Jun 9, 2026

ਲੇਖਕ : ਗੁਰਦੇਵ ਸਿੰਘ ਆਲਮਵਾਲਾ-

ਐਬਸਫੋਰਡ ਤਰੱਕੀ ਦੇ ਰਾਹ ਉੱਤੇ ਚੱਲਦਿਆਂ ਬਹੁਤ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਸ ਦੇ ਕੁਝ ਇੱਕ ਕਾਰਨ ਸਾਲ 1995 ਤੋਂ ਜੋ ਦੋਵੇਂ ਮਿਊਸਿਪਲਟੀਆਂ (ਐਬਸਫੋਰਡ ਤੇ ਮੈਸਿਕੀ) ਇਕੱਠੀਆਂ ਹੋਕੇ ਇੱਕ ਵੱਡਾ ਸ਼ਹਿਰ ‘ਸਿਟੀ ਆਫ ਐਬਸਫੋਰਡ’ ਬਣਨੇ ਉੱਚੀਆਂ ਇਮਾਰਤਾਂ ਦਾ ਅਗਾਸ ਹੋਣਾ ਸ਼ੁਰੂ ਹੋ ਗਿਆ। ਦੂਸਰਾ ਕਾਰਣ ਇਹ ਗ੍ਰੇਟਰ ਵੈਨਕੂਵਰ ਦੇ ਭੀੜ ਭੜੰਕੇ ਵਿਚੋਂ ਬਾਹਰ ਨਿਕਲ ਕੇ ਟਰਾਂਸ ਕੈਨੇਡਾ ਹਾਈਵੇ ਵਨ ਉੱਪਰ ਇਹ ਪਹਿਲਾ ਪੈਂਦਾ ਕਾਫ਼ੀ ਵੱਡਾ ਸ਼ਹਿਰ ਹੈ। ਤੀਸਰਾ ਇਹ ਅਮਰੀਕਾ ਬਾਰਡਰ ਦੇ ਨਾਲ ਪੈਂਦਾ ਕਰਕੇ ਤੇਜਾਰਤ ਵਜਾਰਤ ਅਤੇ ਵਣਜ ਵਪਾਰ ਪੱਖੋਂ ਏਥੇ ਹੰਟਿੰਗਡਾਨ ਅਤੇ ਸੂਮਸ ਬਾਰਡਰ 24 ਘੰਟੇ ਖੁੱਲ੍ਹਾ ਮਿਲਦਾ। ਦੋਵੇਂ ਪਾਸੀਂ ਹਮੇਸ਼ਾਂ ਟੈਕਸ ਤੇ ਕਸਟਮ ਬਰੋਕਿਰ ਦਿਨ ਰਾਤ ਖੁੱਲੇ ਮਿਲਦੇ ਹਨ। ਦੋਨਾਂ ਪਾਸਿਆਂ ਤੋਂ ਹਜ਼ਾਰਾਂ ਗੱਡੀਆਂ ਏਧਰ ਓਧਰ ਬਾਰਡਰ ਲਾਈਨ ਜਾਇਜ਼ ਤਰੀਕੇ ਨਾਲ ਟੱਪਦੀਆਂ। ਇੱਥੋਂ ਤੱਕ ਲੋਕਲ ਵਸ਼ਿੰਦਿਆਂ ਦੀਆਂ ਫੈਮਲੀ ਕਾਰਾਂ ਅਮਰੀਕਾ ਵਿੱਚੋਂ ਘਰ ਦਾ ਰਾਸ਼ਨ ਪਾਣੀ ਤੇ ਪੈਟਰੋਲ ਭਰਾਉਣ ਜਾਂਦੀਆਂ ਆਉਂਦੀਆਂ ਆਂਮ ਵੇਖੀਆਂ ਜਾ ਸਕਦੀਆਂ ਹਨ। ਪਰ ਇਹ ਜਿਆਦਾਤਰ ਅਮਰੀਕਾ ਡਾਲਰ ਦੇ ਵੱਧਦੇ ਘੱਟਦੇ ਰੇਟ ਉੱਤੇ ਵੀ ਜ਼ਿਆਦਾ ਮਨਸਰ ਕਰਦਾ ਹੈ। ਚੌਥਾ ਇਹ ਸ਼ਹਿਰ ਸੂਮਸ ਪਹਾੜ ਦੀ ਧੁੰਨੀ ਵਿਚ ਵਸਿਆ ਕਰਕੇ ਇਸ ਨਾਲ ਤਿੰਨ ਪਾਸੇ ਖੁੱਲ੍ਹੇ ਖੇਤਾਂ ਦੇ ਫਾਰਮਾਂ ਦੀ ਹਰਿਆਲੀ ਨਾਲ ਇਹ ਘਿਰਿਆ ਪਿਆ ਹੈ। ਪਹਾੜੀ ਇਲਾਕਿਆਂ ਵਿਚ ਨਵੀਆਂ ਬਣ ਰਹੀਆਂ ਅਰਬਨ ਡਵੀਜ਼ਨਾਂ ਉਪਰ ਬਣ ਰਹੇ ਨਵੇਂ ਟਾਊਨ ਹਾਊਸ, ਕੈਡੋਜ਼ ਤੇ ਮਹਿਲਾਂ ਵਰਗੇ ਘਰਾਂ ਦੀ ਆਬਾਦੀ ਦਿਨੋ-ਦਿਨ ਵੱਧ ਰਹੀ ਹੈ। ਏਥੇ ਫਾਰਮਾਂ ਵਿਚ ਬਹੁਤ ਕਿਸਮ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ, ਜੋ ਸੰਸਾਰ ਭਰ ਦੀਆਂ ਮੰਡੀਆਂ, ਮਾਰਕੀਟਾਂ ਵਿੱਚ ਦੂਰ ਦੂਰ ਤੱਕ ਦੁਨੀਆਂ ਦੇ ਹਰ ਕੋਨਿਆਂ ਵਿੱਚ ਭੇਜੀਆਂ ਜਾਂਦੀਆਂ। ਸਟਰਾਬੇਰੀ, ਰਸਬੇਰੀ, ਬਲੂਬੇਰੀ, ਕਰੇਨਬੇਰੀ ਦੀਆਂ ਅਨੇਕਾਂ ਕਿਸਮਾਂ ਉਗਾਈਆਂ ਜਾਂਦੀਆਂ। ਸਬਜ਼ੀਆਂ ਪੱਖੋਂ ਏਥੇ ਗੋਭੀ, ਬੀਨਸ ਫਲ਼ੀਆਂ, ਬਰਾਕਲੀ, ਸਪਰੋਟ, ਆਲੂ, ਮੂਲੀ, ਸ਼ਲਗਮ, ਮਿਰਚਾਂ, ਪਿਆਜ਼, ਲਸਣ ਨਾਲ ਖੇਤਾਂ ਦੇ ਖੇਤ ਭਰੇ ਮਿਲਦੇ ਹਨ ਐਬਸਫੋਰਡ ਦੇ ਕੁਝ ਹਿੱਸੇ ਦੀ ਜ਼ਮੀਨ ਦੁਨੀਆਂ ਪੱਧਰ ਉਤੇ ਮਸ਼ਹੂਰ ਹੈ ਜੋਂ ਰਸਬੇਰੀ ਵਾਸਤੇ ਨੰਬਰ ਵਨ ਹੈ ਤਾਂਹੀ ਤਾਂ ਇਸ ਨੂੰ “ਕੈਪੀਟਲ ਆਫ ਰੱਸਬੇਰੀ” ਦਾ ਖ਼ਿਤਾਬ ਵੀ ਹਾਸਲ ਮਿਲਿਆ। ਇੱਥੋਂ ਦੀ ਉੱਪਰਲੀ ਤਹਿ ਉਪਜਾਊ ਜ਼ਮੀਨ (Top soil) ਹੈ ਜਿਸ ਦੇ ਥੱਲੇ ਲੋਹੜਿਆਂ ਦਾ ਵੱਡਾ ਭੰਡਾਰ ਰੇਤਾ ਬੱਜਰੀ ਦਾ ਹੋਣ ਕਰਕੇ, ਜਿਹੜੀ ਫਸਲ ਰੱਸਬੇਰੀ ਦੀ ਹੈ ਉਹ ਉੱਪਰੋਂ ਮੀਂਹ ਹਰ ਰੋਜ਼ ਭਾਲਦੀ ਪਰ ਉਹ ਆਪ ਦੀਆਂ ਜੜਾਂ ਵਿੱਚ ਪਾਣੀ ਖੜਨਾਂ ਬਿਲਕੁਲ ਨਹੀਂ ਲੋੜਦੀ, ਇਥੋਂ ਦੀ ਧਰਤੀ ਐਬਸਫੋਰਡ ਨੂੰ ਇਹ ਇੱਕ ਕੁਦਰਤ ਦੀ ਦੇਣ ਹੈ ਇਹੋ ਜਿਹੀ ਜ਼ਮੀਨ ਦੁਨੀਆਂ ਦੇ ਹੋਰ ਖਿਤਿਆਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਏਥੇ ਧਰਤੀ ਥੱਲੜਾ ਪਾਣੀ ਰੇਤ ਬਜਰੀ ਵਿੱਚ ਦੀ ਸਕਰੀਨ ਹੋਇਆ ਸ਼ੁੱਧ ਸੁਆਦ ਤੇ ਮਿੱਠਾ ਹੈ। ਸ਼ਹਿਰ ਦੇ ਛਿਪਦੇ ਪਾਸੇ ਐਲਡਰਗਰੋਵ ਵੱਲ ਦੀ ਕੁਝ ਜ਼ਮੀਨ ਦੀ ਥੱਲੜੀ ਤਹਿ ਵਿੱਚ ਪਾਂਡੋ ਅੰਤਾਂ ਦੀ ਬਹੁਤ ਜ਼ਿਆਦਾ ਹੈ ਬਹੁਤੇ ਥਾਂਈਂ ਧਰਤੀ ਵਿੱਚ ਵਿਊਬਵੈਲ ਨਹੀਂ ਲੱਗਦੇ ਪਾਡੋਂ ਦਾ ਤਲ਼ ਜਿਆਦਾ ਹੈ। ਏਸੇ ਕਰਕੇ ਉੱਪਰਲੀ ਉਪਜਾਊ ਜ਼ਮੀਨ ਵਿੱਚ ਹਮੇਸ਼ਾ ਸਿਲਾਬ ਰਹਿੰਦੀ ਹੈ ਉੱਥੇ ਬਲੂ ਬੇਰੀਆਂ ਦੀਆਂ ਅਨੇਕਾਂ ਪੁਰਾਣੀਆਂ ਤੇ ਨਵੀਆਂ ਕਿਸਮਾਂ ਦੀ ਭਰਮਾਰ ਹੈ। ਫਰੇਜ਼ਰ ਵੈਲੀ ਖਿੱਤੇ ਵਿੱਚ ਹਰ ਤਰ੍ਹਾਂ ਦੀ ਜ਼ਮੀਨ ਪਾਈ ਜਾਂਦੀ ਹੈ ਰੇਤਲੀ, ਖੁਸ਼ਕ, ਸਿਲਾਬੀ ਤੇ ਕਰੇਨ ਬੇਰੀ ਵਾਸਤੇ ਪਾਣੀ ਵਾਲੀ। ਪੰਜਾਬੀਆਂ ਨੂੰ ਜੰਮਦਿਆਂ ਹੀ ਮਿੱਟੀ ਨਾਲ ਮੋਹ ਕਰਕੇ ਇਹ ਏਰੀਆ ਇਹਨਾਂ ਨੂੰ ਬਹੁਤ ਪਿਆਰਾ ਪਿਆਰਾ ਲੱਗਦਾ, ਤਾਂ ਹੀ ਤਾਂ ਇਨ੍ਹਾਂ ਨੇ ਏਸ ਖਿਤੇ ਵਿੱਚ ਰਹਿਣ ਨੂੰ ਵਧੇਰੇ ਤਰਜੀਹ ਦਿੱਤੀ ਹੈ। ਗਰੀਨ ਹਾਊਸਾਂ ਵਿੱਚ ਟਮਾਟਰ ਖੀਰੇ ਤੇ ਸ਼ਿਮਲਾ ਮਿਰਚਾਂ ਬਹੁਤ ਉਗਾਈਆਂ ਜਾਂਦੀਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਪੰਜਾਬੀਆਂ ਨੂੰ ਰੁਜ਼ਗਾਰ ਮਿਲਦਾ ਹੈ। ਪਸ਼ੂ ਪਾਲਣ ਪੱਖੋਂ ਗਾਈਆਂ, ਘੋੜਿਆਂ, ਸੂਰਾਂ ਤੇ ਭੇਡਾਂ, ਬੱਕਰੀਆਂ ਅਤੇ ਨਿਉਲ਼ਿਆ ਦੇ ਬਹੁਤ ਜ਼ਿਆਦਾ ਫਾਰਮ ਹਨ। ਇੱਥੋਂ ਦੇ ਵਸ਼ਿੰਦਿਆਂ ਦੇ ਵੱਖਰੇ ‘ਸ਼ੌਕ ਕਬੂਤਰ ਬਾਜ਼ੀ’ ਦਾ ਵੀ ਸਿਰੇ ਦਾ ਹੈ ਬਹੁਤੇ ਲੋਕਾਂ ਨੇ ਚਿੱਟੇ, ਚੀਨੇ ਤੇ ਭੂਰੇ ਹਾਈ ਫਲਾਇਰ (ਉੱਚੇ ਉੱਡਣ ਵਾਲੇ) ਕਬੂਤਰਾਂ ਨੂੰ ਸ਼ੌਂਕੀਆਂ ਪਾਲ਼ਦੇ ਹਨ ਜੋ ਬਹੁਤੇ ਬਾਜ਼ੀਆਂ ਉਤੇ ਛੱਡੇ ਵਾਪਿਸ ਹੀ ਨਹੀਂ ਆਉਂਦੇ। ਦੂਸਰੀ ਕਿਸਮ ਦੇ ਕਬੂਤਰ ਲੌਂਗ ਰੇਸਾਂ ਵਾਲੇ ਹਨ ਜੋ ਵੱਖ ਵੱਖ ਮੁਲਖਾਂ ਤੋਂ ਵੱਖਰੀ ਨਸਲ ਦੇ ਕਬੂਤਰ ਲਿਆ ਕੇ ਪਾਲਣ ਦਾ ਵੀ ਸ਼ੌਕ ਹੈ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਲਡਰਗਰੋਵ ਸ਼ਹਿਰ ਲਾਗੇ ਇੰਨਾ ਦਾ ਮੇਨ (ਅੱਡਾ) ਸਟੇਸ਼ਨ ਜੋ 5 ਏਕੜਾਂ ਵਿੱਚ ਬਣਿਆ ਹੋਇਆ ਜਿਸ ਦੀ ਦੇਖ ਰੇਖ ਬੀ ਸੀ ਪਿਜ਼ਨ ਕਲੱਬ ਬਾਕਾਇਦਾ ਸੰਵਿਧਾਨਕ ਰੂਪ ਨਾਲ ਚੁਣੀ ਜਾਂਦੀ ਕਰਦੀ ਹੈ ਇਥੋਂ ਬੀ ਸੀ ਅਲਬਰਟਾ ਈਸਟ ਵੱਲੋਂ ਕੁੱਲ 7 ਰੇਸਾਂ ਹੁੰਦੀਆਂ, ਪਹਿਲੀ ਰੇਸ ਹੋਪ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਅਤੇ ਸੱਤਵੀਂ ਰੇਸ ਕੈਲਗਰੀ ਦੇ ਸਾਊਥ ਵਾਲੇ ਪਾਸੇ ਤੋਂ ਛੱਡੀ ਜਾਂਦੀ ਹੈ ਜੋ ਵੱਡੇ ਸੈਮੀ ਟ੍ਰੇਲਰ ਦੀਆਂ ਦੋਨੋ ਸਾਈਡਾ ਯੱਕ ਦਮ ਖੋਲ ਦਿੰਦੀਆਂ ਜਾਂਦੀਆਂ ਤੇ ਸੈਂਕੜੇ ਕਬੂਤਰ ਆਪੋ ਆਪਣੀ ਮੰਜ਼ਿਲ (ਘਰ) ਵੱਲ ਨੂੰ ਉਤਾਵਲੇ ਹੋਕੇ ਤੇਜ਼ੀ ਨਾਲ ਵਾਪਿਸ ਆਉਂਦੇ ਹਨ ਇਹ ਉਡਾਣ 12 ਘੰਟੇ ਦੀ ਹੁੰਦੀ ਹੈ। ਹਰਇਕ ਕਬੂਤਰ ਦੀ ਲੱਤ ਨਾਲ ਟੈਗ ਹੁੰਦਾ ਜੋ ਘਰ ਆਏ ਕਬੂਤਰ ਦਾ ਡਾਟਾ, ਟਾਈਮ ਸੈਕਿੰਟਾ ਵਿੱਚ ਨੋਟ ਕਰਦਾ ਹੈ। ਪਹਿਲੇ ਆਉਣ ਵਾਲੇ ਪੰਜ ਕਬੂਤਰ ਜੇਤੂਆਂ ਦੀ ਲ਼ਾਈਨ ਵਿੱਚ ਸਲਿਕਟ ਹੋਕੇ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਨੰਬਰ ਲੱਗਦਾ ਹੈ। ਸਾਰਾ ਸਿਸਟਮ ਕੰਪਿਊਟਰਾਈਜ਼ ਹੈ। ਇਸ ਕਲੱਬ ਵਿੱਚ ਜਿਆਦਾ ਗੋਰੇ, ਚੀਨੇ, ਫਿਲਪਾਇਨੀ ਤੇ ਇੱਕੋ ਇਕ ਪੰਜਾਬੀ ਗੁਰਬੀਰ ਸਿੰਘ ਬਰਾੜ ਹੈ ਜੋ ਕਈ ਸਾਲਾਂ ਤੋਂ ਪਹਿਲੇ ਦੋ ਜਾਂ ਤਿੰਨ ਕਬੂਤਰਾਂ ਦਾ ਚੈਪੀਅਨ ਚੱਲਿਆ ਆ ਰਿਹਾ ਹੈ। ਐਬਸਫੇਰਡ ਲਾਗੇ ਨਰਸਰੀਆਂ ਵੀ ਹਨ ਜਿਨ੍ਹਾਂ ਵਿੱਚ ਸੁੰਦਰ ਫੁੱਲਾਂ ਦੇ ਪੌਦੇ ਪੈਦਾ ਕੀਤੇ ਜਾਂਦੇ ਜੋ ਸ਼ਹਿਰ ਦੀ ਸੁੰਦਰਤਾ ਵਧਾਉਣ ਅਤੇ ਘਰਾਂ ਦੀ ਸਜਾਵਟ ਵਧਾਉਣ ਦੇ ਪੱਖੋਂ ਕੰਮ ਆਉਦੇ ਹਨ। ਇੱਥੋਂ ਇੰਨਾਂ ਪੌਦਿਆਂ ਦੀ ਸਪਲਾਈ ਅਮਰੀਕਾ ਵਿੱਚ ਵੀ ਬਹੁਤ ਜਾਂਦੀ ਹੈ। ਸ਼ਹਿਰ ਐਬਸਫੋਰਡ ਵਿਖੇ ਲੱਕੜ ਮਿੱਲਾਂ, ਪਲਾਈਵੁੱਡ, ਲੰਬਰ, ਸਿੰਗਲ, ਪੈਲਟ, ਸ਼ੇਕਾਂ ਦੀ ਸਪਲਾਈ ਹੁੰਦੀ ਹੈ। ਜਿੱਥੇ ਉਹ ਦੂਸਰੇ ਸੂਬਿਆਂ ਨੂੰ ਜਾਂਦੀ ਹੈ ਨਾਲ ਨਾਰਥ ਅਮਰੀਕਾ, ਯੂਰਪ ਤੇ ਏਸ਼ੀਆ ਦੇ ਹੋਰ ਬਹੁਤ ਦੇਸ਼ਾਂ ਨੂੰ ਐਕਸਪੋਰਟ ਹੁੰਦੀ ਰਹਿੰਦੀ ਹੈ। ਏਥੇ ਹਰ ਖੇਤਰ ਦੇ ਮੈਦਾਨ ਵਿੱਚ ਪੰਜਾਬੀਆਂ ਦੀ ਪੂਰੀ ਚੜਤ ਹੈ। ਸ਼ਹਿਰ ਦਾ ਕੋਈ ਸ਼ਾਪਿੰਗ ਮਾਲ ਜਾਂ ਰੋਡ ਸਟ੍ਰੀਟ ਵੇਖ ਲਵੋ ਹਰ ਥਾਂ ਪੰਜਾਬੀ ਆਪ ਦੀ ਰਵਾ ਰਵੀਂ ਚਾਲ਼ ਚੱਲਦੇ ਕਾਹਲੀ ਕਾਹਲੀ ਇਧਰ ਓਧਰ ਤੁਰਦੇ ਨਜ਼ਰ ਅਉਣਗੇ। ਐਬਸਫੋਰਡ ਦੇ ਨੇੜ ਪੈਂਦੇ ਬਹੁਤ ਸੁੰਦਰ ਪਹਾੜ, ਕੁਦਰਤੀ ਪਾਣੀ ਦੀਆਂ ਝੀਲਾਂ, ਨਹਿਰਾਂ (ਵੈਡਰ) ਦਰਿਆ ਤੇ ਖੇਤਾਂ ਦੇ ਉਦਾਲ਼ੇ ਪਦਾਲ਼ੇ ਪਾਣੀ ਦੀਆਂ ਵਗਦੀਆਂ ਕਰੀਕਾਂ, ਜੋ ਖੇਤੀ ਸਿੰਚਾਈ ਦੇ ਕੰਮ ਆਉਂਦੀਆਂ। ਸੈਰ-ਗਾਹ ਵਾਲਿਆਂ ਵਾਸਤੇ ਮਿੱਲ ਲੇਕ ਭਾਵੇ ਸ਼ਹਿਰ ਦੀ ਧੁੰਨੀ (ਸੈਂਟਰ) ਵਿੱਚ ਹੈ ਪਰ ਕੁਝ ਕੁ ਲੇਕਾਂ (ਝੀਲਾਂ) ਵਿੱਚੋਂ ਕਲਟਸ ਲੇਕ, ਹੈਰੀਸਨ ਲੇਕ, ਸਟੇਵ ਲੇਕ ਤੇ ਬਰਾਈਡਲ ਫ਼ਾਲ ਕੁਝ ਫਾਸਲੇ ਉੱਤੇ ਨੇੜੇ ਹੀ ਪੈਂਦੀਆਂ। ਹੌਬੀ ਦੇ ਤੌਰ ਤੇ ਮੱਛੀਆਂ ਫੜਨ ਨੂੰ ਵੈਡਰ ਕੈਨਾਲ (ਨਹਿਰ) ਤੇ ਫਰੇਜ਼ਰ ਦਰਿਆ ਬਹੁਤ ਵਧੀਆ ਥਾਵਾਂ ਹਨ ਜੋ ਐਬਸਫੋਰਡ ਤੋਂ ਬਹੁਤੀਆਂ ਦੂਰ ਨਹੀਂ ਪੈਂਦੀਆਂ। ਐਬਸਫੋਰਡ ਵਿੱਚ ਸੈਰ (ਵਾਕ) ਕਰਨ ਵਾਲਿਆਂ ਵਾਸਤੇ ਇੱਕ ਲੰਮੀ ਪੰਗਡੰਡੀ (ਟਰੇਲ਼) ਵੀ ਹੈ ਜੋ ਲੜੀ ਨਾਲ ਲੜੀ ਜੋੜਦੀ ਸਾਰੇ ਸ਼ਹਿਰ ਅਤੇ ਅਰਬਨ ਅਬਾਦੀ ਵਿੱਚ ਦੀ ਗੁਜ਼ਰਦੀ ਘੁੰਮਦੀ ਇਧਰ ਓਧਰ ਸਾਰੇ ਸ਼ਹਿਰ ਦੇ ਖੂਝਿਆਂ ਨੂੰ ਜੋੜਦੀ ਹੈ ਜਿਸ ਦਾ ਨਕਸ਼ਾ (Map) ਰੀਕ੍ਰੂੀਏਸ਼ਨ ਡੀਪਾਰਟਮੈਂਟ ਤੋਂ ਮਿਲ ਸਕਦਾ, ਜੇਕਰ ਕੋਈ ਲੰਮੀ ਵਾਕ ਦਾ ਸ਼ੁਕੀਨ ਚਾਹੇ ਤਾਂ ਪੈਦਲ ਵੀ ਸਾਰੇ ਸ਼ਹਿਰ ਨੂੰ ਘੁੰਮ ਫਿਰ ਕੇ ਵੀ, ਚੰਗੀ ਤਰ੍ਹਾਂ ਗਾਹ ਕੇ ਵੇਖ ਸਕਦਾ ਹੈ । ਐਬਸਫੋਰਡ ਦੇ ਬਿਲਕੁਲ ਸੈਂਟਰ ਵਿੱਚ 1986 ਤੋਂ ਇੱਕ ਬਹੁਤ ਸੁੰਦਰ ਰੋਟਰੀ ਸਟੇਡੀਅਮ ਵੀ ਬਣਿਆ ਹੈ, ਜੋ ਮਿਊਸਿਪਲਟੀ ਦੇ 75 ਏਕੜਾਂ ਵਿੱਚ ਫੈਲਿਆ ਹੋਇਆ ਜਿਸ ਵਿੱਚ ਤਿੰਨ ਬਹੁਤ ਵੱਡੇ ਹਾਲ ਹਨ ਜਿੱਥੇ ਸਾਲਾਨਾ ਖੇਤੀਕਾਰਾਂ ਦੇ ਮੇਲੇ ਲੱਗਦੇ ਨੇ, ਜਿਵੇਂ ਪਸ਼ੂ ਪੰਛੀਆਂ ਦੀਆਂ ਨੁਮਾਇਸ਼ਾਂ ਚੋਣਵੀਆਂ ਗਾਈਆਂ, ਭੇਡਾਂ, ਬੱਕਰੀਆਂ, ਘੋੜੇ, ਲਾਮਾਂਜ ਤੇ 4H calves ਦੀ ਸੁੰਦਰਤਾ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ। ਪੰਛੀਆਂ ਵਿੱਚੋਂ ਸੈਂਕੜੇ ਕਿਸਮ ਦੇ ਕਬੂਤਰ, ਬੱਤਖਾਂ, ਮੁਰਗੇ ਮੁਰਗੀਆਂ ਦੇ ਸ਼ੋਅ ਮੁਕਾਬਲੇ ਹੁੰਦੇ ਹਨ। ਉਂਝ ਇਹਨਾਂ ਵੱਡੇ ਹਾਲਾਂ ਵਿੱਚੋਂ ਇੱਕ ਹਾਲ ਵਿਖੇ ਹਰੇਕ ਐਤਵਾਰ ਮਾਰਕੀਟ ਸੇਲ (ਫਲੀਆ ਮਾਰਕੀਟ) ਵੀ ਲੱਗਦੀ ਜਿੱਥੇ ਟੈਕਸ ਫ੍ਰੀ ਵਿਕਰੀ ਹੁੰਦੀ ਹੈ ਜੋ ਜ਼ਿਆਦਾ ਕੈਸ਼ ਨਕਦ ਪੈਸੇ ਦਾ ਅਰਦਾਨ ਪ੍ਰਦਾਨ ਹੁੰਦਾ ਹੈ, ਨਾਲ ਦੇ ਦੂਸਰੇ ਵੱਡੇ ਹਾਲ ਵਿਚ ਮੇਲੇ, ਵਿਆਹਾਂ ਦੀਆਂ ਪਾਰਟੀਆਂ ਤੇ ਰੈਸਲਿੰਗ ਟੂਰਨਾਮੈਂਟ ਸੂਬਾ ਪੱਧਰ ਦੀ ਚੈਂਪੀਅਨਸ਼ਿਪ ਤੇ ਦੇਸ਼ ਪੱਧਰ ਦੇ ਵੱਡੇ ਮੁਕਾਬਲੇ ਹੁੰਦੇ ਹਨ। ਏਸੇ ਹਾਲ ਵਿੱਚ ‘ਮੀਰੀਪੀਰੀ ਰੈਸਲਿੰਗ ਕਲੱਬ ਵੱਲੋਂ ਹਰ ਸਾਲ ਨੌਰਥ ਅਮਰੀਕਾ ਦੇ ਰੈਸਲਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਹਨਾਂ ਹਾਲਾਂ ਦੇ ਬਿਲਕੁਲ ਨੇੜੇ ਦੱਖਣ ਵੱਲ, ਦੋ ਹਾਲ ਹੋਰ ਵੀ ਪਾਰਕਿੰਗ ਲਾਟ ਦੀ ਵੱਖੀ ਵਿੱਚ ਵੀ ਹਨ ਜੋਂ ਛੋਟੀਆਂ ਪਾਰਟੀਆਂ, ਸਮਾਗਮਾਂ ਤੇ ਇਲੈਕਸ਼ਨ ਦੌਰਾਨ ਵਰਤੇ ਜਾਂਦੇ। ਇੰਨਾ ਤੋਂ ਇਲਾਵਾ ਇੱਕ ਹੋਰ ਹਾਲ ਬਿਲਕੁਲ ਟਰੈਕ ਦੀ ਵੱਖੀ ਨਾਲ ਲੱਗਦਾ ‘ਲੈਗਸੀ ਸਪੋਰਟਸ ਹਾਲ’ ਜਿਸ ਵਿੱਚ ਥੱਲੇ ਵਾਲੀ ਫਲੋਰ ਵਿੱਚ ਛੋਟੇ ਮੀਟਿੰਗ ਹਾਲ, ਸਪੋਰਟਸ ਮੈਨਾਂ ਵਾਸਤੇ ਚੇਜਿੰਗ ਰੂਮ ਅੱਕੇ ਇੱਕ ਰੈਸਲਿਗ ਹਾਲ (ਗੁਰੂ ਗੌਬਿੰਦ ਸਿੰਘ ਰੈਸਲਿੰਗ ਕਲੱਬ ਪ੍ਰੈਕਟਿਸ) ਹੈ। ਦੂਸਰੀ ਮੰਜਿਲ ਉੱਪਰ ਚੜਨ ਉਤਰਨ ਨੂੰ ਪੌੜੀਆਂ ਤੇ ਲਿਫ਼ਟ, ਬਾਹਰ ਖੁੱਲਾ ਡੁੱਲਾ ਸਨਡੈਕ, ਛੋਟੀ ਕਿਚਨ, ਆਈਸ ਕਿਊਬ ਫਰੀਜ਼ਰ, ਰੀਮੋਟ ਕੰਟਰੋਲ ਪਰਦੇ, ਸਾਊਂਡ ਸਿਸਟਮ ਤੇ ਵੱਡੀਆਂ ਸਕਰੀਨਾਂ ਉਪਲਬਧ ਹਨ। ਲੋਕਾਂ ਦੀ ਸਹੂਲਤ ਵਾਸਤੇ ਇਹ ਹਾਲ ਮਿਊਸਿਪਲਟੀ ਵੱਲੋਂ ਆਂਮ ਲੋਕਲ ਪਾਰਟੀਆਂ ਦੀ ਬੁਕਿੰਗ ਹਮੇਸ਼ਾ ਉਪਲਬਧ ਮਿਲਦੀ ਹੈ ਜੋ ਤਕਰੀਬਨ (by an hour $80) ਘੱਟਿਆਂ ਦੇ ਵਾਜਬ ਰੇਟ (ਆਂਮ ਪਹੁੰਚ) ਨਾਲ ਮਿਲ ਜਾਂਦਾ ਹੈ। ਗਰਾਊਂਡ ਉਧਾਲ਼ੇ ਅੱਠ ਟਰੈਕ ਹਨ ਜਿਨ੍ਹਾਂ ਦੇ ਅੱਠਾਂ ਗੇੜਿਆਂ ਨੂੰ ਨਾਪਦਿਆਂ ਤਕਰੀਬਨ 4 ਕਿਲੋਮੀਟਰ ਦਾ ਪੰਧ ਪੂਰਾ ਹੋ ਜਾਂਦਾ। ਇੱਕ ਸਾਈਡ ਦਰਸ਼ਕਾਂ ਵਾਸਤੇ ਤਕਰੀਬਨ ਦਸ ਹਜ਼ਾਰ ਸ਼ੀਟਾਂ ਵੀ ਹਨ ਜਿਸ ਦੇ ਸੈਂਟਰ ਹਿੱਸੇ ਉੱਪਰ ਛੱਤ ਵੀ ਹੈ ਜੋ ਅੱਠ ਹਜਾਰ ਦਰਸ਼ਕਾਂ ਦਾ ਸਿਰ ਢੱਕਦੀ ਹੈ। ਇੱਥੇ ਸਕੂਲਾਂ ਦੀਆਂ ਸਪੋਰਟਸ ਐਥਲੈਟਿਕਸ ਤੇ ਹੋਰ ਖੇਡਾਂ ਹੁੰਦੀਆਂ, ਸੂਬਾ ਤੇ ਦੇਸ਼ ਪੱਧਰ ਦੇ ਵੱਡੇ ਟੂਰਨਾਮੈਂਟਾਂ ਦੇ ਮੁਕਾਬਲੇ ਵੀ ਆਂਮ ਹੁੰਦੇ ਰਹਿੰਦੇ ਹਨ। ਪੰਜਾਬੀ ਮੇਲੇ, ਸੌਕਰ ਤੇ ਕਬੱਡੀ ਟੂਰਨਾਮੈਂਟ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਚੜਦੇ ਬੰਨੇ ਹੋਰ ਗਰਾਉਡਾਂ ਵੀ ਹਨ ਜਿੱਥੇ ਇਕੋਂ ਸਮੇਂ ਚਾਰ ਮੈਚ ਸੌਕਰ ਫ਼ੁਟਬਾਲ ਦੇ ਇੱਕਠੇ ਹੋ ਸਕਦੇ ਹਨ, ਕ੍ਰਿਕਟ ਦਾ ਗਰਾਊਂਡ ਵੀ ਹੈ, ਨੇੜੇ ਹੀ ਬੇਸਬਾਲ ਗਰਾਊਂਡ, ਉਸ ਦੇ ਬਿਲਕੁਲ ਨਾਲ ਸਾਈਕਲ ਜੰਪਿੰਗ ਸ਼ੋਅ ਵਾਸਤੇ ਉੱਚੇ ਨੀਵੇਂ ਧੋੜੇ ਤੇ ਸਟਾਟਿੰਗ ਪੁਆਇੰਟ ਹਨ। ਛੋਟੇ ਬੱਚਿਆਂ ਵਾਸਤੇ ਇੱਕ ਸਾਲ ਦੀ ਉਮਰ ਤੋਂ ਲੈਕੇ 7-8 ਸਾਲ ਦੇ ਬੱਚਿਆਂ ਲਈ ਛੋਟੀ ਕਿਸਮ ਦੀਆਂ ਖੇਡਾਂ (ਪੀਂਘਾਂ ਝੂਲੇ ਸਲਾਈਡਰ) ਲਾਏ ਮਿਲਦੇ ਹਨ। ਏਸ ਰੋਟਰੀ ਸਟੇਡੀਅਮ ਵਿੱਚ ਮੂੰਹ ਹਨੇਰੇ ਸਵੇਰੇ ਪੈਹ੍ਹਿ ਪਾਟਦੀ (ਅੰਮ੍ਰਿਤ ਵੇਲਾ, ਪਹੁ ਫੁਟਾਲ਼ਾ) ਉੱਚੀਆਂ ਪੌੜੀਆਂ ਉੱਤੇ ਬੈਠ ਕੇ ਕੁਦਰਤ ਦਾ ਨਜ਼ਾਰਾ ਤੱਕਣਾਂ ਹੋਵੇ ਤਾਂ ਸੁਰਗ ਤੋਂ ਘੱਟ ਨਹੀਂ, ਗਰਮੀਆਂ ਦੇ ਦਿਨਾਂ ਵਿੱਚ ਤਿਰਕਾਲ਼ਾਂ ਢਲ਼ਦੀਆਂ ਹੀ ਇਹ ਗਰਾਉਡਾਂ ਮੇਲੇ ਵਾਂਗੂ ਜਾਪਦੀਆਂ ਹਨ। ਇਹ ਸਟੇਡੀਅਮ ਐਬਸਫੇਰਡ ਦਾ ਦਿਲ ਹੈ। ਇੱਕ ਹੋਰ ਬਹੁਤ ਵੱਡਾ ਹਾਲ “ਰੌਜ਼ਰ ਫ਼ੋਰਮ” ਜਿਸ ਨੂੰ ਐਬਸਫੋਰਡ ਇੰਟਰਟੇਨਮੈਂਟ ਐਂਡ ਸਪੋਰਟਸ ਸੈਂਟਰ ਵੀ ਕਹਿੰਦੇ, ਜੋ 33800 ਕਿੰਗ ਰੋਡ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੀ ਢਾਕ ਉੱਤੇ ਚੜਿਆ ਦਿਸਦਾ ਹੈਂ। ਜਿਹੜਾ ਸਤੰਬਰ 24, 2007 ਨੂੰ ਬਣਨਾ ਸ਼ੁਰੂ ਹੋਇਆ, ਤਕਰੀਬਨ $64.7 ਮਿਲੀਅਨ ਡਾਲਰ ਦੀ ਲਾਗਤ ਨਾਲ ਇਸ ਦੀ ਉਸਾਰੀ ਹੋਈ, ਜਿਸ ਦੀ ਮਈ 10, 2009 ਵਿਚ ਇਸ ਦੀ ਓਪਨਿੰਗ ਹੋਈ, 7046 ਸੀਟਾਂ ਦੀ ਕਪਿਸਿਟੀ (ਸੁਵਿਧਾ) ਵਾਲਾ ਇਹ ਹਾਲ ਐਸ ਵਕਤ ਵੱਡੇ ਵੱਡੇ ਹਾਲਾਂ ਵਿਚੋਂ ਇਕ ਹੈ ਤੇ ਐਬਸਫੇਰਡ ਦੀ ਬਹੁਤ ਵੱਡੀ ਸ਼ਾਨ ਹੈ। ਇਸ ਨੂੰ ਜ਼ਿਆਦਾਤਰ ਆਈਸ ਹਾਕੀ ਟੀਮ “ਕੈਨੱਕਸ (ਯੂਨੀਅਰ) ਐਬਸਫੇਰਡ” ਵਰਤਦੇ ਹਨ ਗਰਮੀਆਂ ਨੂੰ ਵੱਡੇ ਵੱਡੇ ਸਿੰਗਰਾਂ ਦੇ ਸ਼ੋਅ ਅਤੇ ਇਨਸਾਈਡ ਕਬੱਡੀ ਟੂਰਨਾਮੈਂਟ ਵੀ ਹੁੰਦੇ ਰਹਿੰਦੇ ਹਨ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਦੀ ਤਾਜਪੋਸ਼ੀ ਵੀ ਏਥੇ ਹੀ ਹੁੰਦੀ ਹੈ। ਇਸ ਬਾਹਰ ਗੇਟ ਉੱਤੇ ਖੜਾ ਹਰ ਆਦਮੀ ‘ਟਰਾਂਸ ਕੈਨੇਡਾ ਹਾਈਵੇ’ ਬਗੈਰ ਮੱਥੇ ਉੱਤੇ ਹੱਥ ਰੱਖਿਆ ਅਸਾਨੀ ਨਾਲ ਦੇਖ ਸਕਦਾ ਹੈ ਇਥੋਂ ਅਮਰੀਕਾ ਬਾਰਡਰ ਸਿਰਫ਼ 5 ਮਿੰਟਾਂ ਦੀ ਦੂਰੀ (ਡਰਾਈਵ) ਉੱਤੇ ਹੈ। ਪਰ ਸੈਰ-ਸਪਾਟੇ ਤੇ ਟੂਰਿਸਟ ਅਟਰੈਕਸ਼ਨ ਵਾਸਤੇ ਸਭ ਤੋਂ ਮੁੱਖ ਪੁਆਇੰਟ ਇੱਕ ਧਾਰਮਿਕ ਜਗ੍ਹਾ 1911 ਤੋਂ ਸਥਾਪਿਤ “ਗੁਰ ਸਿੱਖ ਹੈਰੀਟੇਜ ਟੈਪਲ” ਹੈ ਜਿਸ ਨੂੰ ਨਾਰਥ ਅਮਰੀਕਾ ਵਿੱਚ ਇੱਕੋ ਇਕ “ਹੈਰੀਟੇਜ” ਦਰਜਾ ਪ੍ਰਾਪਤ ਹੈ। ਇਸ ਤੋਂ ਇਲਾਵਾ ਰੀਚ ਆਰਟ ਗੈਲਰੀ, ਐਮ ਐਸ ਏ ਮਿਊਜ਼ੀਅਮ ਜੋ ਮਿੱਲ ਲੇਕ ਉੱਪਰ ਸਥਿਤ ਹੈ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਬਹੁਤ ਵੱਡੀ ਹੈ ਜਿੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਸਟੂਡੈਂਟਸਾਂ ਵਾਸਤੇ ਕਲਾਸਾਂ ਚਲਦੀਆਂ ਹਨ ਏਥੇ ਹੀ ਦੁਨੀਆਂ ਭਰ ਦੇ ਲੋਕ ਸਕਾਲਰਸ਼ਿਪ, ਡਾਕਟਰ ਡਿਗਰੀਆਂ ਹਾਸਲ ਕਰਨ ਤੇ ਸੈਮੀਨਾਰਾਂ ਵਿੱਚ ਹਿੱਸਾ ਲੈਦੇ ਰਹਿੰਦੇ ਹਨ। ਐਬਸਫੋਰਡ ਦਾ ਸ਼ੁਧ ਤੇ ਕੁਦਰਤੀ ਪਾਣੀ ਜੋਂ ਧਰਤੀ ਵਿੱਚੋਂ ਦੇਸੀ ਨਲਕਿਆਂ ਜਾਂ ਟਿਊਬਵੈਲ ਵਿੱਚ ਛੋਟੀਆਂ ਮੱਛੀ ਮੋਟਰਾਂ ਰਾਹੀਂ ਕੱਢ ਕੇ ਆਂਮ ਫਾਰਮਾਂ ਵਾਲੇ, ਘਰਾਂ ਤੇ ਖੇਤਾਂ ਵਿੱਚ ਫਸਲਬਾੜੀ ਵਾਸਤੇ ਵਰਤਦੇ ਹਨ ਜੋ ਸਿੱਧਾ ਪੀਣ ਦੇ ਯੋਗ ਹੈ। ਉਸ ਤਰਾਂ ਮਿੱਲ- ਲੋਕ ਦੇ ਇੱਕ ਖੂੰਜੇ ਵਿੱਚ 9 ਵੱਡੇ ਖੂਹ ਤਿਆਰ ਕੀਤੇ ਗਏ ਹਨ ਜਿੰਨਾਂ ਵਿੱਚ ਮਿਸ਼ਨ ਦੀਆਂ ਉੱਚੀਆਂ ਪਹਾੜੀਆਂ ਤੋਂ ਅੰਡਰ ਗਰਾਊਂਡ ਪਾਈਪਾਂ ਰਾਹੀਂ ਪਾਣੀ ਲਿਆ ਕੇ, ਇਕ ਵੱਡਾ ਪੰਪ ਗਲੈਡਵਿਨ ਰੋਡ ਤੇ ਡਾਊਨ ਰੋਡ ਦੇ ਪੱਛਮੀ ਤੇ ਨੌਰਥ ਖੁੰਝੇ ਵਿੱਚ ਫਿੱਟ ਕਰਕੇ ਮਿੱਲ ਲੇਕ ਵਾਲ਼ੇ ਖੂਹਾਂ ਵਿੱਚ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਹੈ। ਉਸ ਵਿੱਚ ਕੁਝ ਕਲੋਰੀਨ ਰਲਾਕੇ ਅੱਗੇ ਵੱਸੋਂ ਵਾਲੇ ਘਰਾਂ ਨੂੰ ਵਧੀਆ ਸ਼ੁੱਧ ਅਤੇ ਕੁਦਰਤੀ ਪਾਣੀ ਪੀਣ ਵਾਸਤੇ ਮੁੱਹਇਆ ਕਰਵਾਇਆ ਜਾਂਦਾ ਹੈ। ਨਹੀਂ ਤਾਂ ਬਹੁਤੇ ਦੁਨੀਆਂ ਦੇ ਲੋਕ ਸਪੈਸ਼ਲ ਯੂਰਪ ਅਤੇ ਕੈਨੇਡਾ ਦੇ ਬਹੁਤ ਸਾਰੇ ਸ਼ਹਿਰ ਰੀਸਾਈਕਲ ਪਾਣੀ ਹੀ ਵਰਤਦੇ ਹਨ। ਕੁਦਰਤੀ ਪਾਣੀ ਅਤੇ ਸ਼ੁਧ ਆਕਸੀਜਨ ਵਿੱਚ ਐਬਸਫੋਰਡ ਪਹਿਲੇ ਨੰਬਰ ਉੱਤੇ ਹੈ। ਏਥੇ ਉੱਪਰ ਦਿੱਤੀਆਂ ਦਾਤਾਂ ਦਾ ਫਾਇਦਾ ਉਠਾ ਕੇ ਪੰਜਾਬੀ ਲੋਕ ਹਰ ਖਿੱਤੇ ਵਿੱਚ ਅਗੇ ਵੱਧ ਕੇ ਤਰੱਕੀ ਕਰ ਰਹੇ ਹਨ। ਏਥੇ ਦੇ ਪੰਜਾਬੀ ਵਸ਼ਿੰਦੇ ਡਿਵੈਲਪਰ, ਅਵਾਰਡ ਜੋਤੂ ਰੀਅਲ ਸਟੇਟ ਮੈਨ, ਲੋਨ ਤੇ ਮੌਰਟਗੇਜ਼ ਬਰੋਕਰ, ਫਾਈਨੈਸਰ, ਪ੍ਰਾਈਵੇਟ ਤੇ ਹਰੇਕ ਬੈਂਕਾਂ ਤੇ ਕਰੈਡਿਟ ਯੂਨੀਅਨਾਂ ਵਿੱਚ ਆਂਮ ਮਿਲਦੇ ਹਨ। ਖਾਲਸਾ ਕਰੈਡਿਟ ਯੂਨੀਅਨ, ਦਸਮੇਸ਼ ਪੰਜਾਬੀ ਸਕੂਲ ਪ੍ਰੀਖਿਆ ਪ੍ਰਾਪਤੀ ਪੱਖੋਂ ਆਂਮ ਲੋਕਲ ਸਕੂਲਾਂ ਨਾਲੋਂ ਬਹੁਤ ਅੱਗੇ ਹਨ, ਇਹ ਅਦਾਰੇ ਬਹੁਤ ਕਾਮਯਾਬੀ ਨਾਲ ਚੱਲ ਰਹੇ ਹਨ। ਖ਼ਾਲਸਾ ਸਕੂਲ ਦੀ ਵੀ ਨਵੀਂ ਬ੍ਰਾਂਚ ਐਬਸਫੋਰਡ ਵਿਖੇ ਖੁੱਲਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਇਸ ਖਿੱਤੇ ਵਿੱਚ ਪੰਜਾਬੀ ਨੋਟਰੀ ਪਬਲਿਕ ਤੇ ਹਰ ਤਰ੍ਹਾਂ ਦੇ ਕੇਸ ਝਗੜਣ ਵਾਲੇ ਬਹੁਤ ਮਸ਼ਹੂਰ ਵਕੀਲ ਵੀ ਹਨ। ਮਿਉਂਸਪਲਿਟੀ ਵਿੱਚ ਲੰਮਾਂ ਸਮਾਂ ਮੋਅ (ਮੁਹਿੰਦਰ) ਸਿੰਘ ਗਿੱਲ ਪਿੰਡ ਚੰਨਣਵਾਲ (ਲੁਧਿਆਣਾ) ਬਹੁਤ ਟਰਮਾਂ ਕੌਂਸਲਰ ਰਹਿ ਚੁੱਕੇ ਹਨ। ਨਾਲ ਬੀਬੀ ਕੈਲ਼ੀ ਚਾਹਲ ਤੇ ਮਿਸਟਰ ਡੇਵ ਸਿੱਧੂ ਵੀ ਸੇਵਾ ਨਿਭਾ ਰਹੇ ਹਨ। ਸਕੂਲ ਟਰੱਸਟੀ ਕੁਲ ਸੱਤਾਂ ਵਿੱਚੋਂ ਮਿਸਟਰ ਪ੍ਰੀਤ ਸਿੰਘ ਰਾਏ ਦਾ ਨਾਮ ਪਹਿਲਿਆਂ ਵਿੱਚ ਲਿਆ ਜਾ ਸਕਦਾ, ਨਾਲ ਬੀਬੀ ਰੂਪੀ ਕੰਡਾ ਰਾਜਵਾਨ ਅਤੇ ਬਾਈ ਇਲੈਕਸ਼ਨ ਵਿਚ ਨਵੇਂ ਚੁਣੇ ਗਏ ਮਿਸਟਰ ਅਰਸ਼ ਸਿੰਘ ਕਲੇਰ ਵੀ ਹਨ। ਮਤਲਵ ਸਾਰੇ ਸਕੂਲਾਂ ਦਾ ਬੰਦੋਬਸਤ ਤੇ ਪ੍ਰਬੰਧ ਕਰਨ ਵਾਸਤੇ ਸੱਤਾਂ ਵਿੱਚੋਂ ਇਹ ਤਿੰਨ ਸਾਡੇ ਪੰਜਾਬੀ ਹਨ। ਪੋਸਟ ਆਫਿਸ (ਡਾਕ ਮੇਲ਼) ਪੱਖੋਂ ਵੀ ਪੰਜਾਬੀ ਪਿੱਛੇ ਨਹੀਂ ਰਹੇ। ਐਬਸਫੇਰਡ ਦੇ ਦੋ ਪੰਜਾਬੀ ਸ ਸਰਦੇਵ ਸਿੰਘ ਜਟਾਣਾ ਤੇ ਸ ਜੰਗੀਰ ਸਿੰਘ ਪੁਡਵਾਲ ਪੋਸਟ ਮਾਸਟਰ ਵਜੋਂ ਵੀ ਸੇਵਾਵਾਂ ਨਿਭਾਅ ਕੇ ਰਿਟਾਇਰ ਹੋਏ ਹਨ। ਉਝੰ ਡੋਰ ਟੂ ਡੋਰ ਡਾਕੀਏ ਬਹੁਤ ਪੰਜਾਬੀ ਸਨ। ਅਜਕਲ ਪੋਸਟ ਆਫਿਸ ਸਟੇਸ਼ਨ ਬਹੁਤੇ ਡਰੱਗ ਸਟੋਰਜ਼ ਤੇ ਪ੍ਰਾਈਵੇਟ ਦੁਕਾਨਾਂ ਵਿੱਚ ਆਂਮ ਲੋਕਾਂ ਨੂੰ ਸੇਵਾਵਾਂ ਦਿੰਦੇ ਹਨ ਇੱਥੇ ਵੀ ਡਾਕ ਮਹਿਕਮੇ ਵਿੱਚ ਪੰਜਾਬੀਆਂ ਦੀ ਪੂਰੀ ਸਰਦਾਰੀ ਹੈ। ਐਬਸਫੇਰਡ ਵਿਖੇ ਕੈਨੇਡਾ ਦੀ ਸਿਆਸਤ ਵਿੱਚ ਮਿਉਸਿਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਚੋਣਾਂ ਵਿੱਚ ਪੰਜਾਬੀ ਪਿਛਲੇ ਸੌ ਸਾਲ ਤੋ ਸਰਗਰਮ ਰਹੇ ਹਨ, ਪਰ ਇਲੈਕਸ਼ਨਾਂ ਦੌਰਾਨ ਵੋਟਾਂ ਪਾਕੇ ਗੋਰਿਆਂ ਨੂੰ ਹੀ ਜਿਤਾਉਂਦੇ ਰਹੇ ਸਨ। ਪਰ ਪੰਜਾਬੀਆਂ ਨੇ ਪਹਿਲੀ ਵਾਰ ਇਤਿਹਾਸ ਸਿਰਜਿਆ, ਨਵੀਂ ਬਣੀ ਰਾਇਡਿੰਗ (ਮਿਸ਼ਨ, ਮੈਸਕੀ ਤੇ ਫਰੇਜ਼ਰ ਕੈਨੀਅਨ) ਵਿੱਚ ਅਕਤੂਬਰ 19, 2015 ਨੂੰ ਲਿਬਰਲ਼ ਪਾਰਟੀ ਦੀ ਟਿਕਟ ਉੱਤੇ ਸ ਜਤਿੰਦਰ (ਜੱਤੀ) ਸਿੰਘ ਸਿੱਧੂ ਪਿਛਲਾ ਪਿਛੋਕੜ ਪਿੰਡ ‘ਪੱਕੇ ਵਾਲਾ’ ਜਗਰਾਓ ਨੂੰ ਪਹਿਲੀ ਵਾਰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ। ਦੂਸਰਾ ਇਤਿਹਾਸ ਅਪ੍ਰੈਲ 24, 2025 ਨੂੰ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਉੱਤੇ ਏਸ ਏਰੀਏ ਦੇ ਗੱਭਰੂ ਨੌਜਵਾਨ ਮੁੰਡੇ ਸੁਖਮਨ ਸਿੰਘ ਗਿੱਲ ਜਿਸ ਦਾ ਪਿਛੋਕੜ ਪਿੰਡ ਬੁੱਕਣ ਵਾਲਾ ਮੋਗਾ ਨਾਲ ਸਬੰਧਤ ਹੈ, ਜੋ ਪਹਿਲੇ ਜਵਾਨ ਤੇ ਸਭ ਤੋਂ ਛੋਟੀ ਉਮਰ ਵਿਚ ਏਸ ਰਾਈਡਿੰਗ (ਐਬਸਫੋਰਡ ਸਾਊਥ ਤੇ ਲੈਂਗਲੀ) ਤੋਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ। ਇਹ ਸਭ ਤੋ ਜੁਆਨ ਮੁੰਡੇ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਭੇਜਣਾਂ ਵੀ ਇਤਿਹਾਸ ਸਿਰਜਿਆ, ਇਹ ਵੀ ਪੰਜਾਬੀਆਂ ਦੀ ਮਿਹਨਤ ਦਾ ਨਤੀਜਾ ਹੈ। ਇਸ ਨੌਜਵਾਨ MP ਦਾ ਆਫ਼ਿਸ ਵੀ ਐਬਸਫੋਰਡ ਵਿਖੇ ਬਹੁਤ ਸਾਰੀਆਂ ਸੇਵਾਵਾਂ ਦੇ ਰਿਹਾ ਹੈ। ਇੰਜਨੀਅਰ ਇੰਸਪੈਕਟਰਾਂ ਦੀ ਚੜਤ ਮਿਊਸਿਪਲਟੀ ਅੰਦਰ ਅਤੇ ਉਸ ਤੋਂ ਬਾਹਰ ਵੀ ਬਹੁਤ ਵੱਡੀ ਭਰਮਾਰ ਰਹੀ ਹੈ। ਦਸਤਾਰ ਪਹਿਣ ਕੇ ਸੇਵਾ ਕਰਨ ਵਾਲਿਆ ਵਿੱਚ ਸ ਮਨਜੀਤ ਸਿੰਘ ਸੋਹੀ ਦਾ ਜ਼ਿਕਰ ਆਉਂਦਾ ਹੈ। ਏਸ ਸ਼ਹਿਰ ਦੀ ਆਪ ਦੀ ਹੀ ਪੁਲੀਸ ਫੋਰਸ “ਐਬਸਫੋਰਡ ਪੁਲਿਸ” ਹੈ। ਪੁਲੀਸ ਵਿੱਚ ਭਾਵੇਂ ਪਹਿਲੇ ਪੰਜਾਬੀ ਪੁਲੀਸ ਅਫਸਰ ਪਿੰਡ ਚਕਰ ਨਾਲ ਸਬੰਧਤ ਮਿਸਟਰ ਅਮਰਜੀਤ ਸਿੰਘ ਕਿੰਗਰਾ ਹੋਏ ਹਨ। ਉਸ ਤੋਂ ਬਾਅਦ ਅਨੇਕਾਂ ਪੰਜਾਬੀ ਮੁੰਡੇ ਕੁੜੀਆਂ ਐਬਸਫੋਰਡ ਪੁਲੀਸ ਵਿੱਚ ਭਰਤੀ ਹੋਕੇ ਸੇਵਾਵਾਂ ਦੇ ਰਹੇ ਹਨ। ਐਬਸਫੇਰਡ ਪੁਲੀਸ ਪ੍ਰੋਗਰਾਮਾਂ ਵਿੱਚ ਪੰਜਾਬੀਆਂ ਵੱਲੋਂ ਡਾਇਰੈਕਟਰ ਮੋਅ ਗਿੱਲ, ਜੱਤੀ ਸਿੱਧੂ, ਸੁੱਖ ਸਿੱਧੂ ਦਿੰਦੇ ਰਹੇ ਤੇ ਅਮਰੀਕ ਨਾਰੰਗ (ਢੁੱਡੀਕੇ) ਸੇਵਾਵਾਂ ਦੇ ਰਹੇ ਹਨ। ਜੇਲ਼ਾਂ ਵਿੱਚ ਵੀ ਕੁਰਿਕਸ਼ਨ ਗਾਰਡ ਭਰਤੀ ਹੋਕੇ ਵੱਡੇ ਵੱਡੇ ਅਹੁਦੇ ਪ੍ਰਾਪਤ ਕਰਕੇ ਰੀਟਾਇਰਡ ਮੈਂਟਾਂ ਲਈਆਂ ਇਹਨਾਂ ਪੰਜਾਬੀ ਨਾਵਾਂ ਦੀ ਲਿਸਟ ਬਹੁਤ ਲੰਮੀ ਹੈ ਪਰ ਪਿੰਡ ਚਕਰ ਦੇ ਰਣਜੀਤ ਸਿੰਘ ਕਿੰਗਰਾ ਦੇ ਨਾਮ ਜ਼ਿਕਰ ਕਰਨਾ ਜਰੂਰੀ ਬਣਦਾ ਜੋ ਗੀਤਕਾਰ ਵੀ ਹਨ। ਬਾਰਡਰ ਕਰਾਸਿੰਗ ਤੇ ਕਸਟਮ ਅਧਿਕਾਰੀਆਂ ਵਿੱਚ ਵੀ ਬਹੁਤ ਪੰਜਾਬੀ ਮੁੰਡੇ ਕੁੜੀਆਂ ਸ਼ਾਮਲ ਹਨ। ਪੰਜਾਬੀ ਅਕਾਊਂਟੈਂਟ, ਚਾਰਟਡ ਅਕਾਊਂਟੈਂਟ, ਅਧਿਆਪਕ, ਪ੍ਰਿੰਸੀਪਲ ਤੇ ਲੈਕਚਰਾਰ ਵੀ ਪਬਲਿਕ ਦੀ ਸੇਵਾ ਨਿਭਾਅ ਰਹੇ ਹਨ। ਪਹਿਲਵਾਨੀ ਪੱਖੋਂ ਵੀ ਪੰਜਾਬੀਆਂ ਦੀ ਪੂਰੀ ਝੜਾਈ ਰਹੀ ਹੈ। ਹੈਸਲਿੰਗ ਅਖਾੜੇ ਮੀਰੀ ਪੀਰੀ ਅਖਾੜਾ, ਗੁਰੂ ਗੋਬਿੰਦ ਸਿੰਘ ਅਖਾੜਾ ਤੇ ਐਬੀ ਰੈਸਲਿੰਗ, ਇਹਨਾਂ ਤਿੰਨਾਂ ਅਖਾੜਿਆਂ ਵਿਚੋਂ ਸੂਬਾ ਪੱਧਰ, ਨੈਸ਼ਨਲ, ਤੇ ਪੈਨ-ਅਮਰੀਕਾ ਚੈਪੀਅਨ ਮੁੰਡੇ ਕੁੜੀਆਂ ਸਲਿਕਟ ਹੋਏ ਹਨ ਅੱਗੇ ਕਾਮਨ ਵੈਲਥ ਤੇ ਉਲੰਪਿਕ ਤੱਕ ਵੀ ਸ਼ਮੂਲੀਅਤ ਕੀਤੀ ਹੈ। ਡੀਫੈਂਸ ਕਰਾਟੇ, ਯੂਡੋ, ਬਾਕਸਿੰਗ,ਕਿੱਕ ਬਾਕਸਿੰਗ ਵਿਚ ਵੀ ਪੰਜਾਬੀਆਂ ਨੇ ਬਹੁਤ ਨਾਮਣਾ ਖੱਟਿਆ ਹੈ। ਕੋਚ, ਖ਼ਲੀਫ਼ੇ ਤੇ ਰੈਫਰੀ ਵੀ ਬਹੁਤ ਪੰਜਾਬੀ ਹਨ ਪਹਿਲਿਆਂ ਵਿੱਚ ਸੌਕਰ ਦੀ ਰੈਫ਼ਰੀ ਦਰਸ਼ਨ ਮਾਹਲ ਅੱਗੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਮਾਹਲ ਜਿਨ੍ਹਾਂ ਨੇ ਗੋਰਿਆਂ ਦੀਆਂ ਟੀਮਾਂ ਦੀ ਵੀ ਰੈਫਰੀ ਕੀਤੀ ਹੈ। ਸ਼ਹਿਰ ਵਿੱਚ ਪੰਜਾਬੀਆਂ ਦੀਆਂ ਮਾਰਕੀਟਾਂ ਵਿੱਚ ਅਨੇਕਾਂ ਗਰੋਸਰੀ, ਸੋਨੇ, ਕੱਪੜੇ, ਆਰਟੀਫੀਸ਼ਲ ਜਵਿੱਲਰੀ ਗਹਿਣਿਆਂ ਦੇ ਸਟੋਰ, ਟਾਇਲਾਂ ਤੇ ਲੈਮੀਨੇਟ ਫਲੋਰ ਸਟੋਰ, ਅਨੇਕਾਂ ਟਰੇਵਿਲ ਏਜੰਸੀਆਂ, ਲੀਗਲ ਤਰੀਕੇ ਮਨੀ ਐਕਸਚੇਂਜ ਅਤੇ ਐਸ ਵਕਤ 27 ਪੰਜਾਬੀ ਰੈਸਟੋਰੈਂਟ ਅਤੇ ਤਿੰਨ ਚਾਰ ਪਾਰਟੀ ਹਾਲ ਵੀ ਹਨ। ਟਰੱਕਾਂ ਕਾਰਾਂ ਦੀਆਂ ਬਹੁਤ ਵੱਡੀਆਂ ਕੰਪਨੀਆਂ ਹਨ, ਹੀਪੇਅਰ ਬਾਡੀਸੌਪ ਤੇ ਮਕੈਨਿਕ ਦੀਆਂ ਵਰਕਸ਼ਾਪਾਂ ਅਤੇ ਪੰਜਾਬੀ ਟੋਅ ਟਰੱਕ ਵੀ ਆਪਦੇ ਹਨ। ਟਰਾਂਸਪੋਰਟ ਟਰੱਕਾਂ, ਟੈਕਸੀਆਂ ਤੇ ਊਬਰਾਂ ਦੇ ਸਟੇਰਿੰਗਾਂ ਉੱਤੇ ਪੰਜਾਬੀ ਆਂਮ ਝੂਟਦੇ ਦਿਖਾਈ ਦਿੰਦੇ ਹਨ। ਐਬਸਫੋਰਡ ਵਿਖੇ ਦਸਤਾਰਧਾਰੀ ਮੋਟਰਸਾਈਕਲ ਕਲੱਬ ਵੀ ਹੈ ਜੋਂ ਕੈਨੇਡਾ ਡੇ ਪਰੇਡ ਤੇ ਐਬਸਫੋਰਡ ਦੇ ਨਗਰ ਕੀਰਤਨ ਉੱਤੇ ਸੋਹਣੀਆਂ ਦਸਤਾਰਾਂ ਸਜਾ ਕੇ ਸਿੱਖ ਪੰਜਾਬੀ ਭਾਈਚਾਰੇ ਦੀ ਸ਼ਾਨ ਵਧਾਉਂਦੇ ਹਨ, ਜੋ ਬਹੁਤ ਸੋਹਣੇ ਲਗਦੇ ਹਨ। ਬਹੁਤ ਲੰਮੀ ਜਦੋਜਹਿਦ ਪਿੱਛੋਂ ਸਰਦਾਰ ਅਵਤਾਰ ਸਿੰਘ ਜੀ ਨੇ ਧਰਮ ਤੇ ਧਾਰਮਿਕ ਚਿੰਨ੍ਹਾਂ ਦੇ ਸਟੈਂਡ ਲੈੰਦਿਆ ਹਿੱਲਮੈਟ ਕੇਸ ਜਿੱਤ ਤੇ ਬਗੈਰ ਹੈਲਮਿਟ ਤੋਂ ਸਿਰਫ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦਾ ਕੇਸ ਜਿੱਤ ਕੇ ਇਤਿਹਾਸ ਬਣਾਇਆ ਹੈ। ਹਸਪਤਾਲ ਅਤੇ ਕੇਅਰ ਸੈਂਟਰਾਂ ਵਿੱਚ ਪੰਜਾਬੀ ਡਾਕਟਰ ਤੇ ਨਰਸਾਂ ਮੁੰਡੇ ਕੁੜੀਆਂ ਬਹੁਤ ਹਨ। ਬ੍ਰਿਧ ਆਸ਼ਰਮ ਗੌਰਮਿੰਟ ਮਨਜ਼ੂਰ ਸ਼ੁਦਾ ਵਿਖੇ ਪੰਜਾਬੀ ਲੜਕੇ ਲੜਕੀਆਂ ਕੰਮ ਕਰ ਰਹੇ ਹਨ। ਆਉਣ ਵਾਲੇ ਸਮੇਂ ਗੁਰੂ ਨਾਨਕ ਕੇਅਰ ਸੈਂਟਰ ਦੀਆਂ ਤਿਆਰੀਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਦੰਦਾਂ (ਡੈਂਟਿਸ), ਫੈਮਲੀ ਡਾਕਟਰਾਂ ਦੇ ਕਲੀਨਿਕ ਤੇ ਅਨੇਕਾਂ ਫਾਰਮੇਸੀਆਂ ਪੰਜਾਬੀਆਂ ਦੀਆ ਹਨ। ਐਬਸਫੋਰਡ ਵਿੱਚ ਇੰਟਰਨੈਸ਼ਨਲ ਏਅਰਪੋਰਟ ਵੀ ਹੈ ਜਿੱਥੋਂ ਲੋਕਲ ਫਲਾਈਟਾਂ ਨਾਲ ਹੋਰ ਛੋਟੇ ਮੁਲਖਾਂ ਨੂੰ ਚਲਦੀਆਂ ਹਨ। ਐਬਸਫੋਰਡ ਤੋਂ ਅੰਮ੍ਰਿਤਸਰ ਫਲਾਈਟ ਚੱਲਣ ਦੇ ਚਰਚੇ ਕਈਵਾਰ ਚੱਲ ਕੇ ਮੱਧਮ ਪੈ ਜਾਂਦੇ ਹਨ। ਪਰ ਇੱਕ ਦਿਨ ਜਰੂਰ ਕਾਮਯਾਬੀ ਮਿਲੇਗੀ। ਹਰੇਕ ਸਾਲ ਅਗਸਤ ਮਹੀਨੇ ਦੇ ਦੂਸਰੇ ਵੀਕਇੰਡ ਉੱਤੇ ਬਹੁਤ ਮਸ਼ਹੂਰ ਤੇ ਲੰਮੇ ਸਮੇਂ ਤੋਂ ਏਅਰ ਸ਼ੋਅ ਹੁੰਦਾ ਆ ਰਿਹਾ ਜਿਸ ਵਿੱਚ ਬਾਹਰਲੇ ਬਹੁਤ ਦੇਸ਼ਾਂ ਦੇ ਜਹਾਜ਼ ਹਿੱਸਾ ਲੈਦੇ ਹਨ। ਐਬਸਫੋਰਡ ਏਅਰਪੋਰਟ ਦੇ ਬਿਲਕੁਲ ਨਾਲ ਟਰੇਡਿਕਸ ਸੈਂਟਰ ਬਹੁਤ ਵੱਡਾ ਹਾਲ ਹੈ ਜਿੱਥੇ ਵੱਡੇ ਵੱਡੇ ਟਰੱਕ ਸ਼ੋਅ ਤੇ ਵੱਡੇ ਵਿਆਹਾਂ ਦੀਆਂ ਪਾਰਟੀਆਂ ਹੁੰਦੀਆਂ ਹਨ। ਟ੍ਰੇਡ ਮਸਲੇ ਨੂੰ ਮੁੱਖ ਰੱਖਦਿਆਂ ਜਦ ਕਦੇ ਵੀ ਬਹੁਤੇ ਦੇਸ਼ਾਂ ਦੀ ਮੀਟਿੰਗਾਂ ਹੁੰਦੀਆਂ ਤਾਂ ਏਸੇ ਵੱਡੇ ਹਾਲ ਨੂੰ ਚੁਣਿਆ ਜਾਂਦਾ ਹੈ। ਸਕਾਈ ਟ੍ਰੇਨ ਤਿਆਰੀ ਫੜ ਕੇ ਲੈਗਲੀ ਤੱਕ ਪਹੁੰਚਣ ਦੇ ਨੇੜ ਆ ਗਈ ਹੈ ਅੱਗੇ ਇੱਕ ਨ ਇਕ ਦਿਨ ਐਬਸਫੋਰਡ ਟੱਪ ਕੇ ਚਿਲਾਵੈਕ ਨਾਲ ਮੱਥਾ ਲਾਵੇਗੀ, ਟਰਾਂਸ ਕੈਨੇਡਾ ਹਾਈਵੇ ਦੀਆਂ ਦੋ ਦੋ ਲਾਈਨਾਂ ਤੋਂ ਵਧਾ ਕੇ ਚਾਰ ਚਾਰ ਲਾਈਨਾਂ ਖੁੱਲਣ ਦੀ ਤਿਆਰੀ ਵਿਚ ਹਨ। ਬਹੁਤ ਸਮਾਂ ਦੂਰ ਨਹੀ ਆਉਣ ਵਾਲੇ ਸਮੇਂ ਵਿੱਚ ਐਬਸਫੋਰਡ ਵਿਖੇ ਬਿਲਡਿੰਗਾਂ, ਘਰਾਂ, ਫਾਰਮਾਂ ਤੇ ਕਮਰਸ਼ੀਅਲ ਪ੍ਰਾਪਰਟੀਆਂ ਦੀਆਂ ਕੀਮਤਾਂ ਹਰ ਹਾਲਤ ਵਿਚ ਹੱਦ ਤੋਂ ਵੀ ਜ਼ਿਆਦਾ ਵੱਧ ਜਾਣ ਗੀਆਂ। ਛੋਟਾ ਹਸਪਤਾਲ ਢਾਹ ਕੇ ਨਵਾਂ ਵੱਡਾ ਬਣਾਇਆ ਗਿਆ ਜੋ ਉਹ ਵੀ ਹੁਣ ਛੇਤੀ ਛੋਟਾ ਪੜ ਜਾਣਾ (ਜਾਂ ਹੋ ਗਿਆ) ਫੇਰ ਮਹਿਸੂਸ ਹੋਣਾ ਪਹਿਲਾਂ ਵਾਲਾ ਢਾਇਆ ਕਿਉਂ ? ਉਹ ਪੁਹਾਣਾ ਇਕੱਲੇ ਐਮਰਜੈਂਸੀ ਕੇਸਾਂ ਵਾਸਤੇ ਵਰਤਿਆ ਜਾ ਸਕਦਾ ਸੀ ਜਿਸ ਦੀ ਹਾਈਵੇ ਇੰਟਰੀ ਨਵੇਂ ਨਾਲੋਂ ਸੌਖੀ ਤੇ ਸੁਖਾਲ਼ੀ ਸੀ। ਜੇਕਰ ਅਮਰੀਕਾ ਵਾਲੇ ਅਗਲੇ 40-50 ਸਾਲਾਂ ਦੀਆਂ ਸਕੀਮਾਂ ਉੱਤੇ ਲੰਮੀ ਸੋਚ ਰੱਖ ਕੇ ਕੰਮ ਕਰੇ ਹਨ ਏਥੇ ਸਾਡੇ ਵਾਲੇ ਕਿਉ ਨਹੀ ? ਐਬਸਫੋਰਡ ਨੂੰ ਛੇਤੀ ਦੂਸਰੇ ਹਸਪਤਾਲ ਦੀ ਲੋੜ ਪੈਣੀ ਹੈ ਜਿਸ ਤਰ੍ਹਾਂ ਅਬਾਦੀ ਦਿਨੋ-ਦਿਨ ਵੱਧ ਰਹੀ ਹੈ। ਫੇਰ ਲੋਕਾਂ ਸਾਹਮਣੇ ਪਾਲਿਟੀਸ਼ਨਾਂ ਨੇ ਪੁਰਾਣੇ ਢਾਹੇ ਹੋਏ ਹਸਪਤਾਲ ਬਾਰੇ ਜਵਾਬ ਦੇਹ ਹੋਣਾ ਪੈਣਾ ਹੈ ਜਿਸ ਦੀ ਥਾਂ ਕਈ ਸਾਲਾਂ ਤੋਂ ਖਾਲੀ ਪਈ ਹੈ। ਪੰਜਾਬੀਆਂ ਨੇ ਬਹੁਤ ਘਾਲਣਾਂ ਘਾਲ਼ ਕੇ 1909 ਵਿੱਚ ਸ਼ੁਰੂ ਕਰਕੇ 1911 ਵਿੱਚ ਸਥਾਪਿਤ ਕੀਤਾ ਨਾਰਥ ਅਮਰੀਕਾ ਦਾ ਇੱਕੋ ਇੱਕ ਗੁਰਦੁਆਰਾ, “ਹੈਰੀਟੇਜ ਸਿੱਖ ਟੈਪਲ” ਮੌਜੂਦ ਹੈ ਇਸ ਦੇ ਬਿਲਕੁਲ ਸਾਹਮਣੇ ਅੱਗੇ 1982 ਵਿੱਚ ਸ਼ੁਰੂ ਕਰਕੇ ਜਨਵਰੀ 01, 1983 ਵਿੱਚ ਵੱਡਾ ਗੁਰਦੁਆਰਾ ਸਥਾਪਿਤ ਕੀਤਾ ਗਿਆ। ਇਸ ਤੋਂ ਅੱਗੇ ਕਲਗੀਧਰ ਦਰਬਾਰ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰੇ ਹੋਂਦ ਵਿੱਚ ਆਏ। ਇਸ ਤੋੰ ਵੀ ਅੱਗੇ ਇੱਕ ਦੋ ਹੋਰ ਵੀ ਪ੍ਰਾਈਵੇਟ ਛੋਟੇ ਛੋਟੇ ਗੁਰਦੁਆਰਾ ਸਾਹਿਬ ਘਰਾਂ ਵਿੱਚ ਵੀ ਚੱਲਦੇ ਹਨ। ਇੱਕ ਮੰਦਰ ਵੀ ਬਹੁਤ ਸੁੰਦਰ ਫਾਰਮਾਂ, ਏਅਰਪੋਰਟ, ਵੱਸੋਂ ਵਾਲੇ ਘਰਾਂ ਤੇ ਇੰਡਸਟ੍ਰੀਅਲ ਪਾਰਕ ਵਿਚਾਲੇ ਸਥਿਤ ਚਲ ਰਿਹਾ ਹੈ। ਬਹੁਤ ਔਖਆਈਆਂ ਵਿੱਚੋਂ ਲੰਘ ਕੇ ਪੰਜਾਬੀ ਕਮਿਊਨਿਟੀ ਨੇ ਫਰੇਜ਼ਰ ਰਿਵਰ ਫਿਊਨਲ ਹੋਮ ਵੀ ਬਣਾਇਆ ਹੈ। ਜੈਕਰ ਦੋ ਪਲਾਂਟ ਪੌਦਿਆਂ ਦੇ ਬੁੱਤਾਂ ਦਾ ਜਿਕਰ ਨਾਂ ਕਰੀਏ ਤਾਂ ਇਹ ਲੇਖ ਅਧੂਰਾ ਹੀ ਹੋਵੇਗਾ ਇੱਕ ‘ਗੋਲਡਨ ਟਰੀ’ ਜੋਂ ਮਿਊਸਿਪਲਟੀ ਆਫਿਸ ਨੇੜੇ ਪਾਰਕ ਵਿੱਚ ਸ਼ੰਸ਼ਪੋਤ ਹੈ ਜਿਹੜੇ ਫਾਰਮ ਕਾਮਿਆਂ ਨੂੰ ਠੇਕੇਦਾਰ ਦੀ ਵੈਨ ਲਿਜਾਂਦੀ ਹਾਦਸਾ ਗ੍ਰਿਸਤ ਹੋ ਗਈ ਸੀ ਜਿਸ ਵਿੱਚ ਤਿੰਨ ਬੀਬੀਆਂ ਬੀਬੀ ਅਮਰਜੀਤ ਕੌਰ ਬੱਲ (52 ਸਾਲ) ਬੀਬੀ ਸੁਖਵਿੰਦਰ ਕੌਰ ਪੂਨੀਆਂ (46ਸਾਲ) ਬੀਬੀ ਸਰਬਜੀਤ ਕੌਰ ਸਿੱਧੂ (31 ਸਾਲ) ਦੀ ਜਾਨ ਚਲੀ ਗਈ ਤੇ ਬਹੁਤਿਆਂ ਦੇ ਗੰਭੀਰ ਸੱਟਾਂ ਲੱਗੀਆਂ ਉਹਨਾਂ ਦੀ ਯਾਦ ਵਿੱਚ ਇਹ ਗੋਲਡਨ ਟਰੀ ਬੁੱਤ ਲਾਇਆ ਗਿਆ ਹੈ ਜੋ ਲੇਬਰ ਕਾਮਿਆਂ ਨੂੰ ਸਮਰਪਿਤ ਰਹੇਗਾ। ਲੇਬਰ ਕਾਮਿਆਂ ਦੀ ਜਦੋਜਹਿਦ ਦੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰਾ ਰਸਬੇਰੀ ਪਲਾਂਟ ‘ਪੌਦੇ ਦਾ ਬੁੱਤ’ ਕਲੀਅਰਬਰੁਕ ਰੋਡ ਅਤੇ ਮਾਰਸ਼ਲ ਰੋਡ ਦੇ ਰਾਊਡ ਅਬਾਊਟ ਚੌਂਕ ਵਿੱਚ ਲੱਗਾ ਹੈ। ਏਥੇ ਬੁੱਤ ਲਾਉਣ ਤੋਂ ਪਹਿਲਾਂ ਮਿਊਸਿਪਲਟੀ ਨੇ ਇਲਾਕੇ ਦੇ (ਸੱਤ ਚਿੱਤਰਕਾਰ ਕਲਾਕਾਰਾਂ ਨੂੰ ਜਿਨ੍ਹਾਂ ਵਿੱਚ ਛੇ ਗੋਰੇ ਤੇ ਇਕ ਪੰਜਾਬੀ ਸੀ) ਇਹਨਾਂ ਚਿੱਤਰਕਾਰਾਂ ਨੂੰ ਦਰਖ਼ਾਸਤ ਕੀਤੀ ਕਿ ਆਪੋ ਆਪਣੀ ਸੋਚ ਮੁਤਾਬਕ ਕੋਈ ਸਕੈੱਚ ਬਣਾ ਕੇ ਲਿਆਓ ਜੋ ਇਸ ਚੌਕ ਵਿੱਚ ਲਾਇਆ ਜਾਵੇ। ਇਕ ਤਾਰੀਖ ਮਿੱਥ ਲਈ ਗਈ, ਉਹ ਸੱਤੇ ਕਲਾਕਾਰ ਮਿੱਥੇ ਸਮੇਂ ਮੁਤਾਬਕ ਸਾਰੇ ਆਪਣੀ ਸੋਚ ਮੁਤਾਬਕ ਇਕ ਇਕ ਵੱਖਰੀ ਕਿਸਮ ਦੇ ਮਾਡਲ ਲੈਕੇ ਆਏ। ਜੱਜਾਂ ਦੇ ਪੈਨਲ ਨੇ ਰੱਸਬੇਰੀ ਵਾਲਾ ਚਿੱਤਰ ਚੁਣਿਆਂ ਜੋ ਆਰਟਿਸਟ ਮਨਜੀਤ ਸਿੰਘ ਸੰਧੂ ਨੇ ਬਣਾਇਆ ਜੋ ਕਿ ਅਸਲੀ ਪੇਸ਼ੇ ਵਜੋਂ ਟੈਕਸੀ ਚਾਲਕ ਹਨ, ਏਸ ਮੁਕੀਬਲੇ ਵਿਚ ਉਸ ਨੇ 8 ਹਜ਼ਾਰ ਡਾਲਰ ਦੀ ਰਾਸ਼ੀ ਵੀ ਜਿੱਤੀ। ਏਸ ਰਸਬੇਰੀ ਏਰੀਏ ਦਾ ਇਹ ਇੱਕ ਢੁਕਵਾਂ ਮਾਡਲ ਸੀ। ਐਬਸਫੋਰਡ ਵਿਖੇ “ਦੀ ਐਬਸਫੋਰਡ ਨਿਊਜ਼” ਪੰਜਾਬੀ ਅਖ਼ਬਾਰ ਪੰਜਾਬੀ ਪਤ੍ਰਿਕਾ, ਪੰਜਾਬ ਟਾਈਮਜ਼ ਜੋ ਚਲੰਤ ਮਾਮਲੇ , ਤਾਜ਼ੀਆਂ ਖ਼ਬਰਾਂ, ਕਹਾਣੀਆਂ, ਕਵਿਤਾਵਾਂ ਪਾਠਕਾਂ ਕੋਲ ਕੋਲ ਪਹੁੰਚਦੀਆਂ ਕਰਦੇ ਹਨ। ਤਾਸ਼ ਦੇ ਖਿਡਾਰੀਆਂ ਵਾਸਤੇ ਰੋਟਰੀ ਸਟੇਡੀਅਮ ਵਿੱਚ ਮਿਲਿਆ ਕਮਰਾ, ਗੁਰਦੁਆਰੇ ਦੇ ਬਾਹਰ ਪਏ ਟ੍ਰੇਲਰ, ਬਲੂਰਿਜ਼ ਉੱਪਰ ਉੱਚੀ ਪਾਰਕ, ਸੈਂਡਪਾਈਪਰ ਰੋਡ ਉੱਪਰ ਪਾਰਕ ਤੇ ਟਾਊਨ ਲਾਈਨ ਰੋਡ ਵਿੱਚੋਂ ਨਿਕਲਦੀ ਅੱਪਰਮਕਲਿਉਰ ਉਪਰ ਸਥਿਤ ਪਾਰਕਾਂ ਅਤੇ ਹੋਮਸਟੱਡ ਦੇ ਖੂੰਝੇ ਨਾਲ ਪਾਰਕ ਵਿੱਚ ਆਮ ਪੰਜਾਬੀ ਤਾਸ਼ ਖੇਡਦੇ ਬੈਠੇ ਆਂਮ ਨਜ਼ਰ ਆਉਂਦੇ ਹਨ। ਮੌਸਮ ਤੇ ਪੌਣ-ਪਾਣੀ ਨੂੰ ਮੁੱਖ ਰੱਖਦਿਆਂ ਆਂਮ ਦੂਸਰਿਆਂ ਕਮਿਊਨਿਟੀਆਂ ਦੇ ਪੈਨਸ਼ਨਰਾਂ ਦਾ ਮੁਹਾਣ ਵੀ ਐਬਸਫੋਰਡ ਵੱਲ ਨੂੰ ਜ਼ਿਆਦਾ ਵੱਧ ਰਿਹਾ ਇੱਥੇ ਵਾਜਬ ਕੀਮਤ ਦੇ ਅਪਾਰਟਮੈਂਟ, ਫਲੈਟ, ਟਾਊਨ ਹਾਊਸਾਂ ਦੀ ਡੀਮਾਂਡ ਵਧੀ ਹੈ। ਸਵੇਰ ਦੀ ਸੈਰ ਵਾਕ ਪੱਖੋਂ ਮਿੱਲ-ਲੇਕ ਦੇ ਉਦਾਲ਼ੇ ਦੀ ਪੰਗਡੰਡੀ ਤੇ ਰੋਟਰੀ ਸਟੇਡੀਅਮ ਸਭ ਤੋਂ ਬੇਹਤਰ ਹਨ ਉਝੰ ਸ਼ਹਿਰ ਵਿੱਚ ਹੋਰ ਛੋਟੋ ਛੋਟੇ ਟਰੇਕ ਤੇ ਟਰੇਲਾਂ ਬਹੁਤ ਹਨ। ਏਥੇ ਮੰਨੋਰੰਜਨ ਦਾ ਸਾਧਨ ਲਾਇਬ੍ਰੇਰੀ ਵੀ ਹੈ ਜਿਥੇ ਢੁੱਡੀਕਿਆਂ ਵਾਲੇ ਬਲਵੀਰ ਸਿੰਘ ਗਿੱਲ ਲਾਇਬ੍ਰੇਰੀਅਨ ਸੇਵਾਵਾਂ ਨਿਭਾਂ ਰਹੇ ਹਨ। ਏਥੇ ਫ੍ਰੀ ਇੰਟਰਨੈਟ ਕੰਪਿਊਟਰ ਦੀਆਂ ਸੇਵਾਵਾਂ ਅਤੇ ਦੁਨੀਆਂ ਭਰ ਦੀਆਂ ਅਨੇਕਾਂ ਪੁਸਤਕਾਂ ਬਹੁਤ ਸਾਰੀਆਂ ਬੋਲੀਆਂ ਵਿੱਚ ਆਂਮ ਪੜਨ ਨੂੰ ਮਿਲਦੀਆਂ ਹਨ। ਪੰਜਾਬੀ ਕਿਤਾਬਾਂ ਦਾ ਵੀ ਅਥਾਹ ਭੰਡਾਰ ਹੈ। ਨੋਟ :- ਮੇਰੀ ਛੱਪ ਰਹੀ ਨਵੀਂ ਇਤਿਹਾਸਕ ਕਿਤਾਬ “ਐਬਸਫੇਰਡ ਪੰਜਾਬੀ 1903 ਤੋਂ ਅੱਜ ਤੱਕ ਦਾ ਵੇਰਵਾ” ਦਾ ਅਖੀਰਲਾ 20ਵਾਂ ਚੈਪਟਰ brar.kds@gmail.com

 

Leave a Reply

Your email address will not be published. Required fields are marked *