Oct 3, 2026

ਅੰਮ੍ਰਿਤਸਰ- ਭਾਜਾਪ ਦੇ ਕੌਮੀ ਪ੍ਰਧਾਨ ਨਿਤਨ ਨਬੀਨ ਨੇ ਬੀਤੇ ਦਿਨ  ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਵਨੀਤ ਸਿੰਘ ਬਿੱਟੂ, ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਆਗੂ ਮੌਜੂਦ ਸਨ। ਭਾਜਪਾ ਪ੍ਰਧਾਨ ਨੇ ਦਰਬਾਰ ਸਾਹਿਬ ਵਿਖੇ ਨਤਮਸਤ ਹੁੰਦਿਆਂ ਪੰਜਾਬ ਦੀ ਚੜ੍ਹਦੀ ਕਲਾ, ਭਾਈਚਾਰਕ ਸਾਂਝ ਅਤੇ ਤਰੱਕੀ ਲਈ ਅਰਦਾਸ ਕੀਤੀ।

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਪੰਜਾਬ ਦੀ ਤਿੰਨ ਦਿਨਾਂ ਫੇਰੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ। ਨਬੀਨ ਦੀ ਪਹਿਲੀ ਫੇਰੀ ਨੇ ਜਿੱਥੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਢਿੱਲੋਂ ਨੂੰ ਸਥਾਪਿਤ ਕਰਨ ਲਈ ਪ੍ਰਮੁੱਖਤਾ ਦਿੱਤੀ, ਉੱਥੇ ਹੀ ਭਾਜਪਾ ਦੇ ਟਕਸਾਲੀ ਤੇ ਗੈਰ-ਟਕਸਾਲੀ ਆਗੂਆਂ ਵਿਚਾਲੇ ਪਾੜ ਪੂਰਨ ਦਾ ਵੀ ਕੰਮ ਕੀਤਾ।

ਕੌਮੀ ਪ੍ਰਧਾਨ ਨੇ ਇਸ ਫੇਰੀ ਨਾਲ ਆਗੂਆਂ ਅਤੇ ਵਰਕਰਾਂ ਦੀ ਸੁਸਤੀ ਦੂਰ ਕਰਦਿਆਂ ਜਥੇਬੰਦਕ ਢਾਂਚਾ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਕੌਮੀ ਪ੍ਰਧਾਨ ਨੇ ਆਪਣੀ ਫੇਰੀ ਭਾਜਪਾ ਦੇ ਗੜ੍ਹ ਵਾਲੇ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੱਕ ਹੀ ਸੀਮਤ ਰੱਖੀ। ਮਈ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ 23 ਹਲਕਿਆਂ ’ਚ ਲੀਡ ਲਈ ਸੀ। ਉਨ੍ਹਾਂ ਕੋਰ ਕਮੇਟੀ ਦੀ ਮੀਟਿੰਗ ’ਚ ਸੁਨੇਹਾ ਦਿੱਤਾ ਕਿ ਭਾਜਪਾ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ’ਚ ਆਪਣੇ ਬਲਬੂਤੇ ਚੋਣ ਲੜੇਗੀ।

error: Content is protected !!