Jun 27, 2026

Screenshot

-ਸੁਖਵਿੰਦਰ ਸਿੰਘ ਚੋਹਲਾ—

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਤੇ ਗੁਰੂ ਦੋਖੀ ਐਲਾਨੇ ਜਾਣ ਉਪਰੰਤ ਵਿਵਾਦਿਤ ਵੀਡੀਓ ਨੂੰ ਲੈਕੇ ਕਈ ਤਰਾਂ ਦੇ ਪਰਸਪਰ ਦਾਅਵੇ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਦਨਾਮ ਕਰਨ ਲਈ ਧਰਮ ਨੂੰ ਵਰਤਿਆ ਜਾ ਰਿਹਾ ਹੈ ਜਦੋਂਕਿ ਅਕਾਲੀ ਦਲ, ਕਾਂਗਰਸ, ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਵਲੋਂ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਵਿਵਾਦਿਤ ਵੀਡੀਓ ਨੂੰ ਨਕਲੀ ਸਾਬਿਤ ਕਰਨ ਲਈ ਸਰਕਾਰ ਵਲੋਂ ਗੁਰੂ ਗਰਾਮ ਤੋਂ ਬਣਾਈ ਗਈ ਲੈਬ ਰਿਪੋਰਟ ਸਬੰਧੀ ਹੁਣ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਸ ਨਾਲ ਜੋੜੀ ਜਾ ਰਹੀ ਵੀਡੀਓ ਦਾ ਮੁਖ ਕਿਰਦਾਰ ਚਿਹਰੇ ਤੇ ਮਾਸਕ ਪਾਕੇ ਬਣਾਈ ਗਈ ਹੈ। ਉਧਰ ਹਰਿਆਣਾ ਸਰਕਾਰ ਨੇ ਗੁਰੂਗਰਾਮ ਵਿਚ ਜਾਅਲੀ ਰਿਪੋਰਟ ਤਿਆਰ ਕਰਨ ਵਾਲੀ ਇਕ ਲੈਬ ਨਾਲ ਸਬੰਧਿਤ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਰਿਪੋਰਟ ਤਿਆਰ ਕਰਨ ਵਾਲੇ ਇਕ ਵਿਅਕਤੀ ਨੇ ਮੰਨਿਆ ਹੈ ਕਿ ਉਸਨੂੰ ਪੰਜਾਬ ਸਰਕਾਰ ਦੇ ਦੋ ਅਧਿਕਾਰੀਆਂ ਨੇ 10 ਲੱਖ ਰੁਪਏ ਰਿਸ਼ਵਤ ਦਿੱਤੇ ਸਨ। ਹਰਿਆਣਾ ਪੁਲਿਸ ਵਲੋਂ ਦਰਜ ਕੀਤੀ ਐਫ ਆਈ ਆਰ ਵਿਚ ਦੋ ਪ੍ਰਾਈਵੇਟ ਲੈਬਾਂ, ਸਾਈਫਰ ਸੈਂਟੀਨਲ ਲੈਬ ਅਤੇ ਸਾਈਬਰਯਾਨ ਲੈਬਜ਼ ਦੇ ਨਾਵਾਂ ਦਾ ਹਵਾਲਾ  ਹੈ ਜੋ ਅਸਲ ਵਿਚ ਕਿਤੇ ਵੀ ਮੌਜੂਦ ਨਹੀ ਹਨ।  