Jun 23, 2026

ਲੇਖਕ: ਸਮੀਪ ਸਿੰਘ ਗੁਮਟਾਲਾ–

ਸਿੱਖ ਇਤਿਹਾਸ ਵਿੱਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹਨ ਜੋ ਵੱਡੇ ਅਹੁਦਿਆਂ ਜਾਂ ਪ੍ਰਚਾਰ ਨਾਲ ਨਹੀਂ, ਸਗੋਂ ਚੁੱਪਚਾਪ ਕੀਤੀ ਲੰਮੀ ਸੇਵਾ ਨਾਲ ਪੀੜ੍ਹੀਆਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਂਦੀਆਂ ਹਨ। ਸ. ਕੁਲਦੀਪ ਸਿੰਘ ਜੀ ਅਜਿਹੀ ਹੀ ਪੰਥਕ ਸ਼ਖ਼ਸੀਅਤ ਸਨ। ਉਨ੍ਹਾਂ ਦਾ ਅਕਾਲ ਚਲਾਣਾ 27 ਮਈ, 2026 ਨੂੰ 87 ਸਾਲ ਦੀ ਉਮਰ ਵਿੱਚ ਆਪਣੇ ਮੌਜੂਦਾ ਸ਼ਹਿਰ ਟੈਂਪਾ (ਫਲੋਰੀਡਾ) ਵਿਖੇ ਇੱਕ ਅਚਾਨਕ ਹੋਏ ਹਾਦਸੇ ਦੌਰਾਨ ਹੋਇਆ। 26 ਮਈ ਦੀ ਸ਼ਾਮ ਨੂੰ ਹੀ ਉਹ ਡੀਟਰਾਇਟ, ਮਿਸ਼ੀਗਨ ਵਿਖੇ 18 ਤੋਂ 35 ਸਾਲ ਦੇ ਨੌਜਵਾਨ ਬਾਲਗਾਂ ਲਈ ਹੋਈ ਸਿੱਖ ਯੂਥ ਰਿਟਰੀਟ ਦੀ ਅਗਵਾਈ ਕਰਕੇ ਵਾਪਸ ਆਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਸੇਵਾ ਅਖੀਰਲੇ ਸਮੇਂ ਤੱਕ ਨਿਰੰਤਰ ਜਾਰੀ ਰਹੀ।

ਜੁਲਾਈ 2016 ਵਿੱਚ ਮੇਰੇ ਪਿਤਾ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਨ੍ਹਾਂ ਨਾਲ ਇਕ ਗੱਲਬਾਤ ਰਿਕਾਰਡ ਕੀਤੀ ਸੀ। ਉਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣਾ ਜੀਵਨ-ਸਫ਼ਰ ਬਹੁਤ ਸਾਦਗੀ ਅਤੇ ਨਿਮਰਤਾ ਨਾਲ ਸਾਂਝਾ ਕੀਤਾ। ਉਨ੍ਹਾਂ ਦੀ ਬੋਲੀ ਵਿੱਚ ਕਿਤੇ ਵੀ ਆਪਣੀ ਵਡਿਆਈ ਨਹੀਂ ਸੀ। ਉਹ ਹਰ ਪ੍ਰਾਪਤੀ ਨੂੰ ਸੰਗਤ ਅਤੇ ਸਿੱਖ ਸੰਸਕਾਰਾਂ ਦੀ ਬਖ਼ਸ਼ਿਸ਼ ਮੰਨਦੇ ਸਨ।

ਮੁੱਢਲਾ ਜੀਵਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਫ਼ਰ

ਸ. ਕੁਲਦੀਪ ਸਿੰਘ ਜੀ ਦਾ ਜਨਮ ਅਪ੍ਰੈਲ 1939 ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਨਵੀਂ ਦਿੱਲੀ ਦੇ ਬੇਅਰਡ ਰੋਡ, ਜੋ ਅੱਜ ਬੰਗਲਾ ਸਾਹਿਬ ਰੋਡ ਵਜੋਂ ਜਾਣਿਆ ਜਾਂਦਾ ਹੈ, ਦੇ ਇਲਾਕੇ ਵਿੱਚ ਬੀਤਿਆ। ਉਨ੍ਹਾਂ ਦੇ ਪਿਤਾ ਸ. ਗੁਰਬਖਸ਼ ਸਿੰਘ ਆਰਮੀ ਹੈੱਡਕੁਆਰਟਰ ਵਿੱਚ ਅਫਸਰ ਸੁਪਰਵਾਈਜ਼ਰ ਸਨ। ਪਰਿਵਾਰ ਸਿੱਖੀ ਸਰੂਪ ਅਤੇ ਗੁਰੂ ਘਰ ਪ੍ਰਤੀ ਸਤਿਕਾਰ ਵਾਲਾ ਸੀ।

ਰਾਮਜਸ ਸੀਨੀਅਰ ਸੈਕੰਡਰੀ ਸਕੂਲ, ਪਹਾੜਗੰਜ ਵਿਖੇ ਪੜ੍ਹਦਿਆਂ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੇ। ਇਹ ਜਥੇਬੰਦੀ ਉਨ੍ਹਾਂ ਲਈ ਸਿਰਫ਼ ਵਿਦਿਆਰਥੀ ਸਰਗਰਮੀ ਦਾ ਮੰਚ ਨਹੀਂ ਰਹੀ, ਸਗੋਂ ਸਿੱਖੀ, ਅਨੁਸ਼ਾਸਨ ਅਤੇ ਪੰਥਕ ਸੋਚ ਦੀ ਪਾਠਸ਼ਾਲਾ ਬਣ ਗਈ। ਫੈਡਰੇਸ਼ਨ ਦੀਆਂ ਮੀਟਿੰਗਾਂ ਵਿੱਚ ਵਾਰੀ-ਵਾਰੀ ਹਰ ਮੈਂਬਰ ਨੂੰ ਅਰਦਾਸ ਕਰਨੀ ਪੈਂਦੀ ਸੀ। ਉਸ ਸਮੇਂ ਕੁਲਦੀਪ ਸਿੰਘ ਜੀ ਨੂੰ ਅਰਦਾਸ ਜ਼ੁਬਾਨੀ ਯਾਦ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਝ ਹਫ਼ਤਿਆਂ ਬਾਅਦ ਅਰਦਾਸ ਦੀ ਵਾਰੀ ਉਨ੍ਹਾਂ ਦੀ ਆਵੇਗੀ, ਤਾਂ ਉਨ੍ਹਾਂ ਨੇ ਅਰਦਾਸ ਕੰਠ ਕਰਨੀ ਸ਼ੁਰੂ ਕੀਤੀ। ਇਹ ਛੋਟੀ ਜਿਹੀ ਜ਼ਿੰਮੇਵਾਰੀ ਉਨ੍ਹਾਂ ਦੇ ਅੰਦਰ ਸਿੱਖੀ ਨਾਲ ਡੂੰਘਾ ਜੋੜ ਬਣਾਉਣ ਦਾ ਮੂਲ ਕਾਰਨ ਬਣੀ।

ਉਹ ਰੋਜ਼ਾਨਾ ਪੈਦਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਣ ਲੱਗੇ। ਉੱਥੇ ਸੂਰਜ ਪ੍ਰਕਾਸ਼ ਦੀ ਕਥਾ, ਗੁਰਬਾਣੀ ਦੀ ਵਿਆਖਿਆ ਅਤੇ ਵਿਦਵਾਨਾਂ ਦੇ ਵਿਚਾਰਾਂ ਨੇ ਉਨ੍ਹਾਂ ਦੇ ਮਨ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਲਈ ਅਥਾਹ ਪਿਆਰ ਪੈਦਾ ਕੀਤਾ। ਸ. ਸਰੂਪ ਸਿੰਘ ਕੱਲਾ, ਪ੍ਰੋ. ਸੁਖਬੀਰ ਸਿੰਘ, ਪ੍ਰੋ. ਭਰਪੂਰ ਸਿੰਘ, ਪ੍ਰੋ. ਜਸਵੰਤ ਸਿੰਘ ਫੁੱਲ, ਪ੍ਰੋ. ਕਿਰਪਾਲ ਸਿੰਘ,  ਸ. ਭਾਨ ਸਿੰਘ ਅਤੇ ਡਾ. ਗੰਡਾ ਸਿੰਘ ਵਰਗੀਆਂ ਹਸਤੀਆਂ ਦੀ ਸੰਗਤ ਅਤੇ ਵਿਚਾਰਾਂ ਨੇ ਉਨ੍ਹਾਂ ਦੇ ਅੰਦਰ ਪੰਥਕ ਚੇਤਨਾ ਅਤੇ ਨੌਜਵਾਨਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕੀਤੀ।

1960 ਦਾ ਮੋਰਚਾ ਅਤੇ ਤਿਹਾੜ ਜੇਲ੍ਹ ਦੀ ਯਾਤਰਾ

1960 ਦਾ ਪੰਜਾਬੀ ਸੂਬਾ ਮੋਰਚਾ ਉਨ੍ਹਾਂ ਦੇ ਜੀਵਨ ਦਾ ਇਕ ਅਹਿਮ ਪੜਾਅ ਸੀ। ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ 12 ਜੂਨ 1960 ਨੂੰ ਦਿੱਲੀ ਵਿੱਚ ਰੋਸ ਮਾਰਚ ਹੋਣਾ ਸੀ, ਪਰ ਸਰਕਾਰ ਨੇ ਪਹਿਲਾਂ ਹੀ ਕਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫੈਡਰੇਸ਼ਨ ਦੇ ਦਿੱਲੀ ਦੇ ਪ੍ਰਧਾਨ (1960 ਤੋਂ 1964) ਹੋਣ ਕਰਕੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਉਨ੍ਹਾਂ ਦੇ ਘਰ ਅਤੇ ਪਿਤਾ ਦੇ ਦਫ਼ਤਰ ਉੱਤੇ ਦਬਾਅ ਪਾਇਆ। ਜਦੋਂ ਉਹ ਖੁਦ ਪੁਲਿਸ ਦੇ ਸਾਹਮਣੇ ਪੇਸ਼ ਹੋਏ, ਤਾਂ ਉਨ੍ਹਾਂ ਉੱਤੇ ਇਰਾਦਾ ਕਤਲ ਸਮੇਤ 13 ਗੰਭੀਰ ਦੋਸ਼ ਲਗਾ ਕੇ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ, ਹਾਲਾਂਕਿ ਉਹ ਉਸ ਜਲੂਸ ਵਿੱਚ ਮੌਜੂਦ ਵੀ ਨਹੀਂ ਸਨ। ਜੇਲ੍ਹ ਵਿੱਚ ਵੀ ਉਨ੍ਹਾਂ ਨੇ ਚੜ੍ਹਦੀ ਕਲਾ ਦਾ ਮਾਹੌਲ ਦੇਖਿਆ, ਜਿੱਥੇ ਢਾਡੀ ਜਥੇ ਅਤੇ ਕੀਰਤਨੀਏ ਸਿੱਖੀ ਰੰਗ ਵਿੱਚ ਸੰਗਤ ਨੂੰ ਜੋੜ ਰਹੇ ਸਨ। ਤਕਰੀਬਨ ਇਕ ਹਫ਼ਤੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆਏ ਅਤੇ ਦੋ ਸਾਲਾਂ ਬਾਅਦ ਇਹ ਮਾਮਲਾ ਸਰਕਾਰ ਨਾਲ ਗੱਲਬਾਤ ਰਾਹੀਂ ਮੁਕੰਮਲ ਹੋਇਆ।

ਇੰਗਲੈਂਡ ਵਿੱਚ ਸੰਘਰਸ਼ ਅਤੇ ਸਿੱਖੀ ਸਰੂਪ ‘ਤੇ ਦ੍ਰਿੜ੍ਹਤਾ

ਸਾਲ 1964 ਵਿੱਚ ਉਹ ਦਿੱਲੀ ਯੂਨੀਵਰਸਿਟੀ ਤੋਂ ਬੀ.ਐਸਸੀ. ਕੈਮਿਸਟਰੀ ਦੀ ਡਿਗਰੀ ਅਤੇ ਨੌਕਰੀ ਦਾ ਤਜਰਬਾ ਲੈ ਕੇ ਇੰਗਲੈਂਡ ਚਲੇ ਗਏ। ਉੱਥੇ ਉਨ੍ਹਾਂ ਨੂੰ ਉਸ ਸਮੇਂ ਦੇ ਸਾਬਤ-ਸੂਰਤ ਸਿੱਖ ਪਰਵਾਸੀਆਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਰੁਜ਼ਗਾਰ ਦਫ਼ਤਰ ਵਿੱਚ ਕੁੱਝ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜੇ ਉਹ ਕੈਮਿਸਟ ਵਜੋਂ ਪੇਸ਼ੇਵਰ ਨੌਕਰੀ ਚਾਹੁੰਦੇ ਹਨ, ਤਾਂ ਕੇਸ-ਦਾੜ੍ਹੀ ਕਟਵਾ ਲਵੋ; ਨਹੀਂ ਤਾਂ ਮਜ਼ਦੂਰੀ ਦੀ ਨੌਕਰੀ ਹੀ ਮਿਲ ਸਕਦੀ ਹੈ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਤਿੰਨ ਮਹੀਨਿਆਂ ਵਿੱਚ ਹੀ ਉਨ੍ਹਾਂ ਨੂੰ ਦੋ ਕੰਪਨੀਆਂ ਤੋਂ ਬਤੌਰ ਕੁਆਲਿਟੀ ਕੰਟਰੋਲ ਕੈਮਿਸਟ ਨੌਕਰੀ ਦੀ ਪੇਸ਼ਕਸ਼ ਮਿਲ ਗਈ। ਇਹ ਸਿਰਫ਼ ਪੇਸ਼ੇਵਰ ਯੋਗਤਾ ਦੀ ਨਹੀਂ, ਸਿੱਖੀ ਸਿਦਕ ਦੀ ਵੀ ਜਿੱਤ ਸੀ।

ਇੰਗਲੈਂਡ ਵਿੱਚ ਔਖੇ ਸਮੇਂ ਦੌਰਾਨ ਉਨ੍ਹਾਂ ਦੇ ਪਿਤਾ ਜੀ ਦੇ ਜਾਣਕਾਰ ਮਿ. ਕੌਸ਼ਿਕ, ਜੋ ਹਿੰਦੂ ਪਰਿਵਾਰ ਨਾਲ ਸੰਬੰਧਤ ਸਨ, ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਕੇਸ ਨਾ ਕਟਵਾਉਣ ਅਤੇ ਸਿੱਖੀ ਸਿਦਕ ਉੱਤੇ ਪਹਿਰਾ ਦੇਣ। ਉਨ੍ਹਾਂ ਨੇ ਲੋੜ ਪੈਣ ’ਤੇ ਆਰਥਿਕ ਮਦਦ ਦੀ ਪੇਸ਼ਕਸ਼ ਵੀ ਕੀਤੀ। ਬਾਅਦ ਵਿੱਚ ਨਾਰਥ ਥੇਮਸ ਗੈਸ ਬੋਰਡ ਦੇ ਚੀਫ ਨੇ ਉਨ੍ਹਾਂ ਦਾ ਸਿੱਖੀ ਸਰੂਪ ਦੇਖ ਕੇ ਬਿਨਾਂ ਵੱਡੇ ਸਵਾਲਾਂ ਦੇ ਨੌਕਰੀ ਦੇ ਦਿੱਤੀ, ਕਿਉਂਕਿ ਉਹ ਬ੍ਰਿਟਿਸ਼ ਆਰਮੀ ਵਿੱਚ ਰਹਿ ਕੇ ਸਿੱਖਾਂ ਦੀ ਇਮਾਨਦਾਰੀ ਅਤੇ ਮਿਹਨਤ ਤੋਂ ਜਾਣੂ ਸੀ।

ਸਾਲ 1967 ਵਿੱਚ ਉਹ ਇੰਗਲੈਂਡ ਤੋਂ ਕੈਨੇਡਾ ਗਏ ਅਤੇ ਟੋਰਾਂਟੋ ਵਿੱਚ ਵੱਸੇ। 1971 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਅਰਮਿੰਦਰ ਕੌਰ ਜੀ ਨਾਲ ਹੋਇਆ। 1972 ਵਿੱਚ ਉਹ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਡੀਟਰਾਇਟ ਸ਼ਹਿਰ ਵਿੱਚ ਆ ਵੱਸੇ। ਪੇਸ਼ੇਵਰ ਜੀਵਨ ਵਿੱਚ ਉਨ੍ਹਾਂ ਨੇ ਹਸਪਤਾਲਾਂ ਅਤੇ ਆਪਣੀ ਲੈਬ ਵਿੱਚ ਕੈਮਿਸਟ ਵਜੋਂ ਲੰਬਾ ਸਮਾਂ ਕੰਮ ਕੀਤਾ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਸਿੱਖ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਕੀਤੀ ਸੇਵਾ ਨਾਲ ਬਣੀ।

ਉੱਤਰੀ ਅਮਰੀਕਾ ਵਿੱਚ ਗੁਰਮਤਿ ਕੈਂਪਾਂ ਦੀ ਵਿਰਾਸਤ ਅਤੇ ਅਖੀਰ ਤੱਕ ਸੇਵਾ

ਉੱਤਰੀ ਅਮਰੀਕਾ ਆ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇੱਥੇ ਵੱਸ ਰਹੇ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਸਿੱਖੀ, ਗੁਰਬਾਣੀ, ਇਤਿਹਾਸ ਅਤੇ ਪਛਾਣ ਨਾਲ ਜੋੜਨ ਵਾਲਾ ਸੰਗਠਿਤ ਮੰਚ ਬਹੁਤ ਘੱਟ ਹੈ। ਭਾਰਤ ਵਿੱਚ ਸਿੱਖ ਕੈਂਪਾਂ ਅਤੇ ਫੈਡਰੇਸ਼ਨ ਦੇ ਤਜਰਬੇ ਨਾਲ ਉਹ ਇਸ ਲੋੜ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸੇ ਸੋਚ ਨਾਲ 1973 ਵਿੱਚ ਮੈਡੀਸਨ ਹਾਈਟਸ, ਮਿਸ਼ੀਗਨ ਸਥਿਤ ਆਪਣੇ ਘਰ ਤੋਂ ਉਨ੍ਹਾਂ ਨੇ ਉੱਤਰੀ ਅਮਰੀਕਾ ਵਿੱਚ ਆਪਣੀ ਗੁਰਮਤਿ ਕੈਂਪ ਸੇਵਾ ਦੀ ਸ਼ੁਰੂਆਤ ਕੀਤੀ। ਇਕ ਘਰ ਤੋਂ ਸ਼ੁਰੂ ਹੋਈ ਇਹ ਸੇਵਾ ਸਮੇਂ ਦੇ ਨਾਲ ਮਜ਼ਬੂਤ ਪੰਥਕ ਸੰਸਥਾ ਅਤੇ ਸੇਵਾ-ਪਰੰਪਰਾ ਬਣ ਗਈ। ਜੁਲਾਈ 2023 ਵਿੱਚ ਇਸ 7 ਦਿਨਾਂ ਗੁਰਮਤਿ ਕੈਂਪ ਨੇ ਆਪਣੇ ਸਫਲ 50 ਸਾਲ ਪੂਰੇ ਕੀਤੇ।

