ਸਰੀ ( ਦੇ ਪ੍ਰ ਬਿ)-ਸਰੀ ਦੇ ਉਘੇ ਇਮੀਗ੍ਰੇਸ਼ਨ ਸਲਾਹਕਾਰ ਅਤੇ ਬਿਜਨਸਮੈਨ ਕੁਲਦੀਪ ਬਾਂਸਲ ਨੇ ਮੀਡੀਆ ਕੋਲ ਪਹੁੰਚ ਕਰਦਿਆਂ ਦੱਸਿਆ ਹੈ ਕਿ ਉਹ ਇੱਕ ਨੰਬਰੀ ਕੰਪਨੀ, 1341678 ਬੀ.ਸੀ. ਲਿਮਟਿਡ ਦਾ ਇੱਕ ਸ਼ੇਅਰਹੋਲਡਰ ਮਾਲਕ ਸੀ, ਜਿਸ ਕੋਲ ਸਰੀ ਲੇਕ ਪਾਰਕ ਦੇ ਨਾਲ ਲੱਗਦੇ 7580 152 ਸਟ੍ਰੀਟ ‘ਤੇ ਜ਼ਮੀਨ ਦਾ ਇੱਕ ਪਾਰਸਲ ਅਤੇ ਇੱਕ ਗੋਲਫ ਕੋਰਸ ਸੀ। ਇਹ ਜਗ੍ਹਾ, ਜੋ ਕਿ ਪੰਜ ਹੈਕਟੇਅਰ ਤੋਂ ਥੋੜ੍ਹੀ ਜ਼ਿਆਦਾ ਹੈ, ਨੂੰ ਹਾਲ ਹੀ ਵਿੱਚ ਸਿਟੀ ਦੁਆਰਾ “ਮਨੋਰੰਜਨ, ਪਾਰਕ ਅਤੇ ਵਾਤਾਵਰਣ ਦੇ ਉਦੇਸ਼ਾਂ” ਲਈ ਖਰੀਦਿਆ ਗਿਆ ਸੀ। ਕੁਲਦੀਪ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕੋਲ ਇਹ ਜਮੀਨ ਪਿਛਲੇ ਚਾਰ ਸਾਲ ਤੋ ਸੀ ਜੋ ਵੇਚਣ ਲਈ ਲਿਸਟਿੰਗ ਕੀਤੀ ਹੋਈ ਸੀ। ਉਹਨਾਂ ਨੇ ਇਹ ਜ਼ਮੀਨ 2022 ਵਿੱਚ $6 ਮਿਲੀਅਨ ਵਿੱਚ ਖਰੀਦੀ ਸੀ ਪਰ ਇਸਨੂੰ ਅੱਗੋਂ ਵੇਚਣ ਲਈ $4.5 ਮਿਲੀਅਨ ਵਿੱਚ ਲਿਸਟਿੰਗ ਕੀਤਾ ਗਿਆ ਸੀ। ਇਸ ਰੇਟ ਤੇ ਇਸਨੂੰ ਕੋਈ ਵੀ ਖਰੀਦ ਸਕਦਾ ਸੀ। ਸਿਟੀ ਨੇ ਇਸ ਜਮੀਨ ਦੀ ਖਰੀਦ ਲਈ ਕਦੇ ਦਿਲਚਸਪੀ ਨਹੀ ਵਿਖਾਈ ਤੇ ਨਾ ਹੀ ਕੋਈ ਪੇਸ਼ਕਸ਼ ਕੀਤੀ। ਸਾਨੂੰ ਲਿਸਟਿੰਗ ਕੀਮਤ ‘ਤੇ ਕੋਈ ਖਰੀਦਦਾਰ ਨਹੀਂ ਮਿਲਿਆ, ਇਸ ਲਈ ਮਜਬੂਰਨ ਇਸਨੂੰ $3.35 ਮਿਲੀਅਨ ਵਿੱਚ ਵੇਚਣਾ ਪਿਆ ਪਰ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕੁਝ ਹਫ਼ਤਿਆਂ ਬਾਅਦ ਹੀ ਸਾਡੇ ਖਰੀਦਦਾਰ ਨੇ ਇਸਨੂੰ ਸਿਟੀ ਹਾਲ ਨੂੰ $6.8 ਮਿਲੀਅਨ ਵਿੱਚ ਵੇਚ ਦਿੱਤਾ। ਉਹ ਹੈਰਾਨ ਹਨ ਕਿ ਸਿਟੀ ਨੇ ਸਾਡੇ ਕੋਲੋ ਜ਼ਮੀਨ ਖਰੀਦਣ ਵਾਲੇ ਵਿਅਕਤੀ ਤੋਂ ਉਸੇ ਜ਼ਮੀਨ ਨੂੰ 3.5 ਮਿਲੀਅਨ ਡਾਲਰ ਵਾਧੂ ਅਦਾ ਕਰਦਿਆਂ ਖਰੀਦ ਲਿਆ। ਜੇਕਰ ਸਿਟੀ ਨੂੰ ਇਹ ਜ਼ਮੀਨ ਚਾਹੀਦੀ ਸੀ , ਤਾਂ ਮਾਰਕੀਟ ਰੇਟ ਮੁਤਾਬਿਕ ਇਹ ਜ਼ਮੀਨ $4.5 ਮਿਲੀਅਨ ਵਿੱਚ ਵਿਕਰੀ ਲਈ ਲਿਸਟਿੰਗ ਉਪਰ ਸੀ। ਉਹ ਟੈਕਸਦਾਤਾਵਾਂ ਦੇ ਲੱਖਾਂ ਡਾਲਰ ਬਚਾ ਸਕਦੇ ਸਨ। ਪਰ ਇਸ ਦੀ ਬਜਾਏ ਉਨ੍ਹਾਂ ਨੇ ਜ਼ਮੀਨ ਨੂੰ ਇੱਕ ਵਿਚੋਲੇ ਦੇ ਹੱਥਾਂ ਵਿੱਚ ਆਉਣ ਤੱਕ ਇੰਤਜ਼ਾਰ ਕੀਤਾ, ਅਤੇ ਫਿਰ ਵਿਚੋਲੇ ਨੂੰ ਲਗਭਗ ਦੁੱਗਣਾ ਭੁਗਤਾਨ ਕੀਤਾ ਗਿਆ।
