ਪ੍ਰੋ. ਸਰਚਾਂਦ ਸਿੰਘ ਖਿਆਲਾ —
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸਿੱਖ ਇਤਿਹਾਸ, ਭਾਰਤੀ ਇਤਿਹਾਸ ਅਤੇ ਮਨੁੱਖੀ ਮੁਕਤੀ ਦੇ ਸੰਘਰਸ਼ ਦੇ ਇਤਿਹਾਸ ਵਿੱਚ ਅਦੁੱਤੀ ਸਨਮਾਨ ਨਾਲ ਲਿਆ ਜਾਂਦਾ ਹੈ। ਉਹ ਕੇਵਲ ਇੱਕ ਮਹਾਨ ਯੋਧੇ ਹੀ ਨਹੀਂ ਸਨ, ਸਗੋਂ ਇੱਕ ਅਜਿਹੇ ਇਨਕਲਾਬੀ ਆਗੂ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਜ਼ੁਲਮ, ਜਾਗੀਰਦਾਰੀ ਅਤੇ ਸਮਾਜਿਕ ਅਸਮਾਨਤਾ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਉਨ੍ਹਾਂ ਦੀ ਸਮਾਜਿਕ ਕ੍ਰਾਂਤੀ ਸੀ। ਉਨ੍ਹਾਂ ਨੇ ਜਾਗੀਰਦਾਰੀ ਪ੍ਰਣਾਲੀ ਨੂੰ ਢਾਹ ਕੇ ਜ਼ਮੀਨਾਂ ਦਾ ਮਾਲਕਾਨਾ ਹੱਕ ਉਹਨਾਂ ਕਿਸਾਨਾਂ ਨੂੰ ਦਿੱਤਾ ਜੋ ਪੀੜ੍ਹੀਆਂ ਤੋਂ ਉਨ੍ਹਾਂ ’ਤੇ ਮਿਹਨਤ ਕਰਦੇ ਆ ਰਹੇ ਸਨ। ਇਹ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਕ੍ਰਾਂਤੀਕਾਰੀ ਕਦਮ ਸੀ।
ਉਨ੍ਹਾਂ ਨੇ ਜਾਤ-ਪਾਤ ਅਤੇ ਉੱਚ-ਨੀਚ ਦੇ ਭੇਦਭਾਵ ਨੂੰ ਰੱਦ ਕਰਦਿਆਂ ਸਮਾਜ ਦੇ ਸਭ ਤੋਂ ਹੇਠਲੇ ਵਰਗਾਂ ਨੂੰ ਵੀ ਇੱਜ਼ਤ, ਅਧਿਕਾਰ ਅਤੇ ਸੱਤਾ ਵਿੱਚ ਹਿੱਸੇਦਾਰੀ ਵੀ ਦਿਵਾਈ। ਉਹ ਅਜਿਹੇ ਪਹਿਲੇ ਮਹਾਨ ਆਗੂ ਵਜੋਂ ਉੱਭਰੇ ਜਿਨ੍ਹਾਂ ਨੇ ਮੁਗ਼ਲ ਸਾਮਰਾਜ ਵਿਰੁੱਧ ਲੜਾਈ ਵਿੱਚ ਖ਼ਾਲਸਾ ਫ਼ੌਜ ਦੀ ਅਗਵਾਈ ਕਰਦਿਆਂ ਨਾ ਸਿਰਫ਼ ਮੁਗ਼ਲੀਆ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਗੋਂ ਕੁਝ ਸਾਲਾਂ ਵਿਚ ਹੀ ਆਮ ਲੋਕਾਂ ਦਾ ਪਹਿਲਾ ਖ਼ਾਲਸਈ ਰਾਜ ਸਥਾਪਿਤ ਕਰਦਿਆਂ ਪੰਜਾਬ ਦੀ ਧਰਤੀ ’ਤੇ ਸਮਾਜਿਕ ਨਿਆਂ, ਲੋਕ-ਕਲਿਆਣੀ ਅਤੇ ਬਰਾਬਰੀ ਦੇ ਸਿਧਾਂਤਾਂ ’ਤੇ ਆਧਾਰਿਤ ਪਹਿਲੇ ਖ਼ਾਲਸਾ ਰਾਜ ਦੀ ਨੀਂਹ ਰੱਖੀ। ਬੰਦਾ ਸਿੰਘ ਬਹਾਦਰ ਦੀ ਨਿਮਰਤਾ ਅਤੇ ਗੁਰੂ-ਨਿਸ਼ਠਾ ਦਾ ਅਨੋਖਾ ਉਦਾਹਰਨ ਉਨ੍ਹਾਂ ਦੇ ਜਾਰੀ ਕੀਤੇ ਸਿੱਕਿਆਂ ਵਿੱਚ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਬਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕੇ ਚਲਾਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਰਾਜਵੰਸ਼ ਦਾ ਸੰਸਥਾਪਕ ਨਹੀਂ, ਸਗੋਂ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਸੇਵਕ ਮੰਨਦੇ ਸਨ।
ਸਿੱਖ ਇਤਿਹਾਸ ਵਿਚ ਭਾਵੇਂ ਕੋਈ ਅਜਿਹੀ ਸਮਕਾਲੀ ਰਚਨਾ ਨਹੀਂ ਮਿਲਦੀ ਜਿਸ ਵਿਚ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਪੂਰੀ ਜਾਣਕਾਰੀ ਮਿਲ ਸਕੇ, ਪਰ ਜ਼ਿਆਦਾਤਰ ਜਾਣਕਾਰੀ ਉਸ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਂਦੇੜ ਨੇੜੇ ਮਿਲਣ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਬਿਤਾਏ 7-8 ਸਾਲ ਦੇ ਸਮੇਂ ਬਾਰੇ ਹੈ।
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਨੂੰ ਰਾਜੌਰੀ (ਮੌਜੂਦਾ ਜੰਮੂ-ਕਸ਼ਮੀਰ) ਵਿਖੇ ਇਕ ਰਾਜਪੂਤ ਕਿਸਾਨ ਪਰਿਵਾਰ ਵਿਚ ਨਾਮ ਦੇਵ ਦੇ ਘਰ ਹੋਇਆ। ਨਾਮ ਲਛਮਣ ਦਾਸ ਸੀ। ਪਰ ਸ਼ਿਕਾਰ ਦੌਰਾਨ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ ਅਤੇ ਉਹ ਸੰਸਾਰਕ ਜੀਵਨ ਤੋਂ ਵਿਰਕਤ ਹੋ ਗਏ। ਬਾਅਦ ਵਿੱਚ ਉਨ੍ਹਾਂ ਨੇ ਤਿਆਗੀ ਜੀਵਨ ਅਪਣਾਇਆ ਅਤੇ ਮਾਧੋ ਦਾਸ ਵਜੋਂ ਜਾਣੇ ਜਾਣ ਲੱਗੇ। ਫਿਰ ਉਹ ਦੱਖਣ ਵਿਚ ਗੋਦਾਵਰੀ ਨਦੀ ਕੰਢੇ ਨਾਸਿਕ ਵਿਖੇ ਅਮਰ ਜੋਗੀ ਦਾ ਚੇਲਾ ਬਣਿਆ ਅਤੇ ਬਾਅਦ ’ਚ ਨਾਂਦੇੜ ਸਾਹਿਬ ਪੁੱਜ ਕੇ ਆਪਣੇ ਮੱਠ ਨੂੰ ਸਥਾਪਿਤ ਕੀਤਾ, ਜਿੱਥੇ 1708 ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋਇਆ। ਉਨ੍ਹਾਂ ਦੀ ਇਹ ਮੁਲਾਕਾਤ ਕੇਵਲ ਦੋ ਵਿਅਕਤੀਆਂ ਦਾ ਮਿਲਾਪ ਨਹੀਂ ਸੀ, ਸਗੋਂ ਇਤਿਹਾਸ ਦੀ ਦਿਸ਼ਾ ਬਦਲਣ ਵਾਲਾ ਪਲ ਸੀ। ਇਸ ਤੋਂ ਬਾਅਦ ਉਨ੍ਹਾਂ ਅੰਮ੍ਰਿਤ ਛਕਿਆ ਅਤੇ ਗੁਰਬਖ਼ਸ਼ ਸਿੰਘ ਨਾਮ ਧਾਰਨ ਕੀਤਾ, ਪਰ “ਬੰਦਾ ਸਿੰਘ ਬਹਾਦਰ” ਦੇ ਨਾਮ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਗ਼ਲ ਸ਼ਾਸਨ ਦੇ ਅੱਤਿਆਚਾਰਾਂ ਵਿਰੁੱਧ ਲੜਨ ਅਤੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਪੰਜ ਤੀਰ, ਨਿਸ਼ਾਨ ਸਾਹਿਬ, ਨਗਾਰਾ ਅਤੇ ਸਿੱਖ ਸੰਗਤਾਂ ਨੂੰ ਉਨ੍ਹਾਂ ਦੀ ਅਗਵਾਈ ਹੇਠ ਇਕੱਠੇ ਹੋਣ ਦਾ ਸੰਦੇਸ਼ ਵਾਲੇ ਨਾਮ ਹੁਕਮਨਾਮੇ ਸੌਂਪ ਕੇ ਪੰਜਾਬ ਭੇਜਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗ਼ਲ ਸ਼ਾਸਨ ਵਿਰੁੱਧ ਲੜਾਈ ਅੱਜ ਦੇ ਹਰਿਆਣਾ, ਹਿਮਾਚਲ ਅਤੇ ਪੰਜਾਬ ਵਿੱਚ ਕੇਂਦਰਿਤ ਸੀ। ਉਨ੍ਹਾਂ ਨੇ ਸਮਾਣਾ, ਸਢੌਰਾ , ਕਪੂਰੀ, ਥਾਨੇਸਰ, ਕੁਰੂਕਸ਼ੇਤਰ ਅਤੇ ਸੋਨੀਪਤ ਵਰਗੇ ਖੇਤਰਾਂ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਵਾਇਆ। ਇਹੀ ਕਾਰਨ ਹੈ ਕਿ ਹਰਿਆਣਾ ਸਰਕਾਰ ਬੰਦਾ ਸਿੰਘ ਬਹਾਦਰ ਨੂੰ ਕੇਵਲ ਧਾਰਮਿਕ ਹੀ ਨਹੀਂ ਸਗੋਂ ਰਾਸ਼ਟਰੀ ਨੇਤਾ ਵਜੋਂ ਦੇਖਦੀ ਹੈ। ਉਨ੍ਹਾਂ ਨੂੰ ਸਿਰਫ਼ ਇੱਕ ਸਿੱਖ ਯੋਧੇ ਵਜੋਂ ਹੀ ਨਹੀਂ, ਸਗੋਂ ਇੱਕ ਰਾਸ਼ਟਰੀ ਆਜ਼ਾਦੀ ਦੇ ਯੋਧੇ ਵਜੋਂ ਪੇਸ਼ ਕਰਦੀ ਹੈ। ਉਨ੍ਹਾਂ ਨੂੰ ਧਾਰਮਿਕ ਪਛਾਣ ਤੋਂ ਉੱਪਰ ਇੱਕ ਲੋਕ ਨਾਇਕ, ਇੱਕ ਸੰਯੁਕਤ ਸਭਿਆਚਾਰਕ ਪ੍ਰਤੀਕ ਵਜੋਂ ਤਸੱਵਰ ਕਰਦੀ ਹੈ।
ਉਨ੍ਹਾਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੂੰ 1710 ’ਚ ਚੱਪੜਚਿੜੀ ਦੇ ਮੈਦਾਨ ਵਿਚ ਹਾਰ ਦੇ ਕੇ ਸਿੱਖ ਇਤਿਹਾਸ ਦਾ ਇੱਕ ਨਵਾਂ ਅਧਿਆਇ ਲਿਖਿਆ। ਸਰਹਿੰਦ ਦੀ ਜਿੱਤ ਕੇਵਲ ਇੱਕ ਸੈਨਿਕ ਜਿੱਤ ਨਹੀਂ ਸੀ, ਸਗੋਂ ਨਿਆਂ ਦੀ ਜਿੱਤ ਸੀ। ਜਲਾਲਾਬਾਦ, ਜਲੰਧਰ ਅਤੇ ਹੁਸ਼ਿਆਰਪੁਰ ਹੀ ਨਹੀਂ, ਖ਼ਾਲਸਾਈ ਝੰਡਾ ਲਾਹੌਰ ਦੀਆਂ ਦੀਵਾਰਾਂ ਤੱਕ ਲਿਜਾਣ ਵਿਚ ਸਫਲ ਹੋਏ।
ਉਨ੍ਹਾਂ ਨੂੰ ਭਾਵੇਂ ਰਾਜ ਕਰਨ ਜਾਂ ਜੀਣ ਲਈ ਬਹੁਤਾ ਸਮਾਂ ਨਹੀਂ ਮਿਲਿਆ ਪਰ ਆਪਣੇ 7-8 ਸਾਲ ਦੇ ਸਮੇਂ ਵਿਚ ਹੀ ਉਹ ਅਜਿਹਾ ਤੂਫ਼ਾਨ ਬਣ ਕੇ ਆਏ ਕਿ ਜਾਬਰਾਂ-ਜਰਵਾਣਿਆਂ ਨੂੰ ਆਪਣੀਆਂ ਹਕੂਮਤਾਂ ਹੀ ਨਹੀਂ, ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ ਸਨ। ਜਿੱਥੇ ਉਹ ਮੈਦਾਨੇ-ਜੰਗ ਵਿਚ ਬੜੀ ਸੂਰਮਗਤੀ ਨਾਲ ਲੜੇ ਅਤੇ ਬਿਨਾ ਕਿਸੇ ਸਿਖਲਾਈ-ਪ੍ਰਾਪਤ ਫ਼ੌਜ ਦੇ ਆਮ ਲੋਕਾਂ ਦੀ ਮਦਦ ਨਾਲ ਜਿੱਤਾਂ ਹਾਸਲ ਕੀਤੀਆਂ, ਅੰਤ ਉਹ ਆਪਣੇ ਸਾਥੀਆਂ ਨਾਲ ਗੜ੍ਹੀ ਗੁਰਦਾਸ ਨੰਗਲ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ਼ਾਹੀ ਫ਼ੌਜਾਂ ਦੁਆਰਾ ਘੇਰ ਲਏ ਗਏ।
ਫਿਰ ਬੜੀ ਸਾਜ਼ਿਸ਼ ਕਰ ਕੇ ਬੰਦਾ ਸਿੰਘ ਨੂੰ ਠੀਕ ਉਸੇ ਤਰ੍ਹਾਂ ਗੜ੍ਹੀ ਵਿਚੋਂ ਬਾਹਰ ਕੱਢਿਆ ਗਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਜਿਸ ਤਰ੍ਹਾਂ ਮਗਰੋਂ ਗੁਰੂ ਸਾਹਿਬ ’ਤੇ ਪਹਾੜੀ ਰਾਜਿਆਂ ਤੇ ਮੁਗ਼ਲਾਂ ਨੇ ਹਮਲਾ ਕਰ ਦਿੱਤਾ ਸੀ ਪਰ ਉਹ ਬਚ ਗਏ ਸਨ ਅਤੇ ਬਹੁਤ ਸਿੰਘ ਸ਼ਹੀਦ ਹੋ ਗਏ ਸਨ, ਪਰ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸੈਂਕੜੇ ਸਾਥੀ ਗ੍ਰਿਫ਼ਤਾਰ ਕਰਕੇ ਬਾਅਦ ਵਿਚ ਦਿੱਲੀ ਲਿਜਾਏ ਗਏ । ਇਸ ਕਾਫ਼ਲੇ ’ਚ ਗਿਣਤੀ ਵਧਾਉਣ ਲਈ ਅਨੇਕਾਂ ਉਹ ਸਿੱਖ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਵੱਖ ਵੱਖ ਥਾਂਵਾਂ ਤੋਂ ਬੰਦੀ ਬਣਾ ਲਏ ਗਏ ਸਨ।
ਪੁਰਾਣੀ ਦਿੱਲੀ ਵਿਚ ਕੋਤਵਾਲੀ ਚੌਕ ਅਤੇ ਮਹਿਰੌਲੀ ਖੇਤਰ ਨਾਲ ਜੁੜੀਆਂ ਥਾਵਾਂ ’ਤੇ ਬੰਦਾ ਸਿੰਘ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਈ ਦਿਨ ਰੋਜ਼ਾਨਾ ਉਸ ਦੇ 100-100 ਸਾਥੀਆਂ ਨੂੰ ਲੋਕਾਂ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ ਅਤੇ ਲਾਸ਼ਾਂ ਦੇ ਸਿਰ ਕੱਟ ਕੇ ਸੜਕਾਂ ਦੇ ਮੋੜਾਂ ’ਤੇ ਟੰਗੇ ਜਾਂਦੇ ਸਨ ਤਾਂ ਜੋ ਲੋਕਾਂ ਨੂੰ ਸੁਨੇਹਾ ਜਾਵੇ ਕਿ ਮੁਗ਼ਲੀਆ ਹਕੂਮਤ ਵਿਰੁੱਧ ਬਗ਼ਾਵਤ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ। ਪਰ ਬੰਦਾ ਸਿੰਘ ਤੇ ਉਸ ਦੇ ਨਾਲ ਗ੍ਰਿਫ਼ਤਾਰ ਕਿਸੇ ਸਿੱਖ ਨੇ ਵੀ ਈਨ ਨਹੀਂ ਮੰਨੀ। ਜੂਨ 1716 ਵਿੱਚ ਉਸ ਦੇ ਸਾਹਮਣੇ ਉਸ ਦੇ ਛੋਟੇ ਜਿਹੇ ਪੁੱਤਰ ਭਾਈ ਅਜੈ ਸਿੰਘ ਨੂੰ ਸ਼ਹੀਦ ਕਰਨ ਉਪਰੰਤ ਉਸ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿਚ ਤੁੰਨਿਆ ਗਿਆ ਅਤੇ ਅਖੀਰ ਬਾਬਾ ਬੰਦਾ ਸਿੰਘ ਅੰਤਾਂ ਦੇ ਤਸੀਹੇ ਝੱਲਦੇ ਹੋਏ ਬੜੀ ਬਹਾਦਰੀ ਨਾਲ ਖਿੜੇ ਮੱਥੇ ਸ਼ਹਾਦਤ ਪ੍ਰਾਪਤ ਕਰ ਗਏ।
ਬੰਦਾ ਸਿੰਘ ਬਹਾਦਰ ਪੋਰਸ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਅਜਿਹਾ ਪਹਿਲਾ ਜਰਨੈਲ ਹੋ ਨਿੱਬੜਿਆ ਜਿਸ ਨੇ ਪੰਜਾਬ ਨੂੰ ਸੁਤੰਤਰ ਰਾਜ ਵਿਚ ਤਬਦੀਲ ਕੀਤਾ। ਅੰਗਰੇਜ਼ ਇਤਿਹਾਸਕਾਰ ਵਿਲੀਅਮ ਇਰਵਨ ਆਪਣੀ ਕਿਤਾਬ ‘ਲੇਟਰ ਮੁਗਲਜ਼’ ਵਿਚ ਲਿਖਦਾ ਹੈ ਕਿ ਬੰਦਾ ਸਿੰਘ ਦੀ ਸੈਨਾ ਵਿਚ ਜਿਹੜੇ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕ ਸ਼ਾਮਲ ਹੁੰਦੇ ਸਨ, ਉਹ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ। ਵੱਡੇ ਧਨਾਢ ਲੋਕ ਵੀ ਉਨ੍ਹਾਂ ਦਾ ਸਵਾਗਤ ਕਰਦੇ ਸਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੀਚਾਂ ਨੂੰ ਪਾਤਸ਼ਾਹੀ ਬਖ਼ਸ਼ ਦਿੱਤੀ ਸੀ ਜਿਸ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਆ ਸੀ: “ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਇਹ ਯਾਦ ਰਖੇਂ ਹਮਰੀ ਗੁਰਿਆਈ।”
ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਅਜਿਹੀ ਬੁਝਾਰਤ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਵੱਲੋਂ ਕੋਈ ਵਿਸ਼ੇਸ਼ ਖੋਜ ਕਰਨ ਦੀ ਥਾਂ ਪੁਰਾਣੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਮੱਖੀ ’ਤੇ ਮੱਖੀ ਮਾਰਨ ਤੋਂ ਵੱਧ ਕੁਝ ਨਹੀਂ ਕੀਤਾ ਗਿਆ। ਪਰ ਇਸ ਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਬਾਰੇ ਕਿਸੇ ਨੇ ਕੁਝ ਨਹੀਂ ਲਿਖਿਆ। ਬੰਦਾ ਸਿੰਘ ਬਾਰੇ ਫ਼ਾਰਸੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਅਨੇਕਾਂ ਲਿਖਤਾਂ ਹਨ ਜਿਨ੍ਹਾਂ ਵਿਚੋਂ ਪੰਜਾਬੀ ਦੀਆਂ ਲਿਖਤਾਂ ਉਸ ਦੇ ਜੀਵਨ ਕਾਲ ਤੋਂ 50-60 ਸਾਲ ਬਾਅਦ ਲਿਖੀਆਂ ਜਾਣ ਲੱਗੀਆਂ ਸਨ।
ਕੇਸਰ ਸਿੰਘ ਛਿੱਬਰ ਦਾ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਪਹਿਲੀ ਪੰਜਾਬੀ ਲਿਖਤ ਹੈ ਜਿਸ ਵਿਚ ਬੰਦਾ ਸਿੰਘ ਬਹਾਦਰ ਬਾਰੇ ਜ਼ਿਕਰ ਮਿਲਦਾ ਹੈ। ਇਹ ਲਿਖਤ 1769 ਦੇ ਕਰੀਬ ਲਿਖੀ ਗਈ ਸੀ। ਇਸ ਤੋਂ ਇਲਾਵਾ ਢਾਡੀ ਨੱਥ ਮੱਲ ਦਾ ਫ਼ਾਰਸੀ ‘ਅਮਰਨਾਮਾ’ ਵੀ ਮਹੱਤਵਪੂਰਨ ਸਰੋਤ ਹੈ।
ਇੱਕ ਪਾਸੇ ਜਿੱਥੇ ਮੁਸਲਮਾਨ ਲਿਖਾਰੀਆਂ ਨੇ ਬਹੁਤ ਕੁਝ ਸਮੇਂ ਦੇ ਹਾਕਮਾਂ ਨੂੰ ਖ਼ੁਸ਼ ਕਰਨ ਲਈ ਲਿਖਿਆ ਹੈ, ਉਥੇ ਮਜ਼ਹਬੀ ਫ਼ਿਰਕੂ ਜ਼ਹਿਨੀਅਤ ਵੀ ਭਾਰੂ ਸੀ ਜਿਸ ਕਰਕੇ ਬੰਦਾ ਸਿੰਘ ਦੇ ਹਮਲਿਆਂ ਨੂੰ ਆਧਾਰ ਬਣਾ ਕੇ ਉਸ ਨੂੰ ਜਾਬਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਕੁਝ ਸਿੱਖ ਲੇਖਕਾਂ ਨੇ ਵੀ ਸਮੇਂ ਦੀਆਂ ਕਾਬਜ਼ ਧਿਰਾਂ ਨੂੰ ਖ਼ੁਸ਼ ਕਰਨ ਲਈ ਅਜਿਹੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਨਾਲ ਬੰਦਾ ਸਿੰਘ ਦੀ ਸ਼ਖਸੀਅਤ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਦਕਿ ਉਸ ਦੀ ਸ਼ਹਾਦਤ ਬਾਰੇ ਫ਼ਾਰਸੀ ਦੀਆਂ ਸਮਕਾਲੀ ਰਚਨਾਵਾਂ ‘ਅਖਬਾਰ-ਏ-ਦਰਬਾਰ-ਏ-ਮੁਅੱਲਾ’, ਮੁਹੰਮਦ ਕਾਸਿਮ ਦਾ ‘ਇਬਰਤਨਾਮਾ’, ਮਿਰਜ਼ਾ ਮੁਹੰਮਦ ਦਾ ‘ਇਬਰਤਨਾਮਾ’, ਹਾਜ਼ੀ ਕਾਮਵਰ ਖਾਨ ਦਾ ‘ਤਜ਼ਕਿਰਾਤ-ਉਲ-ਸਲਾਤੀਨ ਚੁਗੱਤਾ’ ਅਤੇ ਖਾਫੀ ਖਾਨ ਦੀ ‘ਮੁਨਤਖ਼ਬ-ਉਲ-ਲੁਬਾਬ’ ਵਿਚ ਕਾਫ਼ੀ ਜ਼ਿਕਰ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ, ਉਸ ਦੇ ਪੁੱਤਰ ਅਤੇ 700 ਤੋਂ ਵੱਧ ਸਾਥੀਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ, “ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਸੀ। ਉਸ ਦਾ ਜੀਵਨ ਸਾਡੇ ਸਭ ਲਈ ਪ੍ਰੇਰਣਾ ਸਰੋਤ ਹੈ। ਮੈਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਬਲੀਦਾਨ ਲਈ ਨਮਨ ਕਰਦਾ ਹਾਂ।”
ਇੱਥੇ ਮੇਰਾ ਮੰਨਣਾ ਹੈ ਕਿ ਬੰਦਾ ਬਹਾਦਰ ਦੀਆਂ ਪ੍ਰਾਪਤੀਆਂ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿਚ ਇਕ ਮਹਾਨ ਕ੍ਰਾਂਤੀ ਸਨ। ਉਨ੍ਹਾਂ ਦੀ ਮਹਾਨਤਾ ਨੂੰ ਕਿਸੇ ਵੀ ਦਾਇਰੇ ਵਿਚ ਸੀਮਤ ਨਹੀਂ ਰੱਖਿਆ ਜਾ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਇੱਕ ਭਾਈਚਾਰੇ, ਖੇਤਰ ਜਾਂ ਵਿਚਾਰਧਾਰਾ ਦੀ ਸੀਮਾ ਵਿੱਚ ਬੰਨ੍ਹਣਾ ਉਨ੍ਹਾਂ ਦੀ ਵਿਸ਼ਾਲ ਇਤਿਹਾਸਕ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਹੋਵੇਗਾ। ਉਹ ਸਿੱਖ ਕੌਮ ਦੇ ਮਹਾਨ ਨਾਇਕ ਹੋਣ ਦੇ ਨਾਲ-ਨਾਲ ਨਿਆਂ, ਬਰਾਬਰੀ ਅਤੇ ਮਨੁੱਖੀ ਮਰਿਆਦਾ ਲਈ ਸੰਘਰਸ਼ ਕਰਨ ਵਾਲੀ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹਨ। ਇਸੇ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਨੂੰ ਸਿੱਖ ਕੌਮ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਸਤਿਕਾਰ ਨਾਲ ਯਾਦ ਕਰਦੀ ਹੈ। ਮੈਂ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਨੂੰ ਲੱਖ-ਲੱਖ ਵਾਰ ਸਿੱਜਦਾ ਕਰਦਾ ਹਾਂ।
ਬੁਲਾਰਾ ਪੰਜਾਬ ਭਾਜਪਾ। 9781355522)
