Jul 14, 2026

● ਲੋਕ ਗੁਣ ਦੋਸ਼ ਦੇ ਅਧਾਰ ‘ਤੇ ਕਰਨ ਪਾਰਟੀ ਦੀ ਚੋਣ-

ਮਨਿੰਦਰ ਸਿੰਘ ਗਿੱਲ–
ਸਰੀ – 29 ਜੂਨ ਸੰਨ 2026 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਲਾਈਵ ਪ੍ਰਸਾਰਨ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਨੇ ਅੱਖੀਂ ਵੇਖਿਆ। ਇਸ ਦੌਰਾਨ ਜਿੱਥੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਵਿਦਵਤਾ ਸੂਝ ਬੂਝ ਅਤੇ ਸਿੱਖੀ ਸਿਧਾਂਤਾਂ ਪ੍ਰਤੀ ਦ੍ਰਿੜਤਾ ਉੱਤੇ ਮਾਣ ਮਹਿਸੂਸ ਹੋਇਆ, ਉੱਥੇ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੇ ਕਾਰਗੁਜ਼ਾਰੀ ਤੇ ਅਫਸੋਸ ਵੀ ਹੋਇਆ। ਪੰਜਾਬ ਦੀ ਸੱਤਾਧਾਰੀ ਧਿਰ ਦੇ ਮੰਤਰੀ ਅਤੇ ਐਮਐਲਏ ਜਿਨ੍ਹਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਬੜੇ ਜੋਸ਼-ਓ-ਖ਼ਰੋਸ਼ ਨਾਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਦੇ ਮਹੱਤਵਪੂਰਨ ਪੱਖਾਂ ਨੂੰ ਸਮਝਾਉਣ ਦੇ ਵਿੱਚ ਨਾਕਾਮ ਰਹੇ ਜਿੱਥੋਂ ਉਹਨਾਂ ਦੀ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਦੇ ਪ੍ਰਤੀ ਵਚਨਬੱਤਾ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਹਨ। ਇਸਤੋਂ ਬਾਅਦ ਸਿੱਖ ਮਨਾਂ ਵਿੱਚ ਇਹ ਰੋਸ ਪੈਦਾ ਹੋਇਆ ਹੈ ਕਿ ਜੋ ਸੱਤਾਧਾਰੀ ਧਿਰ ਗੁਰੂ ਸਾਹਿਬ ਦੀ ਬੇਅਦਬੀ ਦੇ ਮਸਲੇ ਉੱਪਰ ਕਾਨੂੰਨ ਬਣਾ ਰਹੀ ਹੈ ਕੀ ਉਸ ਨੂੰ ਇਹ ਵੀ ਪਤਾ ਹੈ ਕਿ ਉਸ ਕਾਨੂੰਨ ਵਿੱਚ ਦਰਅਸਲ ਹੈ ਕੀ ? ਜਾਂ ਫਿਰ ਦਿੱਲੀ ਅਤੇ ਪੰਜਾਬ ਦੀ ਬਾਬੂਸ਼ਾਹੀ ਵੱਲੋਂ ਬਣਾਏ ਗਏ ਖਰੜੇ ਉੱਤੇ ਕਠਪੁਤਲੀਆਂ ਵਾਂਗ ਮੋਹਰ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਦਿਆਂ ਇਹ ਤੱਥ ਵੀ ਸਾਹਮਣੇ ਆਇਆ ਕੀ ਇਸ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਕਿਸੇ ਵੀ ਸਿੱਖ ਸੰਸਥਾ ਜਿਵੇਂ ਕਿ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਸੰਪਰਦਾਵਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਲ ਜਾਂ ਦਮਦਮੀ ਟਕਸਾਲ ਆਦਿ ਨਾਲ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਜੋ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਖਿਲਾਫ ਚੁੱਕਿਆ ਗਿਆ ਇਕ ਕਦਮ ਹੈ ਅਤੇ ਸਿੱਖ ਸਿਧਾਂਤਾਂ ਦੀ ਸਪਸ਼ਟ ਉਲੰਘਣਾ ਹੈ। ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਸੀ ਕਿ ਮਸਲੇ ਦੀ ਗੰਭੀਰਤਾ ਨੂੰ ਮਨ ਵਿੱਚ ਰੱਖਦੇ ਹੋਏ ਸਿੱਖ ਸੰਸਥਾਵਾਂ ਨੂੰ ਭਰੋਸੇ ਵਿੱਚ ਲੈ ਕੇ ਕਾਨੂੰਨ ਬਣਾਉਣ ਦੀ ਕਾਰਵਾਈ ਕੀਤੀ ਜਾਂਦੀ, ਬਜਾਏ ਇਸਦੇ ਕਿ ਕਾਨੂੰਨ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਪਾਸ ਕਰਵਾ ਕੇ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਉੱਤੇ ਨਿਕਲ ਜਾਣ।
ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਅਣਐਲਾਨੇ ਆਈਟੀ ਸੈਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਅਤੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਬਾਰੇ ਕੀਤਾ ਗਿਆ ਕੂੜ ਪ੍ਰਚਾਰ ਹਰੇਕ ਸਿੱਖ ਲਈ ਪੀੜਾ ਦਾ ਸਬੱਬ ਸਾਬਤ ਹੋਇਆ ਹੈ। ਇਸ ਨੇ ਸਿੱਖ ਮਨਾਂ ਵਿੱਚ ਗੁੱਸੇ ਦੀ ਜਵਾਲਾ ਨੂੰ ਹੋਰ ਭੜਕਾ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਚੁਣੌਤੀਪੂਰਨ ਗੱਲਾਂ ਕਰਦਿਆਂ ਬੇਅਦਬੀ ਕਾਨੂੰਨ ਬਾਰੇ ਗੁੰਮਰਾਹਕੁਨ ਪ੍ਰਚਾਰ ਕੀਤਾ ਸੀ। ਆਮ ਆਦਮੀ ਪਾਰਟੀ ਦੇ ਇਸ ਵਤੀਰੇ ਨੂੰ ਜੇ ਭਾਜਪਾ ਦੇ ਨਾਲ ਤੁਲਨਾ ਕਰੀਏ ਤਾਂ ਭਾਜਪਾ ਸਿੱਖ ਮਸਲਿਆਂ ਦੇ ਵਿੱਚ ਬੜੀ ਸੰਜੀਦਗੀ ਅਤੇ ਸਿੱਖ ਧਰਮ ਪਤੀ ਨਿਸ਼ਟਾ ਦੇ ਨਾਲ ਅੱਗੇ ਵਧੀ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿੱਚ ਸਿੱਖਾਂ ਦੀਆਂ ਚੋਣਵੀਂਆਂ ਮੰਗਾਂ ਦਾ ਨਿਪਟਾਰਾ ਹੋਇਆ ਹੈ ਜਿਵੇਂ ਸਿੱਖਾਂ ਦੀ ਕਾਲੀ ਸੂਚੀ ਦਾ ਖਾਤਮਾ, ਸ੍ਰੀ ਦਰਬਾਰ ਸਾਹਿਬ ਤੋਂ ਟੈਕਸ ਹਟਾਉਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਬਤ ਸੂਰਤ ਸਿੱਖਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਮਨਾਉਣਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਰੇ ਦੇਸ਼ ਵਿੱਚ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਉਣਾ, ਦਿੱਲੀ ਦੰਗਿਆਂ ਦੇ ਬੰਦ ਹੋਏ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਕਰਾਉਣੀ ਗੱਲ ਕੀ ਮੋਦੀ ਨੇ ਸਿੱਖਾਂ ਦੇ ਦਹਾਕਿਆਂ ਤੋਂ ਲਟਕੇ ਹੋਏ ਮਸਲਿਆਂ ਦਾ ਹੱਲ ਕੀਤਾ ਹੈ। ਹਾਲ ਹੀ ਵਿੱਚ ਦੋ ਘਟਨਾਵਾਂ ਨੇ ਭਾਰਤੀ ਜਨਤਾ ਪਾਰਟੀ ਦਾ ਰਵਈਆ ਸਿੱਖਾਂ ਪ੍ਰਤੀ ਬਿਲਕੁਲ ਸਾਫ ਕਰ ਦਿੱਤਾ ਹੈ ਜਦੋਂ ਉੱਤਰਾਖੰਡ ਦੇ ਕਰਨ ਪ੍ਰਿਆਗ ਵਿੱਚ ਨਿਹੰਗ ਸਿੰਘਾਂ ਦਾ ਟਕਰਾਅ ਮੁਕਾਮੀ ਲੋਕਾਂ ਨਾਲ ਹੋ ਗਿਆ ਤਾਂ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਉੱਪਰ ਸਿੱਖਾਂ ਖਿਲਾਫ ਕੋਈ ਵੀ ਵਧੀਕੀ ਨਹੀਂ ਹੋਣ ਦਿੱਤੀ ਅਤੇ ਚਾਰ ਨਿਹੰਗ ਸਿੰਘ ਜਿਹੜੇ ਪੁਲਿਸ ਦੀ ਹਿਰਾਸਤ ਵਿੱਚ ਸਨ ਉਹਨਾਂ ਦੀ ਜਮਾਨਤ ਕਰਵਾ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਿਆ ਗਿਆ। ਦੂਸਰੇ ਪਾਸੇ ਤਖਤ ਸ੍ਰੀ ਹਜੂਰ ਸਾਹਿਬ ਦੇ ਕਾਨੂੰਨ ਨੂੰ ਲੈ ਕੇ ਜਦੋਂ ਮਹਾਰਾਸ਼ਟਰ ਅਤੇ ਦੇਸ਼ ਦੇ ਸਿੱਖਾਂ ਵਿੱਚ ਇਹ ਪ੍ਰਭਾਵ ਗਿਆ ਕਿ ਸਰਕਾਰ ਸਿੱਖਾਂ ਤੋਂ ਤਖਤ ਸਾਹਿਬ ਦਾ ਕੰਟਰੋਲ ਖੋਹਣ ਲਈ ਨਵਾਂ ਕਾਨੂੰਨ ਲਿਆ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ ਗੱਲਬਾਤ ਕਰਨ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਹ ਖਬਰ ਆ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ ਹੈ ਕਿ ਜੇ ਕਾਨੂੰਨ ਵਿੱਚ ਕੋਈ ਵੀ ਰੱਦੋਬਦਲ ਹੋਵੇਗੀ ਤਾਂ ਉਹ ਸਿੱਖ ਭਾਈਚਾਰੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਹੀ ਹੋਵੇਗੀ।
ਜੇ ਇਸ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਸਿੱਖਾਂ ਪ੍ਰਤੀ ਰਵਈਏ ਨਾਲ ਕੀਤੀ ਜਾਵੇਜਿੱਥੇ ਕਾਨੂੰਨ ਬਿਨਾਂ ਸਿੱਖ ਸੰਸਥਾਵਾਂ ਨੂੰ ਭਰੋਸੇ ਵਿੱਚ ਲਏ ਪਾਸ ਕੀਤੇ ਜਾਂਦੇ ਹਨ ਅਤੇ ਤਖਤ ਸਾਹਿਬ ਦੇ ਖਿਲਾਫ ਆਈਟੀ ਸੈਲਾਂ ਤੋਂ ਕੂੜ ਪ੍ਰਚਾਰ ਕਰਾਇਆ ਜਾਂਦਾ ਹੈ ਅਤੇ ਚੁਣੇ ਹੋਏ ਨੁਮਾਇੰਦੇ ਤਖਤ ਸਾਹਿਬ ਦੇ ਜਥੇਦਾਰ ਬਾਰੇ ਆਪ ਸ਼ਬਦ ਬੋਲਦੇ ਹਨ ਤਾਂ ਇਹ ਕਿਆਸ ਲਾਉਣੀ ਕਿ ਕੌਣ ਸਿੱਖ ਪੱਖੀ ਹੈ ਅਤੇ ਕੌਣ ਸਿੱਖ ਵਿਰੋਧੀ, ਕੋਈ ਔਖਾ ਕੰਮ ਨਹੀਂ ਰਹਿੰਦਾ। ਪੰਜਾਬ ਦੇ ਲੋਕ ਇਨਕਲਾਬ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਦੇ ਚੁੱਕੇ ਹਨ ਜਿਨਾਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਅੜਚਣ ਪਾਈ ਅਤੇ ਅੱਜ ਅਕਾਲ ਤਖਤ ਸਾਹਿਬ ਨਾਲ ਹੋ ਰਿਹਾ ਟਕਰਾਅ ਸਭ ਦੀਆਂ ਅੱਖਾਂ ਸਾਹਮਣੇ ਹੈ। 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਤਿੰਨ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਪਰ ਸਾਡੇ ਅਖੌਤੀ ਬੁੱਧੀਜੀਵੀ ਅੱਜ ਵੀ ਪੰਜਾਬੀਆਂ ਦੇ ਮਨਾਂ ਵਿੱਚ ਇਹ ਭਰਮ ਪੈਦਾ ਕਰਨ ਵਿੱਚ ਰੁੱਝੇ ਹੋਏ ਹਨ ਕਿ ਭਾਜਪਾ ਸਿੱਖ ਵਿਰੋਧੀ ਹੈ ਜਦੋਂ ਕਿ ਭਾਜਪਾ ਨੇ ਅੱਜ ਤੱਕ ਕੋਈ ਵੀ ਕਾਰਵਾਈ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਨਹੀਂ ਕੀਤੀ। ਸੰਗਤ ਗੁਰੂ ਦਾ ਰੂਪ ਹੈ, ਸੰਗਤ ਨੂੰ ਕੋਈ ਵੀ ਫੈਸਲਾ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਨਹੀਂ ਕਰਨਾ ਚਾਹੀਦਾ ਬਲਕਿ ਤੱਥਾਂ ਨੂੰ ਆਪਣੇ ਸਾਹਮਣੇ ਰੱਖ ਕੇ ਆਪਣੇ ਲੋਕਤੰਤਰਿਕ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਸਾਹਮਣੇ ਰੱਖ ਕੇ ਇਸ ਪਾਰਟੀ ਪ੍ਰਤੀ ਕੋਈ ਧਾਰਨਾ ਬਣਾਉਣੀ ਚਾਹੀਦੀ ਹੈ।

ਮਨਿੰਦਰ ਸਿੰਘ ਗਿੱਲ
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *