Aug 22, 2026

ਸਿੱਖ ਸੰਗਤਾਂ ਦੇ ਤੌਖਲੇ ਦੂਰ ਕੀਤੇ ਜਾਣ- 19 ਜੁਲਾਈ ਨੂੰ ਗੁ ਸਿੰਘ ਸਭਾ ਤੱਕ ਰੋਸ ਮਾਰਚ ਕਰਨ ਦਾ ਐਲਾਨ-

ਸਰੀ ( ਦੇ ਪ੍ਰ ਬਿ)-  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋ ਗੁਰਦੁਆਰਾ ਸਿੰਘ ਸਭਾ ਸਰੀ ਨੂੰ ਭੇਜੇ ਗਏ ਗੁਰੂ ਗ੍ਰੰਥ ਸਾਹਿਬ ਦੇ 225 ਸਰੂਪਾਂ ਦੇ ਸਤਿਕਾਰ ਅਤੇ ਮਰਿਆਦਾ ਦੇ ਮੁੱਦੇ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਬੀਸੀ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਗਤ ਵਲੋਂ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਗੰਭੀਰ ਸਵਾਲ ਉਠਾਏ ਗਏ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਸਿੱਖ ਆਗੂਆਂ ਵਿਚ ਸ਼ਾਮਿਲ ਗਿਆਨੀ ਜੈਮਲ ਸਿੰਘ, ਭਾਈ ਹਰਦੀਪ ਸਿੰਘ ਨਾਗਰਾ, ਭਾਈ ਗਗਨ ਸਿੰਘ, ਭਾਈ ਜਸਵੀਰ ਸਿੰਘ ਸੈਕਟਰੀ ਦਸਮੇਸ਼ ਦਰਬਾਰ ਸਰੀ, ਭਾਈ ਗੁਰਦੀਪ ਸਿੰਘ ਸਮਰਾ ਗੁਰਦੁਆਰਾ ਨਿਊ ਵੈਸਟ ਮਨਿਸਟਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਅਮਨਦੀਪ ਸਿੰਘ ਜੌਹਲ, ਭਾਈ ਰਣਜੀਤ ਸਿੰਘ ਖਾਲਸਾ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਐਬਸਫੋਰਡ ਤੇ ਭਾਈ ਲਖਵੰਤ ਸਿੰਘ ਸ਼ਾਮਿਲ ਸਨ। ਭਾਈ ਜੈਮਲ ਸਿੰਘ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਜੋ ਗੁਰੂ ਗਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪੁੱਜੇ ਹਨ, ਉਹਨਾਂ ਨੂੰ ਸ੍ਰੋਮਣੀ ਕਮੇਟੀ ਵਲੋਂ ਇਕ ਬੱਸ ਵਿਚ ਰੱਖਕੇ ਕੰਨਟੇਨਰ ਅਤੇ ਸਮੁੰਦਰੀ ਰਸਤੇ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਸਮੁੰਦਰੀ ਰਸਤੇ ਆਉਣ ਕਾਰਣ ਸਪੱਸ਼ਟ ਹੈ ਕਿ ਇਹਨਾਂ ਸਰੂਪਾਂ ਦੇ ਸਤਿਕਾਰ ਅਤੇ ਰੱਖ ਰੱਖਾਵ ਵਿਚ ਕੁਤਾਹੀ ਹੋਈ ਹੈ। ਉਹਨਾਂ ਗੁਰੁਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ ਉਹਨਾਂ ਨੂੰ ਇਹਨਾਂ ਸਰੂਪਾਂ ਦੇ ਦਰਸ਼ਨ ਨਾ ਕਰਵਾਏ ਜਾਣ ਅਤੇ ਜਦੋਂ ਇਹ ਸਰੂਪ ਗੁਰਦੁਆਰਾ ਸਾਹਿਬ ਲਿਆਂਦੇ ਗਏ, ਉਸ ਸਮੇ ਹੋਰ ਕਿਸੇ ਗੁਰਦੁਆਰਾ ਸਾਹਿਬ ਅਤੇ ਪ੍ਰਬੰਧਕੀ ਕਮੇਟੀਆਂ ਨੂੰ ਸੂਚਿਤ ਨਾ ਕੀਤੇ ਜਾਣ ਤੇ ਵੀ  ਕਈ ਸਵਾਲ ਉਠਾਏ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਹਨਾਂ ਸਰੂਪਾਂ ਦੇ ਕੈਨੇਡਾ ਵਿਖੇ ਪੁੱਜਣ ਵਿਚ ਪੂਰੀ ਮਰਿਯਾਦਾ ਦਾ ਖਿਆਲ ਰੱਖੇ ਜਾਣ ਸਬੰਧੀ ਜਾਰੀ ਪੱਤਰ ਉਪਰ ਕਿੰਤੂ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੱਤਰ ਉਪਰ ਸਿੰਘ ਸਾਹਿਬ ਦੇ ਦਸਤਖਤਾਂ ਦੀ ਥਾਂ ਇਕ ਕਰਮਚਾਰੀ ਬਗੀਚਾ ਸਿੰਘ ਦੇ ਦਸਤਖਤ ਹਨ। ਉਹਨਾਂ ਹੋਰ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਇਸ ਸਬੰਧੀ ਸਪੱਸ਼ਟ ਕੀਤੇ ਜਾਣ ਬਾਰੇ ਲਿਖੇ ਗਏ ਪੱਤਰ ਦਾ ਵੀ ਉਹਨਾਂ ਨੂੰ ਕੋਈ ਜਵਾਬ ਨਹੀ ਆਇਆ।

ਇਸ ਮੌਕੇ ਸਿੱਖ ਆਗੂਆਂ ਨੇ ਸਰੂਪਾਂ ਨੂੰ ਵੱਡੀ ਗਿਣਤੀ ਵਿਚ ਇਥੇ ਲਿਆਂਦੇ ਜਾਣ ਅਤੇ ਰਸਤੇ ਵਿਚ ਸਤਿਕਾਰ ਸਬੰਧੀ ਹੋਈਆਂ ਕੁਤਾਹੀਆਂ ਤੇ ਸਵਾਲ ਖੜੇ ਕਰਦਿਆਂ ਇਸ ਲਈ ਗੁਰੁਦਆਰਾ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਇਆ ਤੇ ਐਲਾਨ ਕੀਤਾ ਕਿ ਉਹ 19 ਜੁਲਾਈ ਨੂੰ ਸੰਗਤੀ ਰੂਪ ਵਿਚ ਗੁਰਦੁਆਰਾ ਸਿੰਘ ਸਭਾ ਜਾਣਗੇ ਤੇ ਉਥੋਂ ਦੇ ਪ੍ਰਬੰਧਕਾਂ ਤੋਂ ਜਵਾਬ ਲੈਣਗੇ। ਉਹਨਾਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਉਥੇ ਪੁੱਜਣ ਤੇ ਫਿਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੱਕ ਰੋਸ ਮਾਰਚ ਕੀਤੇ ਜਾਣ ਦਾ ਸੱਦਾ ਦਿੱਤਾ ਹੈ।

ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਸਬੰਧੀ ਆਦੇਸ਼ ਪੱਤਰ ਜਾਰੀ ਕਰਦਿਆਂ ਸਰੂਪ ਭੇਜਣ ਦੀ ਪ੍ਰਕਿਰਿਆ ਨੂੰ ਮਰਿਯਾਦਾ ਮੁਤਾਬਿਕ ਦੱਸਿਆ ਗਿਆ ਹੈ ਤੇ ਪੰਥ ਵਿਚ ਕਿਸੇ ਵੀ ਤਰਾਂ ਦੀ ਦੁਬਿਧਾ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸ੍ਰੇਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਸ ਸਬੰਧੀ ਇਕ ਵੀਡੀਓ ਸੁਨੇਹਾ ਜਾਰੀ ਕੀਤਾ ਹੈ ਜਦੋਂਕਿ ਪ੍ਰੈਸ ਕਾਨਫਰੰਸ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਸ੍ਰੋਮਣੀ ਕਮੇਟੀ ਜਾਂ ਅਕਾਲ ਤਖਤ ਨੇ ਉਹਨਾਂ ਦੇ ਤੌਖਲੇ ਦੂਰ ਨਹੀਂ ਕੀਤੇ। ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਸਵਾਲ ਜਵਾਬ ਦੌਰਾਨ ਮਾਹੌਲ ਉਸ ਸਮੇਂ ਤਲਖ ਹੋਣੋ ਟਲ ਗਿਆ ਜਦੋਂ ਪੱਤਰਕਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪੱਤਰ ਵਿਚ ਸਿੱਖ ਸੰਗਤਾਂ ਵਿਚ ਕਿਸੇ ਵੀ ਤਰਾਂ ਦੀ ਦੁਬਿਧਾ ਪੈਦਾ ਕਰਨ ਤੋਂ ਸੰਕੋਚ ਕਰਨ ਅਤੇ ਕਿਸੇ ਵੀ ਇਤਰਾਜ਼ ਸਬੰਧੀ ਸੁਝਾਅ ਭੇਜੇ ਜਾਣ ਦੇ ਆਦੇੇਸ਼ ਦੇ ਬਾਵਜੂਦ ਪ੍ਰਬੰਧਕਾਂ ਵਲੋਂ ਪ੍ਰੈਸ ਕਾਨਫਰੰਸ ਬੁਲਾਉਣ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਪਰ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕੋਈ ਆਦੇਸ਼ ਨਹੀ ਦਿੱਤਾ। ਉਹ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਕਿਸੇ ਮੈਨੇਜਰ ਜਾਂ ਕਰਮਚਾਰੀ ਦੇ ਦਸਤਖਤਾਂ ਹੇਠ ਜਾਰੀ ਪੱਤਰ ਨੂੰ ਅਕਾਲ ਤਖਤ ਸਾਹਿਬ ਦਾ ਆਦੇਸ਼ ਨਹੀ ਮੰਨਦੇ। ਸ੍ਰੋਮਣੀ ਕਮੇਟੀ ਦੇ ਸਕੱਤਰ ਵਲੋਂ ਇਕ ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਸਰੂਪ ਭੇਜੇ ਜਾਣ ਦੀ ਪ੍ਰਕਿਰਿਆ ਦੌਰਾਨ ਪੂਰਨ ਮਰਿਯਾਦਾ ਦਾ ਖਿਆਲ ਰੱਖੇ ਜਾਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ। ਗੁਰੁਦਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ ਮੰਗਵਾਏ ਗਏ ਸਰੂਪ ਇਥੇ ਬੰਕ ਬੈਡਾਂ ਉਪਰ ਰੱਖੇ ਜਾਣ ਦੇ ਖੁਲਾਸੇ ਤੇ ਇਕ ਪੱਤਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸਰੀ ਦੀ ਇਕ ਸੰਸਥਾ ਤੋਂ ਪ੍ਰਾਪਤ ਕੀਤੇ ਗਏ 72 ਸਰੂਪਾਂ ਨੂੰ ਇਕ ਪਲੰਘ ਉਪਰ ਰੱਖੇ ਜਾਣ ਅਤੇ ਕੀ ਉਸ ਵੇਲੇ ਪ੍ਰਬੰਧਕਾਂ ਨੇ 72 ਸਰੂਪਾਂ ਲਈ 72 ਪੀੜਾ ਸਾਹਿਬ ਦਾ ਪ੍ਰਬੰਧ ਕੀਤਾ ਸੀ, ਦੇ ਸਵਾਲ ਤੇ ਸਭ ਨਿਰਉਤਰ ਸਨ। ਪ੍ਰੈਸ ਕਾਨਫਰੰਸ ਦੇ ਪ੍ਰਬੰਧਕਾਂ ਦੇ ਇਕ ਸਾਥੀ ਨੇ ਪੱਤਰਕਾਰਾਂ ਵਲੋਂ ਤਿੱਖੇ ਸਵਾਲ ਪੁੱਛੇ ਜਾਣ ਤੇ ਇਤਰਾਜ ਪ੍ਰਗਟ ਕਰਦਿਆਂ ਇਸਨੂੰ ਡਿਬੇਟ ਕਰਾਰ ਦਿੰਦਿਆਂ ਪ੍ਰੈਸ ਕਾਨਫਰੰਸ ਤੁਰੰਤ ਸਮੇਟਣ ਲਈ ਕਿਹਾ।

ਬੀਸੀ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਗਤ ਦੀ ਤਰਫੋਂ ਜਾਰੀ ਪ੍ਰੈਸ ਨੋਟ ਦੀ ਕਾਪੀ-

ਸਰੀ-ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ–ਡੈਲਟਾ ਵਿਖੇ ਸਥਿਤ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਇਮਾਰਤ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਕਾਰਗੋ ਕੰਟੇਨਰ ਵਿੱਚ ਕੈਨੇਡਾ ਲਿਆਉਣ, ਪਾਲਕੀ ਬੱਸ ਰਾਹੀਂ ਅੱਗੇ ਲਿਜਾਣ ਅਤੇ ਉਨ੍ਹਾਂ ਦੀ ਸੰਭਾਲ ਨਾਲ ਜੁੜੇ ਗੰਭੀਰ ਮਸਲਿਆਂ ਸਬੰਧੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ।
ਪ੍ਰੈਸ ਕਾਨਫਰੰਸ ਦੌਰਾਨ ਸੰਗਤ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਮਸਲਾ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਮਤਿ ਮਰਿਆਦਾ ਅਤੇ ਪੰਥਕ ਸਿਧਾਂਤਾਂ ਦੀ ਰੱਖਿਆ ਨਾਲ ਸਬੰਧਿਤ ਹੈ।
ਪ੍ਰੈਸ ਕਾਨਫਰੰਸ ਦੌਰਾਨ ਹੇਠ ਲਿਖੇ ਮੁੱਖ ਨੁਕਤੇ ਰੱਖੇ ਗਏ:-
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ਾਂ, ਕਾਰਗੋ ਕੰਟੇਨਰਾਂ, ਪਾਲਕੀ ਬੱਸਾਂ ਜਾਂ ਹੋਰ ਵਪਾਰਕ ਮਾਲ ਢੋਣ ਵਾਲੇ ਸਾਧਨਾਂ ਰਾਹੀਂ ਭੇਜਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ।
2. ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਹੁਕਮਨਾਮਾ ਜਾਰੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੇਵਲ ਹਵਾਈ ਮਾਰਗ ਰਾਹੀਂ ਅਤੇ ਪੂਰੀ ਗੁਰਮਤਿ ਮਰਿਆਦਾ ਅਨੁਸਾਰ ਹੀ ਭੇਜੇ ਜਾਣ।
3. ਸਾਲ 2014 ਤੋਂ ਲੋਅਰ ਮੇਨਲੈਂਡ ਦੀ ਸੰਗਤ ਵੱਲੋਂ ਪਾਵਨ ਸਰੂਪਾਂ ਨੂੰ ਸਮੁੰਦਰੀ ਰਸਤੇ ਭੇਜਣ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸ ਸੰਗਤੀ ਭਾਵਨਾ ਅਤੇ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
4 ਜਿਨ੍ਹਾਂ ਸੰਸਥਾਵਾਂ ਜਾਂ ਪਰਿਵਾਰਾਂ ਵੱਲੋਂ ਪਾਵਨ ਸਰੂਪਾਂ ਦੀ ਮੰਗ ਕੀਤੀ ਗਈ ਹੈ, ਉਨ੍ਹਾਂ ਦੇ ਨਾਮ, ਪਤੇ ਅਤੇ ਗੁਰੂ ਸਾਹਿਬ ਦੇ ਸਰੂਪ ਦੀ ਮਰਿਆਦਾ ਅਨੁਸਾਰ ਸੇਵਾ-ਸੰਭਾਲ ਕਰਨ ਦੀ ਯੋਗਤਾ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ।
5. ਇਹ ਦਲੀਲ ਕਿ ਪਾਵਨ ਸਰੂਪਾਂ ਦੀ “ਮੰਗ ਬਹੁਤ ਹੈ”, ਤੱਥਾਂ ਅਤੇ ਪ੍ਰਮਾਣਾਂ ਨਾਲ ਸਾਬਤ ਕੀਤੀ ਜਾਵੇ। ਲੋਅਰ ਮੇਨਲੈਂਡ ਦੇ ਕਈ ਗੁਰਦੁਆਰਾ ਸਾਹਿਬਾਨ ਅਨੁਸਾਰ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿੱਥੇ ਮਰਿਆਦਾ ਅਨੁਸਾਰ ਸੇਵਾ-ਸੰਭਾਲ ਸੰਭਵ ਨਾ ਹੋਣ ਕਾਰਨ ਸਰੂਪ ਵਾਪਸ ਕੀਤੇ ਜਾ ਰਹੇ ਹਨ।
6 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ, ਆਵਾਜਾਈ, ਸੇਵਾ-ਸੰਭਾਲ ਅਤੇ ਅੱਗੇ ਸੌਂਪਣ ਦੀ ਪ੍ਰਕਿਰਿਆ ਲਈ ਵਿਸਥਾਰਪੂਰਵਕ ਵਿਸ਼ਵ ਪੱਧਰੀ ਗੁਰਮਤਿ ਮਰਿਆਦਾ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
7. ਇਸ ਮਾਮਲੇ ਨਾਲ ਸਬੰਧਿਤ ਸਾਰੀਆਂ ਘਟਨਾਵਾਂ ਅਤੇ ਫ਼ੈਸਲਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ।
8 ਲੋਅਰ ਮੇਨਲੈਂਡ ਦੀ ਸੰਗਤ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਸਥਾਪਿਤ ਕਰਨ ਦਾ ਵਿਰੋਧ ਕਰਦੀ ਹੈ।
9. ਸੰਗਤਾਂ ਦੀ ਸਹੂਲਤ ਲਈ StandForSatkar.org ਨਾਮ ਦੀ ਇੱਕ ਵੈੱਬਸਾਈਟ ਬਣਾਈ ਗਈ ਹੈ। ਇਸ ਵੈੱਬਸਾਈਟ ਰਾਹੀਂ ਦੁਨੀਆ ਭਰ ਦੀਆਂ ਸੰਗਤਾਂ ਬਹੁਤ ਹੀ ਆਸਾਨੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਭੇਜ ਸਕਦੀਆਂ ਹਨ, ਜਿਸ ਵਿੱਚ ਲਿਖਿਆ ਹੋਵੇਗਾ ਕਿ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ ਜਾਂ ਹੋਰ ਵਪਾਰਕ ਕਾਰਗੋ ਸ਼ਿਪਿੰਗ ਰਾਹੀਂ ਵਿਦੇਸ਼ਾਂ ਵਿੱਚ ਭੇਜਣ ਦਾ ਤਰੀਕਾ ਮਨਜ਼ੂਰ ਨਹੀਂ ਹੈ। ਸੰਗਤਾਂ ਦੀ ਬੇਨਤੀ ਹੈ ਕਿ ਇਸ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਸਿਰਫ਼ ਪੂਰੇ ਸਤਿਕਾਰ, ਮਰਿਆਦਾ ਅਤੇ ਪੰਥਕ ਪਰੰਪਰਾਵਾਂ ਅਨੁਸਾਰ   ਹਵਾਈ ਜਹਾਜ਼ ਰਾਹੀਂ ਹੀ ਕੀਤੀ ਜਾਵੇ।
ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕਿਹਾ ਗਿਆ ਕਿ ਸੰਗਤ ਇਸ ਮਾਮਲੇ ਨੂੰ ਪੂਰੀ ਸ਼ਾਂਤੀ, ਸੰਜਮ ਅਤੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅੱਗੇ ਵਧਾ ਰਹੀ ਹੈ। ਸੰਗਤ ਦਾ ਉਦੇਸ਼ ਕਿਸੇ ਨਾਲ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਉੱਚੀ-ਸੁੱਚੀ ਮਰਿਆਦਾ ਨੂੰ ਯਕੀਨੀ ਬਣਾਉਣਾ ਹੈ।
ਸੰਗਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਨੁਮਾਇੰਦੇ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਨਹੀਂ ਹੋਈ ਅਤੇ ਸਾਰੇ ਸਰੂਪ ਪੂਰੀ ਮਰਿਆਦਾ ਨਾਲ ਸੁਰੱਖਿਅਤ ਪਹੁੰਚੇ ਹਨ। ਸੰਗਤ ਦਾ ਕਹਿਣਾ ਹੈ ਕਿ ਸਤਿਕਾਰ ਅਤੇ ਮਰਿਆਦਾ ਦਾ ਜੋ ਮਿਆਰ ਇਨ੍ਹਾਂ ਬਿਆਨਾਂ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਲੋਅਰ ਮੇਨਲੈਂਡ ਦੀ ਸੰਗਤ ਨੂੰ ਪ੍ਰਵਾਨ ਨਹੀਂ ਹੈ।
ਸਾਡਾ ਉਦੇਸ਼ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਟਕਰਾਅ ਪੈਦਾ ਕਰਨਾ ਨਹੀਂ ਹੈ ਅਤੇ ਨਾ ਹੀ ਅਸੀਂ ਸੰਗਤ ਵਿੱਚ ਕਿਸੇ ਕਿਸਮ ਦੀ ਦੁਬਿਧਾ ਪੈਦਾ ਕਰਨਾ ਚਾਹੁੰਦੇ ਹਾਂ। ਸਾਡੀ ਨਿਮਰ ਬੇਨਤੀ ਕੇਵਲ ਇਹ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਜਾਵੇ। ਸਤਿਕਾਰ ਅਤੇ ਮਰਿਆਦਾ ਦਾ ਜੋ ਮਿਆਰ ਇਸ ਵੇਲੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਾਨੂੰ ਪ੍ਰਵਾਨ ਨਹੀਂ ਹੈ।
ਅਸੀਂ ਹਰ ਸਿੱਖ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਉੱਚੇ-ਸੁੱਚੇ ਸਤਿਕਾਰ ਦੀ ਬਹਾਲੀ ਅਤੇ ਉਸ ਵਿੱਚ ਹੋਰ ਵਾਧਾ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਆਪਣਾ ਯੋਗਦਾਨ ਪਾਵੇ।
ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਾਮਲੇ ਬਾਰੇ ਤੁਰੰਤ ਅਤੇ ਢੁੱਕਵਾਂ ਫ਼ੈਸਲਾ ਲਿਆ ਜਾਵੇ ਤਾਂ ਜੋ ਭਵਿੱਖ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਅਤੇ ਸੇਵਾ-ਸੰਭਾਲ ਪੂਰੀ ਗੁਰਮਤਿ ਮਰਿਆਦਾ ਅਨੁਸਾਰ ਹੀ ਹੋਵੇ।
ਪ੍ਰੈਸ ਕਾਨਫਰੰਸ ਵਿੱਚ ਭਾਈ ਜੈਮਲ ਸਿੰਘ , ਭਾਈ ਗਗਨਦੀਪ ਸਿੰਘ , ਭਾਈ ਲਖਵੰਤ ਸਿੰਘ , ਭਾਈ ਅਮਨਦੀਪ ਸਿੰਘ , ਭਾਈ ਭੁਪਿੰਦਰ ਸਿੰਘ ਹੋਠੀ , ਭਾਈ ਜਸਬੀਰ ਸਿੰਘ , ਭਾਈ ਗੁਰਦੀਪ ਸਿੰਘ ਸਮਰਾ , ਭਾਈ ਹਰਦੀਪ ਸਿੰਘ ਨਾਗਰਾ, ਭਾਈ ਭਾਈ ਰਣਜੀਤ ਸਿੰਘ ਖਾਲਸਾ  ਅਤੇ ਸੰਗਤਾਂ ਸ਼ਾਮਿਲ ਸਨ l
*ਜਾਰੀ ਕਰਤਾ:- ਸਮੂਹ ਸਿੱਖ ਸੰਗਤ ਲੋਅਰ ਮੇਨ ਲੈਂਡ।