ਮਨੁੱਖੀ ਸੰਬੰਧਾਂ ਦੀਆਂ ਪੀਡੀਆਂ ਗੰਢਾਂ ਨੂੰ ਫਰੋਲਦੀ ਪੁਸਤਕ…
ਲੇਖਕ- ਹਰਿੰਦਰ ਸੋਹੀ
ਰੀਵਿਊਕਾਰ-ਕੁਲਵਿੰਦਰ ਸਿੰਘ ਬਾਠ
ਦੋਸਤੋ, ਸ਼ਾਇਦ ਕਦੇ-ਕਦਾਈਂ ਆਪ ਨੂੰ ਵੀ ਕੋਈ ਰਚਨਾ ਜਾਂ ਪੁਸਤਕ ਮਿਲੀ ਹੋਵੇ ਜੋ ਇੱਕ ਚੰਗੇ ਦੋਸਤ ਦੀ ਤਰਾਂ ‘ਵਾਜਾਂ ਮਾਰ-ਮਾਰ ਬੁਲਾ ਰਹੀ ਹੋਵੇ। ਮਨੁੱਖੀ ਸੰਬੰਧਾਂ ਦੇ ਤਾਣੇ-ਬਾਣੇ ਦੀ ਬਹੁ-ਰੂਪੀ ਅਤੇ ਬਹ-ਪਰਤੀ ਰੰਗਤ ਨੂੰ ਅਲੱਗ ਦ੍ਰਿਸ਼ਟੀਕੋਣ ਤੋਂ ਫਰੋਲਦੀ ਵਿਲੱਖਣ ਅਤੇ ਖ਼ੂਬਸੂਰਤ ਪੁਸਤਕ “ਪੰਜਾਬੀ ਲੋਕ ਸਾਹਿਤ ਵਿੱਚ ਰਿਸ਼ਤਿਆਂ ਦਾ ਤਾਣਾ-ਬਾਣਾ” ਨੂੰ ਪੜ੍ਹਨ ਦਾ ਦੁਬਾਰਾ ਮੌਕਾ ਮਿਲਿਆ। ਇਸ ਪੁਸਤਕ ਨੂੰ ਹਰਿੰਦਰ ਕੌਰ ਸੋਹੀ ਨੇ ਲਿਖਿਆ ਅਤੇ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ।
ਮਨੁੱਖ ਸੌਂਦਿਆਂ ਜਾਗਦਿਆਂ ਸੁਪਨੇ ਲੈਂਦਾ ਰਹਿੰਦਾ ਹੈ। ਸੁਪਨੇ ਲੈਣੇ ਵੀ ਚਾਹੀਦੇ ਹਨ। ਸੁਪਨਿਆਂ ਤੋਂ ਵਿਹੂਣੀ ਜ਼ਿੰਦਗੀ ਵੀ ਕਾਹਦੀ ਜ਼ਿੰਦਗੀ ਹੋਈ? ਕਾਲਜ ਵਿੱਚ ਐਮ. ਏ. ਪੰਜਾਬੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਅਤੇ ਮਨੁੱਖੀ ਰਿਸ਼ਤੇ-ਨਾਤਿਆਂ ਦੀ ਅਹਿਮੀਅਤ ਨੂੰ ਮਹਿਸੂਸ ਕਰਦਿਆਂ, ਹਰਿੰਦਰ ਸੋਹੀ ਨੇ ਇਨ੍ਹਾਂ ਨੂੰ ਪੁਸਤਕੀ ਰੂਪ ਦੇਣ ਦਾ ਸੁਪਨਾ ਲਿਆ ਸੀ। “ਪੰਜਾਬੀ ਲੋਕ ਸਾਹਿਤ ਵਿੱਚ ਰਿਸ਼ਤਿਆਂ ਦਾ ਤਾਣਾ-ਬਾਣਾ” ਉਸ ਦਾ ਸਾਕਾਰ ਹੋਇਆ ਸੁਪਨਾ ਹੈ।
ਅਮਰੀਕਾ ਦੇ ਖ਼ੂਬਸੂਰਤ ਸੂਬੇ ਕੈਲੀਫੋ਼ਰਨੀਆ ਵਿੱਚ ਵੱਸਦੀ ਹਰਿੰਦਰ ਕੌਰ ਸੋਹੀ ਦੀ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਇੱਕ ਵਾਰਤਕ ਅਤੇ ਇੱਕ ਕਹਾਣੀ ਸੰਗ੍ਰਹਿ ਨਾਲ਼ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾ ਚੁੱਕੀ ਹੈ। ਕਈ ਹੋਰ ਪੁਸਤਕਾਂ ਲਿਖਣ ਜੋਗੀ ਸਮੱਗਰੀ ਆਪਣੀ ਰੂਹ ਵਿੱਚ ਸਮੋਏ, ਹਰਿੰਦਰ ਸੋਹੀ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸ਼ਾਨੋ-ਸ਼ੌਕਤ ਨਾਲ ਨਿਭਾ ਰਹੀ ਹੈ। ਆਪਣੇ ਮਨ ਦੇ ਅਹਿਸਾਸਾਂ ਨੂੰ ਸੰਖੇਪ ਪਰ ਸਾਰਥਕ ਲਫ਼ਜ਼ਾਂ ਵਿੱਚ ਪਰੋਣ ਦੀ ਕਲਾ ਅਤੇ ਜੁਗਤ ਵੀ ਹੈ। ਉਸ ਨੂੰ ਪੰਜਾਬੀ ਸਾਹਿਤ ਸਮੇਤ ਕਲਾ, ਲੋਕਧਾਰਾ, ਲੋਕ-ਗੀਤ ਅਤੇ ਲੋਕ-ਬੋਲੀਆਂ ਦੀ ਡੂੰਘੀ ਜਾਣਕਾਰੀ ਹੈ। ਛੋਟੇ ਅਤੇ ਵੱਡੇ ਸਮਾਗਮਾਂ ਦੌਰਾਨ ਸਟੇਜ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਚਲਾਉਣ ਦੀ ਕਲਾ ਅਤੇ ਮੁਹਾਰਤ ਦਰਸ਼ਕਾਂ ਨੂੰ ਕੀਲ ਲੈਂਦੀ ਹੈ। ਹਰਿੰਦਰ ਸੋਹੀ ਦੀ ਰੂਹ ਅੰਦਰ ਵੱਸਿਆ ਅਧਿਆਪਕ, ਸਾਹਿਤਕਾਰ ਅਤੇ ਕਲਾਕਾਰ ਉਸ ਦੇ ਨਾਲ਼ ਨਾਲ਼ ਤੁਰਦਾ ਹੈ। ਉਸ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਕਾਰਨ ਉਸ ਨੂੰ ਜਾਨਣ ਅਤੇ ਚਾਹੁਣ ਵਾਲਿਆਂ ਦਾ ਘੇਰਾ ਵੀ ਵਿਸ਼ਾਲ ਹੈ। ਉਸ ਦੇ ਮਾਹੀ ਡਾ. ਪ੍ਰਿਥੀਪਾਲ ਸਿੰਘ ਸੋਹੀ ਦਾ ਜੀਵਨ ਭਰ ਦਾ ਸਾਥ ਹਰਿੰਦਰ ਦੀ ਸਾਹਿਤਕ ਪਰਵਾਜ਼ ਦੇ ਰੰਗਾਂ ਵਿੱਚ ਸਮੋਇਆ ਹੋਇਆ ਹੈ…
ਪੰਜਾਬੀ ਲੋਕ ਸਾਹਿਤ ਵਿੱਚ ਰਿਸ਼ਤਿਆਂ ਦਾ ਤਾਣਾ-ਬਾਣਾ…
ਜਦ ਗੱਲ ਸਮਾਜ ਅਤੇ ਸੱਭਿਆਚਾਰ ਦੀ ਤੁਰਦੀ ਹੈ ਤਾਂ ਮਨੁੱਖ ਏਸ ਦੇ ਐਨ ਵਿਚਕਾਰ ਆ ਖੜ੍ਹਦਾ ਹੈ। ਮਹਾਨ ਫਿਲਾਸਫਰ ‘ਅਰਸਤੂ’ ਅਨੁਸਾਰ ਮਨੁੱਖ ਇੱਕ ‘ਸਮਾਜਕ ਜੀਵ’ ਹੈ ਜੋ ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਦੇ ਤਾਣਿਆਂ-ਬਾਣਿਆਂ ਵਿੱਚ ਵਿਚਰਦਾ ਹੈ। ਇੰਜ ਉਸ ਦੇ ਜੀਵਨ ਦੀਆਂ ਤੰਦਾਂ ਕੁਦਰਤ, ਆਲ਼ੇ-ਦੁਆਲ਼ੇ, ਧਰਮ, ਸਮਾਜ, ਸਿਆਸਤ ਅਤੇ ਸੱਭਿਆਚਾਰ ਦੇ ਤਾਣਿਆਂ-ਬਾਣਿਆਂ ਨਾਲ਼ ਜੁੜੀਆਂ ਰਹਿੰਦੀਆਂ ਹਨ।
ਆਪਣੇ ਮਾਪਿਆਂ ਨੂੰ ਸਮਰਪਤ ਪੁਸਤਕ ਦੇ ਪੰਨਿਆਂ ਵਿੱਚ ਵਿਛਾਏ ਤਾਣੇ-ਬਾਣੇ ਨੂੰ ਪੜ੍ਹਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਹਰਿੰਦਰ ਸੋਹੀ ਨੇ ਗਿਆਨੀ ਗੁਰਦਿੱਤ ਸਿੰਘ ਦੇ “ਮੇਰਾ ਪਿੰਡ” ਵਿਚਲੀ ਵਿਲੱਖਣ ਰੂਹ ਨੂੰ ਰਮਣੀਕ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਰੰਗ-ਰੂਪ ਅਤੇ ਰਸ ਭਰ ਕੇ ਹੋਰ ਨਿਖ਼ਾਰ ਤੇ ਸ਼ਿੰਗਾਰ ਦਿੱਤਾ ਹੋਵੇ। ਕਿਤਾਬ ਦੇ ਟਾਈਟਲ ਪੰਨੇ ਦੀ ਖ਼ੂਬਸੂਰਤ ਤੇ ਰਿਸ਼ਤਿਆਂ ਦੀ ਬਹੁ-ਪਰਤੀ ਤਸਵੀਰ ਤੋਂ ਘਰ ਦੀ ਡੇਹੜੀ ਵਾਂਗ ਇਸ ਲਿਖਤ ਦੇ ਅੰਦਰੂਨੀ ਸੁਹੱਪਣ ਅਤੇ ਗਹਿਰਾਈ ਦਾ ਅਨੁਮਾਨ ਹੋ ਜਾਂਦਾ ਹੈ।
ਪੁਸਤਕ ਵਿੱਚ ਰਿਸ਼ਤਿਆਂ ਦੀ ਪਰਿਭਾਸ਼ਾ ਦੇ ਨਾਲ਼ ਨਾਲ਼ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਵਿੱਚ ਗੂੰਜਦੇ ਬੋਲ ਬੋਲੀਆਂ ਵੀ ਸ਼ਾਮਲ ਹਨ। ਉਹ ਮਨ ਭਾਉਂਦੇ ਬੋਲ ਜੋ ਅਸੀਂ ਬਚਪਨ ਤੋਂ ਗਾਉਂਦੇ ਜਾਂ ਸੁਣਦੇ ਆਏ ਹਾਂ ਅਤੇ ਸਾਨੂੰ ਸਾਡੇ ਮਹਾਨ ਵਿਰਸੇ ਦੀ ਯਾਦ ਦਿਵਾਉਂਦੇ ਹਨ। ਬਦਲਾਓ ਕੁਦਰਤ ਦਾ ਨਿਯਮ ਹੈ। ਸਮੇਂ ਦੀ ਰਫ਼ਤਾਰ, ਦੁਨਿਆਵੀ ਪਦਾਰਥ ਅਤੇ ਮਨੁੱਖ ਦੇ ਖ਼ੁਦ ਵਿਕਾਰ ਵੀ ਰਿਸ਼ਤਿਆਂ ‘ਤੇ ਪ੍ਰਭਾਵ ਪਾਉਂਦੇ ਹਨ। ਜੀਵਨ ਜਿਉਂਦਿਆਂ, ਮਨੁੱਖੀ ਸੰਬੰਧਾਂ ਅਤੇ ਰਿਸ਼ਤਿਆਂ ਵਿੱਚ ਮਾੜੇ-ਮੋਟੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਆਉਂਦੇ ਵੀ ਰਹਿਣਗੇ। ਰਿਸ਼ਤਿਆਂ ਦੇ ਬਦਲਦੇ ਸਮੇਂ ਅਨੁਸਾਰ ਬਦਲਾਓ ਨੂੰ ਵੀ ਖ਼ੂਬਸੂਰਤੀ ਨਾਲ ਕਲਮਬੰਦ ਕੀਤਾ ਗਿਆ ਹੈ।
ਬੀਜ ਦੇ ਪੁੰਗਰਨ ਤੋਂ ਵੱਡਾ ਦਰੱਖਤ ਬਣਨ ਵਾਂਗ ਮਨੁੱਖੀ ਰਿਸ਼ਤੇ ਵੀ ਬਣਦੇ ਹਨ, ਟੁੱਟਦੇ ਹਨ, ਜੁੜਦੇ ਹਨ ਅਤੇ ਫੈਲਰਦੇ ਹਨ। ਨਾੜੂ ਦੀ ਸਾਂਝ ਨਾਲ ਗੰਢਿਆ ਮਾਂ-ਬੱਚੇ ਦਾ ਰਿਸ਼ਤਾ ਤਾਂ ਜਨਮ ਤੋਂ ਪਹਿਲਾਂ ਹੀ ਬਣ ਜਾਂਦਾ ਹੈ। ਜਨਮ ਸਮੇਂ, ਜਵਾਨ ਹੁੰਦਿਆਂ ਅਤੇ ਵਿਆਹ ਤੋਂ ਬਾਅਦ ਦਾ ਜੀਵਨ ਜਿਉਂਦਿਆਂ ਅਨੇਕਾਂ ਨਵੇਂ ਰਿਸ਼ਤੇ ਆ ਜੁੜਦੇ ਹਨ। ਕੁਝ ਨਿਹਮਤਾਂ ਵਰਗੇ ਰਿਸ਼ਤੇ ਕੁਦਰਤ ਵੱਲੋਂ ਵੀ ਬਖਸ਼ੇ ਜਾਂਦੇ ਹਨ। ਦੋਸਤੀ ਤੇ ਮੁਹੱਬਤ ਦੇ ਰਿਸ਼ਤੇ ਜੋ ਖੂਨ ਦੇ ਰਿਸ਼ਤਿਆਂ ਤੋਂ ਵੀ ਪੀਡੇ ਹੋ ਨਿਬੜਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਬਦੌਲਤ ਜ਼ਿੰਦਗੀ ਹੋਰ ਵੀ ਖ਼ੂਬਸੂਰਤ ਬਣ ਜਾਂਦੀ ਹੈ। ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਨਾਂ ਭਾਲਦਿਆਂ ਮਨੁੱਖ ਦੀ ਜ਼ੁਬਾਨ ਤੇ ਸਵਾਲ ਆ ਬਹੁੜਦਾ ਹੈ – ਤੇਰਾ ਮੇਰਾ ਕੀ ਰਿਸ਼ਤਾ?
ਮਨੁੱਖ ਦੀ ਜ਼ਿੰਦਗੀ ਵਿੱਚ ਰਿਸ਼ਤੇ ਬਣਦੇ ਹਨ ਤਾਂ ਸਕੂਨ ਦਿੰਦੇ ਹਨ। ਤਿੜਕਦੇ ਅਤੇ ਟੁੱਟਦੇ ਰਿਸ਼ਤੇ ਮਨ ਨੂੰ ਦੁੱਖੀ ਕਰ ਜਾਂਦੇ ਹਨ ਅਤੇ ਕੁਝ ਕੁ ਤਾਂ ਜੜ੍ਹਾਂ ਵਾਲੇ ਮਾਨਸਿਕ ਜ਼ਖ਼ਮ ਬਣਦਿਆਂ ਗਾਹੇ-ਬੇਗਾਹੇ ਰਿਸਦੇ ਵੀ ਰਹਿੰਦੇ ਹਨ। ਅਸਲ ਵਿੱਚ ਰਿਸ਼ਤੇ ਖ਼ਤਮ ਕੀਤਿਆਂ ਵੀ ਪੂਰੀ ਤਰਾਂ ਖ਼ਤਮ ਨਹੀਂ ਹੁੰਦੇ ਅਤੇ ਟੁੱਟਦਿਆਂ-ਟੁੱਟਦਿਆਂ ਵੀ ਆਪਣੀਆਂ ਅਮਿੱਟ ਪੈੜਾਂ ਛੱਡ ਜਾਂਦੇ ਹਨ…।
