ਪ੍ਰੋ. ਕੁਲਬੀਰ ਸਿੰਘ—
ਰੋਨਾਲਡੋ ਦੁਨੀਆਂ ਦਾ ਮਹਾਨ ਫੁਟਬਾਲ ਖਿਡਾਰੀ ਹੈ। ਅਰਬਾਂ ਖਰਬਾਂ ਦਾ ਮਾਲਕ ਹੈ। ਦੁਨੀਆਂ ਦੇ ਸੱਭ ਤੋਂ ਮਹਿੰਗੇ ਘਰਾ ਵਿਚ ਰਹਿੰਦਾ ਹੈ। ਸੱਭ ਤੋਂ ਮਹਿੰਗੀਆਂ ਕਾਰਾਂ ਵਿਚ ਘੁੰਮਦਾ ਹੈ।
ਉਸਦੇ ਪਿਤਾ ਨਗਰ ਨਿਗਮ ਵਿਚ ਮਾਲੀ ਸਨ। ਮਾਤਾ ਲੋਕਾਂ ਦੇ ਘਰਾਂ ਵਿਚ ਸਾਫ਼ ਸਫ਼ਾਈ ਦਾ ਕੰਮ ਕਰਦੀ ਸੀ। ਉਸਦੀ ਮਾਂ ਦਾ ਕਹਿਣਾ ਹੈ, “ਉਨਾਂ ਦਾ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਸੀ ਅਤੇ ਰੋਨਾਲਡੋ ਦੇ ਪਿਤਾ ਨੂੰ ਸ਼ਰਾਬ ਦੀ ਆਦਤ ਸੀ। ਜਦ ਰੋਨਾਲਡੋ ਦਾ ਜਨਮ ਹੋਣ ਵਾਲਾ ਸੀ ਤਾਂ ਘਰ ਦੇ ਹਾਲਾਤ ਵੇਖਦਿਆਂ ਉਹ ਗਰਭਪਾਤ ਕਰਵਾਉਣਾ ਚਾਹੁੰਦੀ ਸੀ। ਜਦ ਉਹ ਡਾਕਟਰ ਕੋਲ ਗਈ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ।” ਫਰਵਰੀ 1985 ਵਿਚ ਪੁਰਤਗਾਲ ਦੇ ਮਦੀਰਾ ਦੀਪ ਵਿਖੇ ਜਨਮੇ ਕਰਿਸਟੀਨੋ ਰੋਨਾਲਡੋ ਦਾ ਬਚਪਨ ਬੇਹੱਦ ਗਰੀਬੀ ਵਿਚ ਬੀਤਿਆ।
ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ ਕਿਉਂਕਿ ਉਸਨੇ ਲੋਕਾਂ ਦੇ ਘਰਾ ਵਿਚ ਕੰਮ ਕਰਕੇ ਉਸਨੂੰ ਪਾਲਿਆ। ਉਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ ਹੁੰਦਾ। ਉਹ ਬੱਚਿਆਂ ਨੂੰ ਖਾਣਾ ਖਵਾ ਕੇ ਆਪ ਭੁੱਖੀ ਸੌਂ ਜਾਇਆ ਕਰਦੀ ਸੀ। ਰੋਨਾਲਡੋ ਕਹਿੰਦਾ ਹੈ, “ਮੇਰੀ ਮਾਂ, ਮੇਰੇ ਕੋਲ ਸੱਭ ਤੋਂ ਮਹਿੰਗਾ ਤੋਹਫ਼ਾ ਹੈ। ਮੇਰੀ ਸਫ਼ਲਤਾ ਪਿੱਛੇ ਸੱਭ ਤੋਂ ਵੱਡਾ ਕਾਰਨ ਮੇਰੀ ਮਾਂ ਹੈ।”
ਰੋਨਾਲਡੋ ਦੇ ਜਨਮ ਤੋਂ ਪਹਿਲਾਂ ਜਿਹੜੀ ਮਾਂ ਗਰਭਪਾਤ ਕਰਵਾਉਣ ਗਈ ਸੀ ਪਰ ਡਾਕਟਰ ਨੇ ਮਨ੍ਹਾਂ ਕਰ ਦਿੱਤਾ ਸੀ। ਅੱਜ ਉਹ ਮਾਂ ਆਪਣੇ ਪੁੱਤ ’ਤੇ ਮਣਾਂਮੂੰਹੀਂ ਮਾਣ ਕਰਦੀ ਹੈ।
ਅੱਜ ਰੋਨਾਲਡੋ ਦੀ ਇਕ ਸਾਲ ਦੀ ਕਮਾਈ 22490000000 ਰੁਪਏ ਹੈ।
ਉਸਨੂੰ ਇੰਗਟਾਗ੍ਰਾਮ ‘ਤੇ ਆਪਣੀ ਤਸਵੀਰ ਪਾਉਣ ਦੇ 6 ਕਰੋੜ 62 ਲੱਖ 95 ਹਜ਼ਾਰ ਰੁਪਏ ਮਿਲਦੇ ਹਨ ਕਿਉਂਕਿ ਇੰਸਟਾਗ੍ਰਾਮ ‘ਤੇ ਉਸਦੇ ਫਾਲੋਅਰਜ਼ ਦੀ ਗਿਣਤੀ 278 ਮਿਲੀਅਨ ਹੈ।