ਭਾਵੇਂਕਿ ਮੁੱਖ ਮੰਤਰੀ ਭਗਵੰਤ  ਮਾਨ ਨੇ ਹਰਿਆਣਾ ਪੁਲਿਸ ਵਲੋਂ ਭਾਜਪਾ ਸਰਕਾਰ ਦੇ ਕਹਿਣ ਤੇ ਲੈਬ ਕਰਮਚਾਰੀਆਂ ਨੂੰ ਡਰਾਉਣ ਧਮਕਾਉਣ ਅਤੇ ਕੇਸ ਦਰਜ ਕਰਨ ਦੇ ਦੋਸ਼ ਲਗਾਏ ਹਨ ਤੇ ਨਾਲ ਇੱਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਜਾਅਲੀ ਵੀਡੀਓ ਕੈਨੇਡਾ ਵਾਸੀ ਜਗਮਨ ਸਮਰਾ ਵੱਲੋਂ ਬਣਾਈ ਗਈ ਹੈ। ਇਸਦੇ ਸਮਰਥਨ ਵਿਚ ਜਗਮਨ ਸਮਰਾ ਦੀ ਇਕ ਮਾਸਕ ਨਾਲ ਵੀਡੀਓ ਵੀ ਜਨਤਕ ਕੀਤੀ ਗਈ ਹੈ। ਉਨ੍ਹਾਂ ਹੋਟਲ ਦੇ ਕਮਰੇ ਵਿਚ ਗੁਰੂ ਸਾਹਿਬਾਨ ਦੀ ਤਸਵੀਰ ਲੱਗੇ ਹੋਣ ਤੇ ਵੀ ਪ੍ਰਸ਼ਨ ਚਿੰਨ ਲਗਾਏ ਹਨ। ਆਪਣੀ ਸਫਾਈ ਵਿਚ ਨਕਲੀ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਵੀ ਗੱਲ ਕੀਤੀ ਹੈ । ਇਸੇ ਦੌਰਾਨ ਜਗਮਨ ਸਮਰਾ ਵਲੋਂ ਸੋਸ਼ਲ ਮੀਡੀਆ ਉਪਰ ਇਹਨਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਮੇਰੀ ਮਾਸਕ ਡਲਿਵਰੀ  ਵਾਲੀ ਵੀਡੀਓ ਬਣਾਉਣ ਵਾਲੇ ਇਹ ਭੁੱਲ ਗਏ ਕਿ ਪੰਦਰਾਂ ਸਾਲ ਪਹਿਲਾਂ ਮੇਰਾ ਚਿਹਰਾ ਕਿਵੇਂ ਦਾ ਸੀ। ਹੋਟਲ ਦੇ ਕਮਰੇ ਵਿਚ ਗੁਰੂਆਂ ਦੀ ਤਸਵੀਰ ਬਾਰੇ ਵੀ ਸਪੱਸ਼ਟ ਕੀਤਾ ਹੈ ਕਿ ਇਹ ਕਮਰਾ ਆਪ ਦੇ ਸਵਰਗੀ ਆਗੂ ਜਰਨੈਲ ਸਿੰਘ ਨਾਲ ਸਬੰਧਿਤ ਸੀ।

ਕਮਾਲ ਇਹ ਹੈ ਕਿ ਮੁਖ ਮੰਤਰੀ ਕਹਿ ਰਹੇ ਹਨ ਕਿ ਜਗਮਨ ਸਮਰਾ ਡਰੱਗੀ ਅਤੇ ਪਾਗਲ ਹੈ ਜਦੋਂਕਿ ਉਹ ਅੱਜ ਵੀ ਸੋਸ਼ਲ ਮੀਡੀਆ ਉਪਰ ਲਾਈਵ ਹੋਕੇ ਮੁੱਖ ਮੰਤਰੀ ਅਤੇ ਸਰਕਾਰ ਦੇ ਦਾਅਵਿਆਂ ਨੂੰ ਝੁਠਲਾ ਰਿਹਾ ਹੈ। ਬਿਨਾਂ ਸ਼ੱਕ ਭਗਵੰਤ ਮਾਨ ਨਾਲ ਜੁੜੀ ਵਿਵਾਦਿਤ ਵੀਡੀਓ ਨੇ ਪੰਜਾਬ ਦੀ ਸਿਆਸਤ ਵਿਚ ਹਲਚਲ ਦੇ ਨਾਲ ਆਮ ਲੋਕਾਂ ਵਿਚ ਵੀ ਵੱਡਾ ਭੰਬਲਭੂਸਾ ਪੈਦਾ ਕਰ ਛੱਡਿਆ ਹੈ। ਪਰਸਪਰ ਸੱਚੇ ਤੇ ਝੂਠੇ ਦਾਅਵਿਆਂ ਦਰਮਿਆਨ ਜਿਥੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾਅ ਤੇ ਲੱਗੀ ਹੋਈ ਹੈ ਉਥੇ  ਮੁੱਖ ਮੰਤਰੀ ਦੇ ਅਕਸ ਨੂੰ ਬਚਾਉਣਾ ਵੀ ਵੱਕਾਰ ਦਾ ਸਵਾਲ  ਹੈ। ਮੰਨਿਆ ਜਾ ਸਕਦਾ ਹੈ ਕਿ ਵੋਟਾਂ ਨੇੜੇ ਆਉਣ ਕਾਰਣ ਵਿਰੋਧੀ ਪਾਰਟੀਆਂ ਵਲੋਂ ਮੁੱਖ ਮੰਤਰੀ ਖਿਲਾਫ ਧਾਰਮਿਕ ਬੇਅਦਬੀ ਦਾ ਮੁੱਦਾ ਵੱਡੇ ਪੱਧਰ ਤੇ ਉਛਾਲਿਆ ਜਾ ਰਿਹਾ ਹੈ ਪਰ ਸੱਚ ਇਹ ਵੀ ਹੈ ਕਿ ਇਹ ਵਿਵਾਦਿਤ ਵੀਡੀਓ ਕਿਸੇ ਸਿਆਸੀ ਵਿਰੋਧੀ ਜਾਂ ਪਾਰਟੀ ਦੁਆਰਾ ਵਾਇਰਲ ਨਹੀ ਕੀਤੀ ਗਈ ਬਲਕਿ ਭਗਵੰਤ ਮਾਨ ਦੇ ਆਪਣੇ ਹੀ ਇਕ ਪੁਰਾਣੇ ਸਾਥੀ ਵਲੋਂ ਵਾਇਰਲ ਕੀਤੀ ਗਈ ਹੈ ਜਿਸ ਨਾਲ ਸਬੰਧਾਂ ਤੋਂ  ਉਹ ਹੁਣ ਇਨਕਾਰੀ ਹਨ। ਸੋਸ਼ਲ ਮੀਡੀਆ ਉਪਰ ਉਸ ਪੁਰਾਣੇ ਮਿੱਤਰ ਵਲੋਂ ਭਗਵੰਤ ਮਾਨ ਦੀਆਂ ਕਈ ਹੋਰ ਇਤਰਾਜ਼ਯੋਗ ਵੀਡੀਓ ਜਿਹਨਾਂ ਵਿਚ ਸਿੱਖ ਅਰਦਾਸ ਸਬੰਧੀ ਬਣਾਈ ਗਈ ਇਕ ਪੈਰੋਡੀ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਵਿਵਾਦਿਤ ਵੀਡੀਓ ਸਬੰਧੀ ਪਹਿਲਾਂ ਅਕਾਲ ਤਖਤ ਉਪਰ ਪੇਸ਼ ਹੋਕੇ ਇਸਨੂੰ ਜਾਅਲੀ ਕਹਿਣਾ, ਫਿਰ ਉਸਨੂੰ ਜਾਅਲੀ ਸਾਬਿਤ ਕਰਨ ਲਈ ਹਰਿਆਣਾ ਦੀ ਲੈਬ ਤੋਂ ਰਿਪੋਰਟ ਤਿਆਰ ਕਰਵਾਉਣਾ, ਹਰਿਆਣਾ ਪੁਲਿਸ ਵਲੋਂ ਸਬੰਧਿਤ ਲੈਬ ਮਾਹਿਰਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਵੀਡੀਓ ਵਿਚਲੇ ਕਿਰਦਾਰ ਦੇ ਮਾਸਕ ਪਾਏ ਹੋਣ ਦਾ ਨਵਾਂ ਦਾਅਵਾ ਕਰਨਾ, ਇਕ ਤੋਂ ਬਾਦ ਇਕ ਝੂਠ ਜਾਂ ਦਾਅਵਿਆਂ ਦੀ ਲੜੀ ਮਾਮਲੇ ਨੂੰ ਹੋਰ ਸੰਗੀਨ ਬਣਾਉਂਦੇ ਹਨ। ਜਿਕਰਯੋਗ ਹੈ ਕਿ ਇਸ ਜਨਵਰੀ ਮਹੀਨੇ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵਲੋਂ ਵਿਧਾਨ ਸਭਾ ਵਿਚ ਨੌਵੇ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਵਸ ਸਬੰਧੀ ਇਕ ਇਤਰਾਜ਼ਯੋਗ ਟਿਪਣੀ ਨੂੰ ਲੈਕੇ ਇਕ ਭਾਜਪਾ ਆਗੂ ਵਲੋਂ ਵਾਇਰਲ ਕੀਤੀ ਵੀਡੀਓ ਨੂੰ ਗਲਤ ਸਾਬਿਤ ਕਰਨ ਲਈ ਜਲੰਧਰ ਦੀ ਇਕ ਲੈਬ ਤੋਂ ਜਾਂਚ ਕਰਵਾਉਣ ਅਤੇ ਭਾਜਪਾ ਆਗੂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਵੀ ਕਾਫੀ ਚਰਚਾ ਰਿਹਾ ਹੈ। ਉਸ ਸਮੇਂ ਤਾਂ ਪੰਜਾਬ ਦੀ ਆਪ ਸਰਕਾਰ ਨੇ ਵੀਡੀਓ ਦੀ ਜਾਂਚ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਕਰਵਾਉਣ ਨੂੰ ਤਰਜੀਹ ਦਿੱਤੀ ਪਰ ਹੁਣ ਕੀ ਮਜ਼ਬੂਰੀ ਸੀ ਕਿ ਮੁੱਖ ਮੰਤਰੀ ਨਾਲ ਸਬੰਧਿਤ ਵਿਵਾਦਿਤ ਵੀਡੀਓ ਦੀ ਜਾਂਚ ਹਰਿਆਣਾ ਦੀ ਇਕ ਲੈਬ ਤੋਂ ਕਰਵਾਉਣੀ ਪਈ।

ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਵਿਰੋਧੀਆਂ ਵਲੋਂ ਉਸਨੂੰ ਬਦਨਾਮ ਕਰਨ ਦੀ ਇਹ ਕੋਝੀ ਸ਼ਾਜਿਸ਼ ਹੈ। ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲੇ ਲਈ ਇਤਿਹਾਸਕ ਕਾਰਜ ਕਰ ਰਹੇ ਹਨ ਜੋ ਵਿਰੋਧੀਆਂ ਨੂੰ ਹਜਮ ਨਹੀ ਹੋ ਰਹੇ।  ਉਹ ਜਥੇਦਾਰ ਵਲੋਂ ਉਸਨੂੰ ਪੰਥ ਜਾਂ ਗੁਰੂ ਦੋਖੀ ਹੋਣ ਦੇ ਫਤਵੇ ਦਾ ਫੈਸਲਾ ਲੋਕ ਕਚਹਿਰੀ ਵਿਚ ਲਿਜਾਣ ਦੀ ਗੱਲ ਕਰਦੇ ਹਨ। ਪਰ ਇਸਦੇ ਨਾਲ ਉਹ ਮਾਸਕ ਵਾਲੀ ਨਵੀਂ  ਥਿਊਰੀ ਨੂੰ ਅਕਾਲ ਤਖਤ ਅੱਗੇ ਪੇਸ਼ ਕੀਤੇ ਜਾਣ ਦੀ ਗੱਲ ਕਰਦਿਆਂ ਆਪਣੀ ਦੁਬਿਧਾ ਵੀ ਜ਼ਾਹਰ ਕਰ ਰਹੇ ਹਨ। ਇਹ ਦੁਬਿਧਾ ਉਹਨਾਂ ਦੀ ਆਪਣੀ ਨਹੀ ਸ਼ਾਇਦ ਵੋਟ ਰਾਜਨੀਤੀ ਦੀ ਮਜਬੂਰੀ ਹੈ। ਕਿਹਾ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਇਕ ਉਘੇ ਤੇ ਬੇਬਾਕ ਕਲਾਕਾਰ ਵਜੋਂ ਉਹਨਾਂ ਵਲੋਂ ‘ਧਾਰਮਿਕ ਪਾਖੰਡ’ ਖਿਲਾਫ ਕੀਤੀਆਂ ਗਈਆਂ ਟਿਪਣੀਆਂ ਦੀ ਇਕ ਲੰਬੀ ਸੂਚੀ  ਹੈ। ਇਕ ਕਲਾਕਾਰ ਤੋਂ ਸਿਆਸੀ ਆਗੂ ਬਣਨ ਦਾ ਸਫਰ ਸਫਲਤਾਪੂਰਵਕ ਤੈਅ ਕਰਨਾ ਵੀ ਸ਼ਾਇਦ ਆਸਾਨ ਨਹੀ । ਇਸ ਸਫਰ ਵਿਚ ਸੌ ਝੂਠ-ਤੂਫਾਨ ਤੇ ਸਿਆਸੀ ਤਿਕੜਬਾਜ਼ੀਆਂ ਖੇਡਣ ਦੀ ਅਦਾਕਾਰੀ ਲਈ ਵੀ ਇਕ ਥਾਂ ਹੈ। ਅਗਰ ਉਸਨੇ ਆਪਣੀ ਸਿਆਸੀ ਪਾਰੀ ਨੂੰ ਜਾਰੀ ਰੱਖਣਾ ਹੈ ਤਾਂ ਇਕ ਕਲਾਕਾਰ ਦੀ ਉਸੇ ਬੇਬਾਕੀ ਨਾਲ ਧਾਰਮਿਕ ਪਾਖੰਡ’ ਖਿਲਾਫ ਕੀਤੀਆਂ ਗਈਆਂ ਟਿਪਣੀਆਂ ਨੂੰ ਸਵੀਕਾਰ ਕਰਦਿਆਂ ਲੋਕ ਕਚਹਿਰੀ ਵਿਚ ਜਾਣ ਦੀ ਹਿੰਮਤ ਵਿਖਾਉਣ। ਜਾਂ ਧਾਰਮਿਕ ਪਾਖੰਡ ਖਿਲਾਫ ਇਕ ਕਲਾਕਾਰ ਵਜੋਂ ਕੀਤੀਆਂ ਟਿਪਣੀਆਂ ਨੂੰ ਧਾਰਮਿਕ ਗੁਨਾਹਾਂ ਦੀ ਤਲਾਫੀ ਵਜੋਂ ਸਵੀਕਾਰ ਕਰਨ ਲੈਣ। ਪਿਛਲੇ ਸਮੇਂ ਵਿਚ ਕਈ ਸਿਆਸੀ ਆਗੂਆਂ ਵਲੋਂ ਅਕਾਲ ਤਖਤ ਵਿਖੇ ਪੇਸ਼ ਹੁੰਦਿਆਂ ਧਾਰਮਿਕ ਸਜ਼ਾ ਲਗਵਾਉਣ ਤੇ ਮੁੜ ਪੰਥ ਵਿਚ ਸ਼ਾਮਿਲ ਹੋਣ ਦੀਆਂ ਕਈ ਉਦਾਹਰਣਾਂ ਸਾਡੇ ਸਾਹਮਣੇ ਹਨ। ਇਹ ਸਮਝਣ ਦੀ ਲੋੜ ਹੈ ਕਿ ਮੁੱਖ ਮੰਤਰੀ ਦੇ ਸਤਿਕਾਰਤ ਅਹੁਦੇ ਤੇ ਰਹਿੰਦਿਆਂ ਧਰਮ ਤੇ ਰਾਜਨੀਤੀ ਦੇ ਪਾਖੰਡ ਨੂੰ  ਰਲਗੱਡ ਕਰਕੇ ਜਾਂ ਲੋਕ ਰਾਇ ਨੂੰ ਗੁੰਮਰਾਹ ਕਰਕੇ ਲੰਬੇ ਸਮੇਂ ਲਈ ਜਨਤਕ ਜੀਵਨ ਵਿਚ ਵਿਚਰਨਾ ਸਹਿਜ ਨਹੀ ਹੋਵੇਗਾ। ਮਾਸਕ ਉਹਲੇ ਅਸਲ ਚਿਹਰੇ ਨੂੰ ਲੁਕਾਉਣਾ ਇੰਨਾ ਵੀ ਆਸਾਨ ਨਹੀਂ। ਕਿਸੇ ਫਿਲਮੀ ਗੀਤ ਦੇ ਬੋਲ ਵਾਂਗ ਇਕ ਚਿਹਰੇ ਪੇ ਕਈ ਚਿਹਰੇ ਲਗਾ ਲੇਤੇ ਹੈ ਲੋਕ….ਦੀ ਸੱਚਾਈ ਸੱਤ ਪਰਦੇ ਪਾੜਕੇ ਵੀ ਬਾਹਰ ਆ  ਜਾਂਦੀ ਹੈ।

Leave a Reply

Your email address will not be published. Required fields are marked *