ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ-
ਪ੍ਰਸਿੱਧ ਗਾਇਕ ਸੁਰਜੀਤ ਮਾਧੋਪੁਰੀ ਵਲੋਂ ਗਾਇਆ ਗੀਤ ‘ਜਿੰਦੇ ਮੇਰੀਏ’ ਰਿਲੀਜ਼-
ਸਰੀ(ਜਸਵੀਰ ਸਿੰਘ ਭਲੂਰੀਆ, ਮਾਂਗਟ, ਰਵੀ )- ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਮਾਗਮ ਇਸ ਵਾਰ ਮਹਾਨ ਸ਼ੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਬਰਸੀ ਨੂੰ ਸਮਰਪਿਤ ਕੀਤਾ ਗਿਆ। ਇਹ ਸਮਾਗਮ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਡੀ ਤਾਦਾਦ ਵਿੱਚ ਬੁੱਧੀਜੀਵੀ,ਸਾਹਿਤਕਾਰ,ਵਿਦਵਾਨ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਸਮਾਗਮ ਦੌਰਾਨ ਉੱਘੀ ਸਾਹਿਤਕਾਰਾ ਡਾ: ਗੁਰਮਿੰਦਰ ਕੌਰ ਸਿੱਧੂ ਨੂੰ ‘ਸ਼ੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ’ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਅਤੇ ਸੁਰੀਲੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦਾ ਗਾਇਆ ਤੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ‘ਜਿੰਦ ਮਾਹੀ’ ਰਲੀਜ਼ ਕੀਤਾ ਗਿਆ।
ਸਭ ਤੋ ਪਹਿਲਾਂ ਦਰਸ਼ਨ ਸਿੰਘ ਸੰਘਾ ਨੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਹਾਜ਼ਰੀਨ ਨੂੰ ਜੀ ਆਇਆ ਆਖਿਆ ਅਤੇ ਆਪਣੀ ਰਚਨਾ ਨਾਲ ਹਾਜ਼ਰੀ ਲਵਾਈ। ਉਪਰੰਤ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਸਟੇਜ ਸੰਭਾਲੀ ਅਤੇ ਸੁਰਜੀਤ ਸਿੰਘ ਮਾਧੋਪੁਰੀ,ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ,ਅਵਤਾਰ ਸਿੰਘ ਢਿੱਲੋਂ ਅਤੇ ਹਰਦਿਆਲ ਸਿੰਘ ਚੀਮਾ (ਸਿਆਟਲ) ਨੂੰ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਫਿਰ ਪ੍ਰਿਤਪਾਲ ਸਿੰਘ ਗਿੱਲ ਨੇ ਸੁਖਪ੍ਰੀਤ ਦੌਲਤ ਨੂੰ ਆਪਣੀ ਕਵਿਤਾ ਰਾਹੀਂ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਸੱਦਾ ਦਿੱਤਾ। ਉਸ ਤੋਂ ਬਾਅਦ ਡਾ: ਦਵਿੰਦਰ ਕੌਰ ਨੇ ਕਵਿਤਾ,ਇੰਦਰਜੀਤ ਸਿੰਘ ਧਾਮੀ ਨੇ ਗੁਰਦੇਵ ਸਿੰਘ ਮਾਨ ਦੇ ਸਾਹਿਤਕ ਸਫਰ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਰਚਨਾ ਪੇਸ਼ ਕੀਤੀ, ਵੀਤ ਬਾਦਸ਼ਾਹਪੁਰੀ ਨੇ ਕਵਿਤਾ,ਹਰਚੰਦ ਸਿੰਘ ਗਿੱਲ ਨੇ ਸਮਾਗਮ ਨੂੰ ਮੁਖਾਤਿਬ ਵਿਸ਼ੇਸ਼ ਰਚਨਾ ਪੇਸ਼ ਕੀਤੀ ਅਤੇ ਖੂਬ ਦਾਦ ਖੱਟੀ,ਬਿੱਕਰ ਸਿੰਘ ਖੋਸਾ ਨੇ ਗੁਰਦੇਵ ਸਿੰਘ ਮਾਨ ਦੇ ਜੀਵਨ ਬਾਰੇ ਆਪਣੇ ਅਨੁਭਵ ਪੇਸ਼ ਕੀਤੇ,ਚਮਕੌਰ ਸਿੰਘ ਸੇਖੋਂ ਅਤੇ ਨਵਦੀਪ ਸਿੰਘ ਗਿੱਲ ਨੇ ਢੱਡ-ਸਾਰੰਗੀ ਨਾਲ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ,ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਦੇਵ ਸਿੰਘ ਮਾਨ ਦੇ ਜੀਵਨ,ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀ ਬੇਬਾਕੀ ਬਾਰੇ ਚਾਨਣਾ ਪਾਇਆ।ਉੱਘੇ ਸਮਾਜਸੇਵੀ ਅਤੇ ਕਾਰੋਬਾਰੀ ਸੁੱਖੀ ਬਾਠ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਸੰਸਥਾ ਦੇ ਸੁਚੱਜੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਮਰਹੂਮ ਪ੍ਰਸਿੱਧ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ ਨੇ ਗੁਰਦੇਵ ਸਿੰਘ ਮਾਨ ਦੇ ਚਰਚਿਤ ਗੀਤ ਗਾ ਕੇ ਸੰਗੀਤਕ ਮਹੌਲ ਸਿਰਜ ਦਿੱਤਾ ਅਤੇ ਵਾਹ ਵਾਹ ਖੱਟੀ। ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ ਨੇ ਆਪਣੇ ਪਿਤਾ ਦਾ ਗੀਤ ਤਰੰਨਮ ਵਿੱਚ ਪੇਸ਼ ਕਰਕੇ ਵਾਹ ਵਾਹ ਕਰਵਾਈ। ਰੇਡੀਓ ਹੋਸਟ ਦਵਿੰਦਰ ਬੈਨੀਪਾਲ ਨੇ ਆਪਣੇ ਵਿਚਾਰ ਰੱਖੇ,ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ: ਗੁਰਮਿੰਦਰ ਕੌਰ ਸਿੱਧੂ ਦਾ ਲਿਖਿਆ ਗੀਤ ਗਾ ਕੇ ਖੂਬ ਦਾਦ ਬਟੋਰੀ। ਹਰਭਜਨ ਸਿੰਘ ਚੀਮਾ(ਸਿਆਟਲ) ਅਤੇ ਅਵਤਾਰ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ,ਬਲਬੀਰ ਸਿੰਘ ਸੰਘਾ ਨੇ ਕਵਿਤਾ,ਸਨਮਾਨਿਤ ਸ਼ਖਸ਼ੀਅਤ ਡਾ: ਗੁਰਮਿੰਦਰ ਕੌਰ ਸਿੱਧੂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ,ਕਵਿਤਾ ਪੇਸ਼ ਕੀਤੀ ਅਤੇ ਕੈਨੇਡੀਅਨ ਪੰਜਾਬੀ ਕਲਚਰ ਐਸੋਸ਼ੀਏਸ਼ਨ ਦਾ ਧੰਨਵਾਦ ਕੀਤਾ। ਇਨ੍ਹਾਂ ਤੋਂ ਇਲਾਵਾ ਸਰੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਸੰਸਥਾ ਦੇ ਸਹਿਯੋਗੀ ਬਲਦੇਵ ਸਿੰਘ ਬਾਠ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਬਸੰਤ ਸਿੰਘ ਭੁੱਲਰ,ਡਾ: ਰਣਜੀਤ ਸਿੰਘ ਪੰਨੂ,ਇੰਦਰਪਾਲ ਸੰਧੂ,ਹਰਚਰਨ ਸਿੰਘ ਸੰਧੂ,ਰਾਜ ਭੁੱਲਰ,ਜਰਨੈਲ ਸਿੰਘ (ਜੇ.ਕੇ.ਐਮ.ਮੀਡੀਆ),ਮਹੇਸ਼ਇੰਦਰ ਸਿੰਘ ਮਾਂਗਟ,ਗੁਰਬਿੰਦਰ ਧਾਲੀਵਾਲ,ਸੁਖਵਿੰਦਰ ਸਿੰਘ,ਬਲਦੇਵ ਸਿੰਘ,ਇਕਬਾਲ ਸਿੰਘ,ਸੁਰਜੀਤ ਸਿੰਘ ਬਾਠ,ਜਸਵਿੰਦਰ ਕੌਰ ਬਾਠ,ਜਸਮਨਜੀਤ,ਮੀਨੂੰ ਬਾਵਾ,ਪਰਮਿੰਦਰ ਸਵੈਚ,ਧਿਆਨ ਸਿੰਘ,ਪਰੀਤਪਾਲ ਕੌਰ,ਮਨਜੀਤ ਸਿੰਘ ਪੰਨੂੰ,ਗੁਰਮੀਤ ਕਾਲਕਟ,ਅਜਮੇਰ ਸਿੰਘ,ਕੁਲਦੀਪ ਮਾਨ,ਕੇਸਰ ਸਿੰਘ ਕੂਨਰ,ਇੰਦਰਜੀਤ ਸਿੰਘ ਧਾਮੀ,ਰਾਜਵਿੰਦਰ ਝੰਡ,ਸਿਮਰਨ ਕੌਰ,ਕੁਲਦੀਪ ਸਿੰਘ ਜਗਪਾਲ,ਸਿਮਰ ਜਗਪਾਲ,ਦਰਸ਼ਨ ਸਿੰਘ ਥਿੰਦ, ਸੁਰਿੰਦਰ ਸਿੰਘ ਬੈਂਸ,ਨਾਹਰ ਸਿੰਘ ਢੇਸਾ,ਸੋਹਣ ਸਿੰਘ ਢੇਸਾ,ਮੈਂਡੀ ਢੇਸਾ ਅਤੇ ਅਵਤਾਰ ਸਿੰਘ ਨਿੱਝਰ ਨੇ ਸ਼ਾਮਲ ਹੋ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ।
ਅਖੀਰ ਵਿੱਚ ਸੰਸਥਾ ਵੱਲੋਂ ਡਾ: ਗੁਰਮਿੰਦਰ ਕੌਰ ਸਿੱਧੂ ਦਾ ਸਨਮਾਨ ਚਿੰਨ੍ਹ,ਸ਼ਾਲ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਸੁਰਜੀਤ ਸਿੰਘ ਮਾਧੋਪੁਰੀ ਦੀ ਸੁਰੀਲੀ ਅਵਾਜ਼ ਵਿੱਚ ਗਾਇਆ ਅਤੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਖੂਬਸੂਰਤ ਗੀਤ ‘ਜਿੰਦ ਮਾਹੀ’ ਰਲੀਜ਼ ਕੀਤੀ ਗਿਆ। ਇਸ ਦੇ ਨਾਲ ਹੀ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਸੰਗੀਤਕ ਖੇਤਰ ਵਿੱਚ ਪਾਏ ਨਿੱਗਰ ਯੋਗਦਾਨ ਲਈ ਲੋਈ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ,ਪਤਨੀ ਮਨਜੀਤ ਕੌਰ,ਬੇਟੀ ਰਾਣੀ,ਦਾਮਾਦ ਵਾਹਿਗੁਰੂ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਮਾਇਕ ਸਹਿਯੋਗ ਦਿੱਤਾ ਅਤੇ ਅੱਗੇ ਤੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵੈਨਕੂਵਰ ਪੰਜਾਬੀ ਮਾਰਕੀਟ ਦੇ ਬਾਨੀ ਅਤੇ ਸੰਸਥਾ ਦੇ ਉਪ ਪ੍ਰਧਾਨ ਸੁੱਚਾ ਸਿੰਘ ਕਲੇਰ,ਮਾ: ਅਮਰੀਕ ਸਿੰਘ ਲੇਹਰ,ਉੱਘੇ ਕਾਰੋਬਾਰੀ ਅੰਤਰ ਸਿੰਘ ਪੰਮਾ,ਹਰਜਿੰਦਰ ਸਿੰਘ ਚੀਮਾ (ਠਾਣਾ)ਅਤੇ ਬਾਠ ਭਰਾਵਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਪਾਏ ਜਾਂਦੇ ਵਿਸ਼ੇਸ਼ ਯੋਗਦਾਨ ਲਈ ਸੋਸਾਇਟੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਕ ਦੀ ਭੂਮਿਕਾ ਪ੍ਰਿਤਪਾਲ ਸਿੰਘ ਗਿੱਲ ਨੇ ਆਪਣੇ ਅੰਦਾਜ਼ ਵਿੱਚ ਬਾਖੂਬ ਨਿਭਾਈ।ਸਾਹਿਤ,ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ ਇਹ ਸਮਾਗਮ ਸ਼ਾਮਿਲ ਸਾਹਿਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।



