ਰੋਨਾਲਡੋ ਨੂੰ ਬਚਪਨ ਤੋਂ ਹੀ ਫੁੱਟਬਾਲ ਖੇਡ ਦਾ ਬੇਹੱਦ ਸ਼ੌਕ ਸੀ। ਉਸਦੇ ਇਸ ਸ਼ੌਕ ਅਤੇ ਹੁਨਰ ਨੂੰ ਵੇਖ ਕੇ ਕੇਵਲ 12 ਸਾਲ ਦੀ ਉਮਰ ਵਿਚ ਉਸਨੂੰ “ਸਪੋਰਟਿੰਗ ਲਿਸਬਨ ਫੁੱਟਬਾਲ ਅਕੈਡਮੀ’ ਵਿਚ ਸ਼ਾਮਲ ਕਰ ਲਿਆ ਗਿਆ। ਘਰ ਤੋਂ ਦੂਰ ਅਕੈਡਮੀ ਵਿਚ ਇਕੱਲੇ ਰਹਿਣ ਲਈ ਉਸਨੂੰ ਬੜਾ ਸੰਘਰਸ਼, ਬੜੀ ਮਾਨਸਿਕ ਜਦੋ ਜਹਿਦ ਕਰਨੀ ਪਈ।
ਉਥੇ ਉਸਨੇ 1997 ਤੋਂ 2002 ਤੱਕ ਪੰਜ ਸਾਲ ਦਾ ਸਮਾਂ ਗੁਜ਼ਾਰਿਆ। ਜਦ 2002 ਵਿਚ ਵਾਪਿਸ ਆਇਆ ਤਾਂ ਉਸਦੀ ਖੇਡ-ਕਲਾਂ ਵੇਖ ਕੇ ਸਾਰੇ ਦੰਗ ਰਹਿ ਗਏ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਹੀ ਇਤਿਹਾਸ ਰਚਨਾ ਆਰੰਭ ਕਰ ਦਿੱਤਾ। ਦੁਨੀਆਂ ਦੀਆਂ ਬਿਹਤਰੀਨ ਫੁੱਟਬਾਲ ਕਲੱਬਾਂ ਮੈਨਚੈਸਟਰ ਯੂਨਾਈਟਡ (ਇੰਗਲੈਂਡ), ਰੀਅਮ ਮੈਡਰਿਟ (ਸਪੇਨ) ਜੁਵੈਂਟਸ (ਇਟਲੀ) ਅਤੇ ਅਲ-ਨਸਤਰ ਸਾਊਦੀ ਅਰਬ ਲਈ ਖੇਡਦਿਆਂ ਉਸਨੇ ਇਹ ਸ਼ਾਨਾਂਮੱਤਾ-ਸਫ਼ਰ ਲਗਾਤਾਰ ਜਾਰੀ ਰੱਖਿਆ।
ਉਹ ਹੁਣ ਤੱਕ 226 ਕੌਮਾਂਤਰੀ ਮੈਚ ਖੇਡ ਚੁੱਕਾ ਹੈ ਅਤੇ 143 ਗੋਲ ਕਰ ਚੁੱਕਾ ਹੈ। ਇਹ ਦੋਵੇਂ ਵਿਸ਼ਵ ਰਿਕਾਰਡ ਹਨ। ਉਸਨੇ ਆਪਣੇ ਕੁੱਲ ਮੈਚਾਂ ਦੌਰਾਨ ਹੁਣ ਤੱਕ 900 ਤੋਂ ਵੱਧ ਗੋਲ ਕਰਕੇ ਇਤਿਹਾਸ ਰਚਿਆ ਹੈ। ਉਸਨੇ ਚਾਰ ਵਾਰ ‘ਗੋਲਡਨ ਸ਼ੂਅ’ ਅਤੇ ਪੰਜ ਵਾਰ ‘ਬੈਲੋਨ ਡੀ ਓਰ’ ਖਿਤਾਬ ਜਿੱਤਿਆ ਹੈ। ਉਸਦੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਬੜੀ ਅਨੌਖੀ ਤੇ ਅਦਭੁੱਤ ਹੈ।
ਉਸਨੇ ‘ਰੀਅਲ ਮੈਡਰਿਟ ਕਲੱਬ’ ਸਪੇਨ ਨਾਲ 80 ਮਿਲੀਅਨ ਪੌਂਡ ਵਿਚ ਅਤੇ ਇਟਲੀ ਦੀ ਕਲੱਬ ਨਾਲ 88 ਮਿਲੀਅਨ ਪੌਂਡ ਵਿਚ ਸਮਝੌਤਾ ਕੀਤਾ ਸੀ। ਰੋਨਾਲਡੋ ਘਰ ਵਿਚ ਚੌਥਾ ਅਤੇ ਸੱਭ ਤੋਂ ਛੋਟਾ ਬੱਚਾ ਸੀ। ਗਰੀਬੀ ਐਨੀ ਸੀ ਕਿ ਪਰਿਵਾਰ ਦੇ ਛੇ ਜੀਅ ਛੋਟੇ ਜਿਹੇ ਇਕ ਕਮਰੇ ਵਿਚ ਗੁਜ਼ਾਰਾ ਕਰਦੇ ਸਨ। 