ਐਡਮਿੰਟਨ ( ਬਾਲਮ ): ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਸਭ ਰੰਗ ਸਾਹਿਤ ਸਭਾ ਵੱਲੋਂ ਸਾਂਝੇ ਤੌਰ ’ਤੇ ਮੀਡੋਜ਼ ਲਾਇਬਰੇਰੀ, ਐਡਮਿੰਟਨ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੀ ਸਾਹਿਤਕਾਰਾ ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ “ਬੋਲੀਆਂ” ਦਾ ਰਸਮੀ ਲੋਕ ਅਰਪਣ ਕੀਤਾ ਗਿਆ ਅਤੇ ਇਸ ਉਪਰੰਤ ਇੱਕ ਰੌਣਕਮਈ ਕਵੀ ਦਰਬਾਰ ਵੀ ਸਜਾਇਆ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦਲਬੀਰ ਸਿੰਘ ਰਿਆੜ, ਸੁਰਜੀਤ ਕੌਰ ਧਾਲੀਵਾਲ ਅਤੇ ਸਤਨਾਮ ਸਿੰਘ ਗਾਹਲੇ ਨੇ ਸ਼ਿਰਕਤ ਕੀਤੀ। ਪੁਸਤਕ ਬਾਰੇ ਵਿਸਤ੍ਰਿਤ ਅਤੇ ਪ੍ਰਭਾਵਸ਼ਾਲੀ ਵਿਚਾਰ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਸਿੰਘ ਬਾਲਮ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ “ਬੋਲੀਆਂ” ਪੰਜਾਬੀ ਲੋਕ-ਵਿਰਸੇ, ਸੱਭਿਆਚਾਰ ਅਤੇ ਲੋਕ-ਜੀਵਨ ਦੀਆਂ ਭਾਵਨਾਵਾਂ ਨੂੰ ਬੜੀ ਖੂਬਸੂਰਤੀ ਨਾਲ ਆਪਣੇ ਅੰਦਰ ਸਮੇਟਦੀ ਹੈ ਅਤੇ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਰਚਨਾ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਪ੍ਰੋਫੈਸਰ ਵਿਨੈ, ਤੇਜਿੰਦਰ ਪਾਲ ਸਿੰਘ, ਮਾਸਟਰ ਅਜੀਤ ਸਿੰਘ, ਕਾਰਜ ਸਿੰਘ ਔਲਖ, ਮੈਡਮ ਪਲਵਿੰਦਰ ਕੌਰ, ਕਸ਼ਮੀਰਾ ਸਿੰਘ (ਨਿਰਮਾਣ ਮੈਨੇਜਰ), ਸੁਖਦੇਵ ਸਿੰਘ, ਦਿਆ ਰਾਮ, ਭਜਨ ਲਾਲ, ਕਰਤਾਰ ਸਿੰਘ, ਨਰਿੰਦਰ ਸਿੰਘ (ਮੈਨੇਜਰ), ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਸਤਨਾਮ ਸਿੰਘ ਗਾਹਲੇ, ਗੁਰਮੁਖ ਸਿੰਘ, ਪ੍ਰਦੂਮਣ ਸਿੰਘ, ਮਨਜੀਤ ਸਿੰਘ ਅਤੇ ਅਵਦੇਸ਼ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਕਵੀਆਂ ਨੇ ਸਮਾਜਿਕ ਸਰੋਕਾਰਾਂ, ਪੰਜਾਬੀ ਮਾਂ-ਬੋਲੀ, ਪ੍ਰੇਮ, ਮਨੁੱਖਤਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕਰਕੇ ਭਰਪੂਰ ਵਾਹ-ਵਾਹ ਖੱਟੀ।
ਸਮਾਗਮ ਦਾ ਮੰਚ ਸੰਚਾਲਨ ਅੰਮ੍ਰਿਤਪਾਲ ਸਿੰਘ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ, ਜਿਸ ਦੀ ਹਾਜ਼ਰੀਨ ਵੱਲੋਂ ਖੂਬ ਸਰਾਹਨਾ ਕੀਤੀ ਗਈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦਲਬੀਰ ਸਿੰਘ ‘ਰਿਆੜ’, ਪ੍ਰਧਾਨ, ਵਿਸ਼ਵ ਪੰਜਾਬੀ ਸਭਾ ਕਨੇਡਾ (ਐਡਮਟਨ ਇਕਾਈ), ਨੇ ਕਿਹਾ ਕਿ ਪਰਵਾਸ ਦੀ ਧਰਤੀ ’ਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਸਮਾਗਮ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਸਭ ਰੰਗ ਸਾਹਿਤ ਸਭਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੀਆਂ ਰਹਿਣਗੀਆਂ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੋੜਿਆ ਜਾ ਸਕੇ।
ਸਮਾਗਮ ਦੇ ਅੰਤ ਵਿੱਚ ਪੁਸਤਕ ਦੀ ਲੇਖਿਕਾ ਸੁਰਜੀਤ ਕੌਰ ਧਾਲੀਵਾਲ ਨੇ ਸਮੂਹ ਪ੍ਰਬੰਧਕਾਂ, ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬੀ ਸਾਹਿਤ ਦੀ ਸੇਵਾ ਲਈ ਇਹ ਸਾਂਝਾ ਉਪਰਾਲਾ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਗਾ ਕੇ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ।
ਬਲਵਿੰਦਰ ਬਾਲਮ
+91 98156 25409
balambalwinder@gmail.com
