ਸਰੀ- ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਹੈ। ਇਹ ਕੋਈ ਰਾਜਨੀਤਿਕ ਅਹੁਦਾ ਜਾਂ ਸਰਕਾਰੀ ਸੰਸਥਾ ਨਹੀਂ, ਸਗੋਂ ਸਦੀਆਂ ਤੋਂ ਸਿੱਖ ਪੰਥ ਦੀ ਮਰਯਾਦਾ, ਅਸੂਲਾਂ ਅਤੇ ਸਾਂਝੀ ਚੇਤਨਾ ਦਾ ਪ੍ਰਤੀਕ ਰਿਹਾ ਹੈ। ਇਹ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਪਮਾਨਜਨਕ ਅਤੇ ਨਿੱਜੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਕਿਸੇ ਵੀ ਵਿਅਕਤੀ ਨਾਲ ਅਸਹਿਮਤੀ ਰੱਖੀ ਜਾ ਸਕਦੀ ਹੈ, ਪਰ ਸਿੱਖ ਕੌਮ ਦੀ ਸਰਵਉੱਚ ਸੰਸਥਾ ਅਤੇ ਉਸਦੇ ਅਹੁਦੇ ਦੀ ਮਰਯਾਦਾ ਨੂੰ ਠੇਸ ਪਹੁੰਚਾਉਣਾ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੇ ਸਿਆਸੀ ਪਾਰਟੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈਆਂ ਤਾਂ ਪੂਰੀ ਦੁਨੀਆਂ ਵਿੱਚ ਵਸਦਾ ਖਾਲਸਾ ਪੰਥ ਮੂੰਹ ਤੋੜ ਜਵਾਬ ਦੇਣ ਵਿੱਚ ਸਮਰੱਥ ਹੈ।
ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਰਾਜਨੀਤਿਕ ਪਾਰਟੀਆਂ ਬਣਦੀਆਂ ਅਤੇ ਬਦਲਦੀਆਂ ਰਹਿੰਦੀਆਂ ਹਨ। ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਦੀਵੀ ਹੈ। ਅਸੀਂ ਸਾਰੇ ਰਾਜਨੀਤਿਕ ਦਲਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖ ਸੰਸਥਾਵਾਂ ਦੀ ਮਰਯਾਦਾ ਦਾ ਸਤਿਕਾਰ ਕਰਨ, ਵਿਚਾਰਧਾਰਕ ਅਸਹਿਮਤੀ ਨੂੰ ਨਿੱਜੀ ਹਮਲਿਆਂ ਵਿੱਚ ਨਾ ਬਦਲਣ ਅਤੇ ਅਜਿਹੀ ਭਾਸ਼ਾ ਤੋਂ ਗੁਰੇਜ਼ ਕਰਨ ਜੋ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇੱਜ਼ਤ ਅਤੇ ਮਰਯਾਦਾ ਸਿਆਸੀ ਵਾਦ-ਵਿਵਾਦ ਤੋਂ ਉੱਪਰ ਹੈ ਅਤੇ ਇਸ ਦੀ ਰੱਖਿਆ ਕਰਨਾ ਹਰ ਸਿੱਖ ਅਤੇ ਹਰ ਲੋਕਤੰਤਰਿਕ ਸੋਚ ਰੱਖਣ ਵਾਲੇ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਇਤਿਹਾਸ ਗਵਾਹ ਹੈ ਕੀ ਜਿਸਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਹੈ ਉਸਦਾ ਕੱਖ ਨਹੀਂ ਰਿਹਾ।
ਮਨਿੰਦਰ ਸਿੰਘ ਗਿੱਲ
ਰੇਡੀਓ ਇੰਡੀਆ,
ਸਰੀ, ਕੈਨੇਡਾ।