15 ਸਾਲ ਦੀ ਉਮਰ ਵਿਚ ਉਸਨੂੰ ਦਿਲ ਦੀ ਸਮੱਸਿਆ ਕਾਰਨ ਸਰਜਰੀ ਕਰਵਾਉਣੀ ਪਈ। ਆਰਾਮ ਦੀ ਅਵਸਥਾ ਵਿਚ ਵੀ ਉਸਦੇ ਦਿਲ ਦੀ ਧੜਕਣ ਵੱਧ ਜਾਂਦੀ ਸੀ। ਇਹ ਸਮੱਸਿਆ ਉਸਦੇ ਖੇਡ-ਕਰੀਅਰ ਨੂੰ ਖਤਮ ਕਰ ਸਕਦੀ ਸੀ। ਪਰ ਸਫ਼ਲ ਸਰਜਰੀ ਉਪਰੰਤ ਸੱਭ ਠੀਕ ਹੋ ਗਿਆ।
ਮੈਂ ਜਦ ਟੈਲੀਵਿਜ਼ਨ ਪਰਦੇ ‘ਤੇ ਉਸਦੇ ਯਾਦਗਾਰੀ ਖੇਡ-ਛਿਣਾ ਨੂੰ ਤੱਕਦਾ ਹਾਂ ਤਾਂ ਅਸ਼ ਅਸ਼ ਕਰ ਉੱਠਦਾ ਹਾਂ। ਉਸਨੂੰ ਫੁੱਟਬਾਲ ਦੀ ਦੁਨੀਆਂ ਵਿਚ ਪਿਆਰ ਨਾਲ CRT ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਉਸਦਾ ਕਾਰੋਬਾਰੀ ਬਰੈਂਡ ਹੈ। ਮੈਂ ਖੁਦ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਦੁਨੀਆਂ ਦੇ ਮਹਾਨ ਖਿਡਾਰੀ ਨੂੰ ਇਸ ਧਰਤੀ ‘ਤੇ ਖੇਡਦਿਆਂ ਆਪਣੀ ਅੱਖੀਂ ਵੇਖ ਰਿਹਾ ਹਾਂ। ਉਸਦੀ ਖੇਡ, ਖੇਡ ਪ੍ਰਤੀ ਸਮਰਪਣ ਅਤੇ ਫਿੱਟਨੈੱਸ ਹੀ ਕਮਾਲ ਦੀ ਨਹੀਂ ਹੈ ਬਲਕਿ ਲੋੜਵੰਦਾਂ ਦੀ ਸਹਾਇਤਾ ਕਰਨ ਵਿਚ ਵੀ ਉਹ ਕਮਾਲ ਕਰਦਾ ਹੈ। ਇਕ ਵਾਰ ਇਕ ਬਿਮਾਰ ਬੱਚੇ ਦੀ ਮਾਂ ਨੇ ਰੋਨਾਲਡੋ ਤੋਂ ਉਸਦੀ ਟੀ-ਸ਼ਰਟ ‘ਤੇ ਉਸਦੇ ਆਟੋਗ੍ਰਾਫ ਮੰਗੇ ਤਾਂ ਜੋ ਉਸਨੂੰ ਵੇਚ ਕੇ ਆਪਣੇ ਬੱਚੇ ਦਾ ਇਲਾਜ ਕਰਵਾ ਸਕੇ। ਰੋਨਾਲਡੋ ਨੇ ਆਪਣੇ ਦਸਤਖ਼ਤ ਵਾਲੀ ਟੀ-ਸ਼ਰਟ ਦੇ ਨਾਲ 83000 ਡਾਲਰ ਦਾ ਚੈੱਕ ਵੀ ਦਿੱਤਾ।
ਉਸਨੇ ਆਪਣੀ ‘ਗੋਲਡਨ ਬੂਟ’ ਟ੍ਰਾਫ਼ੀ ਨੂੰ ਨਿਲਾਮ ਕਰਕੇ 15 ਲੱਖ ਡਾਲਰ ਗਾਜ਼ਾ ਵਿਚ ਫਲਸਤੀਨੀ ਬੱਚਿਆਂ ਦੇ ਸਕੂਲ ਦੇ ਨਿਰਮਾਣ ਲਈ ਦੇ ਦਿੱਤੇ ਸਨ। ਉਸਦੀਆਂ ਪ੍ਰਾਪਤੀਆਂ ਅਤੇ ਗਰੀਬੀ ਤੋਂ ਕ੍ਰਿਸ਼ਮਈ ਬਣਨ ਦੀ ਕਹਾਣੀ ਸੁਪਨੇ ਵਰਗੀ ਹੈ। ਉਸਨੇ 14 ਸਾਲ ਦੀ ਉਮਰ ਵਿਚ ਸਕੂਲ ਛੱਡ ਦਿੱਤਾ ਸੀ ਕਿਉਕਿ ਉਸਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਉਹ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਬਣ ਸਕਦਾ ਹੈ। ਉਸਦੇ ਇਸ ਫੈਸਲੇ ਵਿਚ ਉਸਦੀ ਮਾਂ ਨੇ ਪੂਰਾ ਪੂਰਾ ਸਹਿਯੋਗ ਦਿੱਤਾ। ਉਸਨੇ ਹਾਈ ਸਕੂਲ ਵੀ ਪਾਸ ਨਹੀਂ ਕੀਤਾ। ਪਰ ਇਹ ਤਿੰਨ ਭਾਸ਼ਾਵਾਂ ਬੋਲ ਸਕਦਾ ਹੈ।
ਉਸਨੇ ਫੁੱਟਬਾਲ ਖੇਡਣਾ ਇਸ ਲਈ ਆਰੰਭ ਕੀਤਾ ਕਿਉਂਕਿ ਉਹ ਬਚਪਨ ਵਿਚ ਬਹੁਤ ਤੇਜ਼ ਦੌੜਦਾ ਸੀ। ਕੇਵਲ 8 ਸਾਲ ਦੀ ਉਮਰ ਵਿਚ ਉਸਨੇ ਲੋਕਲ ਟੀਮ ਵਿਚ ਖੇਡਣਾ ਸ਼ੁਰੂ ਕਰ ਦਿੱਤਾ ਸੀ। ਜਦ ਰੋਨਾਲਡੋ ਤੇਜ਼ ਰਫਤਾਰ ਨਾਲ ਬਿਹਤਰੀਨ ਡ੍ਰਿਬਲਿੰਗ ਕਰਦਾ ਸ਼ਾਨਦਾਰ ਹੈਡਰ (ਉੱਚੀ ਛਾਲ) ਲਗਾਉਂਦਾ ਵਿਰੋਧੀ ਟੀਮ ਨੇ ਗੋਲ ਵੱਲ ਵੱਧਦਾ ਹੈ ਅਤੇ ਅੱਖ ਝਮਕਦਿਆਂ ਗੋਲੀ ਨੂੰ ਝਕਾਨੀ ਦੇ ਕੇ ਬਾਲ ਗੋਲਾਂ ਵਿਚ ਸੁੱਟ ਕੇ ਚੀਤੇ ਵਾਂਗ ਵਾਪਿਸ ਦੌੜਦਾ ਹੈ ਤਾਂ ਦੁਨੀਆਂ ਉਸਦੇ ਇਸ ਅਦਭੁੱਤ ਹੁਨਰ ਨੂੰ ਵੇਖਦਿਆਂ ਝੂਮ ਉੱਠਦੀ ਹੈ। ਹੈਰਾਨੀਜਨਕ ਹੈ ਕਿ ਉਸਦੇ ਪੰਜ ਬੱਚੇ ਹਨ, ਚਾਰ ਪਤਨੀਆਂ ਹਨ। ਪਰ ਰਸਮੀਂ ਤੌਰ ‘ਤੇ ਵਿਆਹ ਕਿਸੇ ਨਾਲ ਵੀ ਨਹੀਂ ਕਰਵਾਇਆ। ਦੋ ਬੱਚੇ ਜੁੜਵਾਂ ਹਨ। ਉਹ ਬੱਚਿਆਂ ਨਾਲ ਬੱਚਾ ਬਣ ਜਾਂਦਾ ਹੈ।
ਉਹ ਆਪਣੀ ਅਸਲ ਉਮਰ ਨਾਲੋਂ 8-10 ਸਾਲ ਛੋਟਾ ਨਜ਼ਰ ਆਉਂਦਾ ਹੈ। ਫਿਟਨੈਸ ਵਾਸਤੇ ਉਹ ਇਕੋ ਵੇਲੇ 8 ਘੰਟੇ ਸੌਣ ਦੀ ਬਜਾਏ 90-90 ਮਿੰਟ ਦੀ ਨੀਂਦ ਪੰਜ ਵਾਰ ਲੈਂਦਾ ਹੈ। ਭੋਜਨ ਵੀ ਛੇ ਵਾਰ ਕਰਦਾ ਹੈ। ਦੋ ਨਾਸ਼ਤੇ, ਦੋ ਲੰਚ ਅਤੇ ਦੋ ਡਿੰਨਰ। ਪਰ ਥੋੜ੍ਹਾ-ਥੋੜ੍ਹਾ ਖਾਂਦਾ ਹੈ। ਇਨ੍ਹਾਂ ਵਿਚ ਸਲਾਦ, ਫਲ, ਸਬਜ਼ੀਆਂ, ਮੋਟਾ ਅਨਾਜ ਵਧੇਰੇ ਸ਼ਾਮਲ ਹੁੰਦਾ ਹੈ। ਉਸਨੂੰ ਸ਼ਕਰਕੰਦੀ ਅਤੇ ਬਰੋਕਲੀ ਬਹੁਤ ਪਸੰਦ ਹੈ। ਮੈਦਾ, ਪਾਸਤਾ, ਬਰੈੱਡ ਆਦਿ ਦੀ ਸਖ਼ਤ ਮਨਾਹੀ ਹੈ। ਉਹ ਜੋ ਖੁਰਾਕ ਖਾਂਦਾ ਹੈ ਉਹ ਐਂਟੀ-ਏਜਿੰਗ ਦਾ ਕੰਮ ਕਰਦੀ ਹੈ। ਰੀਲੈੱਕਸ ਰਹਿਣ ਲਈ, ਸਾਕਾਰਾਤਮਕ ਸੋਚ ਲਈ ਵੱਧ ਤੋਂ ਵੱਧ ਸਮਾਂ ਪਰਿਵਾਰਕ ਮੈਂਬਰਾਂ ਨਾਲ ਬਤਾਉਂਦਾ ਹੈ। ਹਰੇਕ ਮੈਚ ਤੋਂ ਬਾਅਦ ਉਹ 30 ਮਿੰਟ ਸਵਿਮਿੰਗ ਕਰਦਾ ਹੈ। ਸਰੀਰਕ ਸਿਹਤ ਦੇ ਨਾਲ-ਨਾਲ ਉਹ ਮਾਨਸਿਕ ਸਿਹਤ ਨੂੰ ਵੀ ਬਰਾਬਰ ਤਰਜੀਹ ਦਿੰਦਾ ਹੈ। ਤਣਾਅ ਘਟਾਉਣ ਲਈ ਉਹ ਦੌੜਦਾ ਹੈ, ਰੋਇੰਗ (ਚੱਪੂ ਨਾਲ ਬੇੜੀ ਚਲਾਉਣਾ) ਅਤੇ ਵੇਟ-ਲਿਫਟਿੰਗ ਵੱਲ ਧਿਆਨ ਦਿੰਦਾ ਹੈ। ਮਸਲ ਰਿਕਵਰੀ ਲਈ ਉਹ ਉਸ ਚੈਂਬਰ ਵਿਚ ਤਿੰਨ ਮਿੰਟ ਬਤਾਉਂਦਾ ਹੈ ਜਿਸਦਾ ਤਾਪਮਾਨ-130 ਡਿਗਰੀ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਅਤੇ ਸੈਟਾਂ ਦੀ ਰਿਕਵਰੀ ਹੁੰਦੀ ਹੈ।
ਬਚਪਨ ਵਿਚ ਉਹ ਨਿੱਕੀ ਨਿੱਕੀ ਗੱਲ ‘ਤੇ ਰੋਣ ਲੱਗਦਾ ਸੀ। ਉਸਦੇ ਘਰ ਵਾਲੇ ਅਤੇ ਦੋਸਤ ਉਸਨੂੰ ‘ਕਰਾਈ ਬੇਬੀ’ ਕਿਹਾ ਕਰਦੇ ਸਨ। ਉਹ ਸੱਭ ਤੋਂ ਤੇਜ਼ ਦੌੜਣ ਵਾਲੇ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਹੈ। ਇਕ ਵਾਰ ਮੈਚ ਦੌਰਾਨ ਉਹ 33.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਿਆ ਸੀ। ਇਕ ਮੈਚ ਦੌਰਾਨ ਉਸਨੇ 9.6 ਫੁੱਟ ਉੱਚੀ ਛਾਲ ਲਗਾਈ ਸੀ। ਇਸਨੂੰ ‘ਸੁਪਰ ਹੀਰੋ ਜੰਪ’ ਵੀ ਕਿਹਾ ਜਾਂਦਾ ਹੈ।
ਪੁਰਤਗਾਲ ਦੇ ਮਦੇਰਾ ਵਿਚ ਸਥਿਤ ਹਵਾਈ ਅੱਡੇ ਦਾ ਨਾਮ ਤਬਦੀਲ ਕਰਕੇ ‘ਕ੍ਰਿਸਟੀਨੋ ਰੋਨਾਲਡੋ ਅੰਤਰਰਾਸ਼ਟਰੀ ਹਵਾਈ ਅੱਡਾ’ ਰੱਖ ਦਿੱਤਾ ਗਿਆ ਹੈ। ਉਹ ਹਮੇਸ਼ਾ ਆਪਣੀਆਂ ਸੀਮਾਵਾਂ ਤੋਂ ਪਰ੍ਹੇ ਜਾ ਕੇ ਖੁਦ ਨੂੰ ਚੁਣੌਤੀ ਦਿੰਦਾ ਹੈ। ਉਸ ਵਿਚ ਕਮਾਲ ਦੀ ਮਾਨਸਿਕ ਦ੍ਰਿੜਤਾ ਹੈ। ਉਹ ਦਬਾਅ, ਤਣਾਅ ਅਤੇ ਆਲੋਚਨਾ ਦੇ ਸਮੇਂ ਵੀ ਬਿਤਹਰੀਨ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹਿੰਦਾ ਹੈ। ਉਸ ਵਿਚ ਸਿਰੇ ਦਾ ਆਤਮ-ਵਿਸ਼ਵਾਸ ਹੈ। ਉਹ ਹਮੇਸ਼ਾ ਮੰਨਦਾ ਹੈ ਕਿ ਉਹ ਸਰਵਸ੍ਰੇਸ਼ਟ ਬਣ ਸਕਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੋਨਾਲਡੋ ਦੇ ਪੈਰਾਂ ਦਾ ਬੀਮਾ ਹੋਇਆ ਹੈ। ਬੀਮੇ ਦੀ ਰਕਮ ਪਤਾ ਲੱਗਣ ‘ਤੇ ਤੁਸੀਂ ਪਹਿਲਾਂ ਨਾਲੋਂ ਦੁਗਣੇ ਹੈਰਾਨ ਹੋਵੋਗੇ। ਉਸਦੇ ਪੈਰਾਂ ਦਾ ਬੀਮਾ 1094 ਕਰੋੜ ਰੁਪਏ ਵਿਚ ਹੋਇਆ ਹੈ।
ਕਰਿਸਟੀਨੋ ਰੋਨਾਲਡੋ ਦਾ ਕਹਿਣਾ ਹੈ :
- ਸ਼ਾਂਤ ਮਨ ਕਿਸੇ ਵੀ ਤੂਫ਼ਾਨ ਨਾਲ ਨਿਪਟ ਸਕਦਾ ਹੈ।”
- ਪਛਤਾਵਾ ਕਰਨ ਨਾਲੋਂ ਬਿਹਤਰ ਹੈ, ਉੱਠੋ ਅਤੇ ਜੀਅ ਜਾਨ ਲਗਾ ਦਿਉ।”
- ਇਨਸਾਨ ਸਫ਼ਲ ਉਦੋਂ ਹੁੰਦਾ ਹੈ ਜਦ ਉਹ ਦੁਨੀਆ ਨੂੰ ਨਹੀਂ, ਖੁਦ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ।”
- “ਲੋਕ ਮੇਰੇ ’ਤੇ ਹੱਸਦੇ ਹਨ ਕਿਉਂਕਿ ਮੈਂ ਅਲੱਗ ਹਾਂ। ਮੈਂ ਉਨ੍ਹਾਂ ’ਤੇ ਹੱਸਦਾ ਹਾਂ ਕਿਉਂਕਿ ਉਹ ਸਾਰੇ ਇਕੋ ਜਿਹੇ ਹਨ।”
ਉਹ ਦੁਨੀਆਂ ਦੀਆਂ ਪ੍ਰਸਿੱਧ ਹਸਤੀਆਂ ਵਿਚੋਂ ਇਕ ਹੈ। ਦੁਨੀਆਂ ਦੇ ਕਈ ਪ੍ਰਸਿੱਧ ਬ੍ਰਾਂਡਾਂ ਦੇ ਇਸ਼ਤਿਹਾਰਾਂ ਤੋਂ ਉਸਨੂੰ ਮੋਟੀ ਕਮਾਈ ਹੁੰਦੀ ਹੈ। CRT ਬ੍ਰਾਂਡ ਦਾ ਉਹ ਮਾਲਕ ਹੈ। ਜਿਸਦੇ ਤਹਿਤ ਪਰਫਿਊਮ, ਕੱਪੜੇ ਆਦਿ ਬਜ਼ਾਰ ਵਿਚ ਉਪਲਬੱਧ ਹਨ। ਇਸੇ ਬ੍ਰਾਂਡ ਤਹਿਤ ਉਸਨੇ ਹੋਟਲ ਚੇਨ ਅਤੇ ਜਿੰਮ ਦੀ ਆਰੰਭ ਕੀਤੇ ਹੋਏ ਹਨ।
ਫੋਰਬਸ ਦੀ ਰਿਪੋਰਟ ਮੁਤਾਬਕ ਉਹ ਦੁਨੀਆਂ ਵਿਚ ਸਭ ਤੋਂ ਵਧੇਰੇ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਿਖਰ ’ਤੇ ਹੈ। ਰੋਨਾਲਡੋ ਕੋਲ ਗੋਲ ਕਰਨ ਦੀ ਲਾਜਵਾਬ ਸਮਝ-ਸਮਰੱਥਾ ਤੇ ਮਹਾਰਤ ਹੈ। ਉਹ ਦੋਵੇਂ ਪੈਰਾਂ ਦਾ ਇੰਝ ਇਸਤੇਮਾਲ ਕਰਦਾ ਹੈ ਕਿ ਖੇਡ-ਪ੍ਰੇਮੀ ਦੰਗ ਰਹਿ ਜਾਂਦੇ ਹਨ। ਉਹ ਦੋਹਾਂ ਪੈਰਾਂ ਨਾਲ ਸਟੀਕ ਅਤੇ ਸ਼ਕਤੀਸ਼ਾਲੀ ਸ਼ਾਟ ਲਗਾਉਣ ਵਿਚ ਮਾਹਿਰ ਹੈ।
ਉਹ ਦੂਰ ਤੋਂ, ਪੇਨਲਟੀ ਬਾਕਸ ਦੇ ਬਾਹਰੋਂ ਵੀ ਤੇਜ਼-ਤਰਾਰ ਅਤੇ ਘਮਾਉਦਾਰ ਸ਼ਾਟ ਲਗਾ ਕੇ ਗੋਲਕੀਪਰਾਂ ਨੂੰ ਚਕਮਾ ਦੇਣ ਵਿਚ ਪ੍ਰਬੀਨ ਹੈ। ਉਸਦੀ ਹਵਾਈ ਕਲਾਬਾਜ਼ੀ ਅਤੇ ਸਿਰ ਦੀ ਵਰਤੋਂ ਗਜ਼ਬ ਦੀ ਹੁੰਦੀ ਹੈ। ਟਾਈਮਿੰਗ ਇੰਨੀ ਸਟੀਕ ਹੁੰਦੀ ਹੈ ਕਿ ਉਹ ਅਕਸਰ ਸਾਰੇ ਖਿਡਾਰੀਆਂ ਤੋਂ ਉੱਪਰ ਉੱਠ ਕੇ ਹੈੱਡਰ ਨਾਲ ਗੋਲ ਕਰਕੇ ਸਭ ਨੂੰ ਅਚੰਭਿਤ ਕਰ ਦਿੰਦਾ ਹੈ। ਆਪਣੀ ਸਰੀਰਕ ਸਮਰੱਥਾ, ਗਰਦਨ, ਛਾਤੀ, ਪੇਟ ਅਤੇ ਪਿੱਠ ਦੀ ਤਾਕਤ ਸਦਕਾ ਉਹ ਹਵਾ ਵਿਚ ਵੀ ਗੇਂਦ ਨੂੰ ਸਹੀ ਦਿਸ਼ਾ ਅਤੇ ਰਫ਼ਤਾਰ ਦੇ ਦਿੰਦਾ ਹੈ। ਉਹ ਤੇਜ਼ ਤਰਾਰ ਰਫ਼ਤਾਰ, ਜਾਦੂਈ ਲਲਿੰਗ ਅਤੇ ਚਹਿਲ-ਕਦਮੀਂ ਨਾਲ ਰੱਖਿਅਕ ਪੰਕਤੀ ਨੂੰ ਅਸਾਨੀ ਨਾਲ ਪਛਾੜ ਦਿੰਦਾ ਹੈ। ਆਪਣੀ ਚੁਸਤੀ-ਫੁਰਤੀ ਕਾਰਨ ਉਹ ਕਾਊਂਟਰ ਅਟੈਕ, ਤੁਰੰਤ ਜਵਾਬੀ ਹਮਲਾ ਕਰਨ ਵਿਚ ਵੀ ਮਾਹਿਰ ਹੈ। ਜਿਹੜਾ ਵਿਰੋਧੀ ਟੀਮ ਲਈ ਘਾਤਕ ਸਿੱਧ ਹੁੰਦਾ ਹੈ।
ਉਹ ਸਹੀ ਸਮੇਂ ’ਤੇ, ਸਹੀ ਜਗ੍ਹਾ ਮੌਜੂਦ ਹੁੰਦਾ ਹੈ ਕਿਉਂਕਿ ਉਸਦੀ ਬਿਨ੍ਹਾ ਗੇਂਦ ਦੇ ਮੂਵਮੈਂਟ ਵੀ ਕਮਾਲ ਦੀ ਹੁੰਦੀ ਹੈ। ਇਸ ਨਾਲ ਉਸਦੇ ਸਾਥੀ ਖਿਡਾਰੀ ਉਸਨੂੰ ਅਸਾਨੀ ਨਾਲ ਪਾਸ ਦੇਣ ਵਿਚ ਕਾਮਯਾਬ ਰਹਿੰਦੇ ਹਨ। ਰੋਨਾਲਡੋ ਪੇਨਲਟੀ ਕਿੰਗ ਹੈ। ਉਹ ਨਹਾਇਤ ਦਬਾਅ ਦੀ ਸਥਿਤੀ ਵਿਚ ਵੀ ਬਹੱਦ ਸ਼ਾਂਤ ਰਹਿ ਕੇ ਪੇਨਲਟੀ ਨੂੰ ਗੋਲ ਵਿਚ ਤਬਦੀਲ ਕਰਨ ਲਈ ਜਾਣਿਆ ਜਾਂਦਾ ਹੈ। ਉਸਦੀ ਫ੍ਰੀ ਕਿੱਕ ਤਕਨੀਕ, ਅਨੋਖੀ ‘ਨਕਲਬਾਲ’ ਫੁੱਟਬਾਲ ਦੀ ਦੁਨੀਆ ਵਿਚ ਬੜੀ ਚਰਚਿਤ, ਬੜੀ ਮਸ਼ਹੂਰ ਰਹੀ ਹੈ। ਜਿਸ ਗੇਂਦ ਹਵਾ ਵਿਚ ਹੈਰਾਨੀਜਨਕ ਢੰਗ ਨਾਲ ਦਿਸ਼ਾ ਬਦਲਦੀ ਹੈ।
ਉਮਰ ਅਤੇ ਤਜ਼ਰਬੇ ਦੇ ਨਾਲ ਨਾਲ ਉਸਨੇ ਆਪਣੀ ਖੇਡ-ਸ਼ੈਲੀ ਵਿਚ ਕਈ ਤਬਦੀਲੀਆਂ ਕੀਤੀਆਂ। ਵਿੰਗਸ (ਖੱਬੇ ਅਤੇ ਸੱਜੇ ਪਾਸੇ ਖੇਡਣਾ) ਨੂੰ ਛੱਡ ਕੇ ਪੇਨਲਟੀ ਬਾਕਸ ਦੇ ਅੰਦਰ ਇਕ ਖਤਰਨਾਕ ਗੋਲ ਪੋਚਰ (ਗੋਲ ਨੇੜੇ ਗੋਲ ਕਰਨ ਵਾਲੇ) ਜਾਂ ਮੁੱਖ ਸਟਰਾਈਕਰ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ।
ਉਸਦੀ ਖੇਡ-ਕਲਾ ਕੇਵਲ ਉਸਦੀ ਪ੍ਰਾਕਿਰਤਕ ਪ੍ਰਤਿਭਾ ‘ਤੇ ਹੀ ਨਹੀਂ, ਸਗੋਂ ਅਣਥੱਕ ਮਿਹਨਤ, ਸਰੀਰਕ ਫਿੱਟਨੈੱਸ ਅਤੇ ਕਦੇ ਹਾਰ ਲਾ ਮੰਨਣ ਵਾਲੇ ਜਜ਼ਬੇ ’ਤੇ ਟਿਕੀ ਹੋਈ ਹੈ।
ਉਹ ਹਫ਼ਤੇ ਵਿਚ ਪੰਜ ਦਿਨ 3 ਤੋਂ 4 ਘੰਟੇ ਸਖ਼ਤ ਅਭਿਆਸ ਕਰਦਾ ਹੈ। ਉਸਦਾ ਰੋਜ਼ਾਨਾ ਅਭਿਆਸ ਉਸਦੀ ਰਫ਼ਤਾਰ, ਲਚਕੀਲਾਪਨ, ਸਹਿਣਸ਼ਕਤੀ ਅਤੇ ਸਰੀਰਕ ਸਮਰੱਥਾ ਵਧਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸੇ ਲਈ ਉਹ 41 