Jul 13, 2026

Screenshot

ਨਿਊਯਾਰਕ- ਐਫ ਬੀ ਆਈ ਵਲੋਂ ਭਾਰਤੀ ਮੂਲ ਦੇ ਗੈਂਗਸਟਰ ਗਰੁੱਪਾਂ ਖਿਲਾਫ ਕਾਰਵਾਈ  ਉਪਰੰਤ ਇਹ ਸਵਾਲ ਆਮ ਹੈ ਕਿ ਕੀ ਅਮਰੀਕਾ ਬਦਨਾਮ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਭਾਰਤ ਤੋਂ ਹਵਾਲਗੀ ਮੰਗੇਗਾ ਜਾਂ ਨਹੀਂ। ਇਸੇ ਦੌਰਾਨ ਪਤਾ ਲੱਗਾ ਹੈ  ਕਿ ਅਮਰੀਕਾ ਭਾਰਤ ਤੋਂ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ। ਬਿਸ਼ਨੋਈ ‘ਤੇ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦੇਣ ਅਤੇ ਅਮਰੀਕਾ ਵਿੱਚ ਕਈ ਹੋਰ ਅਪਰਾਧਾਂ ਨੂੰ ਅੰਜ਼ਾਮ ਦੇਣ ਦੇ ਦੋਸ਼ ਹਨ। ਇਹ ਵੀ ਖਬਰ ਹੈ ਕਿ ਅਮਰੀਕੀ ਨਿਆਂ ਵਿਭਾਗ ਗੈਂਗਸਟਰਾਂ ਨਾਲ ਮਿਲਕੇ ਕੰਮ ਕਰਨ ਵਾਲੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਹਵਾਲਗੀ ਦੀ ਵੀ ਮੰਗ ਕਰ ਸਕਦਾ ਹੈ। ਉਸ ‘ਤੇ ਅਮਰੀਕਾ ਵਿੱਚ 4,00,000 ਡਾਲਰ ਦੀ ਫਿਰੌਤੀ (ਰੰਗਦਾਰੀ) ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ ਹੈ ਕਿ ਉਸਨੇ ਅਮਰੀਕਾ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਕੈਨੇਡੀਅਨ ਨਾਗਰਿਕ ਨਿੱਝਰ ਦਾ 18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਬਿਸ਼ਨੋਈ ਅਤੇ ਨਾਗਰਾ ਦੀ ਹਵਾਲਗੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਹਾਂ ਪੱਖੀ  ਜਵਾਬ ਦਿੱਤਾ, ਪਰ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।

ਇਸ ਮਾਮਲੇ ਬਾਰੇ ਜਦੋਂ ਨਿਊਜ਼ ਏਜੰਸੀ ਪੀ ਟੀ ਆਈ (PTI) ਨੇ ਅਮਰੀਕਾ ਦੇ ਕੈਲੀਫੋਰਨੀਆ ਸੈਂਟਰਲ ਡਿਸਟ੍ਰਿਕਟ ਦੇ ਸਰਕਾਰੀ ਵਕੀਲ (ਅਮਰੀਕੀ ਅਟਾਰਨੀ) ਦਫ਼ਤਰ ਦੇ ਪਬਲਿਕ ਅਫੇਅਰਜ਼ ਅਧਿਕਾਰੀ ਸਿਆਰਨ ਮੈਕਐਵੋਏ (Ciaran McEvoy) ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਈ-ਮੇਲ ਰਾਹੀਂ ਇਸ ਦੀ ਪੁਸ਼ਟੀ ਕਰਦਿਆਂ ਜਵਾਬ ਦਿੱਤਾ, “ਹਾਂ। ਇਸ ਤੋਂ ਇਲਾਵਾ, ਸਾਡੀ ਕੋਈ ਹੋਰ ਟਿੱਪਣੀ ਨਹੀਂ ਹੈ।”

ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਵੱਡੀ ਸਾਂਝੀ ਕਾਰਵਾਈ ਕਰਦੇ ਹੋਏ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਏਜੰਸੀਆਂ ਨੇ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਸਾਰੇ ਵਿਅਕਤੀ ਭਾਰਤ ਵਿੱਚ ਚੱਲ ਰਹੇ ਤਿੰਨ ਕੌਮਾਂਤਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ‘ਤੇ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ 24 ਲੋਕਾਂ ਵਿੱਚੋਂ 11 ਵਿਅਕਤੀ ਕੈਲੀਫੋਰਨੀਆ ਦੇ ਰਹਿਣ ਵਾਲੇ ਹਨ।

ਕੁੱਲ ਮਿਲਾ ਕੇ, ਅਮਰੀਕਾ ਦੇ ਨਿਆਂ ਵਿਭਾਗ ਨੇ ਆਪਣੇ ‘ਅਪਰੇਸ਼ਨ ਹਾਰਡਬਾਲ’ (Operation Hardball) ਦੇ ਹਿੱਸੇ ਵਜੋਂ ਚਾਰਜਸ਼ੀਟ ਵਿੱਚ 37 ਲੋਕਾਂ ਨੂੰ ਨਾਮਜ਼ਦ ਕੀਤਾ ਹੈ।

ਅਮਰੀਕਾ ਨੇ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ‘ਤੇ ਵੀ ਨਿੱਝਰ ਦੇ ਕਤਲ ਦਾ ਹੁਕਮ ਦੇਣ ਦਾ ਦੋਸ਼ ਲਗਾਇਆ ਹੈ। ਐੱਫ ਬੀ ਆਈ (FBI) ਨੇ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ 50,000 ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *