Jun 23, 2026

(ਲੇਖਕ:-ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ‘ਗੁਰੂ ਕੀ ਵਡਾਲੀ’ 9988066466)

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦੇ ਇਤਿਹਾਸਕ ਪਿਛੋਕੜ ਦੀ ਖੋਜ ਕੀਤਿਆਂ ਪਤਾ ਚਲਦਾ ਹੈ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਪੰਚਮ ਪਾਤਸ਼ਾਹ ਜੀ ਨੂੰ ਬਖਸ਼ੀ ਗੁਰਗੱਦੀ ਕਰਕੇ ਵੱਡਾ ਪੁੱਤਰ ਪ੍ਰਿਥੀਚੰਦ ਅਤੇ ਉਸਦੀ ਪਤਨੀ ਬੀਬੀ ਕਰਮੋਂ ਪੰਚਮ ਪਾਤਸ਼ਾਹ ਨਾਲ ਬਹੁਤ ਜਿਆਦਾ ਈਰਖਾ ਕਰਨ ਲੱਗ ਪਏ ਸਨ । ਇਕ ਦਿਨ ਬੀਬੀ ਕਰਮੋ ਅਤੇ ਪ੍ਰਿਥੀ ਚੰਦ ਨੇ ਮਾਤਾ ਗੰਗਾ ਜੀ ਨੂੰ ਜਹਾਨ ਤੋਂ ਬੇ-ਔਲਾਦ ਅਤੇ ਔਂਤਰੀ ਜਾਣ ਦੇ ਮੇਹਣੇ ਮਾਰੇ ਤਾਂ ਮਾਤਾ ਗੰਗਾ ਜੀ ਨੇ ਆਪਣੇ ਪਤੀ ਪੰਚਮ ਪਾਤਸ਼ਾਹ ਜੀ ਨੂੰ ਆਪਣੇ ਘਰ ਔਲਾਦ ਬਖਸ਼ਣ ਲਈ ਬੇਨਤੀ ਕੀਤੀ ਤਾਂ ਪੰਚਮ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ 19-20 ਕਿਲੋਮੀਟਰ ਦੀ ਦੂਰੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਅਤੇ ਗੁਰੂ ਘਰ ਦੀਆਂ ਸੇਵਾਵਾਂ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਝਬਾਲ ਨੇੜ੍ਹੇ ‘ਬੀੜ’ ਵਿਖੇ ਅਸ਼ੀਰਵਾਦ ਲੈਣ ਲਈ ਬਚਨ ਕੀਤਾ । ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਿਜਾਏ ਰੱਥ ਤੇ ਚੜ੍ਹਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਪਦਾਰਥ ਤੇ ਸੇਵਕਾਂ ਆਦਿ ਨੂੰ ਨਾਲ ਲੈ ਕੇ ਜੰਗਲ-ਨੁੱਮਾ ‘ਬੀੜ’ ਵਿਚ ਬਾਬਾ ਬੁੱਢਾ ਸਾਹਿਬ ਕੋਲ ਪਹੁੰਚਣਾ ਕੀਤਾ ਪਰ ਮਾਤਾ ਜੀ ਨੂੰ ਬਾਬਾ ਜੀ ਦੇ ‘ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ’ ਵਾਲੇ ਬਚਨ ਕਰਨ ਤੋਂ ਇਲਾਵਾ ਔਲਾਦ ਦੀ ਦਾਤ ਗੁਰੂ ਜੀ ਕੋਲੋਂ ਹੀ ਪ੍ਰਾਪਤ ਹੋਣ ਬਾਰੇ ਬਚਨ ਕੀਤਾ ।

ਮਾਤਾ ਜੀ ਵਲੋਂ ਅੰਮ੍ਰਿਤਸਰ ਵਾਪਸ ਆਕੇ ਪੰਚਮ ਪਾਤਸ਼ਾਹ ਜੀ ਨੂੰ  ਸਾਰੀ ਵਾਰਤਾ ਦੱਸੀ ਤਾਂ ਗੁਰੂ ਜੀ ਨੇ ਆਪਣੇ ਮਹਿਲਾਂ ਨੂੰ ਆਪਣੇ ਹੱਥੀਂ ਮਿੱਸ਼ੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨਿਮਰਤਾ ਨਾਲ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਦੁਬਾਰਾ ਬਾਬਾ ਬੁੱਢਾ ਸਾਹਿਬ ਜੀ ਪਾਸ ਜਾਣ ਲਈ ਕਿਹਾ ਤਦ ਮਾਤਾ ਜੀ ਅਗਲੇ ਦਿਨ 22 ਅਸੂ 1594 ਈ : ਨੂੰ ਨੰਗੇ ਪੈਰੀਂ ਲੰਗਰ ਲੈਕੇ ‘ਬਾਬੇ ਦੀ ਬੀੜ੍ਹ’ ਪਹੁੰਚੇ । ਬਾਬਾ ਜੀ ਨੇ ਮਾਤਾ ਜੀ ਵਲੋਂ ਆਪਣੇ ਹੱਥੀ ਪਕਾਏ ਮਿੱਸ਼ੇ ਪ੍ਰਸ਼ਾਦੇ ਛੱਕਦੇ ਹੋਏ ਇਕ ਗੰਢੇ ਤੇ’ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ :—(“ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ । ਜਾਂਕੋ ਬਲ ਗੁਨ ਕਿਨੁੰ ਨ ਸੋਧਾ । ਰੂਪੇ ਛੱਕੇ ਸੁ ਜੈਸ ਮਰੋਰੇ । ਤੁਰਕ ਸੀਸ ਤੈਸੇ ਬਹੁ ਤੋਰੇ”–ਗੁਰ ਬਿਲਾਸ ਪਾ: ਛੇਵੀਂ) ।

ਇਸ ਤਰ੍ਹਾਂ ਪੰਚਮ ਪਾਤਸ਼ਾਹ ਜੀ ਵਲੋਂ ਵਰਤਾਈ ਲੀਲਾ ਅਨੁਸਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਿਲੇ ਵਰ ਸੱਦਕਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 19 ਜੂਨ ਸੰਨ 1595 ਈ: (21 ਹਾੜ ਵਦੀ 7 ਸੰੰਮਤ 1652) ਨੂੰ ਰਾਤ 12 ਵੱਜਕੇ 20 ਮਿੰਟ ‘ਤੇ ਹੋਇਆ ਸੀ । ਪਿੰਡ ਤੋਂ ਬਾਹਰ ਨਿਵਾਸ ਰੱਖ ਰਹੇ ਪੰਚਮ ਪਾਤਸ਼ਾਹ ਜੀ ਨੂੰ ਨੱਤਾਂ ਦੀ ਵਡਾਲੀ ਦੇ ਭਾਈ ਭਾਗੂ ਜੀ ਨੇ ਉਨ੍ਹਾ ਦੇ ਗ੍ਰਹਿ ਹਰਗੋਬਿੰਦ ਜੀ ਦੇ ਜਨਮ ਲੈਣ ਦੀ ਖੁਸ਼ਖਬਰੀ ਸੁਣਾਈ ਤਾਂ ਪੰਚਮ ਪਾਤਸ਼ਾਹ ਜੀ ਨੇ ਓਸੇ  ਵੇਲੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੯੬ ਅੰਗ (ਪੰਨਾ-396) ਤੇ’ ਸ਼ਸ਼ੋਬਿਤ ਹੈ:—-(ਆਸਾ ਮਹਲਾ ੫ ।। ਸਤਿਗੁਰ ਸਾਚੈ ਦੀਆ ਭੇਜਿ।। ਚਿਰੁ ਜੀਵਨੁ ਉਪਜਿਆ ਸੰਜੋਗਿ।। ਉਦਰੈ ਮਾਹਿ ਆਇ ਕੀਆ ਨਿਵਾਸੁ।। ਮਾਤਾ ਕੈ ਮਨਿ ਬਹੁਤੁ ਬਿਗਾਸੁ।।੧।। ਜੰਮਿਆ ਪੂਤੁ ਭਗਤੁ ਗੋਵਿੰਦ ਕਾ।। ਪ੍ਰਗਟਿਆ ਸਭਿ ਮਹਿ ਲਿਖਿਆ ਧੁਰ ਕਾ।। ਛੇਂਵੇ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀ ਖ਼ੁਸ਼ੀ ਵਿਚ ਪੰਚਮ ਪਾਤਸ਼ਾਹ ਜੀ ਨੇ ਇਸ ਪਿੰਡ ਦੀ ਜੂਹ ਵਿਚ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ‘ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’ ਦੀ ਦੇਖ ਰੇਖ ਵਿਚ ਪੰਜ ਖੂਹ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇ ਹਰਟਾ) ਲਗਵਾਏ । ਲਗਭਗ 3 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਰਿਵਾਰ ਸਮੇਤ ਗੁਰੂ ਕੀ ਵਡਾਲੀ ਵਿਚ ਨਿਵਾਸ ਕੀਤਾ:—(‘’ਵਡਾਲੀ ਮਹਿ ਸਤਿਗੁਰ ਰਹੇ ਤੀਨ ਬਰਸ ਸੁਖ ਪਾਈ । ਸੁਧਾ ਸਰੋਵਰ ਪੁਨ ਅਏ ਬਾਜੇ ਅਨਿਕ ਬਜਾਈ’’-ਗੁਰ ਬਿਲਾਸ ਪਾ: ਛੇਵੀਂ) । ਤਿੰਨ ਸਾਲ ਦੀ ਅਵਸਥਾ ਤੱਕ ਬਾਲਕ ਹਰਿਗੋਬਿੰਦ ਜੀ ਨੇ ਆਪਣੇ ਤਾਏ ਪ੍ਰਿਥੀਚੰਦ ਅਤੇ ਤਾਈ ਕਰਮੋਂ ਵਲੋਂ ਆਪ ਜੀ ਨੂੰ ਮਾਰਨ ਹਿੱਤ ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਵਿਖੇ ਭੇਜੇ ਲੋਭੀ ਪਾਪੀਆਂ ਦੇ ਕਾਰਨਾਮਿਆਂ ਨੂੰ ਅਸਫਲ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦਾ ਉਧਾਰ ਵੀ ਕੀਤਾ ਜਿਨ੍ਹਾਂ ਵਿਚ ਸੋਭੀ ਦਾਈ ਅਤੇ ਸਪੇਰੇ ਵਲੋਂ ਛੱਡੇ ਜ਼ਹਿਰੀਲੇ ਸੱਪ ਅਤੇ ਬ੍ਰਾਹਮਣ ਰਸੋਈਆ ਆਦਿ ਸ਼ਾਮਲ ਸਨ ।

Leave a Reply

Your email address will not be published. Required fields are marked *