ਹਰਿੰਦਰ ਸੋਹੀ ਨੇ ਰਿਸ਼ਤਿਆਂ ਦੀ ਸ਼ੁਰੂਆਤ ਇੱਕ ਬਹੁਤ ਹੀ ਮੁਹੱਬਤੀ ਰਿਸ਼ਤੇ “ਢੋਲ-ਮਾਹੀ” ਦੇ ਨਾਲ਼ ਕੀਤੀ ਹੈ। ਭਾਵੇਂ ਏਸ ਰਿਸ਼ਤੇ ਨੂੰ ਮਾਹੀ, ਮਾਹੀਆ, ਕੰਤ, ਢੋਲਣਾ, ਪ੍ਰਾਹੁਣਾ ਅਨੇਕਾਂ ਨਾਂ ਅਤੇ ਰੂਪ ਦਿੱਤੇ ਹਨ, ਪਰ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਇਹ ਸ਼ਬਦ ਪਤੀ ਹੈ। ਜਿੱਥੇ ਪਤਨੀ ਪਤੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੀ ਹੈ ਅਤੇ ਆਪਣੀ ਜਿੰਦ ਨੂੰ ਉਸ ਦੇ ਨਾਮ ਕਰਨ ਤੱਕ ਜਾਂਦੀ ਹੈ, ਉੱਥੇ ਹੀ ਕਦੇ-ਕਦਾਈਂ ਉਸ ‘ਤੇ ਰੋਸਾ ਵੀ ਕਰਦੀ ਹੈ। ਮਾੜੀ ਮੋਟੀ ਨੋਕ-ਝੋਕ ਇਸ ਪਿਆਰ ਭਰੇ ਰਿਸ਼ਤੇ ਨੂੰ ਤੋੜ ਨਹੀਂ ਸਕਦੀ…
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖ ਦੇ ।
ਮੇਰਾ ਬੋਲਦਾ ਦਿਲਾਂ ਦਾ ਜਾਨੀ
ਲੋਕਾਂ ਭਾਣੇ ਮੋਰ ਬੋਲਦਾ ।
ਕਦੋਂ ਹੋਣਗੇ ਸੱਜਣ ਨਾਲ਼ ਮੇਲੇ
ਪਾਂਧਿਆ ਤੂੰ ਫ਼ੋਲ ਪੱਤਰੀ ।
ਲਾਈ ਲੱਗ ਨਾ ਹੋਵੇ ਘਰ ਵਾਲਾ
ਚੰਦਰਾ ਗੁਆਂਢ ਨਾ ਹੋਵੇ ।
ਹਰਿੰਦਰ ਸੋਹੀ ਨੇ ਤੇਜ਼ੀ ਨਾਲ਼ ਬਦਲਦੇ ਹੋਏ ਸਮੇਂ ਨਾਲ਼ ਬਦਲਦੇ ਇਸ ਰਿਸ਼ਤੇ ਦੇ ਬਦਲਾਓ ਨੂੰ ਬਾਖੂਬੀ ਪਕੜਿਆ ਹੈ। ਪਦਾਰਥਵਾਦੀ ਅਤੇ ਵਿਅਕਤੀਵਾਦੀ ਯੁੱਗ ਵਿੱਚ ਵੀ ਇਸ ਰਿਸ਼ਤੇ ਦੀਆਂ ਤੰਦਾਂ ਪੀਡੀਆਂ ਹਨ, ਅਪਣੱਤ ਹੈ, ਮਿਠਾਸ ਹੈ ਅਤੇ ਦੁੱਖ-ਸੁੱਖ ਦੀ ਸਾਂਝ ਹੈ।
“ਭੈਣ-ਭਰਾ” ਦਾ ਰਿਸ਼ਤਾ ਪਿਆਰ ਭਰਿਆ, ਗਹਿਰਾ ਅਤੇ ਅਟੁੱਟ ਹੁੰਦਾ ਹੈ। ਇਸ ਰਿਸ਼ਤੇ ਦੀਆਂ ਜੜ੍ਹਾਂ ਮਾਂ-ਬਾਪ ਨਾਲ਼ ਜੁੜਦੀਆਂ ਹਨ। ਗਿੱਧੇ ਦੀ ਸ਼ੁਰੂਆਤ ਨੂੰ ਵੀਰ ਦੇ ਨਾਂ ਨਾਲ਼ ਸ਼ੁਰੂ ਕਰਨਾ ਇਸ ਰਿਸ਼ਤੇ ਦੀ ਗਹਿਰਾਈ ਦੀ ਨਿਸ਼ਾਨਦੇਹੀ ਹੈ। ਇਸੇ ਤਰਾਂ ਅਨੇਕਾਂ ਹੀ ਬੋਲੀਆਂ ਜਾਂ ਗਾਣੇ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਹਨ। ਭੈਣਾਂ ਨੂੰ ਹਮੇਸ਼ਾ ਆਪਣੇ ਵੀਰ ਸੋਹਣੇ ਅਤੇ ਪਿਆਰੇ ਲੱਗਦੇ ਹਨ। ਭਾਵੇਂ ਉਨ੍ਹਾਂ ਨੂੰ ਵੀਰ ਕਰਕੇ ਕਦੇ-ਕਦੇ ਤਾਹਨੇ-ਮਿਹਣੇ ਵੀ ਸਹਿਣੇ ਪੈਂਦੇ ਹਨ, ਪਰ ਉਹ ਫੇਰ ਵੀ ਭਰਾਵਾਂ ‘ਤੇ ਮਾਣ ਕਰਦੀਆਂ ਹਨ ਅਤੇ ਉਨਾਂ ਦੀ ਖੈ਼ਰੀਅਤ ਲਈ ਅਰਦਾਸ ਵੀ…
ਪਹਿਲੀ ਬੋਲੀ ਵੀਰ ਦੇ ਨਾਂ ‘ਤੇ ਪਾਈਏ
ਨਗਰ ਦੀ ਸੁੱਖ ਮੰਗੀਏ ।
ਮੇਰੇ ਸੋਹਣਿਆ ਸੁਨੱਖਿਆ ਵੀਰਾ
ਕਾਲਾ ਸਾਫ਼ਾ ਤੇਰੇ ਸੱਜਦਾ ।
ਗੱਡੀ ਆ ਗਈ ਸੰਦੂਖੋਂ ਖਾਲੀ
ਬਾਹਲ਼ਿਆਂ ਭਰਾਵਾਂ ਵਾਲੀਏ ।
ਵੀਰ ਮੇਰੇ ਲੈਣ ਮਾਮਲਾ
ਸਾਡੀ ਪੱਚੀਆਂ ਪਿੰਡਾਂ ‘ਚ ਸਰਦਾਰੀ ।
ਨਿਰਸੁਆਰਥ ਅਤੇ ਕੁਰਬਾਨੀ ਦੀ ਭਾਵਨਾ ਨਾਲ਼ ਭਰਪੂਰ “ਮਾਵਾਂ-ਧੀਆਂ” ਦਾ ਰਿਸ਼ਤਾ ਇੱਕ ਵਿਲੱਖਣ ਤਾਣਾ-ਬਾਣਾ ਹੈ। ਇਸ ਰਿਸ਼ਤੇ ਵਿੱਚ ਦੇਣ ਹੀ ਦੇਣ ਹੈ। ਧੀ ਆਪਣੀ ਮਾਂ ਨਾਲ਼ ਉਹ ਗੱਲਾਂ-ਬਾਤਾਂ ਅਤੇ ਦੁੱਖ-ਸੁੱਖ ਵੀ ਸਾਂਝੇ ਕਰ ਲੈਂਦੀ ਹੈ ਜੋ ਕਿਸੇ ਹੋਰ ਨਾਲ਼ ਸਾਂਝੇ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਧੀਆਂ ਜਦ ਜੁਆਨ ਹੁੰਦੀਆਂ ਹਨ ਤਾਂ ਆਪਣਾ ਘਰ ਛੱਡ ਪਰਾਏ ਘਰ ਤੁਰ ਜਾਂਦੀਆਂ ਹਨ।
“ਬਾਬਲ-ਧੀ” ਦਾ ਰਿਸ਼ਤਾ ਵੀ ਕੋਈ ਘੱਟ ਪਿਆਰ ਵਾਲਾ ਨਹੀਂ ਹੁੰਦਾ। ਬਾਬਲ ਧੀ ਦਾ ਸਹਾਰਾ ਹੁੰਦਾ ਹੈ। ਪ੍ਰੇਰਨਾ ਦਾ ਸਰੋਤ ਹੁੰਦਾ ਹੈ। ਦੋਨੋ ਇੱਕ ਦੂਸਰੇ ਦਾ ਫ਼ਿਕਰ ਵੀ ਕਰਦੇ ਹਨ।
ਮਾਵਾਂ ਧੀਆਂ ਕੱਤਣ ਲੱਗੀਆਂ
ਗੁੱਡੀ ਨਾਲ਼ ਗੁੱਡੀ ਜੋੜ ਕੇ
ਹੁਣ ਕਿਉਂ ਮਾਏਂ ਰੋਨੀ ਏਂ
ਧੀਆਂ ਨੂੰ ਸਹੁਰੇ ਤੋਰ ਕੇ
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਵੇ ਜਾਣਾ ।
ਨੰਗੇ ਪੈਰੀਂ ਆਉਨੈ ਬਾਬਲਾ
ਤੇਰੀਆਂ ਪੱਚੀਆਂ ਪਿੰਡਾਂ ‘ਚ ਸਰਦਾਰੀ ।
“ਮਾਂ-ਪੁੱਤਰ” ਦਾ ਰਿਸ਼ਤਾ ਵੀ ਪਿਆਰ ਭਰਿਆ ਅਤੇ ਸ਼ਹਿਦ ਵਰਗਾ ਮਿੱਠਾ ਹੈ ਜਿਸ ਨੂੰ ਹਰਿੰਦਰ ਸੋਹੀ ਨੇ ਬਹੁਤ ਖ਼ੂਬਸੂਰਤੀ ਨਾਲ ਪਾਠਕਾਂ ਸਾਹਮਣੇ ਇੰਜ ਪੇਸ਼ ਕੀਤਾ ਹੈ…। “ਪੰਜਾਬੀ ਸੱਭਿਆਚਾਰ ਵਿੱਚ ਮਾਂ-ਪੁੱਤਰ ਦਾ ਰਿਸ਼ਤਾ ਨਹੁੰ-ਮਾਸ ਦੇ ਰਿਸ਼ਤੇ ਵਰਗਾ ਹੁੰਦਾ ਹੈ ਜਿਸ ਵਿੱਚ ਸੁਈ ਨਹੀਂ ਖੁੱਭਦੀ।” ਅਕਸਰ ਸੁਣਦੇ ਹਾਂ…
ਪੁੱਤ ਮੇਰਾ ਚੰਨ ਵਰਗਾ
ਜੀਹਦਾ ਚਾਨਣੀ ਖਿੜੀ ਚਹੁੰ ਕੂੰਟੀਂ ।
ਜਦ ਪੁੱਤਰ ਜੰਮਦਾ ਹੈ ਤਾਂ ਘਰ ਵਿੱਚ ਖੁਸ਼ੀਆਂ ਦੀ ਬਹਾਰ ਆ ਜਾਂਦੀ ਹੈ। ਉਹ ਦਿਨ ਭਾਗਾਂ ਵਾਲਾ ਮੰਨਿਆਂ ਜਾਂਦਾ ਹੈ ਅਤੇ ਵਧਾਈਆਂ ਦਾ ਸਿਲਸਿਲਾ ਚੱਲਦਾ ਹੈ…
ਫੁੱਲਾਂ ਦੀ ਆਈ ਆ ਬਹਾਰ ਜੀ ਵਧਾਈ ਹੋਵੇ
ਪਹਿਲੀ ਵਧਾਈ ਕਾਕੇ ਦਾ ਮਾਂ ਨੂੰ ਹੋਵੇ
ਜੀਨ੍ਹੇ ਜੰਮਿਆ ਅੰਗਦ ਸਿਹੁੰ ਸਰਦਾਰ ਜੀ ਵਧਾਈ ਹੋਵੇ
ਭੈਣਾਂ ਨੂੰ ਵੀ ਵੀਰੇ ਦੇ ਜੰਮਣ ਦੀ ਤੇ ਲੋਹੜੀ ਦੀ ਖੁਸ਼ੀ ਹੁੰਦੀ ਹੈ। ਪਰ ਉਸੇ ਹੀ ਸਮਾਜ ਵਿੱਚ ਧੀ ਨਾਲ ਵਿਤਕਰਾ ਹੁੰਦਾ ਹੈ। ਧੀਆਂ ਦੇ ਜੰਮਣ ‘ਤੇ ਖੁਸ਼ੀ ਨਹੀਂ ਮਨਾਈ ਜਾਂਦੀ। ਕਈ ਵਾਰੀ ਤਾਂ ਧੀਆਂ ਨੂੰ ਜੰਮਣ ਵੀ ਨਹੀਂ ਦਿੱਤਾ ਜਾਂਦਾ। ਭਰੂਣ ਹੱਤਿਆ ਦਾ ਰੁਝਾਨ ਪੰਜਾਬੀਆਂ ਦੇ ਮੱਥੇ ‘ਤੇ ਕਲੰਕ ਹੈ। ਪੁੱਤਰ ਵਿਹੂਣੀਆਂ ਮਾਵਾਂ ਨੂੰ ਤਾਹਨੇ ਮਿਹਣੇ ਵੀ ਸਹਿਣੇ ਪੈਂਦੇ ਨੇ ਜਿਸ ਕਰਕੇ ਉਹ ਖ਼ੁਦ ਨੂੰ ਅਧੂਰੀਆਂ ਸਮਝਦੀਆਂ ਹਨ…
ਮਾਵਾਂ ਹੋਵਣ ਭਾਵੇਂ ਪਰੀਆਂ
ਨਾਲ਼ ਹੁਸਨ ਦੇ ਡੱਕ-ਡੱਕ ਭਰੀਆਂ
ਪੂਰਾ ਕਦੇ ਸ਼ਿੰਗਾਰ ਨਾ ਹੋਵੇ
ਜੇ ਲਾਲਾਂ ਦਾ ਹੇਰ ਨਾ ਹੋਵੇ ।
“ਦਾਦਾ-ਦਾਦੀ ਅਤੇ ਨਾਨਾ-ਨਾਨੀ”, “ਮਾਮੇ-ਮਾਮੀਆਂ” ਅਤੇ “ਭੂਆ-ਭਤੀਜਾ” ਦੇ ਰਿਸ਼ਤਿਆਂ ਬਾਰੇ ਹਰਿੰਦਰ ਸੋਹੀ ਨੇ ਬਹੁਤ ਖ਼ੂਬਸੂਰਤੀ ਨਾਲ ਲਿਖਿਆ ਹੈ।
ਮਾਂ ਬਾਪ ਦੇ ਘਰ ਬਚਪਨ ਦੇ ਰੰਗ ਇਕੱਠਿਆਂ ਮਾਣਦਿਆਂ-ਮਾਣਦਿਆਂ ਤੇ ਫੇਰ ਜਵਾਨੀ ਦੀ ਦਹਿਲੀਜ਼ ਪਾਰ ਕਰਕੇ ਪਰਾਏ ਘਰ ਜਾ ਕੇ ਭੈਣਾਂ ਇੱਕ ਦਿਨ ਬੱਚਿਆਂ ਦੀਆਂ ਮਾਸੀਆਂ ਬਣ ਜਾਂਦੀਆਂ ਹਨ। ਵਿਆਹ ਤੋਂ ਬਾਅਦ ਭੈਣਾਂ ਵਿੱਚ ਪੈਣ ਵਾਲੇ ਵਿਛੋੜੇ ਬਾਰੇ ਸੋਚਦਿਆਂ ਭੈਣਾਂ ਦੀ ਰੂਹ ਕੁਰਲਾ ਉੱਠਦੀ ਹੈ…
ਆ ਨੀ ਭੈਣੇ ਦੋਵੇਂ ਗੱਲਾਂ ਕਰੀਏ
ਆਈ ਆ ਵਿਛੋੜੇ ਦੀ ਰਾਤ
ਕੀਕਣ ਕਰਾਂ ਨੀ ਗੱਲਾਂ ਭੈਣੇ ਮੇਰੀਏ
ਆਏ ਸੱਜਣ ਖੜ੍ਹੇ ਨੇ ਬਾਰ
ਭੈਣ ਮੇਰੀਏ ਨੀ ਸੰਜੋਗਾਂ ਦੀਏ ਘੇਰੀਏ ਨੀ
ਕੰਤ ਤੇਰਾ ਜੰਮਿਆ ਈ ਨਦੀਆਂ ਤੋਂ ਪਾਰ ।
ਮਾਂ ਵਰਗੀ ਮਾਸੀ ਨੂੰ ਭਾਣਜੇ ਭਾਣਜੀਆਂ ਮਾਂ ਵਾਂਗ ਹੀ ਪਿਆਰ ਕਰਦੇ ਹਨ… ਅਤੇ ਮਾਸੀਆਂ ਵੀ ਇਸ ਵਿਲੱਖਣਤਾ ਨੂੰ ਕਾਇਮ ਰੱਖਦੀਆਂ ਹਨ। ਸਮੇਂ ਦੇ ਬਦਲਾਓ ਨਾਲ ਝੁੱਲੀ ਭਰੂਣ-ਹੱਤਿਆ ਦੀ ਹਨੇਰੀ “ਭੈਣਾਂ-ਮਾਸੀਆਂ” ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਰਹੀ ਹੈ।
