ਵਿਕਟੋਰੀਆ-12 ਜੂਨ ਨੂੰ ਵੈਨਕੂਵਰ ਕਨਵੈਨਸ਼ਨ ਸੈਂਟਰ ਵਿੱਚ ਅਧਿਕਾਰਕ ਤੌਰ ’ਤੇ ਖੁਲ੍ਹਣ ਵਾਲੇ ‘ਬੀ.ਸੀ. ਬਿਜ਼ਨਸ ਹਾਊਸ’ ਵਿੱਚ ਬ੍ਰਿਟਿਸ਼ ਕੋਲੰਬੀਆ ਦੁਨੀਆ ਦਾ ਸਵਾਗਤ ਕਰ ਰਿਹਾ ਹੈ। ਇਸ ਨਾਲ ਉਦਯੋਗਕ ਪ੍ਰਦਰਸ਼ਨਾਂ ਦੀ ਇੱਕ ਲੜੀ ਸ਼ੁਰੂ ਹੋਵੇਗੀ, ਜਿਸ ਦਾ ਉਦੇਸ਼ FIFA ਵਿਸ਼ਵ ਕੱਪ 2026 ਦੌਰਾਨ ਵਿਸ਼ਵ ਪੱਧਰੀ ਨਿਵੇਸ਼ਕਾਂ, ਕਾਰੋਬਾਰੀ ਆਗੂਆਂ ਅਤੇ ਭਾਈਵਾਲਾਂ ਨੂੰ ਸਥਾਨਕ ਮਾਹਿਰਾਂ ਅਤੇ ਉੱਦਮਕਰਤਾਵਾਂ ਨਾਲ ਜੋੜਨਾ ਹੈ।
“ਬੀ.ਸੀ. ਬਿਜ਼ਨਸ ਹਾਊਸ ਦਾ ਮਕਸਦ ਫੀਫਾ ਵਿਸ਼ਵ ਕੱਪ 2026 ਦੇ ਉਤਸ਼ਾਹ ਨੂੰ ਸਥਾਈ ਆਰਥਿਕ ਫਾਇਦਿਆਂ, ਸਥਾਨਕ ਕਾਰੋਬਾਰਾਂ ਲਈ ਨਵੇਂ ਮੌਕਿਆਂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਚੰਗੀਆਂ ਨੌਕਰੀਆਂ ਵਿੱਚ ਬਦਲਣਾ ਹੈ,” ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ, ਰਵੀ ਕਾਹਲੋਂ ਨੇ ਕਿਹਾ। “ਮੁੱਖ ਖੇਤਰਾਂ ਦੇ ਆਗੂਆਂ ਨੂੰ ਇਕੱਠਾ ਕਰਕੇ ਅਤੇ ਸਾਡੇ ਸੂਬੇ ਦੀ ਰਚਨਾਤਮਕਤਾ, ਪ੍ਰਤਿਭਾ ਅਤੇ ਨਵੀਨਤਾ ਨੂੰ ਦਰਸਾ ਕੇ, ਅਸੀਂ ਨਵੀਆਂ ਭਾਈਵਾਲੀਆਂ ਅਤੇ ਨਵੇਂ ਨਿਵੇਸ਼ ਬਣਾ ਰਹੇ ਹਾਂ, ਜੋ ਸਾਡੇ ਭਾਈਚਾਰਿਆਂ ਲਈ ਆਉਣ ਵਾਲੇ ਕਈ ਸਾਲਾਂ ਤੱਕ ਫਾਇਦਮੰਦ ਰਹਿਣਗੇ।”
ਬੀ.ਸੀ. ਬਿਜ਼ਨਸ ਹਾਊਸ ਵੈਨਕੂਵਰ ਵਿੱਚ ਹੋ ਰਹੇ FIFA ਵਿਸ਼ਵ ਕੱਪ 2026 ਦੇ ਸੱਤ ਮੈਚਾਂ ਦੌਰਾਨ ਖੁੱਲ੍ਹਾ ਰਹੇਗਾ ਅਤੇ ਸੱਤ ਖੇਤਰ-ਕੇਂਦਰਿਤ ਪ੍ਰਦਰਸ਼ਨ ਸਮਾਰੋਹਾਂ ਦੀ ਮੇਜ਼ਬਾਨੀ ਕਰੇਗਾ। ਹਰ ਪ੍ਰਦਰਸ਼ਨ ਬੀ.ਸੀ. ਦੀਆਂ ਖੂਬੀਆਂ ਨੂੰ ਉਜਾਗਰ ਕਰੇਗਾ ਅਤੇ ਸਾਂਝੇਦਾਰੀ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਇੱਕ ਮੰਚ ਮੁਹੱਈਆ ਕਰੇਗਾ।
ਇਨ੍ਹਾਂ ਪ੍ਰਦਰਸ਼ਨ ਸਮਾਰੋਹਾਂ ਤੋਂ ਇਲਾਵਾ, ਬੀ.ਸੀ. ਬਿਜ਼ਨਸ ਹਾਊਸ ਟੂਰਨਾਮੈਂਟ ਦੌਰਾਨ ਭਾਈਵਾਲਾਂ ਦੀ ਅਗਵਾਈ ਹੇਠ ਸਮਾਗਮਾਂ ਅਤੇ ਟੀਚਾਬੱਧ ਕਾਰੋਬਾਰੀ ਮੇਲ-ਜੋਲ ਦੇ ਮੌਕਿਆਂ ਦਾ ਵਿਸਤ੍ਰਿਤ ਪ੍ਰੋਗਰਾਮ ਵੀ ਆਯੋਜਿਤ ਕਰੇਗਾ। ਬੀ.ਸੀ. ਬਿਜ਼ਨਸ ਹਾਊਸ ਆਪਣੇ ਕੰਮ ਦੇ ਘੰਟਿਆਂ ਦੌਰਾਨ ਮੀਟਿੰਗ ਲਈ ਵਿਸ਼ੇਸ਼ ਕਮਰੇ ਅਤੇ ਨੈਟਵਰਕਿੰਗ ਖੇਤਰ ਵੀ ਉਪਲਬਧ ਕਰਵਾਏਗਾ।
