Jun 22, 2026

ਲੰਡਨ-ਪ੍ਰਧਾਨ ਮੰਤਰੀ ਸਟਾਰਮਰ ਨੇ ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਅਚਾਨਕ ਐਲਾਨ ਕਰ ਦਿੱਤਾ ਹੈ। ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘10 ਡਾਊਨਿੰਗ ਸਟ੍ਰੀਟ’ ਦੀਆਂ ਪੌੜੀਆਂ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨਵੇਂ ਆਗੂ ਦੀ ਚੋਣ ਲਈ ਪੂਰਾ ਪ੍ਰੋਗਰਾਮ ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾ ਸਟਾਰਮਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ, ਉਹ ਉਦੋਂ ਤੱਕ ਕੇਅਰਟੇਕਰ (ਕਾਰਜਕਾਰੀ) ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।

ਆਪਣੇ ਸੰਬੋਧਨ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਕੀਰ ਸਟਾਰਮਰ ਨੇ ਕਿਹਾ ਕਿ ਮੇਰੀ ਪਾਰਟੀ ਅੱਜ ਇਹ ਸਵਾਲ ਪੁੱਛ ਰਹੀ ਸੀ ਕਿ ਕੀ ਮੈਂ ਅਗਲੀਆਂ ਆਮ ਚੋਣਾਂ ਵਿੱਚ ਅਗਵਾਈ ਕਰਨ ਲਈ ਸਭ ਤੋਂ ਯੋਗ ਵਿਅਕਤੀ ਹਾਂ? ਮੈਂ ਆਪਣੀ ਪਾਰਲੀਮੈਂਟਰੀ ਪਾਰਟੀ (ਸੰਸਦ ਮੈਂਬਰਾਂ) ਦਾ ਜਵਾਬ ਸੁਣ ਲਿਆ ਹੈ ਅਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖ਼ੁਸ਼ੀ-ਖ਼ੁਸ਼ੀ ਤੇ ਸਤਿਕਾਰ ਨਾਲ ਸਵੀਕਾਰ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ ਹੈ, ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।” ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ  ਨਾਲ ਵੀ ਫ਼ੋਨ ’ਤੇ ਗੱਲ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ।

Leave a Reply

Your email address will not be published. Required fields are marked *