ਸਾਲ ਦੀ ਉਮਰ ਵਿਚ ਵੀ ਦੁਨੀਆਂ ਦੀਆਂ ਬਿਹਤਰੀਨ ਫੁੱਟਬਾਲ ਕਲੱਬਾਂ ਲਈ ਖੇਡ ਰਿਹਾ ਹੈ। ਭਾਵੇਂ ਨੇੜ-ਭਵਿੱਖ (2027 ਵਿਚ) ਵਿਚ ਉਸਦਾ ਖੇਡ ਤੋਂ ਸੰਨਿਆਸ ਲੈਣ ਦਾ ਇਰਾਦਾ ਹੈ ਪਰ ਉਹ ਸਾਊਦੀ ਅਰਬ ਦੀ ਅਲ-ਨਸਤਰ ਕਲੱਬ ਨਾਲ ਕੀਤੇ ਸਮਝੌਤੇ ਤੱਕ ਖੇਡਦਾ ਅਵੱਸ਼ ਨਜ਼ਰ ਆਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਲ-ਨਸਤਰ ਨਾਲ ਸਮਝੌਤਾ ਖਤਮ ਹੋਣ ‘ਤੇ ਉਹ ਆਪਣੇ ਬੂਟ ਕਿੱਲੀ ‘ਤੇ ਟੰਗ ਦੇਵੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕੋਚ ਬਣ ਸਕਦਾ ਹੈ ਜਾਂ ਕਲੱਬ ਦਾ ਪ੍ਰਧਾਨ ਜਾਂ ਉਹ ਆਪਣੀ ਕਲੱਬ ਬਣਾ ਕੇ ਉਸਤੇ ਪੈਸਾ ਲਗਾ ਸਕਦਾ ਹੈ।
ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਖੇਡਾਂ ਨਾਲ ਜੁੜੇ ਕਾਰੋਬਾਰ ਵਿਚ ਪੈ ਸਕਦਾ ਹੈ। ਡਿਜ਼ੀਟਲ ਦੁਨੀਆਂ ਵਿਚ ਪ੍ਰਵੇਸ਼ ਕਰ ਸਕਦਾ ਹੈ ਜਾ ਕੋਈ ਮੀਡੀਆ ਪਲੇਟਫਾਰਮ ਆਰੰਭ ਕਰ ਸਕਦਾ ਹੈ। ਉਹ ਖੇਡ ਤੋਂ ਇਸ ਲਈ ਲਾਂਭੇ ਹੋਣਾ ਚਾਹੁੰਦਾ ਹੈ ਤਾਂ ਜੋ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਵਧੇਰੇ ਵਕਤ ਦੇ ਸਕੇ। ਉਹ ਕਹਿੰਦਾ ਹੈ, “ਮੈਂ ਵਧੇਰੇ ਪਰਿਵਾਰਕ ਵਿਅਕਤੀ ਬਣਨਾ ਚਾਹੁੰਦਾ ਹਾਂ। ਪਰਿਵਾਰ ਵਿਚ ਵਧੇਰੇ ਹਾਜ਼ਰ ਰਹਿਣਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਮੇਰੇ ਆਪਣੇ ਸ਼ੌਕ ਵੀ ਹਨ, ਸਮਾਂ ਦੇਣਾ ਚਾਹੁੰਦਾ ਹਾਂ।’”
ਰਿਨਾਲਡੋ ਦਾ ਕਹਿਣਾ ਹੈ, ਮੇਰੇ ਪਿਤਾ ਕਾਫ਼ੀ ਡ੍ਰਿੰਕ ਕਰਦੇ ਸਨ। ਇਸੇ ਕਾਰਨ ਉਹ ਮੈਨੂੰ 20 ਸਾਲ ਦੀ ਉਮਰ ਵਿਚ ਛੱਡ ਕੇ ਦੁਨੀਆਂ ਤੋਂ ਚੱਲ ਗਏ। ਮੈਨੂੰ ਝੋਰਾ ਹੈ ਕਿ ਮੇਰੀ ਕਦੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਖੁਲ੍ਹ ਕੇ ਗੱਲਬਾਤ ਵੀ ਨਹੀਂ ਹੋਈ ਸੀ। ਉਨ੍ਹਾਂ ਨੂੰ ਮੇਰੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਨਹੀਂ ਸੀ।