ਇਹੀ ਉਨ੍ਹਾਂ ਦੀ ਸੇਵਾ ਦਾ ਸਾਰ ਸੀ। ਗੁਰਮਤਿ ਕੈਂਪ ਸਿਰਫ਼ ਇਕ ਹਫ਼ਤੇ ਦਾ ਪ੍ਰੋਗਰਾਮ ਨਹੀਂ ਹੈ। ਇਹ ਇਕ ਅਜਿਹਾ ਮਾਹੌਲ ਹੈ ਜਿੱਥੇ ਬੱਚੇ ਅਰਦਾਸ, ਹੁਕਮਨਾਮਾ, ਗੁਰਬਾਣੀ, ਕੀਰਤਨ, ਸਿੱਖ ਇਤਿਹਾਸ, ਸੰਗਤ, ਸੇਵਾ ਅਤੇ ਆਪਣੀ ਪਛਾਣ ਨਾਲ ਜੁੜਦੇ ਹਨ। ਉਹ ਹੋਰ ਸਿੱਖ ਬੱਚਿਆਂ ਨੂੰ ਮਿਲਦੇ ਹਨ, ਨਵੇਂ ਰਿਸ਼ਤੇ ਬਣਾਉਂਦੇ ਹਨ, ਆਤਮ-ਵਿਸ਼ਵਾਸ ਲੈਂਦੇ ਹਨ ਅਤੇ ਸਿੱਖੀ ਨੂੰ ਜੀਵਨ ਦਾ ਹਿੱਸਾ ਵਜੋਂ ਮਹਿਸੂਸ ਕਰਦੇ ਹਨ। ਇਨ੍ਹਾਂ ਕੈਂਪਾਂ ਨੇ ਹਜ਼ਾਰਾਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਸੇਵਾਦਾਰਾਂ ਨੂੰ ਛੂਹਿਆ ਹੈ। ਕਈ ਬੱਚੇ ਜੋ ਕਦੇ ਛੋਟੀ ਉਮਰ ਵਿੱਚ ਕੈਂਪ ਵਿੱਚ ਆਏ, ਬਾਅਦ ਵਿੱਚ ਕੌਂਸਲਰ, ਅਧਿਆਪਕ, ਪ੍ਰਬੰਧਕ ਅਤੇ ਮਾਪੇ ਬਣ ਕੇ ਮੁੜ ਸੇਵਾ ਨਾਲ ਜੁੜੇ। ਇਹੀ ਕਿਸੇ ਵਿਰਾਸਤ ਦੀ ਅਸਲ ਨਿਸ਼ਾਨੀ ਹੁੰਦੀ ਹੈ। ਅੱਜ ਇਸ ਦੀ ਵਾਗਡੋਰ ਸੰਭਾਲਣ ਵਾਲੇ ਕਈ ਪ੍ਰਬੰਧਕ ਅਤੇ ਅਧਿਆਪਕ ਕਦੇ ਖੁਦ ਇਸ ਕੈਂਪ ਵਿੱਚ ਵਿਦਿਆਰਥੀ ਵਜੋਂ ਸ਼ਾਮਲ ਹੁੰਦੇ ਸਨ।

ਇਸ ਪੂਰੇ ਸਫ਼ਰ ਵਿੱਚ ਬੀਬੀ ਅਰਮਿੰਦਰ ਕੌਰ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਕੈਂਪਾਂ ਦੇ ਪ੍ਰਬੰਧ, ਬੱਚਿਆਂ ਦੀ ਸੰਭਾਲ, ਰਹਿਣ-ਸਹਿਣ ਦੀ ਵਿਵਸਥਾ ਅਤੇ ਪਰਿਵਾਰਾਂ ਨਾਲ ਜੁੜੀਆਂ ਅਨੇਕਾਂ ਜ਼ਿੰਮੇਵਾਰੀਆਂ ਵਿੱਚ ਉਨ੍ਹਾਂ ਦੀ ਸੇਵਾ ਬਹੁਤ ਅਹਿਮ ਰਹੀ। ਇਹ ਕੈਂਪ ਅਤੇ ਰਿਟਰੀਟ ਸਿਰਫ਼ ਬੱਚਿਆਂ ਜਾਂ ਨੌਜਵਾਨਾਂ ਲਈ ਨਹੀਂ ਸਨ, ਸਗੋਂ ਮਾਪਿਆਂ ਅਤੇ ਸੇਵਾਦਾਰਾਂ ਲਈ ਵੀ ਸਿੱਖਣ ਦੇ ਮੰਚ ਬਣੇ। ਬਹੁਤ ਸਾਰੇ ਮਾਪੇ ਪਹਿਲਾਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਅਤੇ ਬਾਅਦ ਵਿੱਚ ਖੁਦ ਸੇਵਾ ਨਾਲ ਜੁੜ ਗਏ। ਇਸ ਤਰ੍ਹਾਂ ਇਹ ਪ੍ਰੋਗਰਾਮ ਪੂਰੇ ਪਰਿਵਾਰਾਂ ਅਤੇ ਸੰਗਤਾਂ ਦੀ ਪੰਥਕ ਤਾਲੀਮ ਦੇ ਕੇਂਦਰ ਬਣੇ।

ਸਿਆਨਾ ਸੰਸਥਾ ਦੀ ਸਥਾਪਨਾ ਅਤੇ ਪੰਥਕ ਮਰਿਆਦਾ ’ਤੇ ਪਹਿਰਾ

ਸ. ਕੁਲਦੀਪ ਸਿੰਘ ਜੀ ਨੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ ਸੰਸਥਾ, ਜਿਸ ਨੂੰ ਸਿਆਨਾ ਕਿਹਾ ਜਾਂਦਾ ਹੈ, ਦੀ ਸਥਾਪਨਾ ਕੀਤੀ। ਇਸ ਦੇ ਬੈਨਰ ਹੇਠ ਕੈਂਪਾਂ ਦੇ ਨਾਲ-ਨਾਲ ਭਾਸ਼ਣ ਸਿਮਪੋਜ਼ੀਅਮ ਅਤੇ ਨੌਜਵਾਨਾਂ ਲਈ ਯੂਥ ਰਿਟਰੀਟ ਵਰਗੇ ਪ੍ਰੋਗਰਾਮ ਸ਼ੁਰੂ ਹੋਏ। ਉਨ੍ਹਾਂ ਦਾ ਜ਼ੋਰ ਹਮੇਸ਼ਾ ਇਸ ਗੱਲ ਉੱਤੇ ਰਿਹਾ ਕਿ ਕੈਂਪਾਂ ਵਿੱਚ ਕਿਸੇ ਡੇਰੇ ਜਾਂ ਵਿਅਕਤੀ ਵਿਸ਼ੇਸ਼ ਦੀ ਮਰਿਆਦਾ ਦੀ ਥਾਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਹੀ ਅਧਾਰ ਬਣਾਇਆ ਜਾਵੇ। ਉਨ੍ਹਾਂ ਦਾ ਜੀਵਨ-ਫਲਸਫ਼ਾ ਸਪਸ਼ਟ ਸੀ—ਪੰਥ ਪਹਿਲਾਂ।

ਮੇਰੀ ਨਿੱਜੀ ਸਾਂਝ

ਮੇਰਾ ਉਨ੍ਹਾਂ ਨਾਲ ਸੰਪਰਕ 2000 ਵਿੱਚ ਅੰਮ੍ਰਿਤਸਰ ਤੋਂ ਡੇਟਨ, ਓਹਾਇਓ ਆਉਣ ਤੋਂ ਬਾਅਦ ਬਣਿਆ। 11 ਸਤੰਬਰ, 2001 ਦੀ ਘਟਨਾ ਤੋਂ ਬਾਅਦ ਜਦੋਂ ਅਮਰੀਕਾ ਵਿੱਚ ਸਿੱਖ ਪਛਾਣ ਨੂੰ ਲੈ ਕੇ ਚੁਣੌਤੀਆਂ ਵਧੀਆਂ, ਤਾਂ ਮੈਨੂੰ ਉਨ੍ਹਾਂ ਬਾਰੇ ਪਤਾ ਲੱਗਾ। ਬਾਅਦ ਵਿੱਚ ਉਹ ਟੋਲੀਡੋ ਤੋਂ ਰਾਈਟ ਸਟੇਟ ਯੂਨੀਵਰਸਿਟੀ, ਡੇਟਨ ਵਿਖੇ ਸਿੱਖਾਂ ਬਾਰੇ ਲਗਾਈ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਫਿਰ ਇਕ ਯੂਥ ਰਿਟਰੀਟ ਵਿੱਚ ਸ਼ਾਮਲ ਹੋ ਕੇ ਮੈਂ ਨੇੜਿਓਂ ਵੇਖਿਆ ਕਿ ਉਹ ਅਤੇ ਹੋਰ ਸੇਵਾਦਾਰ ਕਿਹੋ ਜਿਹਾ ਪੰਥਕ ਮਾਹੌਲ ਤਿਆਰ ਕਰ ਰਹੇ ਸਨ। ਉਸੇ ਵੇਲੇ ਮਨ ਵਿੱਚ ਨਿਸ਼ਚਾ ਕੀਤਾ ਕਿ ਭਵਿੱਖ ਵਿੱਚ ਮੇਰੇ ਬੱਚੇ ਵੀ ਇਨ੍ਹਾਂ ਕੈਂਪਾਂ ਦਾ ਹਿੱਸਾ ਬਣਨਗੇ। ਸਾਲ 2013 ਤੋਂ ਮੈਂ ਆਪਣੇ ਪੁੱਤਰ ਅਤੇ ਧੀ ਨੂੰ ਕੈਂਪ ਵਿੱਚ ਲੈ ਜਾਣਾ ਸ਼ੁਰੂ ਕੀਤਾ ਅਤੇ ਪਿਛਲੇ ਕਈ ਸਾਲਾਂ ਤੋਂ ਮੈਨੂੰ ਵੀ ਉੱਥੇ ਸੇਵਾਦਾਰ ਵਜੋਂ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।

ਸ. ਕੁਲਦੀਪ ਸਿੰਘ ਜੀ ਦਾ ਸੁਨੇਹਾ

ਉਨ੍ਹਾਂ ਦੀ ਹਮੇਸ਼ਾ ਇਹ ਚਿੰਤਾ ਰਹਿੰਦੀ ਸੀ ਕਿ ਸਿਆਨਾ ਦੇ ਸਾਧਨ ਸੀਮਤ ਹਨ ਅਤੇ ਹਰ ਬੱਚੇ ਨੂੰ ਕੈਂਪ ਵਿੱਚ ਥਾਂ ਨਹੀਂ ਮਿਲ ਸਕਦੀ। ਇਸ ਲਈ ਉਹ ਚਾਹੁੰਦੇ ਸਨ ਕਿ ਹੋਰ ਸਿੱਖ ਜਥੇਬੰਦੀਆਂ ਅਤੇ ਪਰਿਵਾਰ ਇਨ੍ਹਾਂ ਕੈਂਪਾਂ ਤੋਂ ਸੇਧ ਲੈ ਕੇ ਆਪਣੇ ਇਲਾਕਿਆਂ ਵਿੱਚ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ। ਪਰਵਾਸ ਵਿੱਚ ਵੱਸਦੇ ਸਿੱਖ ਮਾਪਿਆਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਮਾਹੌਲ ਬਾਕਾਇਦਗੀ ਨਾਲ ਮਿਲੇ; ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣਾ ਔਖਾ ਹੋ ਜਾਵੇਗਾ।

ਸ. ਕੁਲਦੀਪ ਸਿੰਘ ਜੀ ਨੇ ਆਪਣੀ ਨੇਕ ਕਮਾਈ, ਸਮਾਂ, ਪਰਿਵਾਰ ਅਤੇ ਸਮਰੱਥਾ ਪੰਥਕ ਸੇਵਾ ਲਈ ਲਗਾਈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਯਾਦ ਕਰਨ ਨਾਲ ਨਹੀਂ, ਸਗੋਂ ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਣ ਨਾਲ ਹੋਵੇਗੀ। ਜੇ ਹਰ ਸ਼ਹਿਰ ਅਤੇ ਹਰ ਸੰਗਤ ਆਪਣੇ ਬੱਚਿਆਂ ਲਈ ਗੁਰਮਤਿ ਸਿੱਖਿਆ, ਸੰਗਤ, ਸੇਵਾ ਅਤੇ ਪਛਾਣ ਦਾ ਜੀਵੰਤ ਮਾਹੌਲ ਬਣਾਏ, ਤਾਂ ਇਹੀ ਉਨ੍ਹਾਂ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਦਾ ਸਭ ਤੋਂ ਸੁੰਦਰ ਢੰਗ ਹੋਵੇਗਾ।

“ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥

ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥

ਇਸ ਪਾਵਨ ਪੰਕਤੀ ਦੇ ਅਰਥ ਹਨ ਕਿ ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅੰਤ ਤੱਕ ਨਿਭਦੀ ਹੈ। ਜਿੰਨਾ ਚਿਰ ਉਹ ਜੀਵਨ ਵਿੱਚ ਰਹਿੰਦਾ ਹੈ, ਆਪਣੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ ਅਤੇ ਜਗਤ ਤੋਂ ਤੁਰਨ ਵੇਲੇ ਵੀ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਈ ਰੱਖਦਾ ਹੈ। ਸ. ਕੁਲਦੀਪ ਸਿੰਘ ਜੀ ਦੀ ਜੀਵਨ-ਸੇਵਾ ਇਸ ਪਾਵਨ ਭਾਵਨਾ ਦੀ ਜੀਵੰਤ ਮਿਸਾਲ ਸੀ।

ਸਮੀਪ ਸਿੰਘ ਗੁਮਟਾਲਾ
ਡੇਟਨ, ਓਹਾਇਓ, ਅਮਰੀਕਾ
ਫੋਨ ਜਾਂ ਵਟਸਐਪ: +1-937-654-8873

Leave a Reply

Your email address will not be published. Required fields are marked *