ਪ੍ਰੈਸ ਵਾਰਤਾ ਦੌਰਾਨ ਪ੍ਰਧਾਨ ਤੇ ਕਮੇਟੀ ਵਲੋਂ ਸਪੱਸ਼ਟੀਕਰਣ-
ਵਿੰਨੀਪੈਗ 21 ਜੂਨ (ਯਾਦਵਿੰਦਰ ਸੰਧੂ ) -ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵਿੰਨੀਪੈਗ ਸ਼ਹਿਰ ਦੇ ਸਾਊਥ ਸਿੱਖ ਸੈਂਟਰ ਗੁਰੂਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਰਹਿਤ ਮਰਿਯਾਦਾ ਦੀ ਉਲੰਘਣਾ ਕੀਤੇ ਜਾਣ ਕਾਰਣ ਤਨਖਾਹੀਆ ਕਰਾਰ ਦਿੱਤੇ ਜਾਣ ਉਪਰੰਤ ਗੁਰੂਦੁਆਰਾ ਕਮੇਟੀ ਵਲੋਂ ਆਪਣਾ ਪੱਖ ਰੱਖਣ ਲਈ ਪ੍ਰੈਸ ਮਿਲਣੀ ਕੀਤੀ ਗਈ | ਇਸ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰ ਹਾਜਰ ਹੋਏ ਅਤੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਸਾਰੇ ਘਟਨਾਂ ਕਰਮ ਅਤੇ ਦੂਜੀ ਧਿਰ ਵਲੋਂ ਲਗਾਏ ਜਾ ਰਹੇ ਕਥਿਤ ਦੋਸ਼ਾਂ ਅਤੇ ਕੀਤੀਆਂ ਜਾ ਰਹੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਦੂਜੀ ਧਿਰ ਵਲੋਂ ਲਗਾਤਾਰ ਕਮੇਟੀ ਪ੍ਰਤੀ ਗਲਤ ਪ੍ਰਚਾਰ ਕਰਦਿਆਂ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਜਿਸ ਤੋ ਇਲਾਵਾ ਮੀਡੀਆ ਵਿੱਚ ਵੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ| ਇਸ ਸੰਬੰਧੀ ਦੂਜੀ ਧਿਰ ਵਲੋਂ ਸ੍ਰੀ ਅਕਾਲ ਤਖ਼ਤ ਸਹਿਬ ਉਪਰ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿੰਨਾ ਪ੍ਰਤੀ ਉਹ ਆਪਣਾ ਪੱਖ ਰੱਖਦੇ ਰਹੇ ਹਨ | ਪਰੰਤੂ ਕੁਝ ਕਾਰਣਾਂ ਕਰਕੇ ਉਹ ਨਿੱਜੀ ਤੌਰ ਤੇ ਸ੍ਰੀ ਅਕਾਲ ਤਖਤ ਸਹਿਬ ਤੇ ਪੇਸ਼ ਨਹੀਂ ਹੋ ਸਕੇ ਪਰ ਈ -ਮੇਲ ਰਾਹੀਂ ਜਰੂਰੀ ਦਸਤਾਵੇਜ ਚਿੱਠੀਆਂ ਦੇ ਰੂਪ ਵਿੱਚ ਸ੍ਰੀ ਅਕਾਲ ਸਹਿਬ ਨੂੰ ਜਰੂਰ ਭੇਜੇ ਜਾਂਦੇ ਰਹੇ ਹਨ | ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਹਿਬ ਦੇ ਤਾਜ਼ਾ ਆਦੇਸ਼ ਆਉਣ ਤੋਂ ਬਾਅਦ ਕਮੇਟੀ ਵਿਚਾਰ ਕਰਨ ਉਪਰੰਤ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਹਿਬ ਸਕੱਤਰੇਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |
ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਸਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਇੱਕ ਧਿਰ ਵਲੋਂ ਲੰਬੇ ਸਮੇਂ ਤੋਂ ਸਾਂਤਮਈ ਤਰੀਕੇ ਨਾਲ ਗੁਰੂਦੁਆਰਾ ਸਾਹਿਬ ਦੇ ਬਾਹਰ ਲਗਾਤਾਰ ਆਪਣਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਸੀ ਅਤੇ ਇਸ ਸੰਬੰਧੀ ਕੋਰਟ ਦਾ ਸਹਾਰਾ ਲੈਣ ਦੇ ਨਾਲ -ਨਾਲ ਇਸ ਦੀਆਂ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਹਿਬ ਤੇ ਵੀ ਪੁੱਜ ਰਹੀਆਂ ਸਨ ਅਤੇ ਜਥੇਦਾਰ ਸਹਿਬ ਵਲੋਂ ਪ੍ਰਬੰਧਕੀ ਕਮੇਟੀ ਨੂੰ ਇਸ ਮਸਲੇ ਤੇ ਨੋਟਿਸ ਜਾਰੀ ਕੀਤੇ ਗਏ | ਪਰ ਕਮੇਟੀ ਵਲੋਂ ਹੱਲ ਕੱਢਣ ਵਿੱਚ ਹੋ ਰਹੀ ਦੇਰੀ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਵਲੋਂ ਕਮੇਟੀ ਮੈਂਬਰਾਂ ਨੂੰ ਨਿੱਜੀ ਤੌਰ ਤੇ ਸ੍ਰੀ ਅਕਾਲ ਤੱਖਤ ਸਹਿਬ ਤੇ ਤਲਬ ਕੀਤਾ ਗਿਆ ਸੀ, ਪਰ ਸਮੂਹ ਕਮੇਟੀ ਦੇ ਹਾਜਰ ਨਾ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਹਿਬ ਵਲੋਂ ਸਖ਼ਤ ਕਾਰਵਾਈ ਕੀਤੀ ਗਈ ਅਤੇ ਸਾਊਥ ਸਿੱਖ ਸੈਂਟਰ ਗੁਰੂਦੁਆਰਾ ਸਹਿਬ ਦੇ ਕਮੇਟੀ ਮੈਂਬਰਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਅਤੇ ਉਹਨਾਂ ਨੂੰ ਨਿੱਜੀ ਤੌਰ ਹਾਜਰ ਹੋਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ|