“ਨੂੰਹ-ਸੱਸ” ਦਾ ਰਿਸ਼ਤਾ ਸਾਡੇ ਸਮਾਜ ਸੱਭਿਆਚਾਰ ਵਿੱਚ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿੱਚ ਖੱਟੇ-ਮਿੱਠੇ ਤਜਰਬੇ, ਬੋਲ-ਕੁਬੋਲ, ਖੁਸ਼ੀ-ਗ਼ਮੀ, ਸ਼ਿਕਵੇ-ਸ਼ਿਕਾਇਤਾਂ, ਰੋਹਬ ਪੈਣ-ਪੁਆਉਣ, ਹੈਂਕੜਬਾਜ਼ੀ, ਜਾਂ ਫਿਰ ਕਬਜ਼ਾ ਕਰਨ ਦੀ ਭਾਵਨਾ ਅਕਸਰ ਭਾਰੂ ਰਹਿੰਦੀ ਹੈ। ਇਸ ਰਿਸ਼ਤੇ ਦਾ ਜ਼ਿਕਰ ਗੱਲਾਂ-ਬਾਤਾਂ, ਲੋਕ-ਗੀਤਾਂ, ਲੋਕ-ਬੋਲੀਆਂ, ਸਿਠਣੀਆਂ ਵਗੈਰਾ ਵਿੱਚ ਅਕਸਰ ਆਉਂਦਾ ਹੈ। ਰਿਸ਼ਤਿਆਂ ਦੇ ਬੋਲ ਖ਼ੁਦ-ਬ-ਖ਼ੁਦ ਬਹੁਤ ਕੁਝ ਬੋਲ ਜਾਂਦੇ ਹਨ ਅਤੇ ਮਨ ਦੇ ਅਨੁਭਵਾਂ ਅਤੇ ਅਹਿਸਾਸਾਂ ਦੇ ਪਰਦੇ ਫਰੋਲ ਜਾਂਦੇ ਹਨ…
ਪਹਿਲਾਂ ਸੱਸਾਂ ਨੂੰਹਾਂ ਮੰਗਦੀਆਂ
ਪਿੱਛੋਂ ਰੋਂਦੀਆਂ ਚੁੱਲ੍ਹੇ ਦੇ ਮੂਹਰੇ ਬਹਿ ਕੇ ।
ਸੱਸ ਕੁੱਟਤੀ ਸੰਦੂਖਾਂ ਉਹਲੇ
ਲੋਕਾਂ ਭਾਣੇ ਬੋਕ ਕੁੱਟਿਆ ।
ਏਸ ਰਿਸ਼ਤੇ ਵਿੱਚ ਕੁੜੱਤਣ ਜ਼ਿਆਦਾ ਅਤੇ ਮਿਠਾਸ ਘੱਟ ਹੁੰਦੀ ਹੈ। ਪਰ ਫਿਰ ਵੀ ਸਾਰੀਆਂ ਉਂਗਲਾਂ ਇੱਕੋ ਜਿਤਨੀਆਂ ਲੰਮੀਆਂ ਨਹੀਂ ਹੁੰਦੀਆਂ। ਭਾਵੇਂ ਕਦੇ-ਕਦਾਈਂ ਹੀ ਸਹੀ, ਫਿਰ ਵੀ ਸੱਸਾਂ ਦੀ ਸਿਫ਼ਤ ਦੇ ਬੋਲ ਵੀ ਕੰਨੀ ਪੈ ਜਾਂਦੇ ਹਨ…
ਲੋਕੀਂ ਐਵੇਂ ਕੂੜ ਬੋਲਦੇ
ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ ।
ਪੁਸਤਕ ਵਿੱਚ “ਦਿਉਰ ਭਰਜਾਈ” ਅਤੇ “ਜੇਠ-ਭਰਜਾਈ” ਦੇ ਰਿਸ਼ਤਿਆਂ ਨੂੰ ਵੀ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਜਿੱਥੇ ਦੇਰ ਭਰਜਾਈ ਦੇ ਰਿਸ਼ਤੇ ਵਿੱਚ ਪਿਆਰ-ਅਪਣੱਤ, ਟਿੱਚਰਾਂ-ਮਖ਼ੌਲ ਅਤੇ ਖੇਡਾਂ-ਝੇਡਾਂ ਸ਼ਾਮਲ ਹੁੰਦੀਆਂ ਹਨ, ਉੱਥੇ ਹੀ ਜੇਠ-ਭਰਜਾਈ ਦਾ ਰਿਸ਼ਤਾ ਵੀ ਵਿਲੱਖਣ ਹੁੰਦਾ ਹੈ। ਜੇਠ ਵਿਆਹਿਆ ਹੋਵੇ ਜਾਂ ਛੜਾ, ਇਸ ਰਿਸ਼ਤੇ ਵਿੱਚ ਅਕਸਰ ਖਿਚੋਤਾਣ ਜਿਹੀ ਵੀ ਬਣੀ ਰਹਿੰਦੀ ਹੈ। ਲੋਕ-ਸਾਹਿਤ ਵਿੱਚ ਇਨ੍ਹਾਂ ਰਿਸ਼ਤਿਆਂ ਦੇ ਤਾਣੇ-ਬਾਣੇ ਦੀ ਬਹੁਤ ਮਹੱਤਤਾ ਹੈ। ਹਰਿੰਦਰ ਸੋਹੀ ਨੇ ਡੂੰਘੀ ਖੋਜ ਕਰਦਿਆਂ ਇਨ੍ਹਾਂ ਰਿਸ਼ਤਿਆਂ ਦੀ ਵਿਲੱਖਣਤਾ ਨੂੰ ਬਾਖੂਬੀ ਬਿਆਨ ਕੀਤਾ ਹੈ…
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਦਿਉਰ ਮੇਰਾ ਬੜਾ ਦਰਦੀ ।
ਦਿਉਰਾ ਤੈਨੂੰ ਧੁੱਪ ਲੱਗਦੀ
ਮੱਚਦਾ ਕਾਲਜਾ ਮੇਰਾ ।
ਨਿਆਂਈ ਨਿਆਂਈ ਜੇਠ ਲੈ ਗਿਆ