“ਬੀ.ਸੀ. ਬਿਜ਼ਨਸ ਹਾਊਸ ਬ੍ਰਿਟਿਸ਼ ਕੋਲੰਬੀਆ ਨੂੰ ਉਸ ਸਮੇਂ ਉਜਾਗਰ ਕਰਨ ਦਾ ਇੱਕ ਮੌਕਾ ਹੈ, ਜਦੋਂ ਸਾਰੇ ਵਿਸ਼ਵ ਦੀਆਂ ਨਜ਼ਰਾਂ ਸੂਬੇ ‘ਤੇ ਟਿਕੀਆਂ ਹੋਈਆਂ ਹਨ,” ਬੀ.ਸੀ. ਚੇਂਬਰ ਆਫ਼ ਕੌਮਰਸ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਜੈਨ ਰਾਈਲੀ ਨੇ ਕਿਹਾ। “ਵੈਨਕੂਵਰ ਪ੍ਰਸ਼ਾਂਤ ਮਹਾਸਾਗਰ ਲਈ ਇੱਕ ਪ੍ਰਵੇਸ਼ ਦੁਆਰ ਹੈ ਅਤੇ ਇਹ ਸਾਡੇ ਸੂਬੇ ਨੂੰ ਚਲਾਉਣ ਵਾਲੇ ਵੱਖ-ਵੱਖ ਕਾਰੋਬਾਰੀ ਭਾਈਚਾਰਿਆਂ, ਉਦਯੋਗਾਂ ਅਤੇ ਖੇਤਰਾਂ ਦੀ ਵਿਸਤ੍ਰਿਤ ਝਲਕ ਪੇਸ਼ ਕਰਦਾ ਹੈ। ਇੱਥੇ ਸੈਰ-ਸਪਾਟੇ ਦੇ ਖੇਤਰ ਤੋਂ ਲੈ ਕੇ ਵਪਾਰ, ਊਰਜਾ, ਤਕਨਾਲੋਜੀ, ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ਦੇ ਖੇਤਰ ਸ਼ਾਮਲ ਹਨ। ਬੀ.ਸੀ. ਭਰ ਦੇ ਕਾਰੋਬਾਰੀ ਭਾਈਚਾਰਿਆਂ ਅਤੇ ਸਾਡੀ ਅਰਥਵਿਵਸਥਾ ਦੇ ਹਰ ਖੇਤਰ ਦੀ ਨੁਮਾਇੰਦਗੀ ਕਰਦਿਆਂ, ਬੀ.ਸੀ. ਚੇਂਬਰ ਆਫ਼ ਕਾਮਰਸ ਉਨ੍ਹਾਂ ਗੱਲਾਂ-ਬਾਤਾਂ ਅਤੇ ਸੰਪਰਕਾਂ ਨੂੰ ਸਹਿਯੋਗ ਦੇਣ ਲਈ ਉਤਸੁਕ ਹੈ, ਜੋ ਸਾਡੇ ਸੂਬੇ ਦੀਆਂ ਖੂਬੀਆਂ ਨੂੰ ਉਜਾਗਰ ਕਰਨ ਵਿੱਚ ਮਦਦ ਕਰਨਗੇ।”
ਕਾਰੋਬਾਰੀ ਆਗੂਆਂ, ਨਿਵੇਸ਼ਕਾਂ ਅਤੇ ਸੰਸਥਾਵਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਹ britishcolumbia.ca/bcbusinesshouse ‘ਤੇ ਰਜਿਸਟਰ ਕਰ ਸਕਦੇ ਹਨ।
ਸਮਾਗਮਾਂ ਦਾ ਇੱਕ ਕੈਲੰਡਰ ਉਪਲਬਧ ਹੈ, ਜਿਸ ਵਿੱਚ ਟੂਰਨਾਮੈਂਟ ਦੌਰਾਨ ਹੋਣ ਵਾਲੇ, ਭਾਈਵਾਲਾਂ ਦੀ ਅਗਵਾਈ ਵਾਲੇ ਸਮਾਗਮ ਵੀ ਸ਼ਾਮਲ ਹਨ। ਇਹ ਸਥਾਨ ਹੋਰ ਭਾਈਵਾਲਾਂ ਦੀ ਅਗਵਾਈ ਵਾਲੇ ਸਮਾਗਮਾਂ ਲਈ ਵੀ ਉਪਲਬਧ ਹੈ, ਜੋ ਬੀ.ਸੀ. ਵਿੱਚ ਮੌਕਿਆਂ ਨੂੰ ਉਜਾਗਰ ਕਰਦੇ ਹਨ ਅਤੇ ਵਪਾਰ ਅਤੇ ਨਿਵੇਸ਼ ਨੂੰ ਸਮਰਥਨ ਦਿੰਦੇ ਹਨ।
