੀ ਹੋਵੇਗਾ।
ਇਹ ਕਿਵੇਂ ਕੰਮ ਕਰਦਾ ਹੈ
ਪਹਿਲਾਂ, ਲੋਕਾਂ ਨੂੰ ਨੌਲੇਜ ਟੈਸਟ ਦੇਣ ਅਤੇ ਲਰਨਰ ਲਾਇਸੈਂਸ ਪ੍ਰਾਪਤ ਕਰਨ ਲਈ ICBC ਦਫ਼ਤਰ ਜਾਣਾ ਪੈਂਦਾ ਸੀ, ਜੋ ਬੀ.ਸੀ. ਵਿੱਚ ਪੂਰਾ ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਵੱਲ ਪਹਿਲਾ ਕਦਮ ਹੈ। ਟੈਸਟ ਪਾਸ ਕਰਨ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਲੋਕ ਸੜਕ ਦੇ ਨਿਯਮਾਂ ਨੂੰ ਸਮਝਦੇ ਹਨ ਅਤੇ ਸੁਪਰਵਾਈਜ਼ਰ ਦੀ ਨਿਗਰਾਨੀ ਹੇਠ ਗੱਡੀ ਚਲਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਅਤ ਡਰਾਈਵਿੰਗ ਵਿਹਾਰਾਂ ਬਾਰੇ ਜਾਣੂ ਹਨ।
ਨਵਾਂ ਔਨਲਾਈਨ ਨੌਲੇਜ ਟੈਸਟ ਵਿਅਕਤੀਗਤ ਤੌਰ ‘ਤੇ ਲਏ ਜਾਣ ਵਾਲੇ ਟੈਸਟ ਵਾਂਗ ਹੀ ਹੈ। ਇਸ ਵਿੱਚ ਉਹੀ ਕਿਸਮ ਦੇ ਪ੍ਰਸ਼ਨ ਹਨ ਅਤੇ ਪਾਸ ਹੋਣ ਲਈ ਉਹੀ ਅੰਕ ਲਾਜ਼ਮੀ ਹਨ। ਇਸ ਨੂੰ ਸੁਰੱਖਿਅਤ, ਨਿਰਪੱਖ ਅਤੇ ਆਸਾਨੀ ਨਾਲ ਪਹੁੰਚਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
- ਲੋਕ ਇਸ ਟੈਸਟ ਨੂੰ ਉਸ ਕੰਪਿਊਟਰ ‘ਤੇ ਪੂਰਾ ਕਰ ਸਕਦੇ ਹਨ ਜਿਸ ਵਿੱਚ ਕੈਮਰਾ ਅਤੇ ਸੁਰੱਖਿਅਤ ਇੰਟਰਨੈੱਟ ਕਨੈਕਸ਼ਨ ਹੋਵੇ। ਇਹ ਟੈਸਟ ਮੋਬਾਈਲ ਡਿਵਾਈਸ ‘ਤੇ ਉਪਲਬਧ ਨਹੀਂ ਹੈ।
- ਸੁਰੱਖਿਆ ਵਿਸ਼ੇਸ਼ਤਾਵਾਂ ਟੈਸਟ ਨੂੰ ਸੁਰੱਖਿਅਤ ਅਤੇ ਨਿਰਪੱਖ ਬਣਾਈ ਰੱਖਦੀਆਂ ਹਨ, ਜਿਸ ਵਿੱਚ ਪਛਾਣ ਦੀ ਜਾਂਚ ਅਤੇ ਡਿਜੀਟਲ ਨਿਗਰਾਨੀ ਸ਼ਾਮਲ ਹੈ ਜੋ ਵੇਬਕੈਮ ਅਤੇ ਮਾਊਸ ਦੀਆਂ ਹਲਚਲਾਂ ਨੂੰ ਟ੍ਰੈਕ ਕਰਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਟੈਸਟ ਆਪਣੇ ਆਪ ਪੂਰਾ ਕਰਦੇ ਹਨ।
- ਨੌਲੇਜ ਟੈਸਟ ਪਾਸ ਕਰਨ ਤੋਂ ਬਾਅਦ, ਲੋਕ ਆਪਣੀ ਪਛਾਣ ਦੀ ਪੁਸ਼ਟੀ ਕਰਨ, ਵਿਜ਼ਨ ਟੈਸਟ ਦੇਣ, ਫੋਟੋ ਖਿਚਵਾਉਣ ਅਤੇ ਆਪਣਾ ਲਰਨਰ ਲਾਇਸੈਂਸ ਜਾਰੀ ਕਰਵਾਉਣ ਲਈ ਡਰਾਈਵਰ ਲਾਇਸੈਂਸਿੰਗ ਦਫ਼ਤਰ ਜਾਂਦੇ ਹਨ।
ICBC ਨੇ ਕੈਨੇਡਾ ਦੇ ਸਭ ਤੋਂ ਵੱਡੇ ਡਰਾਈਵਰ-ਨੌਲੇਜ ਟੈਸਟਿੰਗ ਪ੍ਰਦਾਤਾ Neumo ਨੂੰ ਟੈਸਟ ਨੂੰ ਲਾਗੂ ਕਰਨ ਅਤੇ ਇਸ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਹੈ, ਤਾਂ ਜੋ ਇਸਦੀ ਭਰੋਸੇਯੋਗਤਾ ਕਾਇਮ ਰਹੇ ਅਤੇ ਉਚਿਤ ਸੁਰੱਖਿਆ ਉਪਾਅ ਯਕੀਨੀ ਬਣਾਏ ਜਾ ਸਕਣ। Neumo ਦੇਸ਼ ਭਰ ਵਿੱਚ 86% ਟੈਸਟ ਮੁਹੱਈਆ ਕਰਦਾ ਹੈ ਅਤੇ ਇਸ ਸਮੇਂ ਉੱਤਰੀ ਅਮਰੀਕਾ ਦੇ 23 ਅਧਿਕਾਰ-ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਜਿਨ੍ਹਾਂ ਵਿੱਚ ਬੀ.ਸੀ. ਦਾ ਵਿਅਕਤੀਗਤ ਤੌਰ ‘ਤੇ ਦਿੱਤਾ ਜਾਣ ਵਾਲਾ ਟੈਸਟ ਵੀ ਸ਼ਾਮਲ ਹੈ। Neumo ਨੇ ਆਪਣਾ ਔਨਲਾਈਨ ਟੈਸਟਿੰਗ ਪਲੈਟਫਾਰਮ ਪਹਿਲੀ ਵਾਰ 2021 ਵਿੱਚ ਲਾਗੂ ਕੀਤਾ ਸੀ ਅਤੇ ਇਸ ਵੇਲੇ ਹਰ ਸਾਲ ਲਗਭਗ ਪੰਜ ਲੱਖ ਟੈਸਟਾਂ ਵਿੱਚ ਸਹਾਇਤਾ ਕਰਦਾ ਹੈ, ਜਿਸ ਵਿੱਚ ਨੋਵਾ ਸਕੋਸ਼ੀਆ, ਨਿਊ ਬ੍ਰਨਜ਼ਵਿਕ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਰਗੇ ਸੂਬੇ ਸ਼ਾਮਲ ਹਨ।