ਇਸੇ ਦੌਰਾਨ ਕੁਲਦੀਪ ਬਾਂਸਲ ਦੇ ਜਵਾਬ ਵਿੱਚ, ਸ਼ਹਿਰ ਦੇ ਕਾਰਪੋਰੇਟ ਸੇਵਾਵਾਂ ਵਿਭਾਗ ਨੇ ਕਿਹਾ ਕਿ ਜ਼ਮੀਨ ਖਰੀਦ ਪ੍ਰਕਿਰਿਆ ਵਿੱਚ ਮਈ ਵਿੱਚ ਕੌਂਸਲ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਪੰਜ ਮਹੀਨਿਆਂ ਦੀ “ਸੁਤੰਤਰ ਮਾਰਕੀਟ ਮੁਲਾਂਕਣ ਅਤੇ ਸਿਟੀ ਦੇ ਕਈ ਹੋਰ ਵਿਭਾਗਾਂ ਦੁਆਰਾ ਸਮੀਖਿਆ ਕੀਤੀ ਗਈ ਸੀ। ਇਸ ਜ਼ਮੀਨ ਦੀ ਖਰੀਦ ਲਈ “6.8 ਮਿਲੀਅਨ ਡਾਲਰ ਦੀ ਗੱਲਬਾਤ ਕੀਤੀ ਗਈ । ਖਰੀਦ ਕੀਮਤ ਨੂੰ ਕੋਲੀਅਰਜ਼ ਕੈਨੇਡਾ ਦੁਆਰਾ ਤਿਆਰ ਕੀਤੇ ਗਏ ਇੱਕ ਸੁਤੰਤਰ ਤੀਜੀ-ਧਿਰ ਮੁਲਾਂਕਣ ਦੁਆਰਾ ਸਮਰਥਨ ਕੀਤਾ ਗਿਆ ਸੀ ਅਤੇ ਇਹ ਮੁਲਾਂਕਣ ਕੀਤੇ ਗਏ ਬਾਜ਼ਾਰ ਮੁੱਲ ਤੋਂ ਲਗਭਗ 1 ਮਿਲੀਅਨ ਡਾਲਰ ਘੱਟ ਸੀ। ਸਿਟੀ ਦਾ ਕਹਿਣਾ ਹੈ ਕਿ ਇਸ ਖਰੀਦ ਵਿਚ ਪੂਰੀ ਪਾਰਦਰਸ਼ਤਾ ਰੱਖੀ ਗਈ ਹੈ।
ਕੌਂਸਲਰ ਮਨਦੀਪ ਨਾਗਰਾ ਨੇ ਪੁਲਿਸ ਜਾਂਚ ਦੀ ਮੰਗ ਕੀਤੀ-
ਇਸੇ ਦੌਰਾਨ ਕੌਂਸਲਰ ਮਨਦੀਪ ਨਾਗਰਾ ਨੇ ਕਿਹਾ ਹੈ ਕਿ 7580 152 ਸਟਰੀਟ ‘ਤੇ ਜ਼ਮੀਨ ਖਰੀਦਣ ਦਾ ਫੈਸਲਾ ਇੱਕ ਬੰਦ ਕਮਰਾ ਕੌਂਸਲ ਮੀਟਿੰਗ ਵਿੱਚ ਕੀਤਾ ਗਿਆ ਹੈ। ਉਹ ਇਸ ਬਾਰੇ ਚਰਚਾ ਨਹੀਂ ਕਰਨਗੇ ਕਿ ਇਸ ਵਿੱਚ ਕੀ ਹੋਇਆ। ਪਰ ਇਹ ਲੈਣ-ਦੇਣ ਕਿਵੇਂ ਹੋਇਆ, ਇਸ ਦੀਆਂ ਪੂਰੀਆਂ ਸਥਿਤੀਆਂ ਤੋਂ ਜਾਣੂ ਹੋਣ ਤੋਂ ਬਾਅਦ, ਮੈਨੂੰ ਵਿਸ਼ਵਾਸ ਨਹੀਂ ਹੈ ਕਿ ਇਸਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ। ਇੱਥੇ ਕੁਝ ਸਹੀ ਨਹੀਂ ਹੈ ਅਤੇ ਮੈਂ ਚੁੱਪ ਨਹੀ ਰਹਾਂਗਾ ਕਿਉਂਕਿ ਲੋਕਾਂ ਦਾ ਟੈਕਸ ਦਾ ਪੈਸਾ ਲੁਟਾਇਆ ਜਾ ਰਿਹਾ ਹੈ। ਉਹਨਾਂ ਇਸ ਮਾਮਲੇ ਦੀ ਪੁਲਿਸ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