ਸਾਨੂੰ ਦੇ ਗਿਆ ਕੱਲਰ ਦੀ ਮਾਰੂ ।
ਮੈਨੂੰ ਜੇਠ ਨੇ ਝਿੜਕ ਕਾਹਤੋਂ ਮਾਰੀ
ਦਿਉਰ ਭਾਵੇਂ ਗਾਲ਼ ਕੱਢ ਲਏ ।
ਪੁਸਤਕ ਵਿਚ “ਤਾਏ-ਚਾਚੇ” ਅਤੇ “ਜੀਜਾ-ਸਾਲ਼ੀ” ਦੇ ਰਿਸ਼ਤਿਆਂ ਨੂੰ ਵਿਸਤਾਰ ਨਾਲ਼ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਹੈ।
ਜਾਂਦੇ-ਜਾਂਦੇ ਹਰਿੰਦਰ ਸੋਹੀ ਇੱਕ ਪਤੀ ਦੀਆਂ ਦੋ ਪਤਨੀਆਂ ਦੇ ਰਿਸ਼ਤੇ “ਸ਼ੌਂਕਣ” ਦੀ ਉਲਝਦੀ ਤਾਣੀ ਨੂੰ ਵੀ ਪਾਠਕਾਂ ਦੇ ਸਨਮੁੱਖ ਕਰਦੀ ਹੈ। ਸ਼ੌਂਕਣਾਂ ਚਾਹੇ ਆਹਮੋ-ਸਾਹਮਣੇ ਹੋ ਕੇ ਲੜਨ ਜਾਂ ਫਿਰ ਸ਼ਾਂਤੀ ਨਾਲ਼ ਰਹਿਣ, ਸਮਾਜ ਉਨ੍ਹਾਂ ਨੂੰ ਟਿਕਣ ਨਹੀਂ ਦਿੰਦਾ…
ਸੌਂਕਣ-ਸੌਂਕਣ ਦਾ ਮੁਕਾਬਲਾ
ਆਹਮੋ-ਸਾਹਮਣੇ ।
ਕਈ ਵਾਰੀ ਕਿਸੇ ਮਜਬੂਰੀ ਵੱਸ ਵੀ ਪਤਨੀ ਆਪਣੇ ਪਤੀ ਦੇ ਸ਼ੌਂਕਣ ਲਿਆਉਣ ਲਈ ਰਾਜ਼ੀ ਹੋ ਜਾਂਦੀ ਹੈ। ਪਤੀ ਵੀ ਅਕਸਰ ਖ਼ੁਦ ਨੂੰ ਚੱਕੀ ਦੇ ਦੋ ਪੁੜਾਂ ਵਿੱਚ ਪੀਹ ਹੁੰਦਾ ਮਹਿਸੂਸ ਕਰਦਾ ਹੈ। ਇਸ ਦੀ ਹਾਮੀ ਲੋਕ-ਸਾਹਿਤ ਵਿੱਚੋਂ ਸਾਫ਼ ਝਲਕਦੀ ਹੈ…
ਇੱਕ ਤਾਂ ਕਹਿੰਦੀ ਸੂਟ ਸਵਾ ਦੇ
ਦੂਜੀ ਕਹਿੰਦੀ ਲੌਂਗ ਘੜਵਾ ਦੇ
ਕੀਹਨੂ ਕੀਹਨੂ ਮੈਂ ਮਨਾਵਾਂ
ਮੌਰ ਆਪਣੇ ਭੰਨਾਵਾਂ…
ਦੋਸਤੋ, ਭਾਵੇਂ ਹਰਿੰਦਰ ਜੀ ਇਸ ਪੁਸਤਕ ਨੂੰ ਖੋਜ ਨਿਬੰਧ ਨਹੀਂ ਕਹਿ ਰਹੀ, ਪਰ ਸਮਾਜ, ਸੱਭਿਆਚਾਰ ਅਤੇ ਮਨੁੱਖੀ ਰਿਸ਼ਤਿਆਂ ਬਾਰੇ ਗੰਭੀਰਤਾ ਨਾਲ਼ ਸੋਚੀ, ਖੋਜੀ ਅਤੇ ਇਕੱਤਰ ਕੀਤੀ ਜਾਣਕਾਰੀ ਪੜ੍ਹਨਯੋਗ ਅਤੇ ਸਰਾਹੁਣਯੋਗ ਵੀ ਹੈ। ਅਜਿਹੀਆਂ ਦਸਤਾਵੇਜ਼ੀ ਸਿਰਜਣਾਵਾਂ ਸਾਡੀਆਂ ਲਾਇਬਰੇਰੀਆਂ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਵਿਦਿਆਰਥੀਆਂ ਅਤੇ ਖੋਜਕਾਰਾਂ ਦੇ ਹੱਥੀਂ ਲੱਗਣੀਆਂ ਚਾਹੀਦੀਆਂ ਹਨ ਤਾਂ ਕਿ ਪੰਜਾਬੀ ਸੱਭਿਆਚਾਰ ਵਿਚਲੇ ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਬਾਰੇ ਜਾਣਿਆ ਜਾ ਸਕੇ ਅਤੇ ਰਿਸ਼ਤਿਆਂ ਤੇ ਸਰੋਕਾਰਾਂ ਨੂੰ ਨਿਘਾਰ ਤੋਂ ਬਚਾਇਆ ਵੀ ਜਾ ਸਕੇ!
ਹਰਿੰਦਰ ਕੌਰ ਸੋਹੀ ਨੂੰ ਇਸ ਨਿਵੇਕਲੀ ਕੋਸ਼ਿਸ਼ ਲਈ ਢੇਰ ਸਾਰੀਆਂ ਮੁਬਾਰਕਾਂ।
ਜ਼ਿੰਦਗੀ ਜ਼ਿੰਦਾਬਾਦ ।
ